Connect

2005 Stokes Isle Apt. 896, Vacaville 10010, USA

[email protected]

ਸਲੋਕ ਮਃ ੧ ॥
ਘੜੀਆ ਸਭੇ ਗੋਪੀਆ    ਪਹਰ ਕੰਨ੍ ਗੋਪਾਲ ॥
ਗਹਣੇ ਪਉਣੁ ਪਾਣੀ ਬੈਸੰਤਰੁ    ਚੰਦੁ ਸੂਰਜੁ ਅਵਤਾਰ ॥
ਸਗਲੀ ਧਰਤੀ ਮਾਲੁ ਧਨੁ    ਵਰਤਣਿ ਸਰਬ ਜੰਜਾਲੁ ॥
ਨਾਨਕ   ਮੁਸੈ ਗਿਆਨ ਵਿਹੂਣੀ    ਖਾਇ ਗਇਆ ਜਮਕਾਲੁ ॥੧॥

ਸਲੋਕ ਮਃ ੧ ॥

ਘੜੀਆ ਸਭੇ ਗੋਪੀਆ    ਪਹਰ ਕੰਨ੍ ਗੋਪਾਲ ॥

ਗਹਣੇ ਪਉਣੁ ਪਾਣੀ ਬੈਸੰਤਰੁ    ਚੰਦੁ ਸੂਰਜੁ ਅਵਤਾਰ ॥

ਸਗਲੀ ਧਰਤੀ ਮਾਲੁ ਧਨੁ    ਵਰਤਣਿ ਸਰਬ ਜੰਜਾਲੁ ॥

ਨਾਨਕ   ਮੁਸੈ ਗਿਆਨ ਵਿਹੂਣੀ    ਖਾਇ ਗਇਆ ਜਮਕਾਲੁ ॥੧॥

ਨਿਰੰਕਾਰ-ਪ੍ਰਭੂ ਦੁਆਰਾ ਰਚੀ ਹੋਈ ਕੁਦਰਤ ਰੂਪੀ ਰਾਸ ਵਿਚ, ਦਿਨ ਤੇ ਰਾਤ ਦੀਆਂ ਸਾਰੀਆਂ ਘੜੀਆਂ ਮਾਨੋ ਰਾਸ ਵਿਚ ਨੱਚਣ ਵਾਲੀਆਂ ਕ੍ਰਿਸ਼ਨ ਦੀਆਂ ਸਖੀਆਂ (ਗੋਪੀਆਂ) ਹਨ ਅਤੇ ਦਿਨ-ਰਾਤ ਦੇ ਸਾਰੇ ਪਹਿਰ ਮਾਨੋ ਕ੍ਰਿਸ਼ਨ ਦੇ ਸਖੇ (ਗੋਪਾਲ/ਗੁਆਲੇ) ਹਨ।
ਪਉਣ, ਪਾਣੀ, ਅੱਗ ਆਦਿਕ ਪ੍ਰਕਿਰਤਕ ਤੱਤ ਮਾਨੋ ਉਨ੍ਹਾਂ ਗੋਪੀਆਂ ਅਤੇ ਗੁਆਲਿਆਂ ਦੇ ਗਹਿਣੇ ਹਨ। ਚੰਦਰਮਾ ਅਤੇ ਸੂਰਜ ਮਾਨੋ ਕ੍ਰਿਸ਼ਨ ਅਤੇ ਰਾਮ ਚੰਦਰ ਦੇ ਅਵਤਾਰ ਹਨ, ਜਿਨ੍ਹਾਂ ਦਾ ਸਾਂਗ ਬਣਾ ਕੇ ਰਾਸਧਾਰੀ ਰਾਸਾਂ ਵਿਚ ਗਾਉਂਦੇ ਹਨ।
ਧਰਤੀ ਦੀ ਸਾਰੀ ਸਮੱਗਰੀ ਮਾਨੋ ਉਨ੍ਹਾਂ ਗੋਪੀਆਂ ਤੇ ਗੁਆਲਿਆਂ ਦੀ ਧਨ-ਦੌਲਤ ਹੈ ਅਤੇ ਸਾਰਾ ਦੁਨਿਆਵੀ ਝਮੇਲਾ ਮਾਨੋ ਉਨ੍ਹਾਂ ਦਾ ਵਰਤਣ-ਵਲੇਵਾ ਹੈ।
ਨਾਨਕ! ਜਗਤ ਦੀ ਇਸ ਰਾਸ ਵਿਚ ਗਿਆਨ ਤੋਂ ਸਖਣੀ ਲੋਕਾਈ ਠੱਗੀ ਜਾ ਰਹੀ ਹੈ। ਮੌਤ ਰੂਪੀ ਡਰ ਇਸ ਨੂੰ ਖਾ ਗਿਆ ਹੈ ਅਤੇ ਲਗਾਤਾਰ ਖਾ ਰਿਹਾ ਹੈ; ਮਾਇਕੀ ਝਮੇਲੇ ਵਿਚ ਖੱਚਤ ਲੋਕਾਈ ਨੂੰ ਪਤਾ ਹੀ ਨਹੀਂ ਲਗਦਾ ਕਦੋਂ ਮੌਤ ਆ ਕੇ ਇਸ ਨੂੰ ਦਬੋਚ ਲੈਂਦੀ ਹੈ।

ਨੋਟ: ਇਹ ਸੰਸਾਰ ਇਕ ਰਾਸ ਦੀ ਨਿਆਈਂ ਹੈ। ਸਮੇਂ ਦੀ ਵੰਡ ਕਰਨ ਵਾਲੀਆਂ ਇਕਾਈਆਂ ਦਿਨ, ਪਹਿਰ, ਘੜੀਆਂ ਆਦਿ ਇਸ ਰਾਸ ਦੇ ਪਾਤਰ ਹਨ। ਹਵਾ, ਪਾਣੀ, ਅੱਗ ਆਦਿ ਕੁਦਰਤੀ ਤੱਤ, ਇਨ੍ਹਾਂ ਪਾਤਰਾਂ ਦੇ ਗਹਿਣੇ ਹਨ। ਚੰਦਰਮਾ ਅਤੇ ਸੂਰਜ, ਇਸ ਰਾਸ ਦੇ ਨਾਇਕ (ਅਵਤਾਰ) ਹਨ। ਸੰਸਾਰ ਦੇ ਪਦਾਰਥ ਪਾਤਰਾਂ ਦੀ ਧਨ-ਦੌਲਤ ਹੈ ਅਤੇ ਮਾਇਕੀ ਧੰਧਾ ਉਨ੍ਹਾਂ ਦਾ ਵਰਤਣ ਵਲੇਵਾ ਹੈ। ਆਤਮਕ ਜੀਵਨ ਦੀ ਸੋਝੀ ਤੋਂ ਬਿਨਾਂ ਮਨੁਖ ਵਿਸ਼ੇ-ਵਿਕਾਰਾਂ ਦੁਆਰਾ ਠਗਿਆ ਜਾਂਦਾ ਹੈ ਅਤੇ ਉਸ ਨੂੰ ਪਤਾ ਹੀ ਨਹੀਂ ਲਗਦਾ ਕਦੋਂ ਮੌਤ ਰੂਪੀ ਜਮ ਆ ਕੇ ਦਬੋਚ ਲੈਂਦਾ ਹੈ।

ਘੜੀਆਂ ਸਾਰੀਆਂ ਗੋਪੀਆਂ ਹਨ; ਪਹਿਰ ਕ੍ਰਿਸ਼ਨ ਦੇ ਗੁਆਲੇ ਹਨ
ਪਉਣ, ਪਾਣੀ ਤੇ ਅੱਗ ਗਹਿਣੇ ਹਨ; ਚੰਦ ਤੇ ਸੂਰਜ ਅਵਤਾਰ ਹਨ
ਸਾਰੀ ਧਰਤੀ ਧਨ-ਦੌਲਤ ਹੈ; ਸਾਰਾ ਮਾਇਕੀ-ਜੰਜਾਲ ਵਰਤਣ-ਵਲੇਵਾ ਹੈ
ਨਾਨਕ! ਗਿਆਨ ਤੋਂ ਸੱਖਣੀ (ਲੋਕਾਈ) ਠੱਗੀ ਜਾ ਰਹੀ ਹੈ; ਜਮਕਾਲ (ਇਸ ਨੂੰ) ਖਾ ਗਿਆ ਹੈ

ਇਸ ਚਾਰ ਤੁਕੇ ਸਲੋਕ ਦੀਆਂ ਪਹਿਲੀਆਂ ਤਿੰਨ ਤੁਕਾਂ ਵਿਚ ਉਪਮਾਨ ਨੂੰ ਉਪਮੇਯ ਦਾ ਹੀ ਰੂਪ ਮੰਨ ਲੈਣ ਸਦਕਾ ਰੂਪਕ ਅਲੰਕਾਰ ਦੀ ਸੁੰਦਰ ਵਰਤੋਂ ਹੋਈ ਹੈ:
ਉਪਮੇਯ ਉਪਮਾਨ
ਘੜੀਆ ਗੋਪੀਆ
ਪਹਰ ਕੰਨ੍ ਗੋਪਾਲ
ਪਉਣੁ ਪਾਣੀ ਬੈਸੰਤਰੁ ਗਹਣੇ
ਚੰਦੁ ਸੂਰਜੁ ਅਵਤਾਰ
ਸਗਲੀ ਧਰਤੀ ਮਾਲੁ ਧਨੁ
ਜੰਜਾਲ ਵਰਤਣਿ

ਇਸ ਪ੍ਰਕਾਰ ਰੂਪਕਾਂ ਦੀ ਇਕ ਲੜੀ ਰਾਹੀਂ ਦੋ ਵਿਭਿੰਨ ਬਿੰਬਾਂ ਨੂੰ ਜੋੜਿਆ ਗਿਆ ਹੈ। ਇਕ ਬਿੰਬ ਕੁਦਰਤ ਵਿਚ ਚਲ ਰਹੇ ਵਰਤਾਰੇ ਦਾ ਹੈ ਤੇ ਦੂਜਾ ਮੰਚ ‘ਤੇ ਚੱਲ ਰਹੇ ਨਾਟਕ/ਰਾਸ ਦਾ ਹੈ, ਪਰ ਦੋਵਾਂ ਬਿੰਬਾਂ ਰਾਹੀਂ ਕੁਦਰਤ ਦੇ ਵਿਸ਼ਾਲ ਰੰਗ-ਮੰਚ ਉੱਪਰ ਚੱਲ ਰਹੇ ਅਦੁੱਤੀ ਨਾਟ ਨੂੰ ਰੂਪਕਾਂ ਦੀ ਲੜੀ ਰਾਹੀਂ ਦਰਸਾਇਆ ਗਿਆ ਹੈ।

ਚਉਥੀ ਤੁਕ ਇਸ ਰਾਸ ਦੀ ਸਿਖਰ ਅਤੇ ਅੰਤ ਦੋਵੇਂ ਹੈ, ਕਿਉਂਕਿ ਇਥੇ ਪਹੁੰਚ ਕੇ ਸਮੁੱਚੀ ਰਾਸ ਦੀ ਗੰਢ ਖੁੱਲ੍ਹਦੀ ਹੈ। ਅਧਿਆਤਮਕ ਗਿਆਨ ਤੋਂ ਵਿਹੂਣੇ ਲੋਕ ਇਸ ਰਾਸ ਵਿਚ ਠੱਗੇ ਜਾਂਦੇ ਹਨ ਅਤੇ ਉਨ੍ਹਾਂ ਨੂੰ ਜਮ ਰੂਪੀ ਕਾਲ ਖਾ ਜਾਂਦਾ ਹੈ। ਰਾਸ ਦਾ ਇਹ ਅੰਤ ਬੇਸ਼ਕ ਸਤਹੀ ਪੱਧਰ ‘ਤੇ ਦੁਖਾਂਤਕ ਤੇ ਨਿਰਾਸ਼ਾਵਾਦੀ ਜਾਪਦਾ ਹੈ, ਪਰ ਅਮਲੀ ਪੱਧਰ ‘ਤੇ ਇਹ ਸਥਿਤੀ-ਪਰਿਵਰਤਨ ਦੀਆਂ ਸਮੂਹ ਸੰਭਾਵਨਾਵਾਂ ਸਮੋਈ ਬੈਠਾ ਹੈ। ਇਨ੍ਹਾਂ ਸੰਭਾਵਨਾਵਾਂ ਦੇ ਖੁੱਲ੍ਹਣ ਦਾ ਮਾਧਿਅਮ ਗੁਰੂ ਰਾਹੀਂ ਪ੍ਰਾਪਤ ਹੋਣ ਵਾਲਾ ਆਤਮ-ਗਿਆਨ ਹੈ।

ਇਸ ਚਉਥੀ ਤੁਕ ਵਿਚ ਸੰਸਾਰਕ ਜੰਜਾਲ ਵਿਚ ਫਸੇ ਲੋਕਾਂ ਲਈ ‘ਮੁਸੈ’ ਅਰਥਾਤ ‘ਠੱਗੇ ਜਾਣਾ’ ਕਿਰਿਆ ਦੀ ਵਰਤੋਂ ਹੋਈ ਹੈ; ਦੂਜੇ ਪਾਸੇ ਮਰਨ ਵਾਲੇ ਲੋਕਾਂ ਲਈ ‘ਖਾਇ ਗਇਆ ਜਮਕਾਲੁ’ ਵਾਕੰਸ਼ ਵਰਤਿਆ ਗਿਆ ਹੈ। ‘ਠੱਗੇ ਜਾਣਾ’, ਠੱਗ ਜਾਂ ਠੱਗੀ ਨਾਲ ਜੁੜੀ ਕਿਰਿਆ ਹੈ, ਜਦਕਿ ‘ਖਾ ਲੈਣਾ’ ਭਖਿਅਕ ਦੀ ਕਿਰਿਆ ਹੈ। ਇਸ ਤਰ੍ਹਾਂ ਇਥੇ ਅਰਥ ਪੱਧਰੀ ਵਿਚਲਨ ਰਾਹੀਂ ਇਨ੍ਹਾਂ ਕਿਰਿਆਵਾਂ ਨੂੰ ‘ਸੰਸਾਰਕ ਜੰਜਾਲ’ ਅਤੇ ‘ਜਮ ਰੂਪੀ ਕਾਲ’ ਲਈ ਵਰਤਿਆ ਗਿਆ ਹੈ।