Connect

2005 Stokes Isle Apt. 896, Vacaville 10010, USA

[email protected]

ਮਃ ੧ ॥
ਅੰਦਰਹੁ ਝੂਠੇ ਪੈਜ ਬਾਹਰਿ    ਦੁਨੀਆ ਅੰਦਰਿ ਫੈਲੁ ॥
ਅਠਸਠਿ ਤੀਰਥ ਜੇ ਨਾਵਹਿ    ਉਤਰੈ ਨਾਹੀ ਮੈਲੁ ॥
ਜਿਨ੍ ਪਟੁ ਅੰਦਰਿ ਬਾਹਰਿ    ਗੁਦੜੁ ਤੇ ਭਲੇ ਸੰਸਾਰਿ ॥
ਤਿਨ੍ ਨੇਹੁ ਲਗਾ ਰਬ ਸੇਤੀ    ਦੇਖਨੇ੍ ਵੀਚਾਰਿ ॥
ਰੰਗਿ ਹਸਹਿ ਰੰਗਿ ਰੋਵਹਿ    ਚੁਪ ਭੀ ਕਰਿ ਜਾਹਿ ॥
ਪਰਵਾਹ ਨਾਹੀ ਕਿਸੈ ਕੇਰੀ    ਬਾਝੁ ਸਚੇ ਨਾਹ ॥
ਦਰਿ ਵਾਟ ਉਪਰਿ ਖਰਚੁ ਮੰਗਾ    ਜਬੈ ਦੇਇ ਤ ਖਾਹਿ ॥
ਦੀਬਾਨੁ ਏਕੋ ਕਲਮ ਏਕਾ    ਹਮਾ ਤੁਮਾ੍ ਮੇਲੁ ॥
ਦਰਿ ਲਏ ਲੇਖਾ ਪੀੜਿ ਛੁਟੈ    ਨਾਨਕਾ ਜਿਉ ਤੇਲੁ ॥੨॥

ਮਃ ੧ ॥

ਅੰਦਰਹੁ ਝੂਠੇ ਪੈਜ ਬਾਹਰਿ    ਦੁਨੀਆ ਅੰਦਰਿ ਫੈਲੁ ॥

ਅਠਸਠਿ ਤੀਰਥ ਜੇ ਨਾਵਹਿ    ਉਤਰੈ ਨਾਹੀ ਮੈਲੁ ॥

ਜਿਨ੍ ਪਟੁ ਅੰਦਰਿ ਬਾਹਰਿ    ਗੁਦੜੁ ਤੇ ਭਲੇ ਸੰਸਾਰਿ ॥

ਤਿਨ੍ ਨੇਹੁ ਲਗਾ ਰਬ ਸੇਤੀ    ਦੇਖਨੇ੍ ਵੀਚਾਰਿ ॥

ਰੰਗਿ ਹਸਹਿ ਰੰਗਿ ਰੋਵਹਿ    ਚੁਪ ਭੀ ਕਰਿ ਜਾਹਿ ॥

ਪਰਵਾਹ ਨਾਹੀ ਕਿਸੈ ਕੇਰੀ    ਬਾਝੁ ਸਚੇ ਨਾਹ ॥

ਦਰਿ ਵਾਟ ਉਪਰਿ ਖਰਚੁ ਮੰਗਾ    ਜਬੈ ਦੇਇ ਤ ਖਾਹਿ ॥

ਦੀਬਾਨੁ ਏਕੋ ਕਲਮ ਏਕਾ    ਹਮਾ ਤੁਮਾ੍ ਮੇਲੁ ॥

ਦਰਿ ਲਏ ਲੇਖਾ ਪੀੜਿ ਛੁਟੈ    ਨਾਨਕਾ ਜਿਉ ਤੇਲੁ ॥੨॥

ਜਿਹੜੇ ਮਨੁਖ ਮਾਨਸਕ ਤੌਰ ‘ਤੇ ਝੂਠ ਵਿਚ ਗ੍ਰਸਤ ਰਹਿੰਦੇ ਹਨ, ਪਰ ਆਪਣੇ ਪਖੰਡ ਜਾਂ ਪ੍ਰਭਾਵ ਨਾਲ ਸੰਸਾਰ ਵਿਚ ਆਪਣੀ ਪਤਿ-ਪ੍ਰਤਿਸ਼ਠਾ ਦਾ ਅਡੰਬਰ ਰਚ ਲੈਂਦੇ ਹਨ, ਉਹ ਬੇਸ਼ਕ ਅਠਾਹਠ ਤੀਰਥਾਂ ਉਪਰ ਨਹਾਉਂਦੇ ਫਿਰਨ, ਉਨ੍ਹਾਂ ਦੇ ਮਨ ਅੰਦਰਲੀ ਵਿਕਾਰਾਂ ਦੀ ਮੈਲ ਕਦੇ ਦੂਰ ਨਹੀਂ ਹੋ ਸਕਦੀ।
ਅਜਿਹੇ ਅੰਦਰੋਂ ਝੂਠੇ ਲੋਕਾਂ ਨਾਲੋਂ ਉਹ ਮਨੁਖ ਸੰਸਾਰ ਵਿਚ ਚੰਗੇ ਹਨ, ਜਿਨ੍ਹਾਂ ਦੇ ਤਨ ਉਪਰ ਬੇਸ਼ਕ ਪਾਟਾ-ਪੁਰਾਣਾ ਕਪੜਾ (ਗੋਦੜਾ) ਹੀ ਹੋਵੇ, ਪਰ ਮਨ ਅੰਦਰ ਪਰਮੇਸ਼ਰ ਦਾ ਨਾਮ ਰੂਪੀ ਰੇਸ਼ਮ (ਪਟ) ਹੈ।
ਉਨ੍ਹਾਂ ਦਾ ਪ੍ਰੇਮ ਰੱਬ ਨਾਲ ਲਗਾ ਹੁੰਦਾ ਹੈ; ਉਹ ਅੰਤਰ-ਆਤਮੇ ਉਸ ਦੇ ਦੀਦਾਰ ਦੀ ਤਾਂਘ ਵਿਚ ਹੀ ਮਸਤ ਰਹਿੰਦੇ ਹਨ।
ਉਹ ਰੱਬ ਦੇ ਪ੍ਰੇਮ-ਰੰਗ ਵਿਚ ਹੀ ਖੁਸ਼ ਹੁੰਦੇ ਹਨ, ਉਸਦੇ ਰੰਗ ਵਿਚ ਹੀ ਉਦਾਸ ਹੁੰਦੇ ਹਨ ਤੇ ਉਸਦੇ ਰੰਗ ਵਿਚ ਹੀ ਅੰਤਰਮੁਖੀ ਹੋ ਕੇ ਚੁਪ ਕਰ ਜਾਂਦੇ ਹਨ।
ਉਨ੍ਹਾਂ ਨੂੰ ਸੱਚੇ ਮਾਲਕ ਤੋਂ ਬਗੈਰ ਕਿਸੇ ਹੋਰ ਦੀ ਕੋਈ ਮੁਥਾਜੀ ਨਹੀਂ ਹੁੰਦੀ।
ਕਿਉਂਕਿ ਉਨ੍ਹਾਂ ਨੇ ਜੀਵਨ ਦੇ ਨਿਰਵਾਹ ਲਈ ਲੋੜੀਂਦਾ ਗੁਜ਼ਰ-ਬਸਰ (ਖਰਚ) ਕੇਵਲ ਰੱਬੀ ਦਰ ਤੋਂ ਹੀ ਮੰਗਿਆ ਹੈ। ਜਦੋਂ ਮਾਲਕ ਦਿੰਦਾ ਹੈ, ਉਹ ਖਾਂਦੇ ਹਨ; ਭਾਵ, ਉਹ ਰੱਬ ਦੇ ਦਿਤੇ ਹੋਏ ਉਤੇ ਸ਼ਾਕਰ ਰਹਿੰਦੇ ਹਨ ਅਤੇ ਕੇਵਲ ਉਹ ਹੀ ਉਨ੍ਹਾਂ ਦੇ ਜੀਵਨ ਦਾ ਓਟ ਆਸਰਾ ਹੁੰਦਾ ਹੈ।
ਨਿਆਂ ਕਰਨ ਵਾਲਾ ਰੱਬੀ-ਦਰਬਾਰ ਇਕੋ ਹੈ; ਜੀਵਾਂ ਦਾ ਕਰਮ-ਲੇਖਾ ਲਿਖਣ ਵਾਲੀ ਹੁਕਮ ਰੂਪੀ ਰੱਬੀ-ਕਲਮ ਵੀ ਇਕੋ ਹੈ। ਰੱਬੀ-ਦਰ ‘ਤੇ ਲੇਖਾ ਦੇਣ ਲਈ ਵੱਡੇ ਛੋਟੇ, ਚੰਗੇ ਮਾੜੇ ਹਰ ਇਕ ਦਾ ਮੇਲ ਹੋਣਾ ਹੈ।
ਹੇ ਨਾਨਕ! ਰੱਬ ਆਪਣੇ ਦਰ ’ਤੇ ਚੰਗੇ ਮੰਦੇ ਹਰ ਇਕ ਵਿਅਕਤੀ ਦਾ ਲੇਖਾ ਲੈਂਦਾ ਹੈ। ਮੰਦਿਆਂ ਨੂੰ ਉਥੇ ਇਉਂ ਪੀੜੀਦਾ ਹੈ ਜਿਵੇਂ ਤਿਲਾਂ ਨੂੰ ਪੀੜ ਕੇ ਤੇਲ ਕੱਢਿਆ ਜਾਂਦਾ ਹੈ।

(ਜੋ ਲੋਕ) ਅੰਦਰੋਂ ਝੂਠੇ (ਹਨ, ਪਰ) ਬਾਹਰ, ਦੁਨੀਆ ਵਿਚ, (ਆਪਣੀ ਫੋਕੀ) ਇਜ਼ਤ (ਦਾ) ਪਸਾਰਾ (ਕਰੀ ਬੈਠੇ ਹਨ; ਉਹ) ਬੇਸ਼ਕ ਅਠਾਹਠ ਤੀਰਥਾਂ ਉਪਰ ਨਹਾ ਲੈਣ, (ਉਨ੍ਹਾਂ ਅੰਦਰਲੀ) ਮੈਲ ਨਹੀਂ ਉਤਰਦੀ
ਜਿਨ੍ਹਾਂ ਦੇ ਅੰਦਰ ਰੇਸ਼ਮ, ਬਾਹਰ (ਭਾਵੇਂ) ਗੋਦੜਾ ਹੈ, ਉਹ ਸੰਸਾਰ ਵਿਚ ਚੰਗੇ ਹਨ
ਨ੍ਹਾਂ ਦਾ ਪ੍ਰੇਮ ਰੱਬ ਨਾਲ ਲਗਾ ਹੈ (ਤੇ ਉਹ ਰੱਬ ਨੂੰ) ਦੇਖਣ ਦੇ ਵੀਚਾਰ ਵਿਚ (ਮਗਨ) ਹਨ
(ਉਹ ਪ੍ਰਭੂ ਦੇ) ਰੰਗ ਵਿਚ (ਹੀ) ਹੱਸਦੇ ਹਨ, (ਉਸਦੇ) ਰੰਗ ਵਿਚ (ਹੀ) ਰੋਂਦੇ ਹਨ (ਤੇ ਕਦੇ ਪ੍ਰਭੂ-ਰੰਗ ਵਿਚ ਹੀ) ਚੁਪ ਵੀ ਕਰ ਜਾਂਦੇ ਹਨ
(ਉਨ੍ਹਾਂ ਨੂੰ) ਸੱਚੇ ਮਾਲਕ ਤੋਂ ਬਿਨਾਂ, ਕਿਸੇ ਦੀ ਪਰਵਾਹ ਨਹੀਂ ਹੁੰਦੀ
(ਉਨ੍ਹਾਂ ਨੇ) ਜੀਵਨ-ਖਰਚ (ਮਾਲਕ ਦੀ) ਦਹਲੀਜ ਉਪਰ (ਖਲੋ ਕੇ ਹੀ) ਮੰਗਿਆ ਹੈ; (ਮਾਲਕ) ਜਦੋਂ ਦੇਂਦਾ ਹੈ, ਉਦੋਂ (ਉਹ) ਖਾਂਦੇ ਹਨ
(ਰੱਬੀ)ਦਰਬਾਰ ਇਕੋ ਹੈ, ਕਲਮ ਇਕੋ ਹੈ; (ਉਥੇ) ਅਸਾਡਾ-ਤੁਹਾਡਾ (ਸਾਰਿਆਂ ਦਾ) ਮੇਲ (ਹੋਣਾ) ਹੈ
(ਰੱਬ ਆਪਣੇ) ਦਰਤੇ ਲੇਖਾ ਲੈਂਦਾ ਹੈ, ਹੇ ਨਾਨਕ! ਜਿਵੇਂ ਪੀੜ ਕੇ ਛੁੱਟਦਾ ਹੈ ਤੇਲ

ਇਸ ਸਲੋਕ ਦੀਆਂ ਪਹਿਲੀਆਂ ਦੋ ਤੁਕਾਂ ਵਿਚ ਸਹਿਜ ਭਾਸ਼ਾਈ ਪ੍ਰਗਟਾਵੇ ਦੀ ਵਰਤੋਂ ਰਾਹੀਂ ਸਪਸ਼ਟ ਕਥਨ ਕੀਤਾ ਗਿਆ ਹੈ ਕਿ ਜੋ ਲੋਕ ਅੰਦਰੋਂ ਝੂਠੇ ਹਨ, ਪਰ ਬਾਹਰੋਂ ਵਿਖਾਵੇ ਦੀ ਇਜ਼ਤ ਬਣਾਈ ਬੈਠੇ ਹਨ, ਉਹ ਅਡੰਬਰ ਕਰਦੇ ਹਨ। ਅਜਿਹੇ ਲੋਕ ਜੇਕਰ ਅਠਾਹਠ ਤੀਰਥਾਂ ਦੇ ਇਸ਼ਨਾਨ ਵੀ ਕਰ ਲੈਣ, ਫਿਰ ਵੀ ਉਨ੍ਹਾਂ ਅੰਦਰਲੀ ਮੈਲ ਨਹੀਂ ਉਤਰਦੀ।

ਅਗਲੀਆਂ ਦੋ ਤੁਕਾਂ ਵਿਚ ਇਸ ਤੋਂ ਵਿਪਰੀਤ ਸਥਿਤੀ ਦਾ ਬਿਆਨ ਕਰਦੇ ਹੋਏ ਸਪਸ਼ਟ ਕੀਤਾ ਗਿਆ ਹੈ ਕਿ ਜਿਨ੍ਹਾਂ ਅੰਦਰ ਰੇਸ਼ਮ ਹੈ ਅਤੇ ਬਾਹਰ ਗੁੱਦੜ ਹੈ, ਉਹ ਭਲੇ ਹਨ। ਇਹ ਸੰਕੇਤਾਤਮਕ ਕਥਨ ਹੈ। ਅੰਦਰ ਰੇਸ਼ਮ ਬਾਹਰ ਗੁੱਦੜ ਤੋਂ ਭਾਵ ਹੈ, ਆਪਣੇ ਗੁਣਾਂ ਦਾ ਵਿਖਾਵਾ ਨਾ ਕਰਨਾ, ਨਿਮਰ ਬਣੇ ਰਹਿਣਾ। ਐਸੇ ਲੋਕਾਂ ਦਾ ਸਨੇਹ ਰੱਬ ਨਾਲ ਹੁੰਦਾ ਹੈ ਅਤੇ ਉਹ ਪ੍ਰਭੂ ਦੇ ਦੀਦਾਰ ਦੀ ਤਾਂਘ ਵਿਚ ਹੀ ਨਿਮਗਨ ਰਹਿੰਦੇ ਹਨ।

ਪੰਜਵੀਂ, ਛੇਵੀਂ ਅਤੇ ਸਤਵੀਂ ਤੁਕ ਵਿਚ ਭਾਵੇਂ ਸਹਿਜ ਭਾਸ਼ਾਈ ਪ੍ਰਗਟਾਵੇ ਦੀ ਵਰਤੋਂ ਹੋਈ ਹੈ ਪਰੰਤੂ ਇਹ ਤੁਕਾਂ ਸੰਕੇਤਾਤਮਕ ਕਥਨ ਵੀ ਹਨ। ਇਨ੍ਹਾਂ ਰਾਹੀਂ ਸਪਸ਼ਟ ਕੀਤਾ ਗਿਆ ਹੈ ਕਿ ਪ੍ਰਭੂ ਪਿਆਰੇ ਪ੍ਰਭੂ ਦੇ ਰੰਗ ਵਿਚ ਹੀ ਹੱਸਦੇ-ਰੋਂਦੇ ਹਨ। ਭਾਵ ਉਹ ਪ੍ਰਭੂ ਪਾਸੋਂ ਬਖਸ਼ੇ ਸੁਖ-ਦੁਖ ਨੂੰ ਸਹਿਜ ਰੂਪ ਵਿਚ ਸਵਿਕਾਰ ਕਰਦੇ ਹਨ। ਉਨ੍ਹਾਂ ਨੂੰ ਸੱਚੇ ਨਾਮ ਤੋਂ ਬਿਨਾਂ ਕਿਸੇ ਦੀ ਪਰਵਾਹ ਨਹੀਂ ਹੁੰਦੀ। ਉਨ੍ਹਾਂ ਨੂੰ ਜੀਵਨ ਵਿਚ ਜੋ ਕੁਝ ਮਿਲਦਾ ਹੈ, ਉਹ ਉਸ ਵਿਚ ਹੀ ਗੁਜ਼ਾਰਾ ਕਰਦੇ ਹਨ। ਭਾਵ ਹੈ ਕਿ ਪ੍ਰਭੂ ਦੇ ਪ੍ਰੇਮੀ ਲੋਕ ਪ੍ਰਭੂ ਦੇ ਭਾਣੇ ਵਿਚ ਹੀ ਰਾਜੀ ਰਹਿੰਦੇ ਹਨ।

ਅਠਵੀਂ ਅਤੇ ਨਾਵੀਂ ਤੁਕ ਵਿਚ ਵੀ ਸਪਸ਼ਟ ਸਬਦਾਂ ਦੀ ਵਰਤੋਂ ਹੋਈ ਹੈ। ਪ੍ਰਭੂ ਦਾ ਦੀਬਾਨ ਇਕ ਹੈ, ਕਲਮ ਇਕ ਹੈ ਅਤੇ ਉਸਦੇ ਦਰ ‘ਤੇ ਜਦੋਂ ਲੇਖਾ ਹੁੰਦਾ ਹੈ ਤਾਂ ਮੰਦੇ ਲੋਕਾਂ ਨੂੰ ਇਉਂ ਪੀੜਿਆ ਜਾਂਦਾ ਹੈ, ਜਿਵੇਂ ਤਿਲਾਂ ਵਿਚੋਂ ਤੇਲ ਕੱਢੀਦਾ ਹੈ। ਪਰ ‘ਦੀਬਾਣੁ’, ‘ਕਲਮ’ ਅਤੇ ‘ਦਰਿ’ ਪ੍ਰਤੀਕਾਤਮਕ ਸ਼ਬਦ ਹਨ, ਜੋ ਕ੍ਰਮਵਾਰ ਪ੍ਰਭੂ ਦੇ ਦੀਵਾਨ, ਉਸਦੇ ਹੁਕਮ ਅਤੇ ਉਸਦੇ ਦਰਬਾਰ ਦੇ ਪ੍ਰਤੀਕ ਹਨ। ‘ਪੀੜਿ ਛੁਟੈ, ਨਾਨਕਾ ਜਿਉ ਤੇਲ’ ਵਿਚ ਉਪਮਾ ਅਲੰਕਾਰ ਆਇਆ ਹੈ।

ਇਸ ਸਲੋਕ ਵਿਚ ਕੁਲ ਨੌ ਤੁਕਾਂ ਹਨ। ਸਾਰੀਆਂ ਤੁਕਾਂ ਦਾ ਮਾਤਰਾ ਵਿਧਾਨ ਥੋੜ੍ਹੇ-ਬਹੁਤ ਫਰਕ ਨਾਲ ੧੬+੧੧ = ੨੭ ਹੈ। ਸੋ ਇਸ ਸਲੋਕ ਨੂੰ ‘ਸਰਸੀ’ ਛੰਦ ਅਧੀਨ ਰੱਖਿਆ ਜਾ ਸਕਦਾ ਹੈ।