Connect

2005 Stokes Isle Apt. 896, Vacaville 10010, USA

[email protected]

ਮਃ ੧ ॥
ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ ॥ ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ ॥
ਤਗੁ ਕਪਾਹਹੁ ਕਤੀਐ ਬਾਮ੍ਣੁ ਵਟੇ ਆਇ ॥ ਕੁਹਿ ਬਕਰਾ ਰਿੰਨਿ੍ ਖਾਇਆ ਸਭੁ ਕੋ ਆਖੈ ਪਾਇ ॥
ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥ ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥੨॥

ਮਃ ੧ ॥

ਲਖ ਚੋਰੀਆ ਲਖ ਜਾਰੀਆ ਲਖ ਕੂੜੀਆ ਲਖ ਗਾਲਿ ॥ ਲਖ ਠਗੀਆ ਪਹਿਨਾਮੀਆ ਰਾਤਿ ਦਿਨਸੁ ਜੀਅ ਨਾਲਿ ॥

ਤਗੁ ਕਪਾਹਹੁ ਕਤੀਐ ਬਾਮ੍ਣੁ ਵਟੇ ਆਇ ॥ ਕੁਹਿ ਬਕਰਾ ਰਿੰਨਿ੍ ਖਾਇਆ ਸਭੁ ਕੋ ਆਖੈ ਪਾਇ ॥

ਹੋਇ ਪੁਰਾਣਾ ਸੁਟੀਐ ਭੀ ਫਿਰਿ ਪਾਈਐ ਹੋਰੁ ॥ ਨਾਨਕ ਤਗੁ ਨ ਤੁਟਈ ਜੇ ਤਗਿ ਹੋਵੈ ਜੋਰੁ ॥੨॥

ਲਖਾਂ ਚੋਰੀਆਂ, ਲਖਾਂ ਵਿਭਚਾਰੀਆਂ, ਲਖਾਂ ਝੂਠੀਆਂ ਗੱਲਾਂ, ਲਖਾਂ ਗਾਲ੍ਹਾਂ, ਲਖਾਂ ਹੇਰਾਫੇਰੀਆਂ ਤੇ ਲਖਾਂ ਲੁਕ-ਛਿਪ ਕੇ ਕੀਤੀਆਂ ਹੋਈਆਂ ਖੁਨਾਮੀਆਂ ਦਿਨ-ਰਾਤ ਮਨੁਖ ਦੇ ਨਾਲ ਰਹਿੰਦੀਆਂ ਹਨ; ਭਾਵ, ਜੇਕਰ ਕੋਈ ਜੀਵਨ ਵਿਚ ਦਿਨ-ਰਾਤ ਚੋਰੀਆਂ, ਯਾਰੀਆਂ, ਠੱਗੀਆਂ ਵੀ ਕਰਦਾ ਰਹੇ ਅਤੇ ਜਨੇਊ ਵੀ ਪਹਿਨੀ ਰਖੇ ਤਾਂ ਇਸ ਨਾਲ ਕਲਿਆਣ ਨਹੀਂ ਹੋ ਸਕਦਾ। ਇਹ ਤਾਂ ਨਿਰਾ ਵਿਖਾਵਾ ਹੀ ਹੈ।
ਜਨੇਊ ਦੀ ਰਸਮ ਵੇਲੇ, ਕਪਾਹ ਤੋਂ ਧਾਗਾ ਕੱਤਿਆ ਜਾਂਦਾ ਹੈ ਅਤੇ ਉਸ ਧਾਗੇ ਨੂੰ ਪੁਰੋਹਿਤ ਜਜਮਾਨ ਦੇ ਘਰ ਆ ਕੇ ਵੱਟਦਾ ਹੈ।
ਫਿਰ, ਬੱਕਰਾ ਵੱਢਕੇ ਰਿੰਨ੍ਹਿਆ ਤੇ ਖਾਧਾ ਜਾਂਦਾ ਹੈ ਅਤੇ ਹਰ ਕੋਈ ਆਖਦਾ ਹੈ ਕਿ ਰਸਮ ਪੂਰੀ ਹੋ ਗਈ ਹੈ ਹੁਣ ਜਨੇਊ ਪਾਇਆ ਜਾਵੇ।
ਜਦੋਂ ਇਹ ਜਨੇਊ ਪੁਰਾਣਾ ਹੋ ਜਾਏ ਜਾਂ ਟੁੱਟ ਜਾਵੇ ਤਾਂ ਸੁੱਟ ਦਿੱਤਾ ਜਾਂਦਾ ਹੈ ਅਤੇ ਫਿਰ ਹੋਰ ਨਵਾਂ ਪਾ ਲਿਆ ਜਾਂਦਾ ਹੈ।
ਪਰ, ਨਾਨਕ! ਜੇਕਰ ਇਸ ਜਨੇਊ ਵਿਚ ਗੁਣਾਂ ਦੀ ਤਾਕਤ ਹੋਵੇ, ਤਾਂ ਇਹ ਜਨੇਊ ਟੁੱਟੇ ਹੀ ਨਾ।

ਲਖਾਂ ਚੋਰੀਆਂ, ਲਖਾਂ ਵਿਭਚਾਰੀਆਂ, ਲਖਾਂ ਝੂਠੀਆਂ (ਗੱਲਾਂ), ਲਖਾਂ ਗਾਲ੍ਹਾਂ, ਲਖਾਂ ਠੱਗੀਆਂ ਤੇ ਲਖਾਂ ਲੁਕ-ਛਿਪ ਕੇ ਕੀਤੀਆਂ ਹੋਈਆਂ ਖੁਨਾਮੀਆਂ, ਰਾਤ-ਦਿਨ ਜੀਵ ਦੇ ਨਾਲ (ਰਹਿੰਦੀਆਂ ਹਨ)
(ਜਨੇਊ ਦੀ ਰਸਮ ਵੇਲੇ) ਕਪਾਹ ਤੋਂ ਧਾਗਾ ਕੱਤੀਦਾ ਹੈ, (ਅਤੇ ਉਸ ਧਾਗੇ ਨੂੰ) ਬ੍ਰਾਹਮਣ ਕੇ ਵੱਟਦਾ ਹੈ
(ਫਿਰ) ਬੱਕਰਾ ਕੁਹ ਕੇ (ਤੇ) ਰਿੰਨ੍ਹ ਕੇ ਖਾਧਾ (ਜਾਂਦਾ ਹੈ), (ਅਤੇ) ਹਰ ਕੋਈ ਆਖਦਾ ਹੈ (ਜਨੇਊ) ਪਾਇਆ ਜਾਵੇ
(ਜਦੋਂ ਇਹ ਜਨੇਊ) ਪੁਰਾਣਾ ਹੋ ਜਾਏ ਤਾਂ ਸੁੱਟ ਦਿੱਤਾ ਜਾਂਦਾ ਹੈ, (ਅਤੇ) ਫਿਰ ਹੋਰ ਵੀ ਪਾ ਲਿਆ ਜਾਂਦਾ ਹੈ
(ਪਰ) ਨਾਨਕ! ਜੇ (ਇਸ) ਧਾਗੇ ਵਿਚ ਬਲ ਹੋਵੇ, (ਤਾਂ ਇਹ) ਧਾਗਾ ਨਾ ਟੁੱਟੇ

ਇਸ ਸਲੋਕ ਦੀਆਂ ਪਹਿਲੀਆਂ ਦੋ ਤੁਕਾਂ ਵਿਚ ‘ਲਖ ਚੋਰੀਆ’, ‘ਲਖ ਜਾਰੀਆ’, ‘ਲਖ ਕੂੜੀਆ’, ‘ਲਖ ਗਾਲਿ’, ‘ਲਖ ਠਗੀਆ’ ਦੀ ਵਰਤੋਂ ਰਾਹੀਂ ਵਾਕਾਂਸ਼ ਪੱਧਰੀ ਸੰਰਚਨਾਤਮਕ ਸਮਾਨੰਤਰਤਾ ਸਿਰਜਿਤ ਹੋਈ ਹੈ। ਇਸ ਰਾਹੀਂ ਸਪਸ਼ਟ ਕੀਤਾ ਗਿਆ ਹੈ ਕਿ ਜੀਵ ਨਿਰੰਤਰ ਲਖਾਂ ਭਾਵ ਅਣਗਿਣਤ ਬੁਰਾਈਆਂ ਵਿਚ ਘਿਰਿਆ ਰਹਿੰਦਾ ਹੈ।

‘ਰਾਤਿ-ਦਿਨਸੁ’ ਸ਼ਬਦ-ਜੋੜ ਦੀ ਵਰਤੋਂ ਵੀ ਵਿਸ਼ੇਸ਼ ਹੈ। ਰਾਤ-ਦਿਨ ਦਾ ਭਾਵ ਹੈ ਹਰ ਵੇਲੇ, ਅਰਥਾਤ ਕੋਈ ਸਮਾਂ ਐਸਾ ਨਹੀਂ ਜਦੋਂ ਜੀਵ ਇਨ੍ਹਾਂ ਬੁਰਾਈਆਂ ਤੋਂ ਰਤਾ ਵੀ ਪਰ੍ਹਾਂ ਹੋ ਸਕੇ।

ਸਲੋਕ ਦੀਆਂ ਅਗਲੀਆਂ ਚਾਰ ਤੁਕਾਂ ਵਿਚ ਵਿਅੰਗਾਤਮਕਤਾ ਦੀ ਵਰਤੋਂ ਹੋਈ ਹੈ। ਇਥੇ ਬਾਹਰੀ ਜਨੇਊ ਦੀ ਵਿਅਰਥਤਾ ਬਾਰੇ ਵਿਅੰਗ ਕੀਤਾ ਗਿਆ ਹੈ ਕਿਉਂਕਿ ਅਜਿਹਾ ਜਨੇਊ ਪੁਰਾਣਾ ਹੋਣ ‘ਤੇ ਸੁੱਟ ਦਿੱਤਾ ਜਾਂਦਾ ਹੈ।

ਸਲੋਕ ਦੀ ਅੰਤਲੀ ਤੁਕ ਸੰਕੇਤਾਤਮਕ ਹੈ ਜਿਸ ਵਿਚ ਫੁਰਮਾਇਆ ਗਿਆ ਹੈ ਕਿ ਜੇ ਧਾਗੇ ਵਿਚ ਜੋਰ ਹੋਵੇ ਤਾਂ ਉਹ ਟੁੱਟਣਾ ਨਹੀਂ ਚਾਹੀਦਾ, ਜਦਕਿ ਬਾਹਰੀ ਜਨੇਊ ਵਿਚ ਅਜਿਹੀ ਸਮਰੱਥਾ ਨਹੀਂ ਹੈ। ਇਸ ਲਈ ਬਾਹਰੀ ਜਨੇਊ ਦੀ ਥਾਂ ਆਤਮਕ ਗੁਣਾਂ ਦਾ ਧਾਰਨੀ ਬਣ ਕੇ ਆਤਮਕ ਜਨੇਊ ਪਹਿਨਣਾ ਚਾਹੀਦਾ ਹੈ ਜੋ ਕਦੇ ਟੁੱਟਦਾ ਨਹੀਂ ਅਰਥਾਤ ਕਦੇ ਸਾਥ ਨਹੀਂ ਛੱਡਦਾ।

ਇਸ ਸਲੋਕ ਦਾ ਮਾਤਰਾ ਵਿਧਾਨ ਪਹਿਲੀਆਂ ਦੋ ਤੁਕਾਂ ਵਿਚ ੧੬+੧੩ ਹੈ ਜਦਕਿ ਬਾਕੀ ਦੀਆਂ ਤੁਕਾਂ ਵਿਚ ੧੩+੧੧ ਹੈ। ਦੂਜੀ ਤੁਕ ੧੬+੧੧ ਅਤੇ ਪੰਜਵੀਂ ਤੁਕ ੧੩+੧੩ ਹੋ ਗਈ ਹੈ। ਇਹ ਸਲੋਕ ਵੀ ਸਰਸੀ ਅਤੇ ਦੋਹਰਾ ਛੰਦਾਂ ਦੇ ਜੋੜ ਨਾਲ ਬਣਿਆ ਹੋਇਆ ਹੈ।