Connect

2005 Stokes Isle Apt. 896, Vacaville 10010, USA

[email protected]

ਮਃ ੧ ॥
ਸਾਮ ਕਹੈ ਸੇਤੰਬਰੁ ਸੁਆਮੀ    ਸਚ ਮਹਿ ਆਛੈ   ਸਾਚਿ ਰਹੇ ॥ ਸਭੁ ਕੋ ਸਚਿ ਸਮਾਵੈ॥
ਰਿਗੁ ਕਹੈ ਰਹਿਆ ਭਰਪੂਰਿ ॥ ਰਾਮ ਨਾਮੁ ਦੇਵਾ ਮਹਿ ਸੂਰੁ ॥
ਨਾਇ ਲਇਐ ਪਰਾਛਤ ਜਾਹਿ ॥ ਨਾਨਕ   ਤਉ ਮੋਖੰਤਰੁ ਪਾਹਿ ॥
ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ    ਕਾਨ੍ ਕ੍ਰਿਸਨੁ ਜਾਦਮੁ ਭਇਆ ॥
ਪਾਰਜਾਤੁ ਗੋਪੀ ਲੈ ਆਇਆ    ਬਿੰਦ੍ਰਾਬਨ ਮਹਿ ਰੰਗੁ ਕੀਆ ॥
ਕਲਿ ਮਹਿ ਬੇਦੁ ਅਥਰਬਣੁ ਹੂਆ    ਨਾਉ ਖੁਦਾਈ ਅਲਹੁ ਭਇਆ ॥
ਨੀਲ ਬਸਤ੍ਰ ਲੇ ਕਪੜੇ ਪਹਿਰੇ    ਤੁਰਕ ਪਠਾਣੀ ਅਮਲੁ ਕੀਆ ॥
ਚਾਰੇ ਵੇਦ ਹੋਏ ਸਚਿਆਰ ॥ ਪੜਹਿ ਗੁਣਹਿ ਤਿਨ੍ ਚਾਰ ਵੀਚਾਰ ॥
ਭਾਉ ਭਗਤਿ ਕਰਿ ਨੀਚੁ ਸਦਾਏ ॥ ਤਉ ਨਾਨਕ ਮੋਖੰਤਰੁ ਪਾਏ ॥੨॥

ਮਃ ੧ ॥

ਸਾਮ ਕਹੈ ਸੇਤੰਬਰੁ ਸੁਆਮੀ    ਸਚ ਮਹਿ ਆਛੈ   ਸਾਚਿ ਰਹੇ ॥ ਸਭੁ ਕੋ ਸਚਿ ਸਮਾਵੈ॥

ਰਿਗੁ ਕਹੈ ਰਹਿਆ ਭਰਪੂਰਿ ॥ ਰਾਮ ਨਾਮੁ ਦੇਵਾ ਮਹਿ ਸੂਰੁ ॥

ਨਾਇ ਲਇਐ ਪਰਾਛਤ ਜਾਹਿ ॥ ਨਾਨਕ   ਤਉ ਮੋਖੰਤਰੁ ਪਾਹਿ ॥

ਜੁਜ ਮਹਿ ਜੋਰਿ ਛਲੀ ਚੰਦ੍ਰਾਵਲਿ    ਕਾਨ੍ ਕ੍ਰਿਸਨੁ ਜਾਦਮੁ ਭਇਆ ॥

ਪਾਰਜਾਤੁ ਗੋਪੀ ਲੈ ਆਇਆ    ਬਿੰਦ੍ਰਾਬਨ ਮਹਿ ਰੰਗੁ ਕੀਆ ॥

ਕਲਿ ਮਹਿ ਬੇਦੁ ਅਥਰਬਣੁ ਹੂਆ    ਨਾਉ ਖੁਦਾਈ ਅਲਹੁ ਭਇਆ ॥

ਨੀਲ ਬਸਤ੍ਰ ਲੇ ਕਪੜੇ ਪਹਿਰੇ    ਤੁਰਕ ਪਠਾਣੀ ਅਮਲੁ ਕੀਆ ॥

ਚਾਰੇ ਵੇਦ ਹੋਏ ਸਚਿਆਰ ॥ ਪੜਹਿ ਗੁਣਹਿ ਤਿਨ੍ ਚਾਰ ਵੀਚਾਰ ॥

ਭਾਉ ਭਗਤਿ ਕਰਿ ਨੀਚੁ ਸਦਾਏ ॥ ਤਉ ਨਾਨਕ ਮੋਖੰਤਰੁ ਪਾਏ ॥੨॥

ਸਤਿਜੁਗ ਨਾਲ ਸੰਬੰਧਤ ਮੰਨਿਆ ਜਾਂਦਾ ਸਾਮਵੇਦ ਕਹਿੰਦਾ ਹੈ ਕਿ ਮਾਲਕ-ਪ੍ਰਭੂ ਚਿੱਟੇ ਬਸਤਰਾਂ ਅਥਵਾ ਚਿੱਟੇ ਰੰਗ ਵਾਲਾ (ਹੰਸ ਅਵਤਾਰ) ਹੈ। ਉਹ ਆਪਣੇ ਸਚ-ਸਰੂਪ ਵਿਚ ਸਥਿਤ ਹੈ ਤੇ ਸਚ-ਸਰੂਪ ਵਿਚ ਹੀ ਰਹਿੰਦਾ ਹੈ। ਸਤਿਜੁਗ ਵਿਚ ਹਰ ਕੋਈ ਸੱਚ ਬੋਲਣ ਤੇ ਸੱਚ ਦਾ ਵਿਉਹਾਰ ਕਰਨ ਕਰਕੇ ਸੇਤੰਬਰ-ਹਰੀ ਦੇ ਸਚ-ਸਰੂਪ ਵਿਚ ਲੀਨ ਹੋ ਜਾਂਦਾ ਹੈ।
ਨਾਨਕ! ਤ੍ਰੇਤੇ ਜੁਗ ਨਾਲ ਸੰਬੰਧਤ ਦਸਿਆ ਜਾਂਦਾ ਰਿਗਵੇਦ ਕਹਿੰਦਾ ਹੈ ਕਿ ਤ੍ਰੇਤੇ ਜੁਗ ਦਾ ਅਵਤਾਰ ਰਾਮਚੰਦਰ ਹੀ ਹਰ ਥਾਂ ਵਿਆਪਕ ਹੈ। ਰਾਮਚੰਦਰ ਦਾ ਨਾਮ ਹੀ ਸਾਰੇ ਦੇਵਤਿਆਂ ਵਿਚ ਸੂਰਜ ਸਮਾਨ ਚਮਕਦਾ ਹੈ। ਉਸ ਦਾ ਨਾਮ ਲੈਣ ਨਾਲ ਹੀ ਜੀਵਾਂ ਦੇ ਪਾਪ ਦੂਰ ਹੁੰਦੇ ਹਨ ਤੇ ਉਹ ਮੁਕਤੀ ਪਾਉਂਦੇ ਹਨ।
ਦੁਆਪਰ ਜੁਗ ਨਾਲ ਸੰਬੰਧਤ ਮੰਨੇ ਜਾਂਦੇ ਯਜੁਰਵੇਦ ਸਮੇਂ ਦੱਸਿਆ ਜਾਂਦਾ ਹੈ ਕਿ ਯਾਦਵਾਂ ਦੇ ਕੁਲ ਵਿਚ ਕ੍ਰਿਸ਼ਨ ਹਰੀ ਦੇ ਅਵਤਾਰ ਵਜੋਂ ਪਰਗਟ ਹੋਇਆ, ਜਿਸ ਨੇ ਆਪਣੇ ਬਾਹੂਬਲ ਨਾਲ ਚੰਦ੍ਰਾਵਲੀ ਨਾਮ ਦੀ ਗੋਪੀ ਛਲ ਲਿਆਂਦੀ। ਉਹ ਆਪਣੀ ਇਕ ਹੋਰ ਗੋਪੀ ਸਤਭਾਮਾ ਲਈ ਇੰਦਰ ਦੇ ਬਾਗ ਵਿਚੋਂ ਪਾਰਜਾਤ ਦਾ ਰੁਖ ਲੈ ਕੇ ਆਇਆ ਤੇ ਉਸ ਨਾਲ ਵ੍ਰਿੰਦਾਵਨ ਵਿਖੇ ਪ੍ਰੇਮ-ਰੰਗ ਮਾਣਿਆ।
ਕਲਿਜੁਗ ਵਿਚ ਅਥਰਵ ਵੇਦ ਪ੍ਰਚਲਤ ਹੋਇਆ ਤੇ ਰੱਬੀ ਹੋਂਦ ਦਾ ਨਾਂ ਅੱਲਾਹ ਪ੍ਰਸਿਧ ਹੋ ਗਿਆ। ਤੁਰਕਾਂ ਤੇ ਪਠਾਣਾਂ ਨੇ ਦੁਨੀਆ ‘ਤੇ ਰਾਜ ਕੀਤਾ ਤੇ ਉਨ੍ਹਾਂ ਦੇ ਪ੍ਰਭਾਵ ਕਾਰਨ ਲੋਕਾਂ ਨੇ ਨੀਲੇ-ਹਰੇ ਰੰਗ ਦੇ ਬਸਤਰ ਲੈ ਕੇ ਕਪੜੇ ਪਹਿਨ ਲਏ।
ਇਸ ਤਰ੍ਹਾਂ, ਚਾਰੇ ਵੇਦ ਆਪੋ ਆਪਣੇ ਸਮੇਂ ਅਨੁਸਾਰ ਸੱਚੇ ਹੋ ਗਏ ਅਤੇ ਮੰਨਿਆ ਜਾਂਦਾ ਹੈ ਕਿ ਜੋ ਮਨੁਖ ਇਨ੍ਹਾਂ ਵੇਦਾਂ ਨੂੰ ਪੜ੍ਹਦੇ ਤੇ ਵੀਚਾਰਦੇ ਹਨ, ਉਨ੍ਹਾਂ ਦੇ ਵਿਚਾਰ ਸ੍ਰੇਸ਼ਟ ਹੋ ਜਾਂਦੇ ਹਨ। ਪਰ ਨਾਨਕ! ਜੇ ਕੋਈ ਮਨੁਖ ਪ੍ਰਭੂ ਦੀ ਪ੍ਰੇਮਾ-ਭਗਤੀ ਕਰ ਕੇ ਨਿਮਰਤਾ ਵਿਚ ਵਿਚਰੇ, ਤਾਂ ਹੀ ਉਹ ਮੁਕਤੀ ਪਾ ਸਕਦਾ ਹੈ; ਭਾਵ, ਪਿਛਲੇ ਜੁਗਾਂ ਵਿਚ ਜਪ, ਤਪ, ਸੰਜਮ, ਤੀਰਥ, ਵਰਤ ਆਦਿ ਕਰਮ-ਕਾਂਡਾਂ ਦੀ ਮਹਾਨਤਾ ਸਮਝੀ ਜਾਂਦੀ ਸੀ, ਪਰ ਇਸ ਜੁਗ ਵਿਚ ਗੁਰਮਤਿ ਨੇ ਨਾਮ, ਭਗਤੀ, ਪਿਆਰ, ਨਿਮਰਤਾ ਆਦਿ ਨੂੰ ਮੁਖ ਸਾਧਨ ਮੰਨਿਆ ਹੈ। ਇਨ੍ਹਾਂ ਗੁਣਾਂ ਦਾ ਧਾਰਨੀ ਹੋ ਕੇ ਹੀ ਮਨੁਖ ਜੀਵਨ-ਮੁਕਤੀ ਪ੍ਰਾਪਤ ਕਰ ਸਕਦਾ ਹੈ।

(ਸਤਿਜੁਗ ਨਾਲ ਸੰਬੰਧਤ) ਸਾਮਵੇਦ ਕਹਿੰਦਾ ਹੈ, ਸੁਆਮੀਸ੍ਵੇਤੰਬਰਹੈ, (ਜੋ) ਸਚ ਵਿਚ ਸਥਿਤ ਹੈ (ਤੇ) ਸਚ ਵਿਚ ਹੀ ਰਹਿੰਦਾ ਹੈ ਹਰ ਕੋਈ ਸਚ ਵਿਚ ਸਮਾ ਜਾਂਦਾ ਹੈ
ਰਿਗਵੇਦ ਕਹਿੰਦਾ ਹੈ, (ਤ੍ਰੇਤੇ ਜੁਗ ਦਾ ਅਵਤਾਰ ਰਾਮਚੰਦਰ ਹਰ ਥਾਂ) ਭਰਪੂਰ ਹੋ ਰਿਹਾ ਹੈ ਰਾਮਚੰਦਰ ਦਾ ਨਾਮ ਦੇਵਤਿਆਂ ਵਿਚ ਸੂਰਜ (ਵਾਂਗ ਸ਼ਿਰੋਮਣੀ) ਹੈ (ਉਸ ਦਾ) ਨਾਮ ਲੈਣ ਨਾਲ ਪਾਪ ਚਲੇ ਜਾਂਦੇ ਹਨ ਨਾਨਕ! ਤਾਂ ਹੀ (ਜੀਵ) ਮੁਕਤੀ ਪਾਉਂਦੇ ਹਨ
(ਦੁਆਪਰ ਜੁਗ ਨਾਲ ਸੰਬੰਧਤ ਮੰਨੇ ਜਾਂਦੇ) ਯਜੁਰਵੇਦ ਸਮੇਂ ਕਾਨ੍ਹ-ਕ੍ਰਿਸ਼ਨ ਯਾਦਵ (ਕੁਲ ਵਿਚ ਅਵਤਾਰ ਪਰਗਟ) ਹੋਇਆ, (ਜਿਸ ਨੇ ਆਪਣੇ) ਜੋਰ ਨਾਲ ਚੰਦ੍ਰਾਵਲੀ ਛਲ ਲਈ
(ਉਹ ਸਤਭਾਮਾ ਗੋਪੀ ਲਈ) ਪਾਰਜਾਤ (ਦਾ ਰੁਖ) ਲੈ ਕੇ ਆਇਆ, (ਤੇ ਉਸ ਨਾਲ) ਬ੍ਰਿੰਦਾਬਨ ਵਿਚ ਪ੍ਰੇਮ-ਰੰਗ ਮਾਣਿਆ
ਕਲਿਜੁਗ ਵਿਚ ਅਥਰਵ ਵੇਦ (ਪ੍ਰਚਲਤ) ਹੋਇਆ, ਖੁਦਾ ਦਾ ਨਾਂ ਅੱਲਾਹ (ਪ੍ਰਸਿਧ) ਹੋ ਗਿਆ
ਤੁਰਕਾਂ ਤੇ ਪਠਾਣਾ ਨੇ (ਦੁਨੀਆਂ) ‘ਤੇ ਰਾਜ ਕੀਤਾ, (ਤੇ ਲੋਕਾਂ ਨੇ) ਨੀਲੇ-ਹਰੇ (ਰੰਗ ਦੇ) ਬਸਤਰ ਲੈ ਕੇ ਕਪੜੇ ਪਹਿਨ ਲਏ
(ਇਸ ਤਰ੍ਹਾਂ) ਚਾਰੇ ਵੇਦ (ਆਪੋ ਆਪਣੇ ਸਮੇਂ ਅਨੁਸਾਰ) ਸੱਚੇ ਹੋ ਗਏ (ਮੰਨਿਆ ਜਾਂਦਾ ਹੈ ਕਿ ਜੋ ਮਨੁਖ ਇਨ੍ਹਾਂ ਵੇਦਾਂ ਨੂੰ) ਪੜ੍ਹਦੇ ਵੀਚਾਰਦੇ ਹਨ, ਉਨ੍ਹਾਂ ਦੇ ਵਿਚਾਰ ਸੁੰਦਰ (ਹੋ ਜਾਂਦੇ ਹਨ)
(ਪਰ ਜੇਕਰ ਕੋਈ) ਪ੍ਰੇਮਾ-ਭਗਤੀ ਕਰ ਕੇ ਨੀਵਾਂ ਅਖਵਾਏ, ਤਾਂ ਨਾਨਕ! (ਉਹ) ਮੋਖ-ਮੁਕਤੀ ਪਾਉਂਦਾ ਹੈ

ਇਸ ਸਲੋਕ ਵਿਚ ਸੰਕੇਤਾਤਮਕ ਅਤੇ ਪ੍ਰਤੀਕਾਤਮਕਤਾ ਦੀ ਖੂਬਸੂਰਤ ਵਰਤੋਂ ਹੋਈ ਹੈ। ਚਾਰ ਵੇਦਾਂ (‘ਸਾਮ’, ‘ਰਿਗੁ’, ‘ਜੁਜ’ ਅਤੇ ‘ਅਥਰਬਣੁ’) ਨੂੰ ਚਾਰ ਜੁਗਾਂ (ਸਤਿਜੁਗ, ਤ੍ਰੇਤਾ, ਦੁਆਪਰ ਅਤੇ ਕਲਿਜੁਗ) ਨਾਲ ਜੋੜਦੇ ਹੋਏ ਸਹਿਜ ਭਾਸ਼ਾਈ ਪ੍ਰਗਟਾਵੇ ਰਾਹੀਂ ਹਰ ਜੁਗ ਵਿਚ ਵਰਤ ਰਹੇ ਵਰਤਾਰੇ ਅਤੇ ਉਸ ਜੁਗ ਵਿਚਲੇ ਮਨੁਖੀ ਸੁਭਾਉ ਨੂੰ ਬਿਆਨ ਕੀਤਾ ਗਿਆ ਹੈ।

ਇਸ ਸਲੋਕ ਦੀਆਂ ਅੰਤਲੀਆਂ ਦੋ ਤੁਕਾਂ ਅਰਥ ਅਤੇ ਭਾਵ ਦੇ ਪੱਧਰ ’ਤੇ ਉਪਰਲੀਆਂ ਸਾਰੀਆਂ ਤੁਕਾਂ ਨੂੰ ਗੁਰਮਤਿ ਦ੍ਰਿਸ਼ਟੀਕੋਣ ਤੋਂ ਸਮੇਟਦੀਆਂ ਹੋਈਆਂ ਇਸ ਸਿਧਾਂਤ ਦੀ ਪੇਸ਼ਕਾਰੀ ਕਰਦੀਆਂ ਹਨ ਕਿ ਜੋ ਜੀਵ ਨਿਰਮਾਣਤਾ ਵਿਚ ਵਿਚਰਦਾ ਹੋਇਆ ਪ੍ਰਭੂ ਦੀ ਪ੍ਰੇਮਾ-ਭਗਤੀ ਕਰਦਾ ਹੈ, ਉਸਨੂੰ ਹੀ ਮੁਕਤੀ ਦੀ ਪ੍ਰਾਪਤੀ ਹੁੰਦੀ ਹੈ।

ਸਲੋਕ ਦੀਆਂ ਪਹਿਲੀਆਂ ਦੋ ਤੁਕਾਂ ਨੂੰ ਛੱਡਕੇ, ਬਾਕੀ ਸਾਰੀਆਂ ਤੁਕਾਂ ਵਿਚ ਮਾਤਰਾਵਾਂ ਦੀ ਗਿਣਤੀ ੧੫ ਜਾਂ ੧੬ ਹੈ। ਸੋ, ਇਨ੍ਹਾਂ ਤੁਕਾਂ ਨੂੰ ਚੌਪਈ ਛੰਦ ਅਧੀਨ ਰਖਿਆ ਜਾ ਸਕਦਾ ਹੈ।

ਭਾਈ ਗੁਰਦਾਸ ਜੀ ਨੇ ਆਪਣੀ ਪਹਿਲੀ ਵਾਰ ਵਿਚ ਜੁਗਾਂ ਬਾਰੇ ਪ੍ਰਚਲਤ ਸਨਾਤਨੀ ਧਾਰਣਾ ਨੂੰ ਇਉਂ ਰੂਪਮਾਨ ਕੀਤਾ ਹੈ:
ਚਾਰਿ ਜੁਗਿ ਕਰਿ ਥਾਪਨਾ ਸਤਿਜੁਗੁ ਤ੍ਰੇਤਾ ਦੁਆਪਰੁ ਸਾਜੇ॥
ਚਉਥਾ ਕਲਜੁਗੁ ਥਾਪਿਆ ਚਾਰਿ ਵਰਨਿ ਚਾਰੋ ਕੇ ਰਾਜੇ॥
ਬ੍ਰਹਮਣਿ ਛਤ੍ਰੀ ਵੈਸਿ ਸੂਦ੍ਰ ਜੁਗੁ ਜੁਗੁ ਏਕੋ ਵਰਨ ਬਿਰਾਜੇ॥
ਸਤਿਜੁਗਿ ਹੰਸੁ ਅਉਤਾਰੁ ਧਰਿ ਸੋਹੰ ਬ੍ਰਹਮੁ ਨ ਦੂਜਾ ਪਾਜੇ॥
ਏਕੋ ਬ੍ਰਹਮੁ ਵਖਾਣੀਐ ਮੋਹ ਮਾਇਆ ਤੇ ਬੇਮੁਹਤਾਜੇ॥
ਕਰਨਿ ਤਪਸਿਆ ਬਨਿ ਵਿਖੈ ਵਖਤੁ ਗੁਜਾਰਨਿ ਪਿੰਨੀ ਸਾਗੇ॥
ਲਖ ਵਰ੍ਹਿਆਂ ਦੀ ਆਰਜਾ ਕੋਠੇ ਕੋਟਿ ਨ ਮੰਦਿਰ ਸਾਜੇ॥
ਇਕ ਬਿਨਸੈ ਇਕ ਅਸਥਿਰੁ ਗਾਜੇ ॥੫॥ -ਭਾਈ ਗੁਰਦਾਸ ਜੀ, ਵਾਰ ੧, ਪਉੜੀ ੫

ਤ੍ਰੇਤੇ ਛਤ੍ਰੀ ਰੂਪ ਧਰਿ ਸੂਰਜ ਬੰਸੀ ਵਡਿ ਅਵਤਾਰਾ॥
ਨਉ ਹਿਸੇ ਗਈ ਆਰਜਾ ਮਾਇਆ ਮੋਹੁ ਅਹੰਕਾਰੁ ਪਸਾਰਾ॥
ਦੁਆਪਰ ਜਾਦਵ ਵੇਸ ਕਰਿ ਜੁਗਿ ਜੁਗਿ ਅਉਧ ਘਟੈ ਆਚਾਰਾ॥
ਰਿਗ ਬੇਦ ਮਹਿ ਬ੍ਰਹਮ ਕ੍ਰਿਤਿ ਪੂਰਬ ਮੁਖਿ ਸੁਭ ਕਰਮ ਬਿਚਾਰਾ॥
ਖਤ੍ਰੀ ਥਾਪੇ ਜੁਜਰੁ ਵੇਦਿ ਦਖਣ ਮੁਖਿ ਬਹੁ ਦਾਨ ਦਾਤਾਰਾ॥
ਵੈਸ਼ੋਂ ਥਾਪਿਆ ਸਿਆਮ ਵੇਦੁ ਪਛਮੁ ਮਿਖ ਕਰਿ ਸੀਸੁ ਨਿਵਾਰਾ॥
ਰਿਗਿ ਨੀਲੰਬਰਿ ਜੁਜਰ ਪੀਤ ਸ੍ਵੇਤੰਬਰਿ ਕਰਿ ਸਿਆਮ ਸੁਧਾਰਾ॥
ਤ੍ਰਿਹੁ ਜੁਗੀ ਤ੍ਰੈ ਧਰਮ ਉਚਾਰਾ ॥੬॥ -ਭਾਈ ਗੁਰਦਾਸ ਜੀ, ਵਾਰ ੧, ਪਉੜੀ ੬

ਕਲਿਜੁਗੁ ਚਉਥਾ ਥਾਪਿਆ ਸੂਦ੍ਰ ਬਿਰਦਿ ਜਗ ਮਹਿ ਵਰਤਾਈ॥
ਕਰਮ ਸੁ ਰਿਗਿ ਜੁਜਰ ਸਿਆਮ ਕੇ ਕਰੇ ਜਗਤੁ ਰਿਦਿ ਬਹੁ ਸੁਕਚਾਈ॥
ਮਾਇਆ ਮੋਹੀ ਮੇਦਨੀ ਕਲਿ ਕਲਿ ਵਾਲੀ ਸਭ ਭਰਮਾਈ॥
ਉਠੀ ਗਿਲਾਨਿ ਜਗਤ ਵਿਚਿ ਹਉਮੈ ਅੰਦਰਿ ਜਲੇ ਲੁਕਾਈ॥
ਕੋਇ ਨ ਕਿਸੈ ਪੂਜਦਾ ਊਚ ਨੀਚ ਸਭਿ ਗਤਿ ਬਿਸਰਾਈ॥
ਭਏ ਬਿਅਦਲੀ ਪਾਤਸਾਹ ਕਲਿ ਕਾਤੀ ਉਮਰਾਇ ਕਸਾਈ॥
ਰਹਿਆ ਤਪਾਵਸੁ ਤ੍ਰਿਹੁ ਜੁਗੀ ਚਉਥੇ ਜੁਗਿ ਜੋ ਦੇਇ ਸੁ ਪਾਈ॥
ਕਰਮ ਭ੍ਰਿਸਟਿ ਸਭਿ ਭਈ ਲੋਕਾਈ ॥੭॥ -ਭਾਈ ਗੁਰਦਾਸ ਜੀ, ਵਾਰ ੧, ਪਉੜੀ ੭