ਵਾਰ
‘ਵਾਰ’ ਪਉੜੀਆਂ ਵਿਚ ਰਚਿਆ ਬੀਰ ਰਸ ਪ੍ਰਧਾਨ ਕਾਵਿ ਰੂਪਾਕਾਰ ਹੈ। ਮਹਾਨ ਕੋਸ਼ ਅਨੁਸਾਰ: “ਵਾਰ ਤੋਂ ਭਾਵ ਹੈ ਅਜਿਹੀ ਰਚਨਾ, ਜਿਸ ਵਿਚ ਯੁਧ ਸੰਬੰਧੀ ਵਰਣਨ ਹੋਵੇ। ਵਾਰ ਸ਼ਬਦ ਦਾ ਅਰਥ ਪਉੜੀ (ਨਿ:ਸ਼੍ਰੇਣੀ/ਨਿਸ਼ੇਨੀ/ਨਿਸ਼ਾਨੀ) ਛੰਦ ਵੀ ਹੋ ਗਿਆ ਹੈ, ਕਿਉਂਕਿ ਜੋਧਿਆਂ ਦੀ ਸੂਰਬੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿਚ ਲਿਖਿਆ ਹੈ।”ਪੁਰਾਤਨ ਪੰਜਾਬੀ ਸਾਹਿਤ ਵਿਚ ਪ੍ਰਾਪਤ ਵਾਰਾਂ ਦਾ ਵਿਸ਼ਾ-ਵਸਤੂ ਜ਼ਿਆਦਾਤਰ ਦੁਨਿਆਵੀ ਰਾਜ ਅਤੇ ਧਨ-ਪਦਾਰਥ ਦੀ ਪ੍ਰਾਪਤੀ ਲਈ ਸੰਘਰਸ਼ ਹੀ ਹੈ। ਗੁਰਮਤਿ ਪਰੰਪਰਾ ਦੇ ਅੰਤਰਗਤ ਸਿਰਜੀਆਂ ਗਈਆਂ ਵਾਰਾਂ ਬੇਸ਼ਕ ਅਨੇਕ ਵਿਸ਼ਿਆਂ ਨੂੰ ਆਪਣੇ ਦਾਇਰੇ ਵਿਚ ਲੈਂਦੀਆਂ ਹਨ, ਪਰ ਮੂ਼ਲ ਰੂਪ ਵਿਚ ਰੂਹਾਨੀਅਤ ਦੀ ਪ੍ਰਾਪਤੀ ਲਈ ਮਨੁਖੀ ਮਨ ਅੰਦਰ ਚੱਲ ਰਹੇ ਨੇਕੀ ਤੇ ਬਦੀ ਦੇ ਘੋਲ ਨੂੰ ਹੀ ਆਪਣਾ ਵਿਸ਼ਾ-ਵਸਤੂ ਬਣਾਉਂਦੀਆਂ ਹਨ। ਇਸ ਦੇ ਨਾਲ ਹੀ ਇਲਾਹੀ ਹੋਂਦ ਦੀ ਸਿਫਤਿ-ਸਾਲਾਹ ਕਰਦੀਆਂ ਇਹ ਵਾਰਾਂ ਸਤਿ-ਮਾਰਗ ਦੇ ਪਾਂਧੀ ਅਤੇ ਇਸ ਮਾਰਗ ਵਿਚ ਉਸ ਦੇ ਮਦਦਗਾਰ, ਗੁਰੂ, ਦੀ ਉਸਤਤਿ ਵੀ ਕਰਦੀਆਂ ਹਨ।
ਮੂਲ ਰੂਪ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਾਰਾਂ ਦੀ ਰਚਨਾ ਕੇਵਲ ਪਉੜੀਆਂ ਦੇ ਰੂਪ ਵਿਚ ਹੋਈ। ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਗੁਰੂ ਅਰਜਨ ਸਾਹਿਬ ਨੇ ਪਉੜੀਆਂ ਦੇ ਕੇਂਦਰੀ ਭਾਵ, ਜੋ ਕਿ ਜ਼ਿਆਦਾਤਰ ਪਉੜੀ ਦੀ ਅਖੀਰਲੀ ਤੁਕ ਵਿਚ ਹੈ, ਨੂੰ ਮੁਖ ਰਖ ਕੇ ਪਉੜੀਆਂ ਦੇ ਨਾਲ ਢੁਕਵੇਂ ਸਲੋਕ ਵੀ ਦਰਜ ਕਰ ਦਿਤੇ। ਜੋ ਸਲੋਕ ਵਾਰਾਂ ਵਿਚ ਸਮਾਅ ਨਾ ਸਕੇ, ਉਨ੍ਹਾਂ ਨੂੰ ਪੰਨਾ ੧੪੧੦-੧੪੨੬ ਉਪਰ 'ਸਲੋਕ ਵਾਰਾਂ ਤੇ ਵਧੀਕ' ਸਿਰਲੇਖ ਅਧੀਨ ਅੰਕਤ ਕਰ ਦਿਤਾ ਗਿਆ।
ਵਾਰ ਦੇ ਅਰੰਭ ਵਿਚ ਉਸ ਦੇ ਰਚਣਹਾਰ ਮਹਲੇ ਬਾਰੇ ਦਿਤੀ ਸੂਚਨਾ (ਮਹਲਾ ੧, ਮਹਲਾ ੫ ਆਦਿ) ਅਸਲ ਵਿਚ ਉਸ ਵਾਰ ਦੀਆਂ ਸਮੁੱਚੀਆਂ ਪਉੜੀਆਂ ਦੇ ਰਚਣਹਾਰ (ਕਰਤਾ) ਦੀ ਲਖਾਇਕ ਹੈ। ਜਿਥੇ ਕਿਤੇ ਕੋਈ ਪਉੜੀ ਕਿਸੇ ਹੋਰ ਮਹਲੇ ਦੀ ਹੋਵੇ, ਉਥੇ ਉਸ ਪਉੜੀ ਦੇ ਨਾਲ ਵਖਰੀ ਸੂਚਨਾ (ਪਉੜੀ ਮ: ੫ ਆਦਿ) ਦਿਤੀ ਹੋਈ ਮਿਲਦੀ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਕੁਲ ੨੨ ਵਾਰਾਂ ਸ਼ਾਮਲ ਹਨ। ਇਨ੍ਹਾਂ ਵਿਚੋਂ ਦੋ ਵਾਰਾਂ ਵਿਚ ਕੇਵਲ ਪਉੜੀਆਂ ਹੀ ਹਨ, ਸਲੋਕ ਕੋਈ ਨਹੀਂ ਹੈ। ਬਾਕੀ ੨੦ ਵਾਰਾਂ ਦੀਆਂ ਪਉੜੀਆਂ ਦੇ ਨਾਲ ਮਿਲਦੇ ਵਖ-ਵਖ ਮਹਲਿਆਂ ਦੇ ਜਾਂ ਉਸੇ ਮਹਲੇ ਦੇ ਸਲੋਕ ਗੁਰੂ ਅਰਜਨ ਸਾਹਿਬ ਨੇ ਆਦਿ ਬੀੜ ਦੀ ਸੰਪਾਦਨਾ ਵੇਲੇ ਸ਼ਾਮਲ ਕੀਤੇ। ਇਨ੍ਹਾਂ ਸਲੋਕਾਂ ਦੀ ਗਿਣਤੀ ਆਮ ਕਰਕੇ ੨ ਜਾਂ ਉਸ ਤੋਂ ਵੱਧ ਪ੍ਰਾਪਤ ਹੁੰਦੀ ਹੈ।
ਵਾਰਾਂ ਵਿਚ ਪਹਿਲਾਂ ਸਲੋਕ ਆਉਂਦੇ ਹਨ ਅਤੇ ਫਿਰ ਪਉੜੀ। ਹਰੇਕ ਪਉੜੀ ਦੇ ਅਖੀਰ ਵਿਚ ਦਿਤਾ ਹੋਇਆ ਅੰਕ ਕੇਵਲ ਪਉੜੀਆਂ ਦੀ ਗਿਣਤੀ ਦਾ ਹੀ ਸੂਚਕ ਹੈ, ਸਲੋਕਾਂ ਦੀ ਗਿਣਤੀ ਦਾ ਨਹੀਂ। ਇਸੇ ਲਈ, ਪਉੜੀਆਂ ਦਾ ਗਣਨ-ਅੰਕ ਸ਼ੁਰੂ ਤੋਂ ਅਖੀਰ ਤਕ ਕ੍ਰਮਵਾਰ (੧, ੨, ੩, ੪…) ਚਲਦਾ ਹੈ, ਜਦਕਿ ਸਲੋਕਾਂ ਦਾ ਅੰਕ ਉਸ ਪਉੜੀ ਤਕ ਹੀ ਸੀਮਤ ਰਹਿੰਦਾ ਹੈ। ਨਵੀਂ ਪਉੜੀ ਦੇ ਨਾਲ ਅੰਕਤ ਸਲੋਕਾਂ ਦੀ ਗਿਣਤੀ ਫਿਰ ਨਵੇਂ ਸਿਰਿਓਂ (੧ ਤੋਂ) ਅਰੰਭ ਹੁੰਦੀ ਹੈ।”
ਪਉੜੀ
‘ਪਉੜੀ’ ਪੰਜਾਬੀ ਬੀਰ-ਰਸੀ ਕਾਵਿ (ਵਾਰ) ਦਾ ਇਕ ਖਾਸ ਬਹਿਰ ਜਾਂ ਚਰਨ-ਪ੍ਰਬੰਧ ਹੈ। ਦੂਜੇ ਸ਼ਬਦਾਂ ਵਿਚ, ਪਉੜੀ ਕਾਵਿ ਦਾ ਉਹ ਛੰਦ ਹੈ ਜੋ ਖਾਸ ਤੌਰ ‘ਤੇ ਵਾਰਾਂ ਦੀ ਰਚਨਾ ਵਿਚ ਵਰਤਿਆ ਜਾਂਦਾ ਹੈ। “ਅਸਲ ਵਿਚ ਵਾਰ ਅਤੇ ਪਉੜੀ ਦਾ ਪਰੰਪਰਾਗਤ ਸੰਬੰਧ ਚਲਿਆ ਆ ਰਿਹਾ ਹੈ। ਜੁੱਧ ਨਾਲ ਸੰਬੰਧਤ ਕਾਵਿ ਤਦ ਤਕ ‘ਵਾਰ’ ਨਹੀਂ ਅਖਵਾ ਸਕਦਾ, ਜਦ ਤਕ ਉਸ ਦੀ ਰਚਨਾ ਪਉੜੀ ਛੰਦ ਵਿਚ ਨਾ ਹੋਈ ਹੋਵੇ। ‘ਨਾਦਰਸ਼ਾਹ ਦੀ ਵਾਰ’ ਨੂੰ ਹੁਣ ਤਕ ‘ਨਾਦਰਸ਼ਾਹ ਦੀ ਪਉੜੀ’ ਕਰਕੇ ਲਿਖਿਆ ਜਾਂਦਾ ਹੈ। ‘ਲਉ ਕੁਸ਼ ਦੀ ਵਾਰ’ ਦੇ ਕਰਤਾ ਨੇ ਇਸ ਵਾਰ ਵਿਚ ਕਈ ਥਾਵਾਂ ਉਤੇ ਲਿਖਿਆ - ਕੀਰਤਿ ਦਾਸ ਸੁਣਾਈ ਪੜਿ ਪੜਿ ਪਉੜੀਆਂ; ਦਾਸ ਥੀਆ ਕੁਰਬਾਣੇ ਪਉੜੀ ਆਖਿ ਆਖਿ। ‘ਚੰਡੀ ਦੀ ਵਾਰ’ ਦੇ ਅੰਤ ‘ਤੇ ਵੀ ਅੰਕਿਤ ਹੈ - ਦੁਰਗਾ ਪਾਠ ਬਣਾਇਆ ਸਭੇ ਪਉੜੀਆਂ। ਸਪਸ਼ਟ ਹੈ ਪਉੜੀ ਛੰਦ ਵਾਰ ਦਾ ਅਨਿੱਖੜਵਾ ਅੰਗ ਹੈ ਅਤੇ ਦੋਵੇਂ ਇਕ ਦੂਜੇ ਉਤੇ ਪਰਸਪਰ ਅਧਾਰਿਤ ਹਨ।...ਡਾ. ਚਰਨ ਸਿੰਘ ਨੇ ‘ਬਾਣੀ ਬਿਉਰਾ’ ਵਿਚ ਪਉੜੀ ਨੂੰ ‘ਵਾਰ’ ਦਾ ਛੰਦ ਮੰਨਿਆ ਹੈ। ਭਾਈ ਕਾਨ੍ਹ ਸਿੰਘ ਨੇ ‘ਮਹਾਨ ਕੋਸ਼’ ਵਿਚ ‘ਵਾਰ’ ਦਾ ਇਕ ਅਰਥ ਪਉੜੀ ਕਢਿਆ ਹੈ।”ਪਉੜੀ ਨੂੰ ਕਿਸੇ ਇਕ ਵਿਸ਼ੇਸ਼ ਛੰਦ ਵਿਚ ਨਹੀਂ ਰਖਿਆ ਜਾ ਸਕਦਾ, ਭਾਵੇਂ ਕਿ ਆਮ ਕਰਕੇ ਇਸ ਲਈ ‘ਸਿਰਖੰਡੀ’ ਅਤੇ ‘ਨਿਸ਼ਾਨੀ’ ਛੰਦ ਵਰਤਿਆ ਜਾਂਦਾ ਹੈ। ਜਿਸ ਤਰ੍ਹਾਂ ਉਰਦੂ-ਫ਼ਾਰਸੀ ਵਿਚ ‘ਮੁਸੱਦਸ’ (ਛੇ ਤੁਕਾਂ ਵਾਲੀ ਇਕ ਕਵਿਤਾ ਜਾਂ ਕਾਵਿ-ਬੰਦ) ਦੀ ਵਰਤੋਂ ਹੁੰਦੀ ਹੈ, ਉਸੇ ਤਰ੍ਹਾਂ ਪੰਜਾਬੀ-ਕਾਵਿ ਵਿਚ ਲਮੇਰੇ ਮਜ਼ਮੂਨ ਨਿਭਾਉਣ ਲਈ ‘ਪਉੜੀ’ ਦੀ ਵਰਤੋਂ ਹੋਈ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਅੰਕਤ ਵਾਰਾਂ ਦੀਆਂ ਪਉੜੀਆਂ ਵਿਚ ਦੋਹਰਾ, ਚੌਪਈ, ਦਵਈਆ ਆਦਿ ਕਾਵਿ/ਛੰਦ-ਰੂਪਾਂ ਦੀ ਵਰਤੋਂ ਕੀਤੀ ਗਈ ਹੈ। ਇਸ ਲਈ, ਪਉੜੀਆਂ ਵਿਚ ਤੁਕਾਂ ਦੀ ਗਿਣਤੀ ਇਕਸਾਰ ਨਹੀਂ ਹੈ। ਆਸਾ ਕੀ ਵਾਰ ਵਿਚ ਪਉੜੀਆਂ ਜਿਆਦਾਤਰ ਚਾਰ ਜਾਂ ਪੰਜ ਤੁਕਾਂ ਵਾਲੀਆਂ ਹਨ। ਅੰਤਮ ਤੁਕ ਅੱਧੀ ਹੈ। ਡਾ. ਰਤਨ ਸਿੰਘ ਜੱਗੀ ਅਨੁਸਾਰ ਭਾਵ ਨੂੰ ਉਘਾੜਨ ਲਈ ਪਉੜੀ ਦਾ ਅੰਤਮ ਚਰਣ ਛੋਟਾ ਕਰ ਦਿਤਾ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਸਮੇਂ, ਗੁਰੂ ਅਰਜਨ ਸਾਹਿਬ ਨੇ ਵਾਰ ਦੇ ਮੂਲ ਸਰੂਪ ‘ਪਉੜੀ’ ਨੂੰ ਹੀ ਮੁਖ ਰਖਿਆ। ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਤਤਕਰੇ ਵਿਚ ‘ਸਲੋਕਾਂ’ ਦੀ ਥਾਂ ‘ਪਉੜੀ’ ਦੀ ਪਹਿਲੀ ਤੁਕ ਨੂੰ ਹੀ ਅੰਕਤ ਕੀਤਾ ਹੈ।
ਸਲੋਕ
‘ਸਲੋਕ’ ਇਕ ਕਾਵਿ ਰੂਪਾਕਾਰ ਹੈ, ਜਿਸ ਦਾ ਸ਼ਾਬਦਕ ਅਰਥ ਹੈ ‘ਉਸਤਤਿ’। ਸੰਸਕ੍ਰਿਤ ਵਿਚ ਅਨੁਸ਼ਟੁਪ੍ (अनुष्टुप्) ਛੰਦ ‘ਸ਼ਲੋਕ’ ਨਾਂ ਹੇਠ ਰਚੇ ਜਾਂਦੇ ਸਨ। ਵਰਣਕ-ਛੰਦਾਂ ਦੀ ਪ੍ਰਧਾਨਤਾ ਹੋਣ ਕਾਰਣ, ਇਹ ਛੰਦ ਵੀ ਵਰਣਕ ਪ੍ਰਬੰਧ ਵਿਚ ਵਰਤਿਆ ਜਾਂਦਾ ਸੀ। ਸਮੇਂ ਦੇ ਵੇਗ ਨਾਲ, ਲੋਕ-ਕੰਠ ਦੀ ਕਰਵਟ ਨੇ ਜਿਥੇ ਭਾਸ਼ਾਈ-ਵਿਕਾਸ ਦੇ ਪੜਾਅ ਨੂੰ ਪ੍ਰਭਾਵਤ ਕੀਤਾ, ਉਥੇ ਵਰਣਕ ਦੀ ਥਾਂ ਮਾਤਰਕ ਛੰਦਾਂ ਨੇ ਆਪਣੀ ਹੋਂਦ ਉਜਾਗਰ ਕੀਤੀ। ਇਸ ਤਰ੍ਹਾਂ, ਪ੍ਰਾਕ੍ਰਿਤਾਂ ਵਿਚ ਇਕੋ ਸਿਰਲੇਖ ‘ਸਲੋਕ’ ਹੇਠ ਕਈ ਛੰਦ ਵਰਤੋਂ ਵਿਚ ਆਉਣ ਲਗ ਪਏ। ਸਲੋਕ ਦਾ ਪ੍ਰਾਕ੍ਰਿਤਾਂ ਵਿਚ ‘ਗਾਥਾ’ ਅਤੇ ਅਪਭ੍ਰੰਸ਼ਾਂ ਵਿਚ ‘ਦੋਹਾ’ ਬਣ ਜਾਣਾ ਉਪਰੋਕਤ ਗੱਲ ‘ਤੇ ਮੁਹਰ ਲਾਉਂਦਾ ਹੈ।ਮਧਕਾਲੀ ਸਾਹਿਤ ਵਿਚ ‘ਸਲੋਕ’ ਕਾਵਿ ਰੂਪ ਦਾ ਅਹਿਮ ਸਥਾਨ ਰਿਹਾ ਹੈ। ਇਸ ਕਾਲ ਦੀਆਂ ਦੇਵਨਾਗਰੀ ਅਤੇ ਗੁਰਮੁਖੀ ਲਿਖਤਾਂ ਵਿਚ ਸਲੋਕ ਸਿਰਲੇਖ ਅਧੀਨ ‘ਦੋਹਾ’ ਛੰਦ ਦੀ ਵਰਤੋਂ ਬਹੁਤ ਮਿਲਦੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਵੀ ਇਹੀ ਸਥਿਤੀ ਹੈ। ਉਦਾਹਰਣ ਲਈ, ਆਸਾ ਕੀ ਵਾਰ ਦੀ ਪਹਿਲੀ ਪਉੜੀ ਨਾਲ ਆਏ ਸਲੋਕ (ਪਹਿਲਾ ਅਤੇ ਦੂਜਾ) ਵੀ ‘ਦੋਹਾ’ ਛੰਦ ਵਿਚ ਹੀ ਰਚੇ ਗਏ ਹਨ, ਭਾਵੇਂ ਕਿ ਮਾਤਰਾਵਾਂ ਦੀ ਗਿਣਤੀ ਇਕਸਾਰ ਨਹੀਂ। ਇਸ ਦਾ ਮੂਲ ਕਾਰਣ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਸਤਰੀ ਅਤੇ ਕਾਵਿਕ ਬੰਦਸ਼ਾਂ ਨਾਲੋਂ ਵਿਚਾਰ ਨੂੰ ਤਰਜੀਹ ਦਿਤੀ ਗਈ ਹੈ। ‘ਗੁਰੁ ਛੰਦ ਦਿਵਾਕਰ’ ਦੇ ਕਰਤਾ, ਭਾਈ ਕਾਨ੍ਹ ਸਿੰਘ ਨਾਭਾ, ਨੇ ਗੁਰੂ ਗ੍ਰੰਥ ਸਾਹਿਬ ਵਿਚ ‘ਉਪਮਾਨ, ਅਨੁਸ਼ਟੁਪ, ਸਰਸੀ, ਦੋਹਾ ਰੂਪ ਸਲੋਕ’ ਆਦਿ ਛੰਦਾਂ ਵਿਚ ਸਲੋਕਾਂ ਦੀ ਵਰਤੋਂ ਦਰਸਾਈ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਧੇਰੇ ਸਲੋਕ ਬੇਸ਼ਕ ਦੋ ਤੁਕੇ ਹਨ, ਪਰ ੧ ਤੋਂ ਲੈ ਕੇ ੨੬ ਤੁਕਾਂ ਵਾਲੇ ਸਲੋਕ ਵੀ ਮਿਲਦੇ ਹਨ। ਸਲੋਕਾਂ ਦੀਆਂ ਤੁਕਾਂ ਵਿਚ ਗਿਣਾਤਮਕ ਪੱਧਰ ‘ਤੇ ਪਾਈ ਜਾਂਦੀ ਇਸ ਵਿਭਿੰਨਤਾ ਤੋਂ ਵੀ ਇਹ ਸਪਸ਼ਟ ਹੁੰਦਾ ਹੈ ਕਿ ਗੁਰੂ ਸਾਹਿਬ ਨੇ ਰੂਪਾਕਾਰਕ ਬੰਧਨਾਂ ਦੀ ਥਾਂ ਭਾਵ ਨੂੰ ਪ੍ਰਧਾਨਤਾ ਦਿਤੀ ਹੈ, ਅਰਥਾਤ ਉਪਦੇਸ਼ ਨੂੰ ਮੁਖ ਰਖਿਆ ਹੈ।
ਮਹਲਾ
‘ਮਹਲਾ’ ਗੁਰਬਾਣੀ ਸਿਰਲੇਖਾਂ ਵਿਚ ਗੁਰੂ ਬਾਣੀਕਾਰਾਂ ਲਈ ਵਰਤਿਆ ਸੰਕੇਤਕ ਸ਼ਬਦ ਹੈ, ਜਿਸ ਦਾ ਅਰਥ ਹੈ ਗੁਰੂ-ਜੋਤਿ ਦਾ ਇਕ ਜਾਮੇ ਤੋਂ ਦੂਜੇ ਜਾਮੇ ਵਿਚ ਇਕ-ਮਿਕ (ਹਲੂਲ) ਹੋਣ ਦੀ ਥਾਂ। ‘ਮਹਲਾ’ ਸ਼ਬਦ ਦੀ ਵਿਉਤਪਤੀ, ਅਰਥ ਅਤੇ ਉਚਾਰਣ ਬਾਰੇ ਵਖ-ਵਖ ਰਾਵਾਂ ਹਨ। ਕਈ ਵਿਦਵਾਨ ਇਸ ਦਾ ਸ੍ਰੋਤ ਅਰਬੀ ਦੇ ਸ਼ਬਦ ‘ਹਲੂਲ’ (مَحلَ) ਨੂੰ ਮੰਨਦੇ ਹੋਏ, ਇਸ ਨੂੰ ‘ਜਾਇ ਹਲੂਲ, ਹਲੂਲ ਹੋਣ ਦੀ ਜਗਹ ਜਾਂ ਉਤਰਨ ਦਾ ਮੁਕਾਮ’ ਵਜੋਂ ਅਰਥਾਉਂਦੇ ਅਤੇ ਇਸ ਦਾ ਉਚਾਰਣ ‘ਮ-ਹਲਾ (ਮਹੱਲਾ)’ ਸਹੀ ਮੰਨਦੇ ਹਨ। ਦੂਜੇ ਪਾਸੇ, ਕੁਝ ਵਿਦਵਾਨ ਇਸ ਨੂੰ ਸੰਸਕ੍ਰਿਤ 'ਮਹਲਾ' ਨਾਲ ਜੋੜ ਕੇ ਇਸ ਦਾ ਅਰਥ 'ਸਰੀਰ' ਕਰਦੇ ਹਨ ਅਤੇ ਇਸ ਨੂੰ ਪਹਿਲਾ, ਗਹਿਲਾ ਆਦਿ ਸ਼ਬਦਾਂ ਦੀ ਤਰਜ਼ ਉਪਰ 'ਮਹਿਲਾ' ਜਾਂ ‘ਮਹ-ਲਾ’ ਉਚਾਰਣ ਦੇ ਮੁੱਦਈ ਹਨ।ਇਸ ਸ਼ਬਦ ਦਾ ਸ੍ਰੋਤ ਕੁਝ ਵੀ ਹੋਵੇ ਅਸਲ ਮਸਲਾ ਇਸ ਦੇ ਉਚਾਰਣ ਨਾਲ ਹੀ ਜੁੜਿਆ ਹੋਇਆ ਹੈ, ਜਿਹੜਾ ਅਗੋਂ ਇਸ ਵਿਚਲੇ ਅਖਰਾਂ ਦੇ ਨਿਖੇੜ ਨਾਲ ਸੰਬੰਧ ਰਖਦਾ ਹੈ। ਬੇਸ਼ਕ ਖੋਜ ਅਗੇ ਜਾਰੀ ਰਹਿਣੀ ਚਾਹੀਦੀ ਹੈ ਪਰ ਹਾਲ ਦੀ ਘੜੀ ਇਸ ਦਾ ਹੱਲ ਇਹ ਹੋ ਸਕਦਾ ਹੈ ਕਿ ਇਸ ਨੂੰ ‘ਮ-ਹਲਾ’ (ਮਹੱਲਾ) ਜਾਂ ‘ਮਹ-ਲਾ’ (ਮਹਿਲਾ) ਵਾਂਗ ਨਿਖੇੜਣ ਦੀ ਥਾਂ, ‘ਮ-ਹ-ਲਾ’ ਵਾਂਗ ਨਿਖੇੜਕੇ ਉਚਾਰਿਆ ਜਾਵੇ। ਇਸ ਦੇ ਉਚਾਰਣ ਸੰਬੰਧੀ ‘ਮਹਲਾ ਸ਼ਬਦ ਦਾ ਸ਼ੁੱਧ ਉਚਾਰਣ,’ ‘ਬਾਣੀ ਬਿਉਰਾ’ ਅਤੇ ਇਸ ਵਿਚ ਦਿਤੀ ਪੁਸਤਕ ਸੂਚੀ ਵਿਚਲੀਆਂ ਪੁਸਤਕਾਂ ਵੀ ਦੇਖੀਆਂ ਜਾ ਸਕਦੀਆਂ ਹਨ।
ਗੁਰਬਾਣੀ ਵਿਚ 'ਮਹਲਾ' ਸ਼ਬਦ ਨਾਲ ਆਏ ਅੰਕ (੧, ੨, ੩ ਆਦਿ) ਕ੍ਰਮ-ਵਾਚਕ ਸੰਖਿਅਕ ਵਿਸ਼ੇਸ਼ਣ ਹਨ। ਇਹ ਮਹਲੇ ਦਾ ਕ੍ਰਮ ਜਾਂ ਦਰਜਾ ਦਰਸਾਉਂਦੇ ਹਨ। ਇਸ ਲਈ ਇਨ੍ਹਾਂ ਦਾ ਉਚਾਰਣ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਆਦਿ ਬਣਦਾ ਹੈ, ਇਕ, ਦੋ, ਤਿੰਨ ਆਦਿ ਨਹੀਂ। ਅਜਿਹਾ ਗੁਰਬਾਣੀ ਸੰਪਾਦਕ, ਗੁਰੂ ਅਰਜਨ ਸਾਹਿਬ, ਨੇ ਗੁਰੂ ਗ੍ਰੰਥ ਸਾਹਿਬ ਵਿਚ ਕਈ ਥਾਈਂ ਦਰਸਾਇਆ ਹੈ। ਜਿਵੇਂ ਕਿ:
ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧ ॥ -ਗੁਰੂ ਗ੍ਰੰਥ ਸਾਹਿਬ ੧੪
ਗੂਜਰੀ ਮਹਲਾ ੩ ਤੀਜਾ ॥ -ਗੁਰੂ ਗ੍ਰੰਥ ਸਾਹਿਬ ੪੯੨