Connect

2005 Stokes Isle Apt. 896, Vacaville 10010, USA

[email protected]

ਇਤਿਹਾਸਕ ਪਰੰਪਰਾ ਅਨੁਸਾਰ ਗੁਰੂ ਅੰਗਦ ਸਾਹਿਬ ਨੇ ਗੁਰੂ ਨਾਨਕ ਸਾਹਿਬ ਦੇ ਸਨਮੁਖ ਅੰਮ੍ਰਿਤ ਵੇਲੇ ਦੇ ਦੀਵਾਨ ਵਿਚ ‘ਆਸਾ ਕੀ ਵਾਰ’ ਗਾਉਣ ਦੀ ਰੀਤ ਚਲਾਈ। ‘ਆਸਾ ਕੀ ਵਾਰ’ ਦੇ ਰਚਨਾ ਕਾਲ ਬਾਰੇ ਮੂਲ ਰੂਪ ਵਿਚ ਜਾਣਕਾਰੀ ਦਾ ਸਰੋਤ ਜਨਮ ਸਾਖੀ ਸਾਹਿਤ ਹੈ। ਪੁਰਾਤਨ ਜਨਮ ਸਾਖੀ (ਰਚਨਾ ਕਾਲ ੧੬੫੭-੫੮ ਈ. ਰਚਨਾਕਾਰ ਭਾਈ ਸੈਦੋ, ਰਚਨਾ ਸਥਾਨ ‘ਚਰਣ ਮਝਾਰ ਕੇ’ ਨੇੜੇ ਪਿਸ਼ਾਵਰ) ਦੀ ਸਾਖੀ ਨੰਬਰ ੩੨ ਅਨੁਸਾਰ ‘ਆਸਾ ਕੀ ਵਾਰ’ ਸ਼ੇਖ ਬ੍ਰਹਮ ਨਾਲ ਹੋਈ ਗੋਸ਼ਟਿ ਸਮੇਂ ਉਚਾਰੀ ਗਈ ਹੈ। ਸ਼ੇਖ ਬ੍ਰਹਮ ਜਾਂ ਇਬਰਾਹੀਮ, ਸ਼ੇਖ ਫਰੀਦ ਜੀ ਦੇ ਬਾਰ੍ਹਵੇਂ ਗੱਦੀਦਾਰ ਸਨ। ਇਨ੍ਹਾਂ ਦਾ ਗੱਦੀ ਉਪਰ ਬੈਠਣ ਦਾ ਸਮਾਂ ੧੫੧੧ ਤੋਂ ੧੫੫੨ ਈ. ਹੈ।

ਪੁਰਾਤਨ ਜਨਮ ਸਾਖੀ ਵਿਚਲੀ ਸਾਖੀ ਇਸ ਤਰ੍ਹਾਂ ਹੈ:
“...ਰਾਵੀ ਚਨਾਉ ਦੇਖਿ ਕਰਿ ਉਜਾੜਿ ਉਜਾੜਿ ਪੈ ਚਲਿਆ ਪਟਣ ਦੇਸ ਵਿਚਿ ਆਇ ਨਿਕਲਿਆ॥ ਪਟਣ ਤੇ ਕੋਸ ਤਿਨਿ ਉਜਾੜਿ ਥੀ ਓਥੈ ਆਇ ਬੈਠਾ॥ ਮਰਦਾਨਾ ਨਾਲਿ ਆਹਾ॥ ਪਟਣ ਕਾ ਪੀਰੁ ਸੇਖ ਫਰੀਦੁ ਥਾ॥ ਤਿਸ ਕੈ ਤਖਤਿ ਸੇਖੁ ਬ੍ਰਿਹਮ ਥਾ॥ ਤਿਸ ਕਾ ਇਕੁ ਮੁਰੀਦੁ ਸੁਬਾ ਕੇ ਵੇਲੇ ਲਕੜੀਆਂ ਚੁਣਣਿ ਆਇਆ ਥਾ॥ ਤਿਸ ਕਾ ਨਾਉਂ ਸੇਖੁ ਕਮਾਲੁ ਥਾ॥ ਸੋ ਪੀਰ ਕੇ ਮੁਦਬਰਖਾਨੇ ਕੀਆਂ ਲਕੜੀਆਂ ਚੁਣਣਿ ਗਇਆ ਥਾ॥ ਦੇਖੈ ਤਾਂ ਅਕੈ ਕੋਲਿ ਬਾਬਾ ਅਤੈ ਮਰਦਾਨਾ ਦੋਵੇਂ ਬੈਠੇ ਹਨਿ॥ ਤਾਂ ਮਰਦਾਨੈ ਰਬਾਬੁ ਵਜਾਇਆ॥ ਸਬਦੁ ਗਾਵਣਿ ਲਾਗਾ॥ ਸਲੋਕੁ ਦਿਤੋਸੁ ਰਾਗੁ ਆਸਾ ਵਿਚ॥

“ਸਲੋਕ
ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ॥
ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ॥

“ਜਬ ਏਹੁ ਸਲੋਕ ਕਮਾਲਿ ਫਕੀਰ ਸੁਣਿਆਂ॥ ਤਬ ਲਕੜੀਆਂ ਛੋਡਿ ਕਰਿ ਆਇ ਗਇਆ॥ ਅਰਜੁ ਰਖੀਅਸੁ ਜੀਉ ਇਸ ਕਉ ਹੁਕਮੁ ਕੀਜੈ ਜੋ ਇਹੁ ਬੈਤ ਫਿਰਿ ਆਖੈ॥ ਮਰਦਾਨੇ ਨੂ ਹੁਕਮੁ ਹੋਆ ਜੋ ਇਹੁ ਸਲੋਕ ਫਿਰਿ ਦੇਹਿ॥ ਤਾਂ ਮਰਦਾਨੇ ਸਲੋਕੁ ਫਿਰਿ ਦਿਤਾ॥ ਕਮਾਲਿ ਸਿਖਿ ਲੈਇਆ॥ ਜੋ ਕੁਛ ਲਕੜੀਆਂ ਚੁਣੀਆਂ ਥੀਆਂ ਸੋਈ ਘਿਨਿ ਕਰਿ ਸਲਾਮੁ ਕੀਤੋਸੁ॥ ਪਟਣਿ ਆਇਆ ਲਕੜੀਆਂ ਸੁਟਿ ਕਰਿ ਜਾਇ ਆਪਣੇ ਪੀਰ ਕਉ ਸਲਾਮੁ ਕੀਤੀਅਸੁ॥ ਤਾਂ ਆਖਿਓਸੁ ਪੀਰ ਸਲਾਮਤਿ ਮੈਨੂੰ ਏਕ ਖੁਦਾਇ ਦਾ ਪਿਆਰਾ ਮਿਲਿਆ ਹੈ॥ ਤਾਂ ਪੀਰੁ ਕਹਿਆ॥ ਕਮਾਲਿ ਕਿਥਹੁਂ ਮਿਲਿਓ॥ ਤਾਂ ਕਮਾਲਿ ਕਹਿਆ॥ ਪੀਰ ਸਲਾਮਤਿ ਮੈਂ ਲਕੜੀਆਂ ਚੁਣਣਿ ਗਇਆ ਥਾ॥ ਉਸ ਕੈ ਨਾਲਿ ਇਕੁ ਰਬਾਬੀ ਹੈ ਅਤੇ ਨਾਉ ਨਾਨਕੁ ਹੈਸੁ॥ ਆਪਣੇ ਸਲੋਕ ਆਖਦਾ ਹੈ ਤਬ ਪੀਰ ਆਖਿਆ ਬਚਾ ਕੋਈ ਤੈਂ ਬੀ ਬੈਤੁ ਸਿਖਿਆ॥ ਤਬ ਕਮਾਲਿ ਆਖਿਆ ਜੀਵੈ ਪੀਰ ਸਲਾਮਤਿ ਹਿਕੁ ਬੈਤ ਮੈਨੋ ਭੀ ਹਾਸਲੁ ਥੀਆ ਹੈ॥ ਪੀਰ ਆਖਿਆ ਅਲਾਇ ਡੇਖਾਂ ਕੇਹਾ ਹੈ॥ ਤਾਂ ਕਮਾਲਿ ਆਖਿਆ ਜੀ ਉਹੁ ਆਖਦਾ ਹੈ ਜੋ

“ਆਪੇ ਪਟੀ ਕਲਮ ਆਪਿ ਉਪਰਿ ਲੇਖੁ ਭਿ ਤੂੰ॥
ਏਕੋ ਕਹੀਐ ਨਾਨਕਾ ਦੂਜਾ ਕਾਹੇ ਕੂ॥

“ਤਾਂ ਪੀਰ ਆਖਿਆ॥ ਬਚਾ ਕਿਛੁ ਸਮਝਿਓ ਕਿ ਨਾ ਇਸ ਬੈਤ ਦਾ ਬਿਆਨੁ॥ ਤਾਂ ਕਮਾਲਿ ਆਖਿਆ ਪੀਰ ਸਲਾਮਤਿ ਤੈਨੋ ਸਭ ਕੁਛੁ ਰੋਸਨ ਹੈ॥ ਤਾਂ ਪੀਰ ਆਖਿਆ॥ ਬਚਾ ਜਿਨ੍ਹਾਂ ਦਾ ਆਖਿਆ ਹੋਆ ਇਹੁ ਬੈਤੁ ਹੈ ਤਿਸ ਦਾ ਦੀਦਾਰੁ ਦੇਖਾਹੈ॥ ਓਹੁ ਖੁਦਾਇ ਦਾ ਫਕੀਰੁ ਹੈ॥ ਮੈਨੂੰ ਭੀ ਲੈ ਚਲੁ॥ ਓਸਿ ਤਾਂ ਖੁਦਾਇ ਦੀਆਂ ਗਲਾਂ ਕਰੀਆਂ ਹਨਿ॥

“ਤਬਿ ਸੇਖੁ ਬਿਰਾਹਮੁ ਸੁਖਵਾਸਣਿ ਚੜਿ ਚਲਿਆ॥ ਕਮਾਲੁ ਨਾਲਿ ਲੀਤਾ॥ ਆਂਵਦਾ ਆਂਵਦਾ ਕੋਹ ਤਿਹੁਂ ਉਪਰਿ ਆਇਆ॥ ਜਾ ਦੇਖੈ ਤਾਂ ਬਾਬਾ ਬੈਠਾ ਹੈ॥ ਤਬ ਸੇਖੁ ਬਿਰਾਹਮੁ ਜਾਇ ਖੜਾ ਹੋਆ॥ ਆਖਿਓਸ ਨਾਨਕ ਸਲਾਮਾਅਲੇਕਮ॥ ਤਬਿ ਗੁਰੂ ਬਾਬੈ ਨਾਨਕ ਕਹਿਆ॥ ਅਲੇਖਮ ਅਸਲਾਮ ਪੀਰ ਜੀ ਸਲਾਮਤਿ॥ ਆਈਐ ਖੁਦਾਇ ਅਸਾ ਨੋ ਮਿਹਰਵਾਨੁ ਹੋਆ॥ ਤੁਸਾਡਾ ਦੀਦਾਰ ਪਾਇਆ॥ ਤਬ ਇਨੋ ਉਨੋ ਦਸਤਪੋਸੀ ਕਰਿ ਬਹਿ ਗਏ॥

“ਤਬ ਪੀਰ ਪੁਛਣਾ ਕੀਤੀ॥ ਜੋ ਨਾਨਕ ਤੇਰਾ ਇਕੁ ਬੈਤੁ ਸੁਣਿ ਕਰਿ ਹੈਰਾਨੁ ਹੋਆ ਹਾਂ॥ ਅਸਾਂ ਆਖਿਆ ਜਿਸੁ ਇਹੁ ਬੈਤੁ ਆਖਿਆ ਹੈ ਤਿਸ ਦਾ ਦੀਦਾਰੁ ਦੇਖਾਹੈ॥ ਤਬਿ ਬਾਬੇ ਆਖਿਆ ਜੀਉ ਅਸਾਨੂ ਨਿਵਾਜਸ ਹੋਈ ਹੈ ਜੋ ਤੁਸਾਡਾ ਦੀਦਾਰੁ ਪਾਇਆ॥ ਤਬ ਪੀਰ ਕਹਿਆ ਨਾਨਕ ਇਸ ਬੈਤ ਦਾ ਬੇਆਨੁ ਦੇਹਿ॥ ਤੂ ਜੋ ਆਖਦਾ ਹੈਂ ਹਿਕ ਹੈ ਨਾਨਕ ਦੂਜਾ ਕਾਹੈ ਕੂੰ॥

“ਪਰੁ ਏਕੁ ਸਾਹਿਬੁ ਤੈ ਦੁਇ ਹਦੀ ॥
ਕੇਹੜਾ ਸੇਵੀ ਤੇ ਕੇਹੜਾ ਰਦੀ॥

“ਤੂ ਆਖਦਾ ਹੈ ਕਿ ਹਿਕੋ ਜੋ ਇਕੋ ਹਿਕ ਹੈ ਪਰ ਹਿੰਦੂ ਆਖਦੇ ਹਨ ਜੋ ਅਸਾਂ ਵਿਚਿ ਸਹੀ ਹੈ ਅਤੈ ਮੁਸਲਮਾਨ ਆਖਦੇ ਹਨਿ ਜੋ ਅਸਾਂ ਹੀ ਵਿਚਿ ਸਹੀ ਹੈ॥ ਆਖੁ ਵੇਖਾਂ ਕਿਸੁ ਵਿਚਿ ਸਹੀ ਕਰੇਹਾਂ॥ ਅਰੁ ਕਿਸੁ ਵਿਚਿ ਅਣਸਹੀ ਕਰੇਹਾਂ॥ ਤਬ ਬਾਬੇ ਨਾਨਕ ਕਹਿਆ ਜੀ ਹਿਕੋ ਸਾਹਿਬੁ ਹਿਕਾ ਹਦਿ॥ ਹਿਕੋ ਸੇਵਿ ਤੇ ਦੂਜਾ ਰਦਿ॥.....

“...ਤਾਂ ਫਿਰਿ ਪੀਰ ਕਹਿਆ॥ ਨਾਨਕ ਹਿਕ ਖੁਦਾਇ ਕੀ ਵਾਰ ਸੁਣਾਇ॥ ਅਸਾ ਨੋ ਏਹ ਮਖਸੂਦੁ ਹੈ ਜੋ ਵਾਰ ਦੁਹੁ ਬਾਝੂ ਹੋਂਦੀ ਨਾਹੀਂ॥ ਅਤੇ ਤੂ ਹਿਕੋ ਹਿਕੁ ਆਖਦਾ ਹੈਂ॥ ਵੇਖਾਂ ਖੁਦਾਇ ਦਾ ਸਰੀਕੁ ਤੂ ਕਵਣ ਕਰਸੀ॥ ਤਬ ਬਾਬੇ ਆਖਿਆ ਮਰਦਾਨਿਆਂ ਰਬਾਬ ਵਜਾਇ॥ ਤਾਂ ਮਰਦਾਨੇ ਰਬਾਬ ਵਜਾਇਆ॥ ਰਾਗੁ ਆਸਾ ਕੀਤਾ॥ ਬਾਬੇ ਸਲੋਕੁ ਦਿਤਾ

“ਬਲਿਹਾਰੀ ਗੁਰ ਆਪਣੇ...ਕਰਿ ਆਸਣੁ ਡਿਠੋ ਚਾਉ॥

“ਪਉੜੀਆਂ ਨਉਂ ਹੋਈਆਂ ਏਤੁ ਪਰਥਾਇ॥…

ਜਨਮ ਸਾਖੀ ਬੀ-੪੦ ਦੀ ਸਾਖੀ ਨੰਬਰ ੧੬ ਵਿੱਚ ਵੀ ਉਪਰੋਕਤ ਪ੍ਰਸੰਗ ਦਿੱਤਾ ਗਿਆ ਹੈ। ਡਾ. ਕਿਰਪਾਲ ਸਿੰਘ ਅਨੁਸਾਰ ਗੁਰੂ ਸਾਹਿਬ ਦੋ ਵਾਰ ਸ਼ੇਖ ਇਬਰਾਹੀਮ ਨੂੰ ਮਿਲੇ ਸਨ, ਇਕ ਵਾਰੀ ਪੂਰਬ ਵੱਲ ਨੂੰ ਜਾਂਦਿਆਂ ਅਤੇ ਦੂਜੀ ਵਾਰ ਪੱਛਮ ਵੱਲ ਜਾਂਦਿਆਂ। ਆਸਾ ਕੀ ਵਾਰ ਦੂਸਰੀ ਵਾਰੀ ਦੀ ਗੋਸ਼ਟੀ ਸਮੇਂ ਉਚਾਰੀ ਗਈ ਹੈ। ਆਪਣੀ ਗੱਲ ਨੂੰ ਦ੍ਰਿੜ ਕਰਨ ਲਈ ਉਨ੍ਹਾਂ ਨੇ ਭਾਈ ਮਨੀ ਸਿੰਘ ਦੀ ਜਨਮ ਸਾਖੀ ਦਾ ਵੇਰਵਾ ਦਿਤਾ ਹੈ। ਮਿਹਰਬਾਨ ਦੀ ਜਨਮ ਸਾਖੀ ਵਿਚ ਵੀ ਤੀਜੀ ਉਦਾਸੀ ਸਮੇਂ ਗੁਰੂ ਸਾਹਿਬ ਦਾ ਸ਼ੇਖ ਇਬਰਾਹੀਮ ਫਰੀਦ ਸਾਨੀ ਨਾਲ ਮੇਲ ਦੱਸਿਆ ਹੈ। ਇਸ ਜਨਮ ਸਾਖੀ ਵਿਚ ੧੨ ਪਉੜੀਆਂ ਦੇ ਪਰਮਾਰਥ ਗੋਸ਼ਟੀ ਦੇ ਰੂਪ ਵਿਚ ਦਿੱਤੇ ਹਨ। ਪ੍ਰੋ. ਸਾਹਿਬ ਸਿੰਘ ਵੀ ਗੁਰੂ ਸਾਹਿਬ ਦੇ ਤੀਜੀ ਉਦਾਸੀ ਸਮੇਂ ਹੀ ਇਥੇ ਜਾਣ ਬਾਰੇ ਸਹਿਮਤ ਹਨ।

ਪੁਰਾਤਨ ਜਨਮ ਸਾਖੀ ਅਨੁਸਾਰ ਨੌਂ ਪਉੜੀਆਂ ਤੋਂ ਅਗਲੀ ਰਚਨਾ ਦੁਨੀ ਚੰਦ ਨੂੰ ਦਿੱਤੇ ਉਪਦੇਸ਼ ਸਮੇਂ ਹੋਈ। ਦੁਨੀ ਚੰਦ ਲਾਹੌਰ ਦਾ ਰਹਿਣ ਵਾਲਾ ਸੀ। ਇਸ ਨੇ ਆਪਣੇ ਪਿਤਰਾਂ ਦੀ ਤ੍ਰਿਪਤੀ ਲਈ ਬ੍ਰਹਮ ਭੋਜ ਤਿਆਰ ਕੀਤਾ। ਗੁਰੂ ਸਾਹਿਬ ਇਸ ਕੋਲ ਪਹੁੰਚੇ ਅਤੇ ਇਸ ਨੂੰ ਉਪਦੇਸ਼ ਦਿੱਤਾ। ਇਸ ਤਰ੍ਹਾਂ ਜਨਮ ਸਾਖੀ ਸਾਹਿਤ, ਪਾਕਪਟਨ ਅਤੇ ਲਾਹੌਰ ਵਿਚ ਹੀ ਆਸਾ ਕੀ ਵਾਰ ਦੀਆਂ ਪਉੜੀਆਂ ਦੀ ਰਚਨਾ ਬਾਰੇ ਦੱਸ ਪਾਉਂਦਾ ਹੈ। ਪਰ ਭਾਈ ਮਨੀ ਸਿੰਘ ਜੀ ਰਚਿਤ ਗਿਆਨ ਰਤਨਾਵਲੀ ਦੇ ਹਵਾਲੇ ਨਾਲ ਭਾਈ ਮਨਜੀਤ ਸਿੰਘ ਜੀ ਲਿਖਦੇ ਹਨ ਕਿ ‘ਆਸਾ ਕੀ ਵਾਰ’ ਸ਼ੇਖ ਬ੍ਰਹਮ (ਇਬਰਾਹੀਮ) ਨੂੰ ਮਿਲਣ ਤੋਂ ਪਹਿਲਾਂ ਰਚੀ ਜਾ ਚੁਕੀ ਸੀ:

ਸ਼ੇਖ ਬ੍ਰਹਮ ਕਹਿਆ: ... ਜੀ ਢਾਢੀ ਰਾਜਿਉਂ ਕੀਆਂ ਵਾਰਾਂ ਗਾਵਤੇ ਹੈਂ ਸੋ…ਮਹਾਰਾਜ ਭੀ ਪ੍ਰਸੰਨ ਹੋਤੇ ਹੈਂ। ਸੂਰਮੇ ਭੀ ਪ੍ਰਸੰਨ ਹੋ ਕੇ ਜੁਧ ਕਾ ਉਦਮ ਹੋਇ ਆਵਤਾ ਹੈ...।

ਬਾਬੇ ਕਹਿਆ: ਤੈਸੇ ਜੋ...ਮਹਾਰਾਜ ਕੀ ਵਾਰ ਗਾਵਤੇ ਹੈਂ ਸੋ…ਮਹਾਰਾਜ ਭੀ ਪ੍ਰਸੰਨ ਹੋਤੇ ਹੈਂ ਅਰ…ਜਉਨ ਸੇ ਜਗਿਆਸੀ ਹੈਂ ਤਿਨ ਕਾ ਭੀ ਮਨ ਅਰ ਇੰਦਰੀਅਹੁਂ ਕੇ ਜੀਤਣੇ ਕਾ ਉਦਮ ਹੋਇ ਆਵਤਾ ਹੈ…।

ਸ਼ੇਖ ਬ੍ਰਹਮ: …ਤਾਂ ਤੇ ਤੁਸੀਂ….ਮੇਰੇ ਤਾਈਂ ਕਾਈ...ਪ੍ਰਮੇਸ਼੍ਵਰ ਕੀ ਵਾਰ ਸੁਣਾਵਉ...।

ਬਾਬੇ ਕਹਿਆ: ਮਰਦਾਨਿਆ! ਕਬੀਰ ਜੀ ਨੇ ਗਉੜੀ ਰਾਗ ਅੰਗੀਕਾਰ ਕੀਆ ਹੈ…ਅਰ ਹਮਾਰੇ…ਸਭ ਹੀ ਰਾਗ ਹੈਂ ਪਰ…ਇਹ ਪੀਰ ਆਸਾ ਵੰਤ ਆਇਆ ਹੈ ਸੋ…‘ਆਸਾ ਕੇ ਰਾਗ’ ਵਿਚ ਵਾਰ ‘ਸੁਣਾਵਹੁ’...।

[ਭਾਈ ਮਨੀ ਸਿੰਘ ਜੀ ਦੀ ਹੱਥ ਲਿਖਤ ਗਿਆਨ ਰਤਨਾਵਲੀ, ਪੰਨਾ ੩੦-੩੧ ਦੇ ਅਧਾਰ ‘ਤੇ ਉਪ੍ਰੋਕਤ ਲਿਖਤ ਵਿਚੋਂ ‘ਸੁਣਾਵਉ’ ਪਦ ਪ੍ਰਗਟ ਕਰਦਾ ਹੈ ਕਿ ‘ਆਸਾ ਕੀ ਵਾਰ’ ਸ਼ੇਖ ਬ੍ਰਹਮ ਨੂੰ ਮਿਲਣ ਤੋਂ ਪਹਿਲਾਂ ਰਚੀ ਜਾ ਚੁਕੀ ਸੀ।]”

ਪ੍ਰੋ. ਸਾਹਿਬ ਸਿੰਘ ਦੇ ਮਤ ਅਨੁਸਾਰ “ਸਾਰੀ ਵਾਰ ਦਾ ਇਕੋ ਹੀ ਮਜ਼ਮੂਨ ਹੈ, ਜਿਥੇ ਭੀ ਉਚਾਰੀ ਹੈ, ਸਾਰੀ ਇਕੱਠੀ ਹੀ ਉਚਾਰੀ ਹੈ।” ਇਨ੍ਹਾਂ ਤੋਂ ਇਲਾਵਾ ਸਾਡੇ ਕੋਲ ਹੋਰ ਕੋਈ ਸਬੂਤ ਅਜੇ ਉਪਲੱਬਧ ਨਹੀਂ, ਜਿਹੜਾ ਇਸ ਰਚਨਾ ਦਾ ਸਹੀ ਸਮਾਂ ਤੇ ਸਥਾਨ ਦੱਸ ਸਕੇ।