Connect

2005 Stokes Isle Apt. 896, Vacaville 10010, USA

[email protected]

ਮਃ ੧ ॥
ਲਿਖਿ ਲਿਖਿ ਪੜਿਆ ॥   ਤੇਤਾ ਕੜਿਆ ॥
ਬਹੁ ਤੀਰਥ ਭਵਿਆ ॥   ਤੇਤੋ ਲਵਿਆ ॥
ਬਹੁ ਭੇਖ ਕੀਆ    ਦੇਹੀ ਦੁਖੁ ਦੀਆ ॥
ਸਹੁ ਵੇ ਜੀਆ    ਅਪਣਾ ਕੀਆ ॥
ਅੰਨੁ ਨ ਖਾਇਆ    ਸਾਦੁ ਗਵਾਇਆ ॥
ਬਹੁ ਦੁਖੁ ਪਾਇਆ    ਦੂਜਾ ਭਾਇਆ ॥
ਬਸਤ੍ਰ ਨ ਪਹਿਰੈ ॥   ਅਹਿਨਿਸਿ ਕਹਰੈ ॥
ਮੋਨਿ ਵਿਗੂਤਾ ॥ ਕਿਉ ਜਾਗੈ ਗੁਰ ਬਿਨੁ ਸੂਤਾ ॥
ਪਗ ਉਪੇਤਾਣਾ॥   ਅਪਣਾ ਕੀਆ ਕਮਾਣਾ ॥
ਅਲੁ ਮਲੁ ਖਾਈ    ਸਿਰਿ ਛਾਈ ਪਾਈ ॥ ਮੂਰਖਿ ਅੰਧੈ    ਪਤਿ ਗਵਾਈ ॥ ਵਿਣੁ ਨਾਵੈ    ਕਿਛੁ ਥਾਇ ਨ ਪਾਈ ॥   
ਰਹੈ ਬੇਬਾਣੀ    ਮੜੀ ਮਸਾਣੀ ॥ ਅੰਧੁ ਨ ਜਾਣੈ    ਫਿਰਿ ਪਛੁਤਾਣੀ ॥
ਸਤਿਗੁਰੁ ਭੇਟੇ ਸੋ ਸੁਖੁ ਪਾਏ ॥ ਹਰਿ ਕਾ ਨਾਮੁ ਮੰਨਿ ਵਸਾਏ ॥
ਨਾਨਕ   ਨਦਰਿ ਕਰੇ ਸੋ ਪਾਏ ॥ ਆਸ ਅੰਦੇਸੇ ਤੇ ਨਿਹਕੇਵਲੁ    ਹਉਮੈ ਸਬਦਿ ਜਲਾਏ ॥੨॥

ਮਃ ੧ ॥

ਲਿਖਿ ਲਿਖਿ ਪੜਿਆ ॥   ਤੇਤਾ ਕੜਿਆ ॥

ਬਹੁ ਤੀਰਥ ਭਵਿਆ ॥   ਤੇਤੋ ਲਵਿਆ ॥

ਬਹੁ ਭੇਖ ਕੀਆ    ਦੇਹੀ ਦੁਖੁ ਦੀਆ ॥

ਸਹੁ ਵੇ ਜੀਆ    ਅਪਣਾ ਕੀਆ ॥

ਅੰਨੁ ਨ ਖਾਇਆ    ਸਾਦੁ ਗਵਾਇਆ ॥

ਬਹੁ ਦੁਖੁ ਪਾਇਆ    ਦੂਜਾ ਭਾਇਆ ॥

ਬਸਤ੍ਰ ਨ ਪਹਿਰੈ ॥   ਅਹਿਨਿਸਿ ਕਹਰੈ ॥

ਮੋਨਿ ਵਿਗੂਤਾ ॥ ਕਿਉ ਜਾਗੈ ਗੁਰ ਬਿਨੁ ਸੂਤਾ ॥

ਪਗ ਉਪੇਤਾਣਾ॥   ਅਪਣਾ ਕੀਆ ਕਮਾਣਾ ॥

ਅਲੁ ਮਲੁ ਖਾਈ    ਸਿਰਿ ਛਾਈ ਪਾਈ ॥ ਮੂਰਖਿ ਅੰਧੈ    ਪਤਿ ਗਵਾਈ ॥ ਵਿਣੁ ਨਾਵੈ    ਕਿਛੁ ਥਾਇ ਨ ਪਾਈ ॥   

ਰਹੈ ਬੇਬਾਣੀ    ਮੜੀ ਮਸਾਣੀ ॥ ਅੰਧੁ ਨ ਜਾਣੈ    ਫਿਰਿ ਪਛੁਤਾਣੀ ॥

ਸਤਿਗੁਰੁ ਭੇਟੇ ਸੋ ਸੁਖੁ ਪਾਏ ॥ ਹਰਿ ਕਾ ਨਾਮੁ ਮੰਨਿ ਵਸਾਏ ॥

ਨਾਨਕ   ਨਦਰਿ ਕਰੇ ਸੋ ਪਾਏ ॥ ਆਸ ਅੰਦੇਸੇ ਤੇ ਨਿਹਕੇਵਲੁ    ਹਉਮੈ ਸਬਦਿ ਜਲਾਏ ॥੨॥

ਕੋਈ ਮਨੁੱਖ ਜਿੰਨਾ ਜਿਆਦਾ ਪੜ੍ਹਿਆ ਲਿਖਿਆ ਹੈ, ਓਨਾ ਹੀ ਉਹ (ਹਉਮੈ ਦੀ ਅੱਗ ਵਿਚ) ਸੜਿਆ ਹੋਇਆ ਹੈ।
ਕੋਈ ਮਨੁਖ ਜਿੰਨੇ ਜਿਆਦਾ ਤੀਰਥ-ਸਥਾਨਾਂ ‘ਤੇ ਨਹਾਉਂਦਾ ਫਿਰਿਆ ਹੈ, ਓਨਾ ਹੀ ਵੱਧ ਉਸਨੇ ਇਸ ਗੱਲ ਦਾ ਢੰਡੋਰਾ ਪਿੱਟਿਆ ਹੈ।
ਜਿਸ ਮਨੁਖ ਨੇ ਬਸਤਰ ਪਹਿਨਣੇ ਛੱਡ ਕੇ ਪਿੰਡੇ ਨੂੰ ਭਸਮ ਲਾ ਲਈ ਤੇ ਅਨੇਕ ਤਰ੍ਹਾਂ ਦਾ ਭੇਖ ਬਣਾ ਲਿਆ, ਉਸ ਨੂੰ ਵੀ ਕੋਈ ਆਤਮਕ ਲਾਭ ਨਾ ਹੋਇਆ, ਸਗੋਂ ਉਸਨੇ ਆਪਣੇ ਸਰੀਰ ਨੂੰ ਐਵੇਂ ਵਾਧੂ ਦਾ ਕਸ਼ਟ ਹੀ ਦਿਤਾ।
ਹੇ ਮਨੁਖ! ਇਸ ਵਿਚ ਕਿਸੇ ਦਾ ਕੀ ਦੋਸ਼? ਆਪਣੇ ਕੀਤੇ ਹੋਏ ਕਰਮ-ਕਾਂਡ ਦਾ ਫਲ ਹੁਣ ਆਪ ਹੀ ਬਰਦਾਸ਼ਤ ਕਰ।
ਜਿਸ ਨੇ ਵਰਤ ਆਦਿ ਰਖਣ ਕਰਕੇ ਅੰਨ ਨਾ ਖਾਧਾ, ਉਸ ਨੇ ਵੀ ਭੋਜਨ ਦਾ ਸੁਆਦ ਹੀ ਗਵਾਇਆ; ਭਾਵ, ਅਧਿਆਤਮਕ ਲਾਭ ਤਾਂ ਉਸ ਨੂੰ ਵੀ ਕੋਈ ਨਾ ਹੋਇਆ।
ਜਿਸ ਨੂੰ ਵੀ ਹਰੀ ਅਥਵਾ ਹਰਿ-ਨਾਮ ਦੀ ਥਾਂ ਕੁਝ ਹੋਰ ਜਿਆਦਾ ਚੰਗਾ ਲਗਾ ਹੈ, ਉਸ ਨੇ ਜੀਵਨ ਵਿਚ ਬਹੁਤ ਦੁਖ ਪਾਇਆ ਹੈ।
ਜਿਹੜਾ ਮਨੁਖ ਤਨ ‘ਤੇ ਕਪੜੇ ਨਹੀਂ ਪਹਿਨਦਾ, ਨੰਗਾ ਹੀ ਫਿਰਦਾ ਹੈ, ਉਹ ਨੰਗੇ ਪਿੰਡੇ ਰਹਿਣ ਕਰਕੇ ਦਿਨ-ਰਾਤ ਗਰਮੀ-ਸਰਦੀ ਆਦਿ ਦਾ ਕਸ਼ਟ ਹੀ ਸਹਿੰਦਾ ਹੈ; ਉਸ ਨੂੰ ਵੀ ਕੋਈ ਆਤਮਕ ਪ੍ਰਾਪਤੀ ਨਹੀਂ ਹੁੰਦੀ।
ਜਿਸ ਮਨੁਖ ਨੇ ਮੋਨ ਧਾਰਨ ਕਰ ਲਿਆ, ਉਹ ਵੀ ਖੁਆਰ ਹੀ ਹੋਇਆ ਹੈ, ਕਿਉਂਕਿ ਅਜਿਹਾ ਕਰਨ ਨਾਲ ਉਸ ਨੂੰ ਵੀ ਕੋਈ ਆਤਮਕ ਲਾਭ ਪ੍ਰਾਪਤ ਨਾ ਹੋਇਆ। ਅਗਿਆਨ ਦੀ ਨੀਂਦਰ ਵਿਚ ਸੁੱਤਾ ਹੋਇਆ, ਉਹ ਗੁਰੂ ਦੇ ਗਿਆਨ ਤੋਂ ਬਿਨਾਂ ਕਿਵੇਂ ਜਾਗ ਸਕਦਾ ਹੈ? ਭਾਵ, ਗੁਰੂ-ਗਿਆਨ ਹੀ ਉਸ ਨੂੰ ਅਗਿਆਨ ਦੀ ਨੀਂਦਰ ਵਿਚੋਂ ਜਗਾਉਣ ਦੇ ਸਮਰਥ ਹੈ।
ਜੋ ਮਨੁਖ ਪੈਰੋਂ ਨੰਗਾ ਫਿਰਦਾ ਰਿਹਾ, ਉਸ ਨੇ ਵੀ ਜੀਵਨ ਵਿਚ ਆਪਣਾ ਕੀਤਾ ਹੋਇਆ ਕਰਮ-ਕਾਂਡ ਹੀ ਕਮਾਇਆ; ਉਸ ਨੂੰ ਵੀ ਕੋਈ ਸੁਖ ਨਾ ਮਿਲਿਆ।
ਜਿਸ ਨੇ ਸਵੱਛ ਭੋਜਨ ਛਡ ਕੇ ਗੰਦੀ-ਮੰਦੀ ਸ਼ੈ ਖਾਧੀ ਤੇ ਸਿਰ ਉਤੇ ਸੁਆਹ ਮਲ ਲਈ, ਉਸ ਅਗਿਆਨੀ ਮੂਰਖ ਨੇ ਵੀ ਆਪਣੀ ਇਜ਼ਤ ਗਵਾ ਲਈ, ਕਿਉਂਕਿ ਹਰੀ ਦੇ ਨਾਮ ਤੋਂ ਬਿਨਾਂ ਹੋਰ ਕੋਈ ਵੀ ਕਰਮ-ਕਾਂਡੀ ਕਿਰਿਆ ਹਰੀ ਦੇ ਦਰ ‘ਤੇ ਕਬੂਲ ਨਹੀਂ ਪੈਂਦੀ; ਭਾਵ ਆਤਮ ਸੁਖ ਦੀ ਪ੍ਰਾਪਤੀ ਵਿਚ ਸਹਾਈ ਨਹੀਂ ਹੁੰਦੀ।
ਜਿਹੜਾ ਆਪਣਾ ਘਰ-ਬਾਰ ਛਡਕੇ ਉਜਾੜਾਂ ਤੇ ਮੜੀਆਂ ਮਸਾਣਾਂ ਵਿਚ ਰਹਿੰਦਾ ਹੈ, ਉਹ ਅਗਿਆਨੀ ਮਨੁਖ ਵੀ ਇਸ ਅਮੋਲਕ ਜੀਵਨ ਦੀ ਕਦਰ ਨਹੀਂ ਜਾਣਦਾ ਤੇ ਜੀਵਨ ਨੂੰ ਅਜਾਈਂ ਗਵਾ ਲੈਣ ਤੋਂ ਬਾਅਦ ਫਿਰ ਪਛਤਾਉਂਦਾ ਹੈ।
ਅਸਲ ਵਿਚ ਜਿਸ ਮਨੁਖ ਨੂੰ ਸਤਿਗੁਰੂ ਦਾ ਉਪਦੇਸ ਪ੍ਰਾਪਤ ਹੋ ਜਾਵੇ ਤੇ ਹਰੀ ਦਾ ਨਾਮ ਉਸ ਦੇ ਮਨ ਵਿਚ ਵਸ ਜਾਵੇ, ਉਹ ਮਨੁਖ ਹੀ ਜੀਵਨ ਵਿਚ ਆਤਮਕ ਸੁਖ ਪਾ ਸਕਦਾ ਹੈ।
ਪਰ, ਨਾਨਕ! ਜਿਸ ਮਨੁਖ ਉਪਰ ਹਰੀ ਆਪਣੀ ਮਿਹਰ ਦੀ ਨਜਰ ਕਰੇ, ਉਹ ਹੀ ਉਸ ਦਾ ਨਾਮ ਪ੍ਰਾਪਤ ਕਰਦਾ ਹੈ। ਹਰਿ-ਨਾਮ ਨੂੰ ਹਿਰਦੇ ਵਿਚ ਵਸਾ ਕੇ, ਉਹ ਮਾਇਕੀ ਆਸਾਂ ਤੇ ਫਿਕਰਾਂ ਦੇ ਬੰਧਨਾਂ ਤੋਂ ਮੁਕਤ ਹੋ ਜਾਂਦਾ ਹੈ ਅਤੇ ਮੈਂ-ਮੇਰੀ ਦੀ ਭਾਵਨਾ ਨੂੰ ਗੁਰ-ਸਬਦ ਦੀ ਬਰਕਤ ਨਾਲ ਸਾੜ ਸੁਟਦਾ ਹੈ।

(ਜਿੰਨਾ ਕੋਈ) ਲਿਖ-ਲਿਖ ਕੇ ਪੜ੍ਹਿਆ ਹੈ, ਓਨਾ ਹੀ ਝੁਰਿਆ ਹੈ
(ਜਿੰਨਾ ਕੋਈ) ਬਹੁਤੇ ਤੀਰਥਾਂ ਉਤੇ ਫਿਰਿਆ ਹੈ, ਓਨਾ (ਹੀ) ਬਕਿਆ ਹੈ
(ਜਿਸ ਨੇ) ਬਹੁਤਾ ਭੇਖ (ਧਾਰਨ) ਕੀਤਾ, (ਉਸ ਨੇ ਵੀ) ਦੇਹ ਨੂੰ ਦੁਖ (ਹੀ) ਦਿਤਾ
ਹੇ ਜੀਵ! (ਇਸ ਵਿਚ ਕਿਸੇ ਦਾ ਕੀ ਦੋਸ਼?) ਆਪਣਾ ਕੀਤਾ ਹੋਇਆ (ਕਰਮ-ਕਾਂਡ ਹੁਣ ਆਪ ਹੀ) ਸਹਿ
(ਜਿਸ ਨੇ) ਅੰਨ ਨਾ ਖਾਧਾ, (ਉਸ ਨੇ ਭੋਜਨ ਦਾ) ਸੁਆਦ (ਹੀ) ਗਵਾਇਆ
(ਉਸ ਨੇ) ਬਹਤੁ ਦੁਖ ਪਾਇਆ, (ਜਿਸ ਨੂੰ ਹਰੀ ਦੀ ਥਾਂ ਕੁਝ) ਹੋਰ ਚੰਗਾ ਲਗਾ
(ਜੋ) ਬਸਤਰ ਨਹੀਂ ਪਹਿਨਦਾ, (ਉਹ) ਦਿਨ ਰਾਤ ਕਹਿਰ ਸਹਿੰਦਾ ਹੈ
(ਜੋ ਮੋਨੀ ਹੋ ਗਿਆ ਉਹ) ਮੋਨ ਧਾਰਨ ਕਾਰਣ ਖੁਆਰ ਹੋਇਆ ਹੈ; (ਉਹ) ਸੁੱਤਾ ਹੋਇਆ, ਗੁਰੂ ਤੋਂ ਬਿਨਾਂ ਕਿਵੇਂ ਜਾਗੇ ?
(ਜੋ) ਪੈਰੋਂ ਜੁਤੀ ਤੋਂ ਬਗੈਰ (ਫਿਰਦਾ ਰਿਹਾ, ਉਸ ਨੇ ਵੀ) ਆਪਣਾ ਕੀਤਾ ਹੋਇਆ (ਹੀ) ਕਮਾਇਆ
(ਜਿਸ ਨੇ) ਗੰਦੀ-ਮੰਦੀ ਸ਼ੈ ਖਾਧੀ (ਤੇ) ਸਿਰ ਉਤੇ ਸੁਆਹ ਪਾ ਲਈ, (ਉਸ) ਮੂਰਖ ਅੰਨ੍ਹੇ ਨੇ (ਵੀ ਆਪਣੀ) ਇਜ਼ਤ ਗਵਾ ਲਈ (ਕਿਉਂਕਿ) ਨਾਮ ਬਿਨਾਂ ਕੋਈ ਵੀ (ਕਿਰਿਆ) ਕਬੂਲ ਨਹੀਂ ਪੈਂਦੀ
(ਜੋ) ਬੀਆਬਾਨਾਂ, ਮੜੀਆਂ ਤੇ ਮਸਾਣਾਂ ਵਿਚ ਰਹਿੰਦਾ ਹੈ, (ਉਹ) ਅੰਨ੍ਹਾ (ਵੀ ਮਨੁਖਾਂ ਜੀਵਨ ਦੀ ਕਦਰ) ਨਹੀਂ ਜਾਣਦਾ; (ਸਮਾਂ ਬੀਤਣ ਤੋਂ ਬਾਅਦ) ਫਿਰ ਪਛਤਾਉਂਦਾ ਹੈ
(ਜਿਸ ਨੂੰ) ਸਤਿਗੁਰ ਮਿਲ ਪਵੇ (ਤੇ) ਹਰੀ ਦਾ ਨਾਮ ਮਨ ਵਿਚ ਵਸਾ ਦੇਵੇ, ਉਹ ਸੁਖ ਪਾਉਂਦਾ ਹੈ
(ਪਰ) ਨਾਨਕ! (ਜਿਸ ਉਪਰ ਹਰੀ) ਮਿਹਰ ਦੀ ਨਜ਼ਰ ਕਰੇ, ਉਹ (ਹੀ ਉਸ ਦਾ ਨਾਮ) ਪ੍ਰਾਪਤ ਕਰਦਾ ਹੈ (ਉਹ ਫਿਰ) ਆਸਾਂ ਤੇ ਫਿਕਰਾਂ ਤੋਂ ਮੁਕਤ (ਹੋ ਜਾਂਦਾ ਹੈ ਤੇ) ਹਉਮੈ ਨੂੰ ਗੁਰ-ਸਬਦ ਦੁਆਰਾ ਸਾੜ ਦੇਂਦਾ ਹੈ

੨੩ ਤੁਕਾਂ ਵਾਲੇ ਇਸ ਸਲੋਕ ਦੀਆਂ ਕੁਝ ਤੁਕਾਂ ਅਕਾਰ ਪੱਖੋਂ ਛੋਟੀਆਂ ਅਤੇ ਕੁਝ ਵੱਡੀਆਂ ਹਨ ਪਰ ਇਨ੍ਹਾਂ ਸਮੂਹ ਤੁਕਾਂ ਵਿਚ ਤੁਕਾਂਤ-ਮੇਲ ਹੈ। ਛੋਟੀਆਂ ਤੁਕਾਂ ਵਿਚ ਇਕ ਸ਼ਬਦੀ (ਇਕਹਿਰਾ) ਤੁਕਾਂਤ-ਮੇਲ ਹੈ, ਜਿਵੇਂ: ‘ਪੜਿਆ-ਕੜਿਆ’ (ਪਹਿਲੀ-ਦੂਜੀ), ‘ਭਵਿਆ-ਲਵਿਆ’ (ਤੀਜੀ-ਚਉਥੀ), ‘ਪਹਿਰੈ-ਕਹਰੈ’ (ਨਾਵੀਂ ਦਸਵੀਂ), ‘ਵਿਗੂਤਾ-ਸੂਤਾ’ (ਗਿਆਰਵੀਂ-ਬਾਰ੍ਹਵੀਂ), ‘ਉਪੇਤਾਣਾ-ਕਮਾਣਾ’ (ਤੇਰ੍ਹਵੀਂ-ਚਉਦਵੀਂ)।

ਵੱਡੀਆਂ ਤੁਕਾਂ ਵਿਚ ਇਹ ਤੁਕਾਂਤ-ਮੇਲ ਦੋ-ਸ਼ਬਦੀ (ਦੋਹਰਾ) ਹੋ ਜਾਂਦਾ ਹੈ, ਜਿਵੇਂ:
 ‘ਕੀਆ-ਦੀਆ’, ‘ਜੀਆ-ਕੀਆ’ (ਪੰਜਵੀਂ-ਛੇਵੀਂ)
‘ਖਾਇਆ-ਗਵਾਇਆ’, ‘ਪਾਇਆ-ਭਾਇਆ’   (ਸਤਵੀਂ-ਅਠਵੀਂ)
‘ਖਾਈ-ਛਾਈ’, ‘ਪਾਈ ਗਵਾਈ’ (ਪੰਦਰਵੀਂ-ਸੋਲ੍ਹਵੀਂ)
‘ਬੇਬਾਣੀ-ਮਸਾਣੀ-ਪਛੁਤਾਣੀ’  (ਅਠਾਰ੍ਹਵੀਂ-ਉਨ੍ਹੀਵੀਂ)

ਇਸਦੇ ਸਮੇਤ ਛੋਟੀਆਂ ਤੁਕਾਂ ਵਿਚ ਇਹ ਤੁਕਾਂਤ-ਮੇਲ ਕੇਵਲ ਅੰਤਮ ਸਥਿਤੀ ਵਿਚ ਹੀ ਵਿਚਰਦਾ ਹੈ, ਜਦਕਿ ਵੱਡੀਆਂ ਤੁਕਾਂ ਵਿਚ ਅੰਤਮ ਸਥਿਤੀ ਸਮੇਤ ਤੁਕ ਦੇ ਮੱਧ ਵਿਚ ਵੀ ਇਹ ਮੇਲ ਨਜ਼ਰੀਂ ਪੈਂਦਾ ਹੈ:
 ਲਿਖਿ ਲਿਖਿ ਪੜਿਆ॥ ਤੇਤਾ ਕੜਿਆ॥ (ਪਹਿਲੀ-ਦੂਜੀ ਤੁਕ)
ਬਹੁ ਤੀਰਥ ਭਵਿਆ॥ ਤੇਤੋ ਲਵਿਆ॥(ਤੀਜੀ-ਚਉਥੀ ਤੁਕ)
ਬਸਤ੍ਰ ਨ ਪਹਿਰੈ॥ ਅਹਿਨਿਸਿ ਕਹਰੈ॥(ਨਾਵੀਂ-ਦਸਵੀਂ ਤੁਕ)

ਵੱਡੀਆਂ ਤੁਕਾਂ ਵਿਚ ਪੂਰਬਲੇ ਅੱਧ ਅਤੇ ਮਗਰਲੇ ਅੱਧ ਵਿਚ ਇਹੀ ਸਮਾਨੰਤਰਤਾ ਆਈ ਹੈ:
‘ ਬਹੁ ਭੇਖ ਕੀਆ ਦੇਹੀ ਦੁਖੁ ਦੀਆ (ਪੰਜਵੀਂ)
ਸਹੁ ਵੇ ਜੀਆ ਅਪਣਾ ਕੀਆ (ਛੇਵੀਂ)
ਅੰਨੁ ਨ ਖਾਇਆ ਸਾਦੁ ਗਵਾਇਆ (ਸਤਵੀਂ)
ਬਹੁ ਦੁਖ ਪਾਇਆ ਦੂਜਾ ਭਾਇਆ (ਅਠਵੀਂ)

ਇਨ੍ਹਾਂ ਤੁਕਾਂਤ-ਮੇਲ ਸ਼ਬਦਾਂ ਦੀ ਵਰਤੋਂ ਅਤੇ ਤੁਕਾਂ ਵਿਚ ਸੰਰਚਨਾ ਪੱਧਰੀ ਸਮਾਨੰਤਰਤਾ ਕਰਕੇ ਇਸ ਸਲੋਕ ਵਿਚ ਵਿਲੱਖਣ ਨਾਦ ਸੁਦੰਰਤਾ ਉਤਪੰਨ ਹੋਈ ਹੈ। ਇਸਦੇ ਸਮੇਤ ਇਸ ਸਲੋਕ ਵਿਚ ‘ਅਭਿਧਾਮਈ ’ (ਸਿਧੇ ਸ਼ਾਬਦਕ ਅਰਥਾਂ ਵਾਲੇ) ਸ਼ਬਦਾਂ ਦੇ ਨਾਲ ਵਿਅੰਗਕ ਅਰਥਾਂ ਵਾਲੇ ਸ਼ਬਦ ਆਉਣ ਕਰਕੇ ਇਥੇ ਵਿਅੰਗਾਤਮਕਤਾ ਦੀ ਵੀ ਸਿਰਜਨਾ ਹੋਈ ਹੈ, ਜਿਵੇਂ:
‘ਪੜਿਆ’ ਨਾਲ ‘ਕੜਿਆ’ (ਪਹਿਲੀ-ਦੂਜੀ)
‘ਭਵਿਆ’ ਨਾਲ ‘ਲਵਿਆ’ (ਤੀਜੀ-ਚਉਥੀ)
‘ਪਹਿਰੈ’ ਨਾਲ ‘ਕਹਰੈ’ (ਨਾਵੀਂ-ਦਸਵੀਂ)

ਇਸੇ ਤਰ੍ਹਾਂ, ‘ਅਲੁ ਮਲੁ ਖਾਈ’ ਅਤੇ ‘ਸਿਰ ਛਾਈ ਪਾਈ’ ਵਰਗੇ ਲੋਕ ਕਥਨਾਂ ਦੀ ਵਰਤੋਂ ਰਾਹੀਂ ਵੀ ਵਿਅੰਗ ਕੀਤਾ ਗਿਆ ਹੈ। ਸਲੋਕ ਦੀਆਂ ਤੁਕਾਂ ਅਕਾਰ ਪੱਖੋਂ ਛੋਟੀਆਂ ਹੋਣ ਕਾਰਨ ਵਿਅੰਗਾਤਮਕਤਾ ਦੇ ਪ੍ਰਭਾਵ ਨੂੰ ਹੋਰ ਵਧੇਰੇ ਤਿੱਖਾ ਕਰਦੀਆਂ ਹਨ।

ਵੀਹਵੀਂ, ਇਕੀਵੀਂ, ਬਾਈਵੀਂ ਅਤੇ ਤੇਈਵੀਂ ਤੁਕ ਵਿਚ ‘ਸਹਿਜ ਭਾਸ਼ਾਈ ਪ੍ਰਗਟਾਵੇ’ ਰਾਹੀਂ ਦ੍ਰਿੜ ਕਰਾਇਆ ਗਿਆ ਹੈ ਕਿ ਸਤਿਗੁਰੂ ਨੂੰ ਮਿਲ ਕੇ ਹੀ ਹਰੀ ਦਾ ਨਾਮ ਮਨ ਵਿਚ ਵਸਦਾ ਅਤੇ ਸੁਖ ਪ੍ਰਾਪਤ ਹੁੰਦਾ ਹੈ। ਜਿਸ ‘ਤੇ ਪ੍ਰਭੂ ਦੀ ਨਦਰਿ ਹੁੰਦੀ ਹੈ, ਉਹ ‘ਆਸ ਅੰਦੇਸੇ’ ਤੋਂ ਨਿਰਲੇਪ ਹੋ ਜਾਂਦਾ ਅਤੇ ‘ਸ਼ਬਦ’ ਰਾਹੀਂ ਆਪਣੀ ਹਉਮੈ ਨੂੰ ਕਾਬੂ ਕਰ ਲੈਂਦਾ ਹੈ।

ਇਸ ਸਲੋਕ ਦੀਆਂ ਪਹਿਲੀਆਂ ੧੯ ਤੁਕਾਂ ਵਿਚ ਸਪਸ਼ਟ ਕੀਤਾ ਗਿਆ ਹੈ ਕਿ ਬਹੁਤੇ ਗ੍ਰੰਥ ਪੜ੍ਹਨੇ, ਤੀਰਥ ਯਾਤਰਾਵਾਂ ਕਰਨੀਆਂ, ਭੇਖ ਧਾਰਨੇ ਅੰਨ ਤੇ ਬਸਤਰਾਂ ਆਦਿ ਦਾ ਤਿਆਗ ਕਰਨਾ, ਮੋਨ ਧਾਰਨਾ, ਨੰਗੇ ਪੈਰੀਂ ਫਿਰਨਾ, ਗੰਦ-ਮੰਦ ਦਾ ਸੇਵਨ ਕਰਨਾ, ਜੰਗਲਾਂ-ਮੜ੍ਹੀਆਂ ਆਦਿ ਵਿਚ ਵਸਣਾ ਫੋਕਟ ਅਤੇ ਨਿਰਾਰਥਕ ਕਰਮ ਹਨ। ਅੰਤਲੀਆਂ ਚਾਰ ਤੁਕਾਂ ਵਿਚ ਦ੍ਰਿੜ ਕਰਾਇਆ ਗਿਆ ਹੈ ਕਿ ਪ੍ਰਭੂ ਦਾ ਸਿਮਰਨ ਕਰਨਾ ਅਤੇ ਉਸਦੀ ਨਦਰਿ ਹਾਸਲ ਕਰਨਾ ਹੀ ਸੱਚਾ ਮਾਰਗ ਹੈ। ਪਹਿਲੀਆਂ ੧੯ ਤੁਕਾਂ ਵਿਚ ਫੋਕਟ ਕਰਮਾਂ ਦਾ ਵੇਰਵਾ ਦੇ ਕੇ ਅੰਤਲੀਆਂ ੪ ਤੁਕਾਂ ਵਿਚ ਗੁਰਮਤਿ ਸਿਧਾਂਤ ਪ੍ਰਗਟ ਕਰਨ ਕਰਕੇ ਇਥੇ ਪ੍ਰੋਕਤੀ ਪੱਧਰੀ ਅਰਥ-ਪਰਕ ਵਿਪਥਨ ਆਇਆ ਹੈ।