Connect

2005 Stokes Isle Apt. 896, Vacaville 10010, USA

[email protected]

ਸਲੋਕ ਮਃ ੧ ॥
ਭੈ ਵਿਚਿ   ਪਵਣੁ ਵਹੈ ਸਦਵਾਉ ॥ ਭੈ ਵਿਚਿ   ਚਲਹਿ ਲਖ ਦਰੀਆਉ ॥
ਭੈ ਵਿਚਿ   ਅਗਨਿ ਕਢੈ ਵੇਗਾਰਿ ॥ ਭੈ ਵਿਚਿ   ਧਰਤੀ ਦਬੀ ਭਾਰਿ ॥
ਭੈ ਵਿਚਿ   ਇੰਦੁ ਫਿਰੈ ਸਿਰ ਭਾਰਿ ॥ ਭੈ ਵਿਚਿ   ਰਾਜਾ ਧਰਮ ਦੁਆਰੁ ॥
ਭੈ ਵਿਚਿ ਸੂਰਜੁ   ਭੈ ਵਿਚਿ ਚੰਦੁ ॥ ਕੋਹ ਕਰੋੜੀ ਚਲਤ   ਨ ਅੰਤੁ ॥
ਭੈ ਵਿਚਿ   ਸਿਧ ਬੁਧ ਸੁਰ ਨਾਥ ॥ ਭੈ ਵਿਚਿ   ਆਡਾਣੇ ਆਕਾਸ ॥
ਭੈ ਵਿਚਿ   ਜੋਧ ਮਹਾਬਲ ਸੂਰ ॥ ਭੈ ਵਿਚਿ   ਆਵਹਿ ਜਾਵਹਿ ਪੂਰ ॥
ਸਗਲਿਆ   ਭਉ ਲਿਖਿਆ ਸਿਰਿ ਲੇਖੁ ॥ ਨਾਨਕ   ਨਿਰਭਉ ਨਿਰੰਕਾਰੁ ਸਚੁ ਏਕੁ ॥੧॥

ਸਲੋਕ ਮਃ ੧ ॥

ਭੈ ਵਿਚਿ   ਪਵਣੁ ਵਹੈ ਸਦਵਾਉ ॥ ਭੈ ਵਿਚਿ   ਚਲਹਿ ਲਖ ਦਰੀਆਉ ॥

ਭੈ ਵਿਚਿ   ਅਗਨਿ ਕਢੈ ਵੇਗਾਰਿ ॥ ਭੈ ਵਿਚਿ   ਧਰਤੀ ਦਬੀ ਭਾਰਿ ॥

ਭੈ ਵਿਚਿ   ਇੰਦੁ ਫਿਰੈ ਸਿਰ ਭਾਰਿ ॥ ਭੈ ਵਿਚਿ   ਰਾਜਾ ਧਰਮ ਦੁਆਰੁ ॥

ਭੈ ਵਿਚਿ ਸੂਰਜੁ   ਭੈ ਵਿਚਿ ਚੰਦੁ ॥ ਕੋਹ ਕਰੋੜੀ ਚਲਤ   ਨ ਅੰਤੁ ॥

ਭੈ ਵਿਚਿ   ਸਿਧ ਬੁਧ ਸੁਰ ਨਾਥ ॥ ਭੈ ਵਿਚਿ   ਆਡਾਣੇ ਆਕਾਸ ॥

ਭੈ ਵਿਚਿ   ਜੋਧ ਮਹਾਬਲ ਸੂਰ ॥ ਭੈ ਵਿਚਿ   ਆਵਹਿ ਜਾਵਹਿ ਪੂਰ ॥

ਸਗਲਿਆ   ਭਉ ਲਿਖਿਆ ਸਿਰਿ ਲੇਖੁ ॥ ਨਾਨਕ   ਨਿਰਭਉ ਨਿਰੰਕਾਰੁ ਸਚੁ ਏਕੁ ॥੧॥

ਸਦਾ ਵਹਾਉ ਵਿਚ ਰਹਿਣ ਵਾਲੀ ਹਵਾ ਨਿਰੰਕਾਰ-ਪ੍ਰਭੂ ਦੇ ਹੁਕਮ ਵਿਚ ਵਹਿੰਦੀ ਹੈ। ਲਖਾਂ ਦਰਿਆ ਵੀ ਨਿਰੰਕਾਰ-ਪ੍ਰਭੂ ਦੇ ਹੁਕਮ ਵਿਚ ਹੀ ਵਗਦੇ ਹਨ।
ਅੱਗ ਵੀ ਨਿਰੰਕਾਰ-ਪ੍ਰਭੂ ਦੇ ਹੁਕਮ ਵਿਚ ਹੀ ਬਿਨਾਂ ਕਿਸੇ ਮਜ਼ਦੂਰੀ ਜਾਂ ਮਿਹਨਤਾਨੇ ਤੋਂ ਕਾਰ ਕਰਦੀ (ਵੇਗਾਰ ਕੱਢਦੀ) ਹੈ। ਧਰਤੀ ਵੀ ਨਿਰੰਕਾਰ-ਪ੍ਰਭੂ ਦੇ ਹੁਕਮ ਵਿਚ ਹੀ ਸ੍ਰਿਸ਼ਟੀ ਦੇ ਭਾਰ ਹੇਠ ਦੱਬੀ ਹੋਈ ਹੈ।
ਇੰਦਰ, ਭਾਵ, ਬੱਦਲ ਵੀ ਨਿਰੰਕਾਰ-ਪ੍ਰਭੂ ਦੇ ਹੁਕਮ ਵਿਚ ਹੀ ਸਿਰ ਪਰਨੇ ਫਿਰਦਾ ਹੈ। ਹਿੰਦੂ ਧਰਮ ਵਿੱਚ ਨਿਆਂ ਦੇ ਰਾਜੇ (ਧਰਮਰਾਜ) ਦਾ ਦਰ ਵੀ ਨਿਰੰਕਾਰ-ਪ੍ਰਭੂ ਦੇ ਹੁਕਮ ਵਿਚ ਹੀ ਧਰਮ-ਨਿਆਉਂ ਕਰਦਾ ਹੈ।
ਸੂਰਜ ਅਤੇ ਚੰਨ ਵੀ ਨਿਰੰਕਾਰ-ਪ੍ਰਭੂ ਦੇ ਹੁਕਮ ਵਿਚ ਹੀ ਬੇਅੰਤ ਪੈਂਡਾ ਤੈਅ ਕਰਦੇ (ਕਰੋੜਾਂ ਕੋਹ ਘੁੰਮਦੇ) ਹਨ, ਜਿਸਦਾ ਅੰਤ ਨਹੀਂ ਜਾਣਿਆ ਜਾ ਸਕਦਾ।
ਆਪਣੀ ਸਿਧੀ ਵਿਚ ਸਫਲਤਾ ਪਾ ਚੁੱਕੇ ਜੋਗੀ (ਸਿਧ), ਬੋਧੀ (ਬੁਧ), ਦੇਵਤੇ ਅਤੇ ਨਾਥ ਜੋਗੀ ਵੀ ਨਿਰੰਕਾਰ-ਪ੍ਰਭੂ ਦੇ ਹੁਕਮ ਵਿਚ ਹੀ ਵਿਚਰਦੇ ਹਨ। ਪੁਲਾੜ (ਅਕਾਸ਼) ਵੀ ਨਿਰੰਕਾਰ-ਪ੍ਰਭੂ ਦੇ ਹੁਕਮ ਵਿਚ ਹੀ ਬਿਨਾਂ ਕਿਸੇ ਭੌਤਕੀ ਸਹਾਰੇ ਦੇ ਟਿਕੇ ਹੋਏ ਹਨ।
ਮਹਾਂਬਲੀ ਜੋਧੇ ਅਤੇ ਸੂਰਮੇ ਵੀ ਨਿਰੰਕਾਰ-ਪ੍ਰਭੂ ਦੇ ਹੁਕਮ ਵਿਚ ਹੀ ਵਿਚਰਦੇ ਹਨ। ਅਣਗਿਣਤ ਜੀਵ ਵੀ ਨਿਰੰਕਾਰ-ਪ੍ਰਭੂ ਦੇ ਹੁਕਮ ਵਿਚ ਹੀ ਸੰਸਾਰ ’ਤੇ ਆਉਂਦੇ ਜਾਂਦੇ ਹਨ।
ਨਾਨਕ! ਹਰੇਕ ਜੀਵ ਤੇ ਹਰੇਕ ਵਰਤਾਰਾ ਪ੍ਰਭੂ ਦੇ ਹੁਕਮ (ਭੈ) ਵਿਚ ਹੀ ਹੈ। ਕੇਵਲ ਇਕ ਸਦਾ-ਥਿਰ ਨਿਰੰਕਾਰ ਹੀ ਹੁਕਮ ਤੋਂ ਪਰੇ (ਭੈ ਰਹਿਤ) ਹੈ।

ਨੋਟ: ਸਲੋਕ ਦਾ ਸਮੁੱਚਾ ਭਾਵ ਹੈ ਕਿ ਸਾਰੀ ਸ੍ਰਿਸ਼ਟੀ ਪ੍ਰਭੂ ਦੇ ਸਥਾਪਤ ਕੀਤੇ ਭੈ ਰੂਪੀ ਬ੍ਰਹਿਮੰਡੀ ਹੁਕਮ ਜਾਂ ਨੇਮ ਅਧੀਨ ਹੈ। ਕੁੱਝ ਵੀ ਇਸ ਹੁਕਮ ਜਾਂ ਨੇਮ ਤੋਂ ਬਾਹਰ ਨਹੀਂ ਹੈ। ਸਿਰਫ ਪ੍ਰਭੂ ਹੀ, ਜੋ ਨਿਰਾਕਾਰ ਅਤੇ ਸਦੀਵੀ ਹੈ, ਕਿਸੇ ਦੇ ਹੁਕਮ ਜਾਂ ਨੇਮ ਅਧੀਨ ਨਹੀਂ। ਉਸ ਨਿਰਭੈ-ਪ੍ਰਭੂ ਦੇ ਸਿਮਰਨ ਦੁਆਰਾ ਹੀ ਮਨੁਖ ਹਰ ਤਰ੍ਹਾਂ ਦੇ ਭਉ ਤੋਂ ਮੁਕਤ ਹੋ ਸਕਦਾ ਹੈ: ਨਿਰਭਉ ਜਪੈ ਸਗਲ ਭਉ ਮਿਟੈ ॥ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ॥ -ਗੁਰੂ ਗ੍ਰੰਥ ਸਾਹਿਬ ੨੯੩

ਭਾਈ ਗੁਰਦਾਸ ਜੀ ਨੇ ਇਸ ਸਲੋਕ ਦੇ ਭਾਵ-ਅਰਥਾਂ ਦਾ ਵਿਸਥਾਰ ਆਪਣੀ ਇਕ ਪਉੜੀ ਵਿਚ ਇਸ ਪ੍ਰਕਾਰ ਕੀਤਾ ਹੈ:
ਭੈ ਵਿਚਿ ਧਰਤਿ ਆਗਾਸੁ ਹੈ ਨਿਰਾਧਾਰ ਭੈ ਭਾਰ ਧਰਾਇਆ
ਪਉਣੁ ਪਾਣੀ ਬੈਸੰਤਰੋ ਭੈ ਵਿਚਿ ਰਖੈ ਮੇਲਿ ਮਿਲਾਇਆ
ਪਾਣੀ ਅੰਦਰਿ ਧਰਤਿ ਧਰਿ ਵਿਣੁ ਥੰਮ੍ਹਾ ਆਗਾਸੁ ਰਹਾਇਆ
ਕਾਠੈ ਅੰਦਰਿ ਅਗਨਿ ਧਰਿ ਕਰ ਪਰਫੁਲਤੁ ਸੁਫਲ ਫਲਾਇਆ
ਨਵੀ ਦੁਆਰੀ ਪਵਣੁ ਧਰਿ ਭੈ ਵਿਚਿ ਸੂਰਜੁ ਚੰਦ ਚਲਾਇਆ
ਨਿਰਭਉ ਆਪਿ ਨਿਰੰਜਨੁ ਰਾਇਆ - ਭਾਈ ਗੁਰਦਾਸ ਜੀ, ਵਾਰ ੧੮, ਪਉੜੀ ੫

ਭੈ ਵਿਚ ਵਹਿੰਦਾ ਹੈ ਪਉਣ, ਸਦਾ ਵਹਾਉ ਵਿਚ ਰਹਿਣ ਵਾਲਾ ਭੈ ਵਿਚ ਚਲਦੇ ਹਨ, ਲਖਾਂ ਦਰਿਆ
ਭੈ ਵਿਚ ਅਗਨੀ ਬਿਨਾਂ ਮਜ਼ਦੂਰੀ ਕਰਦੀ ਹੈ ਕਾਰ ਭੈ ਵਿਚ ਧਰਤੀ ਦੱਬੀ ਹੈ ਹੇਠ ਭਾਰ
ਭੈ ਵਿਚ ਇੰਦਰ ਫਿਰਦਾ ਹੈ ਸਿਰ ਦੇ ਭਾਰ ਭੈ ਵਿਚ ਹੈ ਧਰਮਰਾਜ ਦਾ ਦੁਆਰਾ
ਭੈ ਵਿਚ ਹੈ ਸੂਰਜ, ਭੈ ਵਿਚ ਹੈ ਚੰਦ; (ਜੋ) ਕਰੋੜਾਂ ਕੋਹ ਚਲਦੇ ਹਨ, (ਜਿਸ ਦਾ) ਅੰਤ ਨਹੀਂ ਹੈ
ਭੈ ਵਿਚ ਹਨ ਸਿਧ, ਬੁਧ, ਸੁਰ (ਤੇ) ਨਾਥ ਭੈ ਵਿਚ ਹਨ ਤਣੇ ਹੋਏ ਅਕਾਸ਼
ਭੈ ਵਿਚ ਹਨ ਮਹਾਂਬਲੀ ਜੋਧੇ (ਤੇ) ਸੂਰਮੇ ਭੈ ਵਿਚ ਆਉਂਦੇ ਜਾਂਦੇ ਹਨ (ਜੀਵਾਂ ਦੇ) ਪੂਰਾਂ ਦੇ ਪੂਰ
ਸਾਰਿਆਂ ਦੇ ਸਿਰਤੇ ਭੈ ਰੂਪੀ ਲੇਖ ਲਿਖਿਆ ਹੋਇਆ ਹੈ ਨਾਨਕ! ਭੈ ਤੋਂ ਰਹਿਤ (ਕੇਵਲ) ਇਕ ਸੱਚਾ ਨਿਰੰਕਾਰ (ਹੀ) ਹੈ

੧੪ ਤੁਕਾਂ ਵਾਲੇ ਇਸ ਸਲੋਕ ਵਿਚ ਸਮਾਨੰਤਰਤਾ ਦੀ ਸਹਿਜ ਰੂਪ ਵਿਚ ਹੋਈ ਵਰਤੋਂ ਕਾਵਿਕ ਸੁੰਦਰਤਾ ਵਿਚ ਅਸੀਮ ਵਾਧਾ ਕਰਦੀ ਹੈ। ਪਹਿਲੀਆਂ ੧੨ ਤੁਕਾਂ ਦੀ ਅਰੰਭਤਾ ‘ਭੈ ਵਿਚਿ’ ਵਾਕੰਸ਼ ਨਾਲ ਹੋਣ ਕਾਰਣ ਇਥੇ ਆਦਿ ਵਾਕੰਸ਼ ਪੱਧਰੀ ਸਮਾਨੰਤਰਤਾ ਹੈ, ਜੋ ਪ੍ਰਭੂ ਦੇ ‘ਭੈ ਰੂਪ ਹੁਕਮ’ ਨੂੰ ਸਭ ਤੋਂ ਉੱਚਾ ਤੇ ਪ੍ਰਮੁੱਖ ਸਥਾਪਤ ਕਰਦੀ ਹੈ। ‘ਭੈ ਵਿਚਿ’ ਵਾਕੰਸ਼ ਦਾ ਦੁਹਰਾਅ ਜਿਥੇ ਪਾਠ ਦੀ ਲੈਅ ਅਤੇ ਰਵਾਨਗੀ ਨੂੰ ਰਸੀਲਾ ਬਣਾਉਂਦਾ ਹੈ, ਉਥੇ ਇਹ ਇਲਾਹੀ ਹੁਕਮ ਦੀ ਅਟੱਲਤਾ ਅਤੇ ਸਮੁੱਚੀ ਸ੍ਰਿਸ਼ਟੀ ਨੂੰ ਇਸ ਹੁਕਮ ਅਧੀਨ ਵਿਚਰਦਾ ਹੋਇਆ ਵੀ ਦ੍ਰਿੜ ਕਰਵਾਉਂਦਾ ਹੈ।

ਪੰਜਾਬੀ ਸਭਿਆਚਾਰ ਵਿਚ ‘ਵੇਗਾਰ/ਵਗਾਰ’ ਸ਼ਬਦ ਕਿਸੇ ਵੀ ਲਾਭ ਤੋਂ ਬਿਨਾ, ਕਿਸੇ ਦੂਜੇ ਵਿਅਕਤੀ ਲਈ, ਕੀਤੇ ਜਾਣ ਵਾਲੇ ਕਾਰਜ ਦੇ ਅਰਥ ਦਿੰਦਾ ਹੈ। ਇਸ ਸੰਧਰਭ ਵਿਚ, ’ਭੈ ਵਿਚਿ ਅਗਨਿ ਕਢੈ ਵੇਗਾਰਿ’ ਦੀ ਜੁਗਤ ਰਾਹੀਂ ਅੱਗ ਦੁਆਰਾ ਕੀਤੇ ਜਾਣ ਵਾਲੇ ਕਾਰਜ ਨੂੰ ‘ਵੇਗਾਰ’ ਰੂਪ ਵਿਚ ਦਰਸਾਉਣ ਨਾਲ ‘ਰੱਬੀ ਹੁਕਮ/ਭੈ’ ਦੀ ਸਰਵ-ਉੱਚਤਾ ਹੋਰ ਵਧੇਰੇ ਪ੍ਰਚੰਡ ਹੋ ਜਾਂਦੀ ਹੈ।

‘ਭੈ ਵਿਚਿ ਇੰਦੁ ਫਿਰੈ ਸਿਰ ਭਾਰਿ’ ਵਿਚ ਇੰਦਰ ਰੂਪੀ ਬੱਦਲ ਦੀ, ਪ੍ਰਚਲਤ ਵਰਤਾਰੇ ਦੇ ਉਲਟ, ਰੱਬੀ ਭੈ ਅਧੀਨ ‘ਸਿਰ ਭਾਰ’ ਹੋ ਕੇ ਤੁਰੇ ਫਿਰਨ ਦੀ ਕਾਵਿਕ ਅਭਿਵਿਅਕਤੀ ਅਦਭੁਤ ਰਸ ਰਾਹੀਂ ਵਿਸਮਾਦੀ ਅਵਸਥਾ ਨੂੰ ਪੈਦਾ ਕਰਦੀ ਹੈ। ਇਹ ਅਵਸਥਾ ਕਰਤੇ ਤੋਂ ਬਲਿਹਾਰ ਜਾ ਕੇ ਸੰਪੂਰਨ ਸਮਰਪਣ ਦੀ ਭਾਵਨਾ ਨੂੰ ਜਾਗ੍ਰਤ ਕਰਨ ਦਾ ਸਾਧਨ ਬਣਦੀ ਹੈ ਅਤੇ ਇਹ ਜੁਗਤ ਕਾਵਿਕ ਆਕਰਸ਼ਣ ਪੈਦਾ ਕਰਕੇ ਸਾਹਿਤਕ ਸੁਹਜ ਵਿਚ ਵਾਧਾ ਕਰਦੀ ਹੈ।

ਇਸੇ ਤਰ੍ਹਾਂ, ਸੂਰਜ-ਚੰਦ ਲਈ ‘ਕੋਹ ਕਰੋੜੀ’ (ਕਰੋੜਾਂ ਕੋਹ) ਸ਼ਬਦ ਵਰਤਿਆ ਗਿਆ ਹੈ, ਜੋ ਸੂਰਜ-ਚੰਦ ਦੇ ਕਦੇ ਨਾ ਮੁੱਕਣ ਵਾਲੇ ਪੰਧ ਵੱਲ ਇਸ਼ਾਰਾ ਕਰ ਰਿਹਾ ਹੈ। ‘ਭੈ ਵਿਚਿ ਆਡਾਣੇ ਆਕਾਸ’ ਤੁਕ ਵਿਚ ਆਡਾਣੇ ਸ਼ਬਦ ਰਾਹੀਂ ਉੱਪਰ ਤਣੇ ਹੋਏ ਆਕਾਸ਼ ਵੱਲ ਸੰਕੇਤ ਕੀਤਾ ਗਿਆ ਹੈ। ਇਨ੍ਹਾਂ ਸ਼ਬਦਾਂ ਦੀ ਸਿਰਜਨਾਤਮਕ ਵਰਤੋਂ ਰਾਹੀਂ ਸਪਸ਼ਟ ਕੀਤਾ ਗਿਆ ਹੈ ਕਿ ਸਮੁੱਚੀ ਕੁਦਰਤ ਆਪਣੇ ਸਾਰੇ ਅੰਗਾਂ/ਤੱਤਾਂ ਸਮੇਤ ਪ੍ਰਭੂ ਦੇ ਭੈ ਜਾਂ ਨਿਯੰਤ੍ਰਣ ਵਿਚ ਰਹਿ ਕੇ ਬਿਨਾਂ ਕਿਸੇ ਮੋੜਵੀਂ ਮਜ਼ਦੂਰੀ ਦੀ ਤਾਂਘ ਦੇ ਆਪਣੇ ਕੰਮ ਪੂਰੇ ਕਰ ਰਹੀ ਹੈ।

ਤੇਰ੍ਹਵੀਂ ਤੁਕ ‘ਸਗਲਿਆਂ ਭਉ ਲਿਖਿਆ ਸਿਰਿ ਲੇਖ’ ਰੱਬੀ ਭੈ ਜਾਂ ਹੁਕਮ ਤੋਂ ਬਾਹਰ ਰਹਿਣ ਵਾਲੀ ਹਰ ਇਕ ਸੰਭਾਵਨਾ ਦੀ ਸਮਾਪਤੀ ਕਰ ਦਿੰਦੀ ਹੈ; ਜਦਕਿ ਆਖਰੀ ਤੁਕ ‘ਨਾਨਕ ਨਿਰਭਉ ਨਿਰੰਕਾਰੁ ਸਚੁ ਏਕੁ’ ਵਿਚ ਹੁਕਮ ਵਰਤਾਉਣ ਵਾਲੀ ਆਕਾਰ ਰਹਿਤ ਸਦਾ-ਥਿਰ ਹੋਂਦ ਨੂੰ ਇਸ ਹੁਕਮੀ ਵਰਤਾਰੇ ਤੋਂ ਨਿਰਲੇਪ ਦਰਸਾਕੇ, ਉਸ ਦੀ ਸਰਵ ਉੱਚਤਾ ਨੂੰ ਮੁੜ ਪ੍ਰਮਾਣਤ ਕੀਤਾ ਗਿਆ ਹੈ।