ਜਾਣ-ਪਛਾਣ
ਤੀਜੀ ਪਉੜੀ ਨਾਲ ੨ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੧੬ ਅਤੇ ਦੂਸਰੇ ਦੀਆਂ ੯ ਤੁਕਾਂ ਹਨ। ਪਹਿਲੇ ਸਲੋਕ ਵਿਚ ‘ਵਿਸਮਾਦੁ’ ਸ਼ਬਦ ਦੀ ਬਾਰ-ਬਾਰ ਵਰਤੋਂ ਰਾਹੀਂ ਇਕ ਖਾਸ ਤਰ੍ਹਾਂ ਦੀ ਨਾਦ-ਸੁੰਦਰਤਾ ਪੈਦਾ ਕਰਕੇ ਪ੍ਰਭੂ ਵੱਲੋਂ ਸਿਰਜੀ ਗਈ ਸਮੁੱਚੀ ਸ੍ਰਿਸ਼ਟੀ ਵਿਚ ਵਾਪਰ ਰਹੇ ਬੇਅੰਤ ਕੌਤਕਾਂ ਦੀ ਅਸਚਰਜਤਾ ਨੂੰ ਖ਼ੂਬਸੂਰਤੀ ਨਾਲ ਬਿਆਨ ਕੀਤਾ ਗਿਆ ਹੈ। ਦੂਸਰੇ ਸਲੋਕ ਵਿਚ ਦਸਿਆ ਹੈ ਕਿ ਸਾਰੀ ਕੁਦਰਤ ਅਤੇ ਕੁਦਰਤ ਦੇ ਸਾਰੇ ਅੰਗ ਉਸ ਪ੍ਰਭੂ ਦੀ ਰਚਨਾ ਹੈ। ਪ੍ਰਭੂ ਆਪ ਹੀ ਸਾਰੀ ਕੁਦਰਤ ਵਿਚ ਵਰਤ ਰਿਹਾ ਹੈ। ਇਸ ਪ੍ਰਕਾਰ ਇਸ ਸਲੋਕ ਵਿਚੋਂ ‘ਬਲਿਹਾਰੀ ਕੁਦਰਤਿ ਵਸਿਆ’ ਦਾ ਖੂਬਸੂਰਤ ਵਰਤਾਰਾ ਦ੍ਰਿਸਟੀਗੋਚਰ ਹੁੰਦਾ ਹੈ। ਪਉੜੀ ਵਿਚ ਇਕ ਮਾਦਾ-ਪ੍ਰਸਤ ਅਤੇ ਅਗਿਆਨੀ ਮਨੁਖ ਵਲੋਂ ਆਪਣਾ ਅਮੋਲਕ ਮਨੁਖਾ ਜੀਵਨ ਅਜਾਈਂ ਗਵਾ ਲੈਣ ਉਪਰੰਤ ਹੋਣ ਵਾਲੀ ਉਸ ਦੀ ਦੁਰਦਸ਼ਾ ਦਾ ਚਿਤਰਣ ਹੈ।