Connect

2005 Stokes Isle Apt. 896, Vacaville 10010, USA

[email protected]

ਪਉੜੀ ॥
ਤੁਰੇ ਪਲਾਣੇ ਪਉਣ ਵੇਗ    ਹਰ ਰੰਗੀ ਹਰਮ ਸਵਾਰਿਆ॥
ਕੋਠੇ ਮੰਡਪ ਮਾੜੀਆ    ਲਾਇ ਬੈਠੇ ਕਰਿ ਪਾਸਾਰਿਆ॥
ਚੀਜ ਕਰਨਿ ਮਨਿ ਭਾਵਦੇ    ਹਰਿ ਬੁਝਨਿ ਨਾਹੀ   ਹਾਰਿਆ॥
ਕਰਿ ਫੁਰਮਾਇਸਿ ਖਾਇਆ    ਵੇਖਿ ਮਹਲਤਿ ਮਰਣੁ ਵਿਸਾਰਿਆ॥
ਜਰੁ ਆਈ ਜੋਬਨਿ ਹਾਰਿਆ॥੧੭॥

ਪਉੜੀ ॥

ਤੁਰੇ ਪਲਾਣੇ ਪਉਣ ਵੇਗ    ਹਰ ਰੰਗੀ ਹਰਮ ਸਵਾਰਿਆ॥

ਕੋਠੇ ਮੰਡਪ ਮਾੜੀਆ    ਲਾਇ ਬੈਠੇ ਕਰਿ ਪਾਸਾਰਿਆ॥

ਚੀਜ ਕਰਨਿ ਮਨਿ ਭਾਵਦੇ    ਹਰਿ ਬੁਝਨਿ ਨਾਹੀ   ਹਾਰਿਆ॥

ਕਰਿ ਫੁਰਮਾਇਸਿ ਖਾਇਆ    ਵੇਖਿ ਮਹਲਤਿ ਮਰਣੁ ਵਿਸਾਰਿਆ॥

ਜਰੁ ਆਈ ਜੋਬਨਿ ਹਾਰਿਆ॥੧੭॥

ਉਹ ਮਨੁਖ, ਜਿਨ੍ਹਾਂ ਕੋਲ ਹਵਾ ਦੇ ਵਹਾਅ ਸਮਾਨ ਤੇਜ ਚਾਲ ਚੱਲਣ ਵਾਲੇ ਕਾਠੀਆਂ ਨਾਲ ਸ਼ਿੰਗਾਰੇ ਹੋਏ ਘੋੜੇ ਤੇ ਹਰ ਤਰ੍ਹਾਂ ਨਾਲ ਸਜਾਏ ਹੋਏ ਜਨਾਨਖਾਨੇ ਹਨ;
ਜੋ ਉੱਚੀਆਂ ਅਟਾਰੀਆਂ ਵਾਲੇ ਕੋਠੇ ਉਸਾਰ ਕੇ ਤੇ ਸ਼ਾਮਿਆਨੇ ਲਾ ਕੇ ਬੈਠੇ ਹਨ;
ਤੇ ਜੋ ਮਨ-ਭਾਉਂਦੇ ਚੋਜ-ਤਮਾਸ਼ੇ ਕਰਦੇ ਹਨ ਪਰ ਹਰੀ ਨੂੰ ਨਹੀਂ ਸਮਝਦੇ-ਬੁੱਝਦੇ, ਅਜਿਹੇ ਲੋਕ ਜੀਵਨ ਦੀ ਬਾਜੀ ਹਾਰ ਜਾਂਦੇ ਹਨ।
ਅਸਲ ਵਿਚ ਉਨ੍ਹਾਂ ਨੇ ਜੀਵਨ-ਭਰ ਫਰਮਾਇਸ਼ ਵਜੋਂ ਹੁਕਮ ਕਰ-ਕਰ ਕੇ ਹੀ ਖਾਧਾ ਹੁੰਦਾ ਹੈ ਤੇ ਆਪਣੇ ਉਚੇ ਆਲੀਸ਼ਾਨ ਮਹਿਲਾਂ ਨੂੰ ਵੇਖ ਕੇ ਮੌਤ ਨੂੰ ਮਨੋਂ ਭੁਲਾ ਦਿਤਾ ਹੁੰਦਾ ਹੈ।
ਅਖੀਰ, ਅਜਿਹੇ ਐਸ਼ੋ-ਆਰਾਮ ਵਿਚ ਗਲਤਾਨ ਵਿਅਕਤੀਆਂ ਦੀ ਜਵਾਨੀ ਨੇ ਵੀ ਬਿਰਧ ਅਵਸਥਾ ਆ ਜਾਣ ‘ਤੇ ਖਤਮ ਹੋ ਜਾਣਾ ਹੈ ਤੇ ਉਨ੍ਹਾਂ ਵੀ ਸੰਸਾਰ ਤੋਂ ਖਾਲੀ ਹਥ ਹੀ ਜਾਣਾ ਹੈ।

(ਉਹ ਮਨੁਖ ਜਿਨ੍ਹਾਂ ਕੋਲ) ਕਾਠੀਆਂ ਨਾਲ ਸ਼ਿੰਗਾਰੇ ਹੋਏ, ਪਉਣ ਦੇ ਵੇਗ ਵਾਲੇ ਘੋੜੇ (ਤੇ) ਹਰ ਤਰ੍ਹਾਂ ਨਾਲ ਸਜਾਏ ਹੋਏ ਜਨਾਨਖਾਨੇ ਹਨ;
ਜੋ (ਉੱਚੀਆਂ) ਅਟਾਰੀਆਂ ਵਾਲੇ ਕੋਠਿਆਂ ਦੇ ਪਸਾਰੇ ਪਸਾਰ ਕੇ (ਤੇ) ਸ਼ਾਮਿਆਨੇ ਲਾ ਕੇ ਬੈਠੇ ਹਨ;
ਜੋ ਮਨ-ਭਾਉਂਦੇ ਚੋਜ ਕਰਦੇ ਹਨ, ਪਰ ਹਰੀ ਨੂੰ ਨਹੀਂ ਬੁੱਝਦੇ, ਉਹ (ਜੀਵਨ ਦੀ ਬਾਜੀ) ਹਾਰ ਜਾਂਦੇ ਹਨ
(ਉਨ੍ਹਾਂ ਨੇ ਜੀਵਨ-ਭਰ) ਫਰਮਾਇਸ਼ ਵਜੋਂ (ਹੁਕਮ ਕਰ-ਕਰ ਕੇ) ਖਾਧਾ ਹੈ, (ਤੇ ਆਪਣੇ) ਮਹਿਲਾਂ ਨੂੰ ਵੇਖ ਕੇ ਮਰਨਾ ਭੁਲਾ ਦਿਤਾ ਹੈ
(ਅਜਿਹੇ ਮਾਇਕੀ ਐਸ਼ੋ-ਆਰਾਮ ਵਿਚ ਗਲਤਾਨ ਵਿਅਕਤੀਆਂ ਦੀ ਵੀ) ਜੋਬਨ ਲੰਘ ਜਾਣਤੇ ਬਿਰਧ ਅਵਸਥਾ ਜਾਣੀ ਹੈ

ਇਸ ਪਉੜੀ ਵਿਚ ਸਪਸ਼ਟ ਸ਼ਬਦਾਵਲੀ ਰਾਹੀਂ ਕਥਨ ਕੀਤਾ ਗਿਆ ਹੈ ਕਿ ਜਿਨ੍ਹਾਂ ਲੋਕਾਂ ਕੋਲ ਹਵਾ ਦੀ ਚਾਲ ਤੁਰਨ ਵਾਲੇ ਅਤੇ ਸਜੀਆਂ ਕਾਠੀਆਂ ਵਾਲੇ ਘੋੜੇ ਹਨ। ਜਿਨ੍ਹਾਂ ਦੇ ਹਰਮ ਹਰ ਪ੍ਰਕਾਰ ਦੇ ਰੰਗਾਂ ਨਾਲ ਸਜਾਏ ਗਏ ਹਨ। ਜੋ ਕੋਠੇ-ਮੰਡਪ ਮਾੜੀਆਂ ਦੇ ਪਸਾਰੇ ਪਸਾਰ ਕੇ ਬੈਠੇ ਹਨ ਤੇ ਮਨ ਭਾਉਂਦੀਆਂ ਖੇਡਾਂ ਕਰਦੇ ਹਨ। ਫਰਮਾਇਸ਼ਾਂ ਕਰਕੇ ਖਾਂਦੇ ਅਤੇ ਆਪਣੇ ਉਚੇ ਮਹਿਲ ਨੁਮਾਂ ਘਰਾਂ ਨੂੰ ਵੇਖ ਕੇ ਮੌਤ ਨੂੰ ਵੀ ਭੁੱਲ ਜਾਂਦੇ ਹਨ। ਪਰੰਤੂ ਬੁਢਾਪੇ ਅਗੇ ਉਨ੍ਹਾਂ ਦਾ ਜੋਬਨ ਹਾਰ ਜਾਂਦਾ ਹੈ। ਪ੍ਰਭੂ ਨੂੰ ਵਿਸਾਰ ਕੇ ਉਹ ਜੀਵਨ-ਬਾਜੀ ਹਾਰ ਜਾਂਦੇ ਹਨ

ਇਸ ਤਰ੍ਹਾਂ ਇਥੇ ਸਹਿਜ ਭਾਸ਼ਾਈ ਪ੍ਰਗਟਾਵੇ ਰਾਹੀ ਸੰਸਾਰਕ ਰਹਿਣ-ਸਹਿਣ ਤੇ ਉਸ ਦੀ ਨਾਸ਼ਮਾਨਤਾ ਦਾ ਵੇਰਵਾ ਦਿਤਾ ਗਿਆ ਹੈ ਅਤੇ ਜੀਵ ਨੂੰ ਚੇਤੰਨ ਕੀਤਾ ਗਿਆ ਹੈ ਕਿ ਪ੍ਰਭੂ ਨੂੰ ਭੁੱਲ ਕੇ ਉਹ ਸੰਸਾਰਕ ਭੋਗ ਆਦਿ ਵਿਚ ਲਿਪਤ ਨਾ ਰਹੇ।

ਇਸ ਪਉੜੀ ਦੀਆਂ ਪਹਿਲੀਆਂ ਦੋ ਤੁਕਾਂ ਦਾ ਮਾਤਰਾ ਵਿਧਾਨ ੧੪+੧੫ ਹੈ, ਜਦਕਿ ਤੀਜੀ ਅਤੇ ਚਉਥੀ ਤੁਕ ਵਿਚ ੧੩+੧੫ ਮਾਤਰਾਵਾਂ ਹਨ। ‘ਜਰੁ ਆਈ ਜੋਬਨਿ ਹਾਰਿਆ’ ਵਿਚ ਵੀ ੧੫ ਮਾਤਰਾਵਾਂ ਹਨ।