Connect

2005 Stokes Isle Apt. 896, Vacaville 10010, USA

[email protected]

ਸਲੋਕੁ ਮਃ ੧॥
ਜੇ ਮੋਹਾਕਾ ਘਰੁ ਮੁਹੈ    ਘਰੁ ਮੁਹਿ ਪਿਤਰੀ ਦੇਇ॥
ਅਗੈ ਵਸਤੁ ਸਿਞਾਣੀਐ    ਪਿਤਰੀ ਚੋਰ ਕਰੇਇ॥
ਵਢੀਅਹਿ ਹਥ ਦਲਾਲ ਕੇ    ਮੁਸਫੀ ਏਹ ਕਰੇਇ॥
ਨਾਨਕ   ਅਗੈ ਸੋ ਮਿਲੈ    ਜਿ ਖਟੇ ਘਾਲੇ ਦੇਇ॥੧॥

ਸਲੋਕੁ ਮਃ ੧॥

ਜੇ ਮੋਹਾਕਾ ਘਰੁ ਮੁਹੈ    ਘਰੁ ਮੁਹਿ ਪਿਤਰੀ ਦੇਇ॥

ਅਗੈ ਵਸਤੁ ਸਿਞਾਣੀਐ    ਪਿਤਰੀ ਚੋਰ ਕਰੇਇ॥

ਵਢੀਅਹਿ ਹਥ ਦਲਾਲ ਕੇ    ਮੁਸਫੀ ਏਹ ਕਰੇਇ॥

ਨਾਨਕ   ਅਗੈ ਸੋ ਮਿਲੈ    ਜਿ ਖਟੇ ਘਾਲੇ ਦੇਇ॥੧॥

ਜੇਕਰ ਕੋਈ ਚੋਰ ਕਿਸੇ ਦਾ ਘਰ ਲੁੱਟ ਲਵੇ ਤੇ ਲੁੱਟ ਦੇ ਮਾਲ ਵਿਚੋਂ ਕੋਈ ਵਸਤੂ ਆਪਣੇ ਮਰ ਚੁਕੇ ਵੱਡੇ-ਵਡੇਰਿਆਂ ਨਮਿਤ ਕੀਤੇ ਜਾਂਦੇ ਸਰਾਧਾਂ ਦੌਰਾਨ ਦਾਨ ਵਜੋਂ ਦੇ ਦੇਵੇ, ਤਾਂ ਅੱਗੇ ਪਰਲੋਕ ਵਿਚ ਉਹ ਵਸਤੂ ਪਛਾਣ ਲਈ ਜਾਂਦੀ ਹੈ, ਕਿਉਂਜੁ ਜਿਨ੍ਹਾਂ ਦੇ ਘਰੋਂ ਉਹ ਵਸਤੂ ਚੋਰੀ ਕੀਤੀ ਸੀ, ਉਨ੍ਹਾਂ ਦੇ ਪਿਤਰ ਵੀ ਪਰਲੋਕ ਵਿਚ ਮੌਜੂਦ ਹੋਣਗੇ। ਇਸ ਤਰ੍ਹਾਂ ਕਿਸੇ ਦਾ ਘਰ ਲੁੱਟਣ ਵਾਲਾ ਵਿਅਕਤੀ ਆਪਣੇ ਪਿਤਰਾਂ ਨੂੰ ਵੀ ਚੋਰ ਬਣਾ ਦਿੰਦਾ ਹੈ।
ਓਥੇ ਫਿਰ ਇਨਸਾਫ/ਨਿਆਂ ਵਜੋਂ ਇਹ ਕਾਰਵਾਈ ਕੀਤੀ ਜਾਂਦੀ ਹੈ ਕਿ ਸਰਾਧ ਆਦਿ ਦੇ ਬਹਾਨੇ ਪਿਤਰਾਂ ਨੂੰ ਵਸਤੂਆਂ ਪਹੁੰਚਾਉਣ ਵਾਲੇ ਬ੍ਰਾਹਮਣ-ਵਿਚੋਲੇ ਦੇ ਹੱਥ ਵਢ ਦਿਤੇ ਜਾਂਦੇ ਹਨ।
ਨਾਨਕ! ਇਸ ਤਰ੍ਹਾਂ ਅੱਗੇ ਪਰਲੋਕ ਵਿਚ ਉਹ ਕੁਝ ਹੀ ਮਿਲਦਾ ਹੈ, ਜੋ ਮਨੁਖ ਨੇ ਇਸ ਸੰਸਾਰ ਵਿਚ ਮਿਹਨਤ ਕਰਕੇ ਖੱਟਿਆ-ਕਮਾਇਆ ਹੋਵੇ ਤੇ ਫਿਰ ਉਸ ਵਿਚੋਂ ਕਿਸੇ ਨੂੰ ਕੁਝ ਦਾਨ ਦਿਤਾ ਹੋਵੇ।

ਜੇਕਰ (ਕੋਈ) ਚੋਰ (ਕਿਸੇ ਦਾ) ਘਰ ਲੁੱਟੇ, (ਤੇ) ਘਰ ਲੁੱਟ ਕੇ ਪਿਤਰਾਂ ਨੂੰ (ਦਾਨ ਵਜੋਂ) ਦੇਵੇ; (ਤਾਂ) ਅੱਗੇ (ਪਰਲੋਕ ਵਿਚ ਪਿਤਰਾਂ ਨਮਿਤ ਦਿਤੀ ਹੋਈ ਉਹ) ਵਸਤੂ ਪਛਾਣ ਲਈ ਜਾਂਦੀ ਹੈ (ਤੇ ਉਹ ਵਿਅਕਤੀ ਆਪਣੇ) ਪਿਤਰਾਂ ਨੂੰ ਚੋਰ ਬਣਾ ਦਿੰਦਾ ਹੈ
(ਓਥੇ ਫਿਰ, ਧਰਮ-ਰਾਜ) ਨਿਆਂ ਦੀ ਇਹ ਕਾਰਵਾਈ ਕਰਦਾ ਹੈ ਕਿ ਵਿਚੋਲੇ (ਬ੍ਰਾਹਮਣ) ਦੇ ਹੱਥ ਵਢ ਦਿਤੇ ਜਾਂਦੇ ਹਨ
(ਸੋ) ਨਾਨਕ! ਅਗੇ ਉਹ (ਕੁਝ ਹੀ) ਮਿਲਦਾ ਹੈ, ਜੋ (ਮਨੁਖ ਇਸ ਸੰਸਾਰ ਵਿਚ) ਘਾਲਦਾ, ਖੱਟਦਾ ਤੇ ਦਿੰਦਾ ਹੈ

ਇਸ ਸਲੋਕ ਵਿਚ ਪ੍ਰਤੀਕਾਤਮਕਤਾ ਅਤੇ ਸੰਕੇਤਾਤਮਕਤਾ ਦੀ ਪ੍ਰਭਾਵਸ਼ਾਲੀ ਵਰਤੋਂ ਦੁਆਰਾ ਸਰਾਧ ਆਦਿ ਫੋਕਟ ਕਰਮਕਾਂਡਾ ਰਾਹੀਂ ਧਨ ਉਗਰਾਹੀ ਕਰਨ ਵਾਲੇ ਪਖੰਡੀ ਪੁਜਾਰੀ ਵਰਗ ’ਤੇ ਵਿਅੰਗਾਤਮਕ ਚੋਟ ਕੀਤੀ ਗਈ ਹੈ। ਪ੍ਰਚਲਤ ਚਿੰਤਨ ਦੇ ਪ੍ਰਸੰਗ ਵਿਚ ਇਥੇ ਇਹ ਵੀ ਚਿਤਾਵਨੀ ਦਿਤੀ ਗਈ ਹੈ ਕਿ ਪ੍ਰਭੂ ਨਿਆਂ ਦੇ ਸਨਮੁਖ ਇਹ ਠੱਗੀ ਲੁਕਾਈ ਨਹੀਂ ਜਾ ਸਕਦੀ, ਬਲਕਿ ਪਛਾਣੀ ਜਾਂਦੀ ਹੈ। ਐਸੀ ਠੱਗੀ ਕਰਨ ਵਾਲੇ ਦਲਾਲ ਦੇ ਹੱਥ ਵੱਢ ਦਿਤੇ ਜਾਂਦੇ ਹਨ।

ਸਲੋਕ ਦੀ ਅੰਤਲੀ ਤੁਕ ਪਹਿਲੀਆਂ ਤਿੰਨ ਤੁਕਾਂ ਤੋਂ ਅਰਥ ਅਤੇ ਭਾਵ ਪੱਧਰ ’ਤੇ ਵਖਰੀ ਹੈ। ਇਸ ਲਈ ਇਥੇ ਅਰਥ ਪੱਧਰੀ ਵਿਪਥਨ ਆਇਆ ਹੈ। ਪਹਿਲੀਆਂ ਤਿੰਨ ਤੁਕਾਂ ਵਿਚ ਸੰਸਾਰ ਵਿਚ ਧਰਮ ਦੇ ਨਾਮ ’ਤੇ ਕੀਤੇ ਜਾਂਦੇ ਪਖੰਡਾਂ ਦਾ ਵੇਰਵਾ ਹੈ। ਚਉਥੀ ਤੁਕ ਵਿਚ ਗੁਰਮਤਿ ਸਿਧਾਂਤ ਅਨੁਸਾਰ ਇਹ ਸਪਸ਼ਟ ਕੀਤਾ ਗਿਆ ਹੈ ਕਿ ਘਾਲਣਾ ਕਰਕੇ ਜੋ ਖੱਟਿਆ ਜਾਂਦਾ ਹੈ, ਉਹ ਹੀ ਪਰਲੋਕ ਵਿਚ ਪ੍ਰਾਪਤ ਹੁੰਦਾ ਹੈ।

ਪਹਿਲੀਆਂ ਤਿੰਨ ਤੁਕਾਂ ਦਾ ਮਾਤਰਾ ਵਿਧਾਨ ੧੩+੧੧ ਹੈ। ਚਉਥੀ ਤੁਕ ਦਾ ੧੨+੧੧ ਹੈ, ਪਰੰਤੂ ਉਚਾਰਣ ਅਨੁਸਾਰ ਇਹ ਵੀ ੧੩+੧੧ ਬਣਦਾ ਹੈ। ਸੋ ਇਸ ਸਲੋਕ ਨੂੰ ਦੋਹਰਾ ਛੰਦ ਅਧੀਨ ਰਖਿਆ ਜਾ ਸਕਦਾ ਹੈ। ਇਸ ਦੀ ਬਣਤਰ ਵਿਚ ਦੋ ਦੋਹਰਿਆਂ ਨੂੰ ਜੋੜਿਆ ਗਿਆ ਹੈ।