Connect

2005 Stokes Isle Apt. 896, Vacaville 10010, USA

[email protected]

ਪਉੜੀ ॥
ਪੜਿਆ ਹੋਵੈ ਗੁਨਹਗਾਰੁ    ਤਾ ਓਮੀ ਸਾਧੁ ਨ ਮਾਰੀਐ ॥
ਜੇਹਾ ਘਾਲੇ ਘਾਲਣਾ    ਤੇਵੇਹੋ ਨਾਉ ਪਚਾਰੀਐ ॥
ਐਸੀ ਕਲਾ ਨ ਖੇਡੀਐ    ਜਿਤੁ ਦਰਗਹ ਗਇਆ ਹਾਰੀਐ ॥
ਪੜਿਆ ਅਤੈ ਓਮੀਆ    ਵੀਚਾਰੁ ਅਗੈ ਵੀਚਾਰੀਐ ॥
ਮੁਹਿ ਚਲੈ ਸੁ ਅਗੈ ਮਾਰੀਐ ॥੧੨॥

ਪਉੜੀ ॥

ਪੜਿਆ ਹੋਵੈ ਗੁਨਹਗਾਰੁ    ਤਾ ਓਮੀ ਸਾਧੁ ਨ ਮਾਰੀਐ ॥

ਜੇਹਾ ਘਾਲੇ ਘਾਲਣਾ    ਤੇਵੇਹੋ ਨਾਉ ਪਚਾਰੀਐ ॥

ਐਸੀ ਕਲਾ ਨ ਖੇਡੀਐ    ਜਿਤੁ ਦਰਗਹ ਗਇਆ ਹਾਰੀਐ ॥

ਪੜਿਆ ਅਤੈ ਓਮੀਆ    ਵੀਚਾਰੁ ਅਗੈ ਵੀਚਾਰੀਐ ॥

ਮੁਹਿ ਚਲੈ ਸੁ ਅਗੈ ਮਾਰੀਐ ॥੧੨॥

ਜੇ ਕੋਈ ਪੜ੍ਹਿਆ-ਲਿਖਿਆ ਮਨੁਖ ਦੋਸ਼ੀ ਹੋਵੇ, ਤਾਂ ਦਰਗਾਹ ਵਿਚ ਉਸ ਨੂੰ ਹੀ ਮਾਰ ਪੈਂਦੀ ਹੈ; ਉਸ ਦੀ ਥਾਂ ਕਿਸੇ ਨਿਰਦੋਸ਼ ਅਨਪੜ੍ਹ ਸਾਧ ਨੂੰ ਨਹੀਂ ਮਾਰਿਆ ਜਾ ਸਕਦਾ; ਭਾਵ, ਪੜ੍ਹਿਆ ਲਿਖਿਆ ਹੋਣ ‘ਤੇ ਗੁਨਾਹ ਮਾਫ ਨਹੀਂ ਹੋ ਜਾਂਦੇ। ਜੋ ਗੁਨਾਹ ਕਰਦਾ ਹੈ, ਸਜ਼ਾ ਵੀ ਉਸ ਨੂੰ ਹੀ ਭੁਗਤਣੀ ਪੈਂਦੀ ਹੈ।
ਸੰਸਾਰ ‘ਤੇ ਜਿਹੋ ਜਿਹਾ ਕੋਈ ਚੰਗਾ ਜਾਂ ਮਾੜਾ ਮਨੁਖ ਘਾਲ-ਕਮਾਈ ਕਰਦਾ ਹੈ, ਉਹੋ ਜਿਹਾ ਹੀ ਚੰਗਾ ਜਾਂ ਮਾੜਾ ਉਸਦਾ ਨਾਮ ਪ੍ਰਚਲਤ ਹੋ ਜਾਂਦਾ ਹੈ।
ਇਹੋ ਜਿਹੀ ਜੀਵਨ-ਖੇਡ ਨਹੀਂ ਖੇਡਣੀ ਚਾਹੀਦੀ, ਜਿਸ ਨਾਲ ਦਰਗਾਹ ਵਿਚ ਜਾਣ ‘ਤੇ ਹਾਰ ਹੋਵੇ।
ਕੌਣ ਅਸਲ ਵਿਚ ਪੜ੍ਹਿਆ ਹੋਇਆ ਹੈ ਤੇ ਕੌਣ ਅਨਪੜ੍ਹ ਹੈ? ਇਸ ਦਾ ਨਿਰਣਾ ਅਗੇ ਦਰਗਾਹ ਵਿਚ ਕੀਤਾ ਜਾਂਦਾ ਹੈ।
ਜਿਹੜਾ ਮਨੁਖ ਇਸ ਸੰਸਾਰ ਵਿਚ ਲੁਟ-ਖਸੁੱਟ ਕਰਕੇ ਜਾਂਦਾ ਹੈ, ਉਸ ਨੂੰ ਅਗੇ ਦਰਗਾਹ ਵਿਚ ਮਾਰ ਪੈਂਦੀ ਹੈ, ਉਹ ਭਾਵੇਂ ਪੜ੍ਹਿਆ ਹੋਵੇ ਜਾਂ ਅਨਪੜ੍ਹ।

ਜੇ (ਕੋਈ) ਪੜ੍ਹਿਆ (ਲਿਖਿਆ ਮਨੁਖ) ਦੋਸ਼ੀ ਹੋਵੇ, ਤਾਂ (ਉਸ ਦੀ ਥਾਂ ਕਿਸੇ )ਅਨਪੜ੍ਹ ਸਾਧੂ ਨੂੰ ਨਹੀਂ ਮਾਰਿਆ ਜਾ ਸਕਦਾ
(ਸੰਸਾਰ ਤੇ) ਜਿਹੋ ਜਿਹਾ (ਕੋਈ ਚੰਗਾ ਜਾਂ ਮਾੜਾ ਮਨੁਖ) ਘਾਲ ਘਾਲਦਾ ਹੈ, ਤਿਹੋ ਜਿਹਾ (ਹੀ ਉਸਦਾ) ਨਾਮ ਪ੍ਰਚਲਤ ਹੋ ਜਾਂਦਾ ਹੈ
ਇਹੋ ਜਿਹੀ (ਜੀਵਨ) ਖੇਡ ਨਹੀਂ ਖੇਡੀ ਜਾਣੀ ਚਾਹੀਦੀ, ਜਿਸ ਨਾਲ ਦਰਗਾ ਵਿਚ ਜਾਣਤੇ ਹਾਰ ਜਾਈਏ
ਪੜ੍ਹਿਆਂ ਅਤੇ ਅਨਪੜ੍ਹਾਂ (ਦਾ) ਵੀਚਾਰ, ਅਗੇ (ਦਰਗਾਹ ਵਿਚ) ਵੀਚਾਰੀਦਾ ਹੈ
(ਜਿਹੜਾ ਮਨੁਖ ਇਸ ਸੰਸਾਰ ਵਿਚ) ਠੱਗ ਕੇ ਜਾਂਦਾ ਹੈ, ਉਹ ਅਗੇ (ਦਰਗਾਹ ਵਿਚ) ਮਾਰੀਦਾ ਹੈ

ਇਸ ਪਉੜੀ ਵਿਚ ਸਹਿਜ ਭਾਸ਼ਾਈ ਪ੍ਰਗਟਾਵੇ ਦੀ ਵਰਤੋਂ ਰਾਹੀਂ ਸਪਸ਼ਟ ਕਥਨ ਕੀਤਾ ਗਿਆ ਹੈ ਕਿ ਪੜ੍ਹੇ-ਲਿਖੇ ਗੁਨਹਗਾਰ ਦੀ ਥਾਂ ਅਨਪੜ੍ਹ ਸਾਧ ਨੂੰ ਨਹੀਂ ਮਾਰਿਆ ਜਾ ਸਕਦਾ। ਮਨੁਖ ਜੈਸੀ ਘਾਲਣਾ ਘਾਲਦਾ ਹੈ ਉਸਨੂੰ ਉਸ ਅਨੁਸਾਰ ਹੀ ਨਾਉ ਮਿਲਦਾ ਹੈ। ਜੀਵ ਨੂੰ ਐਸੀ ਖੇਡ ਨਹੀਂ ਖੇਡਣੀ ਚਾਹੀਦੀ, ਜਿਸਦੇ ਫਲਸਰੂਪ ਪ੍ਰਭੂ ਦੀ ਦਰਗਾਹ ਵਿਚ ਜਾ ਕੇ ਉਸਦੀ ਹਾਰ ਹੋ ਜਾਵੇ। ਪ੍ਰਭੂ ਦੀ ਦਰਗਾਹ ਵਿਚ ਪੜ੍ਹੇ-ਅਨਪੜ੍ਹ ਇਕ ਸਮਾਨ ਮੰਨੇ ਜਾਂਦੇ ਹਨ ਅਤੇ ਉਨ੍ਹਾਂ ਦਾ ਨਿਬੇੜਾ ਉਨ੍ਹਾਂ ਦੇ ਵਿਚਾਰਾਂ ਅਤੇ ਕੀਤੇ ਕਰਮਾਂ ਅਨੁਸਾਰ ਹੀ ਹੁੰਦਾ ਹੈ। ਜੋ ਜੀਵ ਆਪਣੀ ਮਰਜੀ ਮੁਤਾਬਕ ਚਲਦਾ ਹੈ, ਉਹ ਅਗੇ ਪ੍ਰਭੂ ਦੀ ਦਰਗਾਹ ਵਿਚ ਸਜ਼ਾ ਪਾਉਂਦਾ ਹੈ।

ਇਸ ਪਉੜੀ ਵਿਚ ਲੋਕੋਕਤੀ ਅਲੰਕਾਰ ਦੀ ਭਰਪੂਰ ਵਰਤੋਂ ਹੋਈ ਹੈ, ਜਿਵੇਂ; ‘ਘਾਲੇ ਘਾਲਣਾ’, ‘ਨਾਉ ਪਚਾਰੀਐ’, ‘ਕਲਾ ਨ ਖੇਡੀਐ’, ‘ਮੁਹਿ ਚਲੈ’ ਆਦਿ।

ਇਸ ਪਉੜੀ ਦਾ ਮਾਤਰਾ ਵਿਧਾਨ ੧੪+੧੬ ਹੈ। ਅੰਤਲੀ ਤੁਕ ਵਿਚ ੧੬ ਮਾਤਰਾਵਾਂ ਹਨ।