Connect

2005 Stokes Isle Apt. 896, Vacaville 10010, USA

[email protected]

ਮਃ ੨ ॥
ਜੋਗ ਸਬਦੰ ਗਿਆਨ ਸਬਦੰ    ਬੇਦ ਸਬਦੰ ਬ੍ਰਾਹਮਣਹ ॥
ਖਤ੍ਰੀ ਸਬਦੰ ਸੂਰ ਸਬਦੰ    ਸੂਦ੍ਰ ਸਬਦੰ ਪਰਾ ਕ੍ਰਿਤਹ ॥
ਸਰਬ ਸਬਦੰ ਏਕ ਸਬਦੰ    ਜੇ ਕੋ ਜਾਣੈ ਭੇਉ ॥
ਨਾਨਕੁ ਤਾ ਕਾ ਦਾਸੁ ਹੈ    ਸੋਈ ਨਿਰੰਜਨ ਦੇਉ ॥੩॥

ਮਃ ੨ ॥

ਜੋਗ ਸਬਦੰ ਗਿਆਨ ਸਬਦੰ    ਬੇਦ ਸਬਦੰ ਬ੍ਰਾਹਮਣਹ ॥

ਖਤ੍ਰੀ ਸਬਦੰ ਸੂਰ ਸਬਦੰ    ਸੂਦ੍ਰ ਸਬਦੰ ਪਰਾ ਕ੍ਰਿਤਹ ॥

ਸਰਬ ਸਬਦੰ ਏਕ ਸਬਦੰ    ਜੇ ਕੋ ਜਾਣੈ ਭੇਉ ॥

ਨਾਨਕੁ ਤਾ ਕਾ ਦਾਸੁ ਹੈ    ਸੋਈ ਨਿਰੰਜਨ ਦੇਉ ॥੩॥

ਜੋਗੀ ਦਾ ਕਰਤੱਵ ਗਿਆਨ ਪ੍ਰਾਪਤ ਕਰਨਾ ਅਤੇ ਬ੍ਰਾਹਮਣ ਦਾ ਕਰਤੱਵ ਵੇਦ ਦਾ ਪਠਨ-ਪਾਠਨ ਕਰਨਾ ਮੰਨਿਆ ਜਾਂਦਾ ਹੈ।
ਖਤ੍ਰੀ ਦਾ ਕਰਤੱਵ ਸੂਰਮਗਤੀ ਦੇ ਧਰਮ ਦੀ ਪਾਲਣਾ ਕਰਨੀ ਅਤੇ ਸ਼ੂਦਰ ਦਾ ਕਰਤੱਵ ਦੂਜੇ ਦੀ ਟਹਿਲ ਸੇਵਾ ਕਰਨੀ ਦਸਿਆ ਜਾਂਦਾ ਹੈ।
ਅਸਲ ਵਿਚ ਤਾਂ ਸਾਰੇ ਕਰਤੱਵਾਂ ਵਿਚੋਂ ਸ੍ਰੇਸ਼ਟ ਕਰਤੱਵ ਕੇਵਲ ਇਕੋ ਸੱਚ-ਧਰਮ ਦੀ ਪਾਲਣਾ ਕਰਨੀ, ਭਾਵ, ਸਦਾ-ਥਿਰ ਪ੍ਰਭੂ ਦੀ ਅਰਾਧਨਾ ਕਰਨਾ ਹੀ ਹੈ। ਜੇ ਕੋਈ ਮਨੁਖ ਇਸ ਰਹੱਸ ਨੂੰ ਜਾਣ ਲਵੇ ਤਾਂ ਉਹ ਮਾਇਆ ਦੀ ਕਾਲਖ ਤੋਂ ਮੁਕਤ ਪ੍ਰਕਾਸ਼-ਰੂਪ ਹਰੀ ਦਾ ਹੀ ਰੂਪ ਹੋ ਨਿਬੜਦਾ ਹੈ। ‘ਨਾਨਕ’ ਅਜਿਹੇ ਮਨੁਖ ਦਾ ਗੁਲਾਮ ਹੈ।

(ਮੰਨਿਆ ਜਾਂਦਾ ਹੈ ਕਿ) ਜੋਗੀ ਦਾ ਧਰਮ ਹੈ ਗਿਆਨ-ਧਰਮ (ਦੀ ਪ੍ਰਾਪਤੀ) ਤੇ ਬ੍ਰਾਹਮਣ ਦਾ ਧਰਮ ਹੈ ਵੇਦ (ਦਾ ਪਠਨ-ਪਾਠਨ ਕਰਨਾ)
ਖਤ੍ਰੀ ਦਾ ਧਰਮ ਹੈ ਸੂਰਮਗਤੀ ਦੇ ਧਰਮ (ਦੀ ਪਾਲਣਾ ਕਰਨੀ), ਤੇ ਸ਼ੂਦਰ ਦਾ ਧਰਮ ਹੈ ਪਰਾਈ ਕਿਰਤ-ਕਾਰ (ਕਰਨੀ)
(ਪਰ ਅਸਲ ਵਿਚ ਸਦਾ-ਥਿਰ ਪ੍ਰਭੂ ਦੀ ਅਰਾਧਨਾ ਹੀ) ਸਾਰੇ ਧਰਮਾਂ ਦਾ ਇਕੋ-ਇਕ ਧਰਮ ਹੈ, ਜੇ ਕੋਈ (ਇਸ) ਭੇਦ ਨੂੰ ਜਾਣ ਲਵੇ ਨਾਨਕਉਸ ਦਾ ਦਾਸ ਹੈ (ਕਿਉਂਕਿ) ਉਹ ਮਾਇਆ ਦੀ ਕਾਲਖ ਤੋਂ ਮੁਕਤ ਪ੍ਰਕਾਸ਼-ਰੂਪ ਹਰੀ (ਦਾ ਹੀ ਰੂਪ ਹੋ ਨਿਬੜਦਾ) ਹੈ

ਸਹਸਕ੍ਰਿਤੀ ਭਾਸ਼ਾਈ ਮੁਹਾਵਰੇ ਵਾਲੇ ਇਸ ਸਲੋਕ ਦੀਆਂ ਪਹਿਲੀਆਂ ਤਿੰਨ ਤੁਕਾਂ ਵਿਚ ‘ਸਬਦੰ’ ਦੀ ਅੱਠ ਵਾਰੀ ਵਰਤੋਂ ਹੋਣ ਕਾਰਨ ਇਥੇ ਸ਼ਬਦ ਪੱਧਰੀ ਸਮਾਨੰਤਰਤਾ ਹੈ। ਪਹਿਲੀਆਂ ਦੋ ਤੁਕਾਂ ਅਤੇ ਤੀਸਰੀ ਅਰਧ ਤੁਕ ਦੀ ਸੰਰਚਨਾ ਵੀ ਸਮਾਨ ਹੈ, ਜਿਸ ਕਾਰਨ ਇਥੇ ਸੰਰਚਨਾ ਪੱਧਰੀ ਸਮਾਨੰਤਰਤਾ ਵੀ ਹੈ। ਇਨ੍ਹਾਂ ਸਮੂਹ ਸਮਾਨੰਤਰਤਾਵਾਂ ਕਾਰਨ ਇਸ ਸਲੋਕ ਵਿਚ ਇਕ ਵਿਸ਼ੇਸ਼ ਨਾਦ ਸੁੰਦਰਤਾ ਉਤਪੰਨ ਹੋ ਰਹੀ ਹੈ।

ਇਸ ਸਲੋਕ ਵਿਚ ਇਕਹਿਰੇ ਅਰਥਾਂ ਵਾਲੀ ਸ਼ਬਦਾਵਲੀ ਰਾਹੀਂ ਕਥਨ ਕੀਤਾ ਗਿਆ ਹੈ ਕਿ ਵਖ-ਵਖ ਮਤਾਂ, ਸੰਪਰਦਾਵਾਂ ਅਤੇ ਵਰਣਾਂ ਆਦਿ ਦੇ ਧਰਮ-ਕਰਮ ਵਖ-ਵਖ ਹਨ। ਪਰੰਤੂ ਤੀਜੀ ਤੁਕ ਵਿਚ ਇਹ ਦ੍ਰਿੜ ਕਰਾਇਆ ਗਿਆ ਹੈ ਕਿ ਅਸਲ ਵਿਚ ਸਾਰਿਆਂ ਦਾ ਧਰਮ ਇਕ ਅਕਾਲ ਪੁਰਖ ਦੀ ਅਰਾਧਨਾ ਕਰਨਾ ਹੀ ਹੈ। ਜੋ ਇਸ ਭੇਦ ਨੂੰ ਜਾਣ ਲੈਂਦਾ ਹੈ, ਉਹ ਜੀਵ ਆਪ ਨਿਰੰਜਨ ਰੂਪ ਹੋ ਨਿਬੜਦਾ ਹੈ।

ਸਲੋਕ ਦੀ ਆਖਰੀ ਤੁਕ ਵਿਚ ਪ੍ਰਭੂ ਲਈ ‘ਨਿਰੰਜਨ’ (ਨਿਰ+ਅੰਜਨ: ਮਾਇਆ ਦੀ ਕਾਲਖ ਤੋਂ ਮੁਕਤ) ਸ਼ਬਦ ਦੀ ਵਰਤੋਂ ਹੋਈ ਹੈ। ਇਹ ਪ੍ਰਭੂ ਦੀ ਵਿਸ਼ੇਸ਼ਤਾ ਦਰਸਾਉਂਦਾ ਵਿਸ਼ੇਸ਼ਣ ਹੈ। ਸੋ ਇਥੇ ਪਰਿਕਰ ਅਲੰਕਾਰ ਹੈ।

ਇਸ ਸਲੋਕ ਦੀਆਂ ਪਹਿਲੀਆਂ ਦੋ ਤੁਕਾਂ ਦਾ ਮਾਤਰਾ ਵਿਧਾਨ ੧੫+੧੩ ਹੈ। ਤੀਜੀ ਤੁਕ ਤੋਂ ਪਹਿਲੇ ਅੱਧ ਵਿਚ ੧੫ ਅਤੇ ਦੂਜੇ ਅੱਧ ਵਿਚ ੧੧ ਮਾਤਰਾਵਾਂ ਹਨ। ਚਉਥੀ ਤੁਕ ਵਿਚ ੧੩+੧੧ ਮਾਤਰਾਵਾਂ ਹਨ। ਇਸ ਲਈ ਪਹਿਲੀਆਂ ਤੁਕਾਂ ਸਰਸੀ ਛੰਦ ਅਤੇ ਅੰਤਲੀਆਂ ਤੁਕਾਂ ਦੋਹਰੇ ਛੰਦ ਦੇ ਅਧੀਨ ਰਖੀਆਂ ਜਾ ਸਕਦੀਆਂ ਹਨ।