Connect

2005 Stokes Isle Apt. 896, Vacaville 10010, USA

[email protected]

ਸਲੋਕੁ ਮਃ ੧ ॥
ਦੁਖੁ ਦਾਰੂ   ਸੁਖੁ ਰੋਗੁ ਭਇਆ    ਜਾ ਸੁਖੁ ਤਾਮਿ ਨ ਹੋਈ ॥
ਤੂੰ ਕਰਤਾ ਕਰਣਾ   ਮੈ ਨਾਹੀ    ਜਾ ਹਉ ਕਰੀ ਨ ਹੋਈ ॥੧॥
ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥
ਜਾਤਿ ਮਹਿ ਜੋਤਿ   ਜੋਤਿ ਮਹਿ ਜਾਤਾ    ਅਕਲ ਕਲਾ ਭਰਪੂਰਿ ਰਹਿਆ ॥
ਤੂੰ ਸਚਾ ਸਾਹਿਬੁ   ਸਿਫਤਿ ਸੁਆਲਿ੍ਉ    ਜਿਨਿ ਕੀਤੀ ਸੋ ਪਾਰਿ ਪਇਆ ॥
ਕਹੁ ਨਾਨਕ ਕਰਤੇ ਕੀਆ ਬਾਤਾ    ਜੋ ਕਿਛੁ ਕਰਣਾ ਸੁ ਕਰਿ ਰਹਿਆ ॥੨॥

ਸਲੋਕੁ ਮਃ ੧ ॥

ਦੁਖੁ ਦਾਰੂ   ਸੁਖੁ ਰੋਗੁ ਭਇਆ    ਜਾ ਸੁਖੁ ਤਾਮਿ ਨ ਹੋਈ ॥

ਤੂੰ ਕਰਤਾ ਕਰਣਾ   ਮੈ ਨਾਹੀ    ਜਾ ਹਉ ਕਰੀ ਨ ਹੋਈ ॥੧॥

ਬਲਿਹਾਰੀ ਕੁਦਰਤਿ ਵਸਿਆ ॥ ਤੇਰਾ ਅੰਤੁ ਨ ਜਾਈ ਲਖਿਆ ॥੧॥ ਰਹਾਉ ॥

ਜਾਤਿ ਮਹਿ ਜੋਤਿ   ਜੋਤਿ ਮਹਿ ਜਾਤਾ    ਅਕਲ ਕਲਾ ਭਰਪੂਰਿ ਰਹਿਆ ॥

ਤੂੰ ਸਚਾ ਸਾਹਿਬੁ   ਸਿਫਤਿ ਸੁਆਲਿ੍ਉ    ਜਿਨਿ ਕੀਤੀ ਸੋ ਪਾਰਿ ਪਇਆ ॥

ਕਹੁ ਨਾਨਕ ਕਰਤੇ ਕੀਆ ਬਾਤਾ    ਜੋ ਕਿਛੁ ਕਰਣਾ ਸੁ ਕਰਿ ਰਹਿਆ ॥੨॥

ਦੁਖ ਇਲਾਜ ਤੇ ਸੁਖ ਰੋਗ ਹੋ ਗਿਆ ਹੈ, ਕਿਉਂਕਿ ਦੁਖ ਵੇਲੇ ਪ੍ਰਭੂ ਚੇਤੇ ਆਉਂਦਾ ਹੈ ਤੇ ਇਸ ਨਾਲ ਤਨ-ਮਨ ਅਰੋਗ ਹੋ ਜਾਂਦਾ ਹੈ। ਪਰ ਜਦੋਂ ਸੁਖ ਹੁੰਦਾ ਹੈ, ਉਦੋਂ ਕਰਤਾਪੁਰਖ ਚੇਤੇ ਨਹੀਂ ਆਉਂਦਾ ਜਿਸ ਕਾਰਨ ਤਨ-ਮਨ ਰੋਗੀ ਹੋ ਜਾਂਦਾ ਹੈ। ਭਾਵ ਇਹ ਹੈ ਕਿ ਦੁਖ ਤੋਂ ਘਬਰਾਉਣ ਦੀ ਬਜਾਏ, ਮਾਲਕ ਦੀ ਸਿਫਤਿ-ਸਾਲਾਹ ਵਿਚ ਜੁੜਨਾ ਚਾਹੀਦਾ ਹੈ। ਇਸ ਨਾਲ ਹੀ ਦੁਖ ਦੂਰ ਹੋਕੇ ਸਦੀਵੀ ਸੁਖ ਦੀ ਪ੍ਰਾਪਤੀ ਹੋ ਸਕਦੀ ਹੈ।
ਹੇ ਕਰਤਾਪੁਰਖ! ਸਭ ਕੁਝ ਕਰਣ ਦੇ ਸਮਰਥ ਕੇਵਲ ਤੂੰ ਹੀ ਹੈਂ, ਮੈਂ ਨਹੀਂ। ਜਦੋਂ ਮੈਂ ਤੇਰੀ ਪ੍ਰੇਰਕ-ਸੱਤਾ ਤੋਂ ਮੁਨਕਰ ਹੋ ਕੇ ਕੁਝ ਕਰਨ ਦਾ ਜਤਨ ਕਰਦਾ ਹਾਂ ਤਾਂ ਮੇਰੇ ਤੋਂ ਕੁਝ ਨਹੀਂ ਹੁੰਦਾ; ਭਾਵ, ਹਰ ਇਕ ਕਾਰਜ ਨੂੰ ਕਰਣਜੋਗ ਸਿਰਫ ਤੂੰ ਹੀ ਹੈਂ।
ਹੇ ਕੁਦਰਤ ਵਿਚ ਵਸੇ ਹੋਏ ਕਰਤਾਪੁਰਖ! ਮੈਂ ਤੇਰੇ ਤੋਂ ਕੁਰਬਾਨ ਜਾਂਦਾ ਹਾਂ! ਤੇਰਾ ਅੰਤ ਕਿਸੇ ਤੋਂ ਨਹੀਂ ਜਾਣਿਆ ਜਾ ਸਕਦਾ।
ਸਾਰੀ ਪ੍ਰਕਿਰਤੀ ਵਿਚ ਤੇਰੀ ਹੀ ਚੇਤਨਾ ਵਰਤ ਰਹੀ ਹੈ ਅਤੇ ਤੇਰੀ ਚੇਤਨਾ ਵਿਚ ਹੀ ਸਾਰੀ ਪ੍ਰਕਿਰਤੀ ਹੈ। ਇਸ ਪ੍ਰਕਾਰ ਤੂੰ ਆਪਣੀ ਅਖੰਡ ਸੱਤਾ (ਅਕਲ-ਕਲਾ) ਕਰਕੇ ਸਭ ਥਾਈਂ ਵਿਆਪਕ ਹੋਇਆ ਪਿਆ ਹੈਂ।
ਤੂੰ ਸਦਾ-ਥਿਰ ਮਾਲਕ ਹੈਂ, ਤੇਰੀ ਸਿਫਤਿ-ਸਾਲਾਹ ਸਰਬ ਸ੍ਰੇਸ਼ਟ ਹੈ; ਜਿਸ-ਜਿਸ ਮਨੁਖ ਨੇ ਵੀ ਤੇਰੀ ਸਿਫਤਿ-ਸਾਲਾਹ ਕੀਤੀ, ਉਹ ਸੰਸਾਰ ਸਾਗਰ ਤੋਂ ਪਾਰ ਹੋ ਗਿਆ।
ਨਾਨਕ ਦਾ ਕਥਨ ਹੈ ਕਿ ਕਰਤਾ ਪੁਰਖ ਦੀਆਂ ਗੱਲਾਂ ਅਤਿ ਬੇਹਦ ਰਮਜ ਭਰੀਆਂ ਹਨ; ਉਹ ਆਪ ਹੀ ਉਨ੍ਹਾਂ ਨੂੰ ਜਾਣਦਾ ਹੈ। ਜੋ ਕੁਝ ਸੰਸਾਰ ਦੇ ਜੀਵਾਂ ਲਈ ਕਰਨਾ ਬਣਦਾ ਹੈ, ਉਹ ਆਪਣੀ ਰਜ਼ਾ ਵਿਚ ਕਰੀ ਜਾ ਰਿਹਾ ਹੈ।

ਦੁਖ ਦਵਾ (ਤੇ) ਸੁਖ ਰੋਗ ਹੋ ਗਿਆ ਹੈ, (ਕਿਉਂਕਿ) ਜਦੋਂ ਸੁਖ ਹੈ ਤਦੋਂ (ਕਰਤਾਪੁਰਖ ਦਾ ਚੇਤਾ) ਨਹੀਂ ਹੁੰਦਾ
(ਹੇ ਕਰਤਾਪੁਰਖ!) ਤੂੰ (ਹੀ ਸਭ ਕੁਝ) ਕਰਣਜੋਗ ਕਰਤਾਰ ਹੈਂ, ਮੈਂ ਨਹੀਂ ਜਦੋਂ ਮੈਂ (ਕੁਝ) ਕਰਦਾ ਹਾਂ, (ਤਾਂ ਮੇਰੇ ਤੋਂ ਕੁਝ) ਨਹੀਂ ਹੁੰਦਾ
ਹੇ ਕੁਦਰਤ ਵਿਚ ਵਸੇ ਹੋਏ (ਕਰਤਾਪੁਰਖ! ਮੈਂ ਤੇਰੇ ਤੋਂ) ਸਦਕੇ ਹਾਂ ਤੇਰਾ ਅੰਤ ਨਹੀਂ ਜਾਣਿਆ ਜਾ ਸਕਦਾ
(ਸਾਰੀ) ਉਤਪਤੀ ਵਿਚ (ਤੇਰੀ) ਜੋਤਿ (ਤੇ ਤੇਰੀ) ਜੋਤਿ ਵਿਚ (ਹੀ ਸਾਰੀ) ਉਤਪਤੀ ਹੈ; (ਤੂੰ ਆਪਣੀ) ਅਖੰਡ ਸੱਤਾ ਸਦਕਾ (ਹਰ ਥਾਂ) ਵਿਆਪਕ ਹੋ ਰਿਹਾ ਹੈਂ
ਤੂੰ ਸੱਚਾ ਮਾਲਕ ਹੈਂ, (ਤੇਰੀ) ਸਿਫਤਿ-ਸਾਲਾਹ ਸਰਬ ਸ੍ਰੇਸ਼ਟ ਹੈ; ਜਿਸ (ਮਨੁਖ) ਨੇ ਕੀਤੀ, ਉਹ ਪਾਰ ਪੈ ਗਿਆ
ਨਾਨਕ ਦਾ ਕਥਨ ਹੈ (ਕਿ) ਕਰਤਾ ਪੁਰਖ ਦੀਆਂ ਗੱਲਾਂ (ਅਤਿ ਗੁਹਜ ਹਨ; ਉਸ ਨੇ) ਜੋ ਕੁਝ ਕਰਨਾ ਹੈ, ਉਹ ਕਰੀ ਜਾ ਰਿਹਾ ਹੈ

ਇਸ ਸਲੋਕ ਦੀ ਪਹਿਲੀ ਤੁਕ ਵਿਚ ‘ਦੁਖੁ’ ਨੂੰ ‘ਦਾਰੂ’ ਅਤੇ ‘ਸੁਖੁ’ ਨੂੰ ‘ਰੋਗੁ’ ਦਰਸਾਇਆ ਗਿਆ ਹੈ। ਭਾਰਤੀ ਕਾਵਿ-ਸ਼ਾਸ਼ਤਰੀ ਪਰਿਪੇਖ ਵਿਚ ‘ਦੁਖੁ’ ਤੇ ‘ਸੁਖੁ’ ਉਪਮੇਯ ਅਤੇ ‘ਦਾਰੂ’ ਤੇ ‘ਰੋਗੁ’ ਉਪਮਾਨ ਨੂੰ ਇਕ ਰੂਪ ਸਵੀਕਾਰ ਕਰਨ ਕਰਕੇ ਸਲੋਕ ਦੀ ਇਹ ਤੁਕ ਰੂਪਕ ਅਲੰਕਾਰ ਦੀ ਖੁਬਸੂਰਤ ਉਦਾਹਰਣ ਸਥਾਪਤ ਹੁੰਦੀ ਹੈ। ਦੂਜੀ ਤੁਕ ਵਿਚ ਸਹਿਜ ਭਾਸ਼ਾਈ ਪ੍ਰਗਟਾਵੇ ਦੀ ਵਰਤੋਂ ਕਰਦਿਆਂ ਸਪਸ਼ਟ ਕੀਤਾ ਗਿਆ ਹੈ ਕਿ ਪ੍ਰਭੂ ਕਰਣਹਾਰ ਕਰਤਾ ਹੈ, ਜਿਸਦੇ ਸਨਮੁਖ ਜੀਵ ਦੀ ਕੋਈ ਸਮਰਥਾ ਹੀ ਨਹੀਂ ਹੈ।

‘ਰਹਾਉ’ ਵਾਲੇ ਬੰਦ ਵਿਚ ਕੁਦਰਤਿ ਵਿਚ ਵਸ ਰਹੇ ਕਰਤੇ ਤੋਂ ਸਦਕੇ ਜਾਣ ਦੀ ਤੀਬਰ ਭਾਵਨਾ ਪ੍ਰਗਟ ਹੁੰਦੀ ਹੈ। ‘ਜਾਤਿ ਮਹਿ ਜੋਤਿ, ਜੋਤਿ ਮਹਿ ਜਾਤਾ’ ਤੁਕ ਵਿਚ ਧੁਨੀ ਪੱਧਰੀ ਸਮਾਨੰਤਰਤਾ ਰਾਹੀਂ ਇਹ ਦ੍ਰਿੜਾਇਆ ਗਿਆ ਹੈ ਕਿ ਪ੍ਰਭੂ ਜੋਤ ਸਰੂਪ ਹੈ ਅਤੇ ਸਮੁੱਚੀ ਸ੍ਰਿਸ਼ਟੀ ਵਿਚ ਸਮਾਇਆ ਹੋਇਆ ਹੈ। ਸਮੁੱਚੀ ਸ੍ਰਿਸ਼ਟੀ ਵਿਚ ਪ੍ਰਭੂ ਦਾ ਨੂਰ ਹੈ ਅਤੇ ਸਾਰੇ ਨੂਰਾਂ ਵਿਚ ਪ੍ਰਭੂ ਦਾ ਵਾਸ ਹੈ। ਜੋ ਉਸ ਸਚੇ ਸਾਹਿਬ ਦੀ ‘ਸਿਫਤਿ ਸਾਲਾਹ’ ਕਰਦਾ ਹੈ, ਉਹ ਸੰਸਾਰ-ਸਾਗਰ ਤੋਂ ਪਾਰ ਹੋ ਜਾਂਦਾ ਹੈ, ਭਾਵ ਉਸਦਾ ਪਾਰ-ਉਤਾਰਾ ਹੋ ਜਾਂਦਾ ਹੈ ਅਤੇ ਉਹ ਵਿਕਾਰਾਂ ਅਤੇ ਜਨਮ-ਮਰਨ ਦੇ ਭਰਮ-ਗੇੜ ਤੋਂ ਮੁਕਤ ਹੋ ਕੇ ਇਲਾਹੀ ਜੋਤ ਵਿਚ ਵਿਲੀਨ ਹੋ ਜਾਂਦਾ ਹੈ।

ਕਾਵਿਕ ਦ੍ਰਿਸ਼ਟੀਕੋਣ ਤੋਂ ‘ਤੂੰ ਸਚਾ ਸਾਹਿਬੁ, ਸਿਫਤਿ ਸੁਆਲਿਉ’ ਅਤੇ ‘ਕਹੁ ਨਾਨਕ ਕਰਤੇ ਕੀਆ ਬਾਤਾ, ਜੋ ਕਿਛੁ ਕਰਣਾ ਸੁ ਕਰਿ ਰਹਿਆ’ ਤੁਕਾਂ ਵਿਚ ਅਨੁਪ੍ਰਾਸ ਅਲੰਕਾਰ ਦੀ ਵਰਤੋਂ ਹੋਈ ਹੈ।

ਇਸ ਸਲੋਕ ਦੇ ਪਹਿਲੇ ਭਾਗ ਦੀਆਂ ਦੋਵਾਂ ਤੁਕਾਂ ਦਾ ਮਾਤਰਾ ਵਿਧਾਨ ੧੬+੧੨ ਹੈ, ਜੋ ਦੋ ਚਰਣੀ ਸਰਸੀ ਛੰਦ ਦਾ ਵਿਧਾਨ ਹੈ। ਇਸ ਦੇ ਦੂਜੇ ਭਾਗ ਨੂੰ ‘ਪਦ’ ਛੰਦ ਦੇ ਅਧੀਨ ਮੰਨਿਆ ਜਾ ਸਕਦਾ ਹੈ।