Connect

2005 Stokes Isle Apt. 896, Vacaville 10010, USA

[email protected]

ਸਲੋਕੁ ਮਃ ੧ ॥
ਸਚਿ ਕਾਲੁ   ਕੂੜੁ ਵਰਤਿਆ    ਕਲਿ ਕਾਲਖ ਬੇਤਾਲ ॥
ਬੀਉ ਬੀਜਿ ਪਤਿ ਲੈ ਗਏ    ਅਬ ਕਿਉ ਉਗਵੈ ਦਾਲਿ ॥
ਜੇ ਇਕੁ ਹੋਇ ਤ ਉਗਵੈ    ਰੁਤੀ ਹੂ ਰੁਤਿ ਹੋਇ ॥
ਨਾਨਕ   ਪਾਹੈ ਬਾਹਰਾ    ਕੋਰੈ ਰੰਗੁ ਨ ਸੋਇ ॥
ਭੈ ਵਿਚਿ ਖੁੰਬਿ ਚੜਾਈਐ    ਸਰਮੁ ਪਾਹੁ ਤਨਿ ਹੋਇ ॥
ਨਾਨਕ   ਭਗਤੀ ਜੇ ਰਪੈ    ਕੂੜੈ ਸੋਇ ਨ ਕੋਇ ॥੧॥

ਸਲੋਕੁ ਮਃ ੧ ॥

ਸਚਿ ਕਾਲੁ   ਕੂੜੁ ਵਰਤਿਆ    ਕਲਿ ਕਾਲਖ ਬੇਤਾਲ ॥

ਬੀਉ ਬੀਜਿ ਪਤਿ ਲੈ ਗਏ    ਅਬ ਕਿਉ ਉਗਵੈ ਦਾਲਿ ॥

ਜੇ ਇਕੁ ਹੋਇ ਤ ਉਗਵੈ    ਰੁਤੀ ਹੂ ਰੁਤਿ ਹੋਇ ॥

ਨਾਨਕ   ਪਾਹੈ ਬਾਹਰਾ    ਕੋਰੈ ਰੰਗੁ ਨ ਸੋਇ ॥

ਭੈ ਵਿਚਿ ਖੁੰਬਿ ਚੜਾਈਐ    ਸਰਮੁ ਪਾਹੁ ਤਨਿ ਹੋਇ ॥

ਨਾਨਕ   ਭਗਤੀ ਜੇ ਰਪੈ    ਕੂੜੈ ਸੋਇ ਨ ਕੋਇ ॥੧॥

ਸੱਚ ਵਿਚ ਜੁੜ ਕੇ ਵਿਚਰਨ ਵਾਲਿਆਂ ਦਾ ਕਾਲ ਪੈ ਗਿਆ ਹੈ; ਹਰ ਪਾਸੇ ਝੂਠ ਹੀ ਝੂਠ ਪਸਰਿਆ ਹੋਇਆ ਹੈ। ਅਗਿਆਨਤਾ ਅਤੇ ਵਿਕਾਰਾਂ ਦੇ ਪ੍ਰਭਾਵ (ਕਲਿਜੁਗ ਦੀ ਕਾਲਖ) ਕਾਰਣ ਮਨੁਖ ਜੀਵਨ-ਤਾਲ ਤੋਂ ਖੁੰਝ ਕੇ ਭੂਤਨੇ ਬਣ ਗਏ ਹਨ।
ਪਿਛਲੇ ਜੁਗਾਂ ਦੀ ਧਰਮ-ਮਰਿਆਦਾ ਅਨੁਸਾਰ ਜਿਨ੍ਹਾਂ ਨੇ ਜਤ, ਸਤ, ਸੰਜਮ, ਤੀਰਥ ਆਦਿ ਸ਼ੁਭ ਅਮਲਾਂ ਦਾ ਬੀਜ ਬੀਜਿਆ ਸੀ, ਉਹ ਉਸ ਬੀਜ ਨੂੰ ਬੀਜ ਕੇ ਸੰਸਾਰ ਤੋਂ ਇਜ਼ਤ ਖਟ ਕੇ ਲੈ ਗਏ ਸਨ; ਪਰ ਹੁਣ, ਕਲਿਜਗ ਦੇ ਦੁਰ ਪ੍ਰਭਾਵ ਕਾਰਣ ਦੁਫਾੜ ਹੋ ਚੁੱਕਾ ਇਹ ਬੀਜ ਕਿਵੇਂ ਪੁੰਗਰੇ? ਭਾਵ, ਪਿਛਲੇ ਜੁਗਾਂ ਵਾਲੇ ਧਰਮ-ਕਰਮ ਹੁਣ ਇਸ ਜੁਗ ਵਿਚ ਸਹਾਇਕ ਨਹੀਂ ਹੋ ਸਕਦੇ। ਇਸ ਜੁਗ ਦਾ ਸ੍ਰੇਸ਼ਟ ਧਰਮ-ਕਰਮ ਹਰੀ ਨਾਮ ਦੀ ਕੀਰਤੀ ਕਰਨਾ ਹੈ, ਕਿਉਂਕਿ ਕਲਿਜੁਗ ਵਿਚ ਕੇਵਲ ਇਹ ਨਾਮ ਹੀ ਮਨੁਖ ਦਾ ਅਸਲ ਸਹਾਰਾ ਹੈ।
ਅਸਲ ਵਿਚ ਜਮੀਨ ਵਿਚ ਬੀਜਿਆ ਬੀਜ ਤਾਂ ਹੀ ਪੁੰਗਰ ਸਕਦਾ ਹੈ, ਜੇ ਉਹ ਇਕ ਸਾਬਤ ਬੀਜ ਹੋਵੇ ਤੇ ਬੀਜ ਦੇ ਪੁੰਗਰਣ ਲਈ ਰੁੱਤਾਂ ਵਿਚੋਂ ਅਨੁਕੂਲ ਰੁੱਤ ਵੀ ਹੋਵੇ; ਭਾਵ, ਹੁਣ ਕਲਿਜੁਗ ਵਿਚ ਪਿਛਲੇ ਜੁਗਾਂ ਵਾਲੀ ਉਹ ਕਰਮ-ਕਾਂਡੀ ਰੁੱਤ ਸਾਰਥਕ ਨਹੀਂ ਰਹੀ। ਸਮੇਂ ਦੇ ਫੇਰ ਨਾਲ ਉਸ ਵਿਚ ਬਦਲਾਅ ਆ ਗਿਆ ਹੈ। ਹੁਣ ਤਾਂ ਕੇਵਲ ਨਾਮ ਰੂਪ ਬੀਜ ਬੀਜਣ ਦੀ ਹੀ ਰੁੱਤ ਹੈ।
ਨਾਨਕ! ਲਾਗ ਤੋਂ ਬਿਨਾਂ ਕੋਰੇ ਕਪੜੇ ‘ਤੇ ਉਹ ਪੱਕਾ-ਗੂੜ੍ਹਾ ਰੰਗ ਨਹੀਂ ਚੜ੍ਹ ਸਕਦਾ, ਜਿਹੜਾ ਲਾਗ ਲਗੇ ਕਪੜੇ ‘ਤੇ ਚੜ੍ਹਦਾ ਹੈ। (ਇਸੇ ਤਰ੍ਹਾਂ, ਕਰਤਾ ਪੁਰਖ ਦੇ ਭੈ-ਅਦਬ ਤੋਂ ਸਖਣੇ ਮਨ ਉਤੇ ਵੀ ਰੱਬੀ ਪ੍ਰੇਮ ਦਾ ਪੱਕਾ ਰੰਗ ਨਹੀਂ ਚੜ੍ਹ ਸਕਦਾ।)
ਮਨ ਨੂੰ ਰੱਬੀ ਪ੍ਰੇਮ ਦਾ ਗੂੜ੍ਹਾ ਰੰਗ ਤਾਂ ਹੀ ਚੜ੍ਹ ਸਕਦਾ ਹੈ, ਜੇ ਸਰੀਰ ਨੂੰ ਉਦਮ ਰੂਪੀ ਲਾਗ ਚੜ੍ਹੀ ਹੋਵੇ ਤੇ ਮਨ ਨੂੰ ਰੱਬੀ ਅਦਬ ਵਿਚ ਰਹਿਣ ਦੀ ਖੁੰਬ ਉਤੇ ਚੜ੍ਹਾਇਆ ਹੋਵੇ; ਭਾਵ, ਉਦਮ ਅਤੇ ਰੱਬੀ-ਭੈ ਹੀ ਉਹ ਗੁਣ ਹਨ, ਜਿਨ੍ਹਾਂ ਨਾਲ ਮਨੁਖ ਨੂੰ ਪ੍ਰਭੂ ਦੀ ਪ੍ਰੇਮਾ ਭਗਤੀ ਦਾ ਰੰਗ ਚੜ੍ਹ ਸਕਦਾ ਹੈ।
ਨਾਨਕ! ਜੇਕਰ ਮਨ ਨੂੰ ਪ੍ਰਭੂ ਦੀ ਭਾਉ ਭਗਤੀ ਵਿਚ ਰੰਗਿਆ ਜਾਏ, ਤਾਂ ਕੂੜ ਮਨ ਉਪਰ ਆਪਣਾ ਪ੍ਰਭਾਵ ਨਹੀਂ ਪਾ ਸਕਦਾ ਕਿਉਂਕਿ ਭਗਤੀ ਵਿਚ ਰੰਗਿਆ ਹੋਇਆ ਮਨ ‘ਸੱਚ’ ਵਿਚ ਸਮਾਇਆ ਹੁੰਦਾ ਹੈ।

ਸੱਚ ਵਿਚ (ਵਿਚਰਨ ਵਾਲਿਆਂ ਦਾ) ਕਾਲ ਹੈ, (ਹਰ ਪਾਸੇ) ਝੂਠ ਵਰਤਿਆ ਹੋਇਆ ਹੈ; ਕਲਿਜੁਗ ਦੀ ਕਾਲਖ ਕਾਰਣ, (ਮਨੁਖ ਬਣੇ ਹਨ) ਬੇ-ਤਾਲੇ
(ਪਿਛਲੇ ਜੁਗਾਂ ਦੀ ਧਰਮ-ਮਰਿਆਦਾ ਅਨੁਸਾਰ ਜਿਨ੍ਹਾਂ ਨੇ ਜਤ, ਸਤ, ਸੰਜਮ, ਤੀਰਥ ਆਦਿ ਪੁੰਨ ਕਰਮਾਂ ਦਾ ਬੀਜ ਬੀਜਿਆ ਸੀ, ਉਹ ਉਸ) ਬੀਜ ਨੂੰ ਬੀਜਕੇ (ਸੰਸਾਰ ਤੋਂ) ਇਜ਼ਤ (ਖੱਟ ਕੇ) ਲੈ ਗਏ ਸਨ; (ਪਰ) ਹੁਣ (ਕਲਿਜਗ ਵਿਚ) ਦੁਫਾੜ ਹੋ ਚੁੱਕਾ ਬੀਜ ਕਿਵੇਂ ਉਗੇ?
ਜੇਕਰ ਇਕ (ਸਾਬਤ ਬੀਜ) ਹੋਵੇ (ਤੇ) ਰੁੱਤਾਂ ਵਿਚੋਂ (ਅਨਕੂਲ) ਰੁੱਤ ਹੋਵੇ, ਤਾਂ (ਹੀ ਉਹ) ਉਗ ਸਕਦਾ ਹੈ
ਨਾਨਕ! (ਜਿਵੇਂ) ਲਾਗ ਤੋਂ ਬਿਨਾਂ, ਕੋਰੇ (ਕਪੜੇ) ’ਤੇ ਉਹ (ਗੂੜ੍ਹਾ) ਰੰਗ ਨਹੀਂ (ਚੜ੍ਹਦਾ)
(ਇਸੇ ਤਰ੍ਹਾਂ ਮਨਤੇ ਵੀ ਇਲਾਹੀ-ਰੰਗ ਤਾਂ ਹੀ ਚੜ੍ਹ ਸਕਦਾ ਹੈ, ਜੇ ਉਸ ਨੂੰ ਰੱਬੀ) ਡਰ-ਅਦਬ ਵਿਚ (ਰਹਿਣ ਦੀ) ਖੁੰਬ ਉਤੇ ਚੜ੍ਹਾਇਆ ਜਾਵੇ, (ਅਤੇ) ਸਰੀਰਤੇ ਉਦਮ (ਰੂਪੀ) ਲਾਗ (ਚੜ੍ਹਾਈ)ਹੋਵੇ
ਨਾਨਕ! (ਇਸ ਢੰਗ ਨਾਲ) ਜੇਕਰ (ਮਨ ਨੂੰ ਪ੍ਰਭੂ ਦੀ) ਭਗਤੀ ਵਿਚ ਰੰਗਿਆ ਜਾਏ, (ਤਾਂ) ਕੂੜ ਦੀ ਕੋਈ (ਵੀ) ਸੋਅ (ਮਨ ਤਕ) ਨਹੀਂ (ਪਹੁੰਚਦੀ)

ਇਸ ਸਲੋਕ ਵਿਚ ਦੋ ਦ੍ਰਿਸ਼ਟਾਂਤਾਂ ਦੀ ਵਰਤੋਂ ਕੀਤੀ ਗਈ ਹੈ। ਪਹਿਲੀਆਂ ਤਿੰਨ ਤੁਕਾਂ ਵਿਚ ਖੇਤੀ ਬੀਜਣ ਦਾ ਦ੍ਰਿਸਟਾਂਤ ਹੈ ਅਤੇ ਅਗਲੀਆਂ ਤਿੰਨ ਤੁਕਾਂ ਵਿਚ ਕਪੜਾ ਰੰਗਣ ਦਾ ਦ੍ਰਿਸ਼ਟਾਂਤ ਦਿੱਤਾ ਗਿਆ ਹੈ।

ਪਹਿਲੇ ਦ੍ਰਿਸ਼ਟਾਂਤ ਰਾਹੀਂ ਸਪਸ਼ਟ ਕੀਤਾ ਗਿਆ ਹੈ ਕਿ ਜਿਵੇਂ ਦੋ ਹਿੱਸਿਆਂ ਵਿਚ ਵੰਡਿਆ ਹੋਇਆ ਦਾਣਾ ਨਹੀਂ ਉਗ ਸਕਦਾ, ਉਸੇ ਤਰ੍ਹਾਂ ਦੋਫਾੜ ਹੋਇਆ ਮਨ, ਅਰਥਾਤ ਦੁਬਿਧਾ ਵਿਚ ਪਿਆ ਮਨ ਐਸੀ ਧਰਤੀ ਹੈ ਜਿਥੇ ਨਾਮ ਦਾ ਬੀਜ ਨਹੀਂ ਉਗ ਸਕਦਾ। ਮਨ ਇਕ ਹੋਵੇ ਅਰਥਾਤ ਕੋਈ ਦੁਬਿਧਾ ਨਾ ਹੋਵੇ ਅਤੇ ਰੁਤ ਵੀ ਚੰਗੀ ਹੋਵੇ ਅਰਥਾਤ ਪ੍ਰਭੂ-ਪ੍ਰੇਮ ਦਾ ਵਾਤਾਵਰਨ ਹੋਵੇ ਤਾਂ ਹੀ ਮਨ ਵਿਚ ਪ੍ਰਭੂ ਨਾਮ ਰੂਪੀ ਬੀਜ ਪੁੰਗਰ ਸਕਦਾ ਹੈ।

ਦੂਜੇ ਦ੍ਰਿਸ਼ਟਾਂਤ ਵਿਚ ਕਥਨ ਕੀਤਾ ਗਿਆ ਹੈ ਕਿ ਜਿਵੇਂ ਕੋਰੇ ਕਪੜੇ ਉਪਰ ਪੱਕਾ ਰੰਗ ਨਹੀਂ ਚੜ੍ਹਦਾ। ਉਸਨੂੰ ਪਹਿਲਾਂ ‘ਖੁੰਬ’ ਚੜ੍ਹਾਈ ਜਾਂਦੀ ਹੈ ਤਾਂ ਹੀ ਉਸ ਉਤੇ ਰੰਗ ਚੜ੍ਹ ਪਾਉਂਦਾ ਹੈ।

ਇਸੇ ਤਰ੍ਹਾਂ ਕੋਰੇ ਮਨ ਉਪਰ ਪ੍ਰਭੂ ਭਗਤੀ ਦਾ ਰੰਗ ਪੱਕੇ ਤੌਰ ’ਤੇ ਉਦੋਂ ਤਕ ਨਹੀਂ ਚੜ੍ਹਦਾ, ਜਦੋਂ ਤਕ ਉਸਨੂੰ ਪਹਿਲਾਂ ਪ੍ਰਭੂ ਦੇ ਭੈ ਦੀ ‘ਖੁੰਬ’ ਨਾ ਚਾੜ੍ਹੀ ਜਾਵੇ ਅਤੇ ਫਿਰ ਉਸ ਉਤੇ ਮਿਹਨਤ ਜਾਂ ਉਦਮ ਦੀ ਪਾਹ ਨਾ ਦਿਤੀ ਜਾਵੇ।

ਇਸ ਤਰ੍ਹਾਂ ਇਸ ਸਲੋਕ ਵਿਚ ਪ੍ਰਭੂ ਦੇ ਨਾਮ ਨੂੰ ਹਿਰਦੇ ਵਿਚ ਵਸਾਉਣ ਲਈ ਦੋ ਉਦਾਹਰਣਾਂ ਦਿਤੀਆਂ ਗਈਆਂ ਹਨ। ਇਹ ਦੋਵੇਂ ਉਦਾਹਰਣਾਂ ਸੰਕੇਤਾਤਮਕ ਕਥਨ ਹਨ। ਇਨ੍ਹਾਂ ਸੰਕੇਤਾਂ ਰਾਹੀਂ ਇਥੇ ਅਸਲ ਮਨੋਰਥ ਨੂੰ ਪ੍ਰਗਟਾਇਆ ਗਿਆ ਹੈ।

ਕਾਵਿ ਸ਼ਾਸਤ੍ਰੀ ਨਜ਼ਰੀਏ ਤੋਂ ਇਥੇ ‘ਅਪ੍ਰਸਤੁਤ’ ਪ੍ਰਸ਼ੰਸ਼ਾ ਅਲੰਕਾਰ ਆਇਆ ਹੈ।

ਇਸ ਤੋਂ ਇਲਾਵਾ ਇਸ ਸਲੋਕ ਵਿਚ ‘ਕਲਿ ਕਾਲਖ’ (ਕਲਜੁਗ ਦੀ ਕਾਲਖ), ‘ਭੈ ਵਿਚਿ ਖੁੰਬਿ ਚੜਾਈਐ’ (ਭੈ ਰੂਪੀ ਖੁੰਬ), ‘ਸਰਮੁ ਪਾਹ’ (ਮਿਹਨਤ/ਉਦਮ ਰੂਪੀ ਪਾਹ) ਅਤੇ ‘ਭਗਤੀ ਜੈ ਰਪੈ’ (ਭਗਤੀ ਦਾ ਰੰਗ) ਵਿਚ ਰੂਪਕ ਅਲੰਕਾਰ ਆਇਆ ਹੈ। ਇਥੇ ‘ਕਲਿ’, ‘ਭੈ’, ‘ਸਰਮੁ’ ਅਤੇ ‘ਭਗਤੀ’ ਉਪਮੇਯ ਹਨ ਅਤੇ ‘ਕਾਲਖ’, ‘ਖੁੰਬਿ’, ‘ਪਾਹ’ ਅਤੇ ‘ਰਪੈ’ ਉਪਮਾਨ ਹਨ। ਇਨ੍ਹਾਂ ਉਪਮੇਯ-ਉਪਮਾਨਾਂ ਨੂੰ ਇਕ ਹੀ ਮੰਨ ਲਿਆ ਗਿਆ ਹੈ।
ਇਸ ਸਲੋਕ ਵਿਚ ਛੇ ਤੁਕਾਂ ਹਨ ਅਤੇ ਤੁਕ ਦਾ ਮਾਤਰਾ ਵਿਧਾਨ ੧੩+੧੧ ਹੈ। ਸਿਰਫ ਤੀਜੀ ਤੁਕ ‘ਜੇ ਇਕੁ ਹੋਇ ਤ ਉਗਵੈ, ਰੁਤੀ ਹੂ ਰੁਤਿ ਹੋਇ’ ਵਿਚ ਅਖਰਾਵਲੀ ਅਨੁਸਾਰ ੧੨+੧੦ ਹੈ। ਪਰੰਤੂ ਇਥੇ ‘ਤ’ ਦਾ ਉਚਾਰਣ ‘ਤਾ’ ਅਤੇ ‘ਰੁਤੀ’ ਦਾ ਉਚਾਰਣ ‘ਰੁੱਤੀ’ ਹੋਣ ਤੇ ਇਹ ਵੀ ੧੩+੧੧ ਹੋ ਜਾਂਦਾ ਹੈ।

ਇਸ ਤਰ੍ਹਾਂ ਇਥੇ ‘ਦੋਹਰਾ’ ਛੰਦ ਦੀ ਵਰਤੋਂ ਹੋਈ ਹੈ। ਤਿੰਨ ਦੋਹਰੇ ਜੋੜ ਕੇ ਇਕ ਸਲੋਕ ਦੀ ਰਚਨਾ ਕੀਤੀ ਗਈ ਹੈ।

ਇਤਿਹਾਸਕ/ਸਭਿਆਚਾਰਕ ਪ੍ਰਸੰਗ
ਗੁਰੂ ਨਾਨਕ ਸਾਹਿਬ ਦੇ ਸਮੇਂ ਰਾਜ ਦਾ ਸਰੂਪ ਰਾਜ ਤੰਤਰੀ ਸੀ। ਰਾਜੇ ਕੋਲ ਨਿਆਂ ਦੇ ਸਾਰੇ ਅਧਿਕਾਰ ਸਨ ਪਰ ਉਸ ਨੂੰ ਸਲਾਹ ਦੇਣ ਵਾਲੇ ਵਰਗ ਵਿਚ ਵਜੀਰ ਜਾਂ ਪਟਵਾਰੀ (ਮਹਤਾ), ਫੌਜ ਦੇ ਅਫਸਰ (ਸਿਕਦਾਰ) ਅਤੇ ਚੋਬਦਾਰ ਹੁੰਦੇ ਸਨ। ਇਸ ਤੋਂ ਇਲਾਵਾ ਧਾਰਮਕ ਵਰਗ ਦੀ ਰਹਿਨੁਮਾਈ ਕਰਨ ਵਾਲੇ ਪੰਡਿਤ ਅਤੇ ਮੁਲਾਣੇ ਸਨ। ਇਨ੍ਹਾਂ ਵਿਚੋ ਕੋਈ ਵੀ ਸੱਚ ਦਾ ਸਾਥ ਨਹੀਂ ਸੀ ਦੇ ਰਿਹਾ। ਪਰਜਾ ਗਿਆਨ ਵਿਹੂਣੀ ਹੋਣ ਕਰਕੇ ਧਾਰਮਕ ਅਡੰਬਰਾਂ ਵਿਚ ਫਸੀ ਹੋਈ ਸੀ। ਧਰਮ ਨੂੰ ਲੋਕ ਕੇਵਲ ਮਰਨ ਤੋਂ ਬਾਅਦ ਪ੍ਰਾਪਤ ਹੋਣ ਵਾਲੀ ਮੁਕਤੀ ਤਕ ਹੀ ਸੀਮਤ ਕਰ ਚੁਕੇ ਸਨ।