ਜਾਣ-ਪਛਾਣ
ਗਿਆਰਵੀਂ ਪਉੜੀ ਨਾਲ ੩ ਸਲੋਕ ਦਰਜ ਹਨ। ਪਹਿਲੇ ਸਲੋਕ ਦੀਆਂ ੬, ਦੂਜੇ ਦੀਆਂ ੧੦ ਅਤੇ ਤੀਜੇ ਦੀਆਂ ੪ ਤੁਕਾਂ ਹਨ। ਪਹਿਲੇ ਸਲੋਕ ਵਿਚ ਕਲਿਜੁਗ ਦੇ ਪ੍ਰਭਾਵ ਕਾਰਣ ਸੱਚ ਦੇ ਅਭਾਵ ਅਤੇ ਕੂੜ ਦੇ ਵਰਤਾਰੇ ਦਾ ਜਿਕਰ ਹੈ। ਦੂਜੇ ਸਲੋਕ ਵਿਚ ਸਮੁੱਚੀ ਲੋਕਾਈ ਨੂੰ ਹੀ ਵਿਕਾਰਾਂ ਦੇ ਪ੍ਰਭਾਵ ਅਧੀਨ ਵਿਚਰਦਾ ਦਰਸਾਇਆ ਹੈ। ਕੀ ਰਾਜਾ ਤੇ ਕੀ ਵਜੀਰ, ਇਥੋਂ ਤਕ ਕਿ ਸਮਾਜ ਦਾ ਹਰ ਇਕ ਤਬਕਾ, ਗਿਆਨੀ, ਧਿਆਨੀ, ਧਰਮੀ, ਵਿਦਵਾਨ, ਜਤੀ, ਸਤੀ ਆਦਿ ਸਭ ਵਿਕਾਰਾਂ ਦੇ ਪ੍ਰਭਾਵ ਹੇਠ ਵਿਚਰ ਰਹੇ ਹਨ। ਤੀਜਾ ਸਲੋਕ ਇਸ ਵਿਚਾਰ ਨੂੰ ਦ੍ਰਿੜ ਕਰਵਾਉਂਦਾ ਹੈ ਕਿ ਬੇਸ਼ਕ ਹਰ ਕੋਈ ਆਪਣੇ ਆਪ ਨੂੰ ਸ੍ਰੇਸ਼ਟ ਮੰਨੀ ਬੈਠਾ ਹੈ, ਪਰ ਚੰਗੇ-ਮੰਦੇ ਦਾ ਅਸਲ ਨਿਬੇੜਾ ਤਾਂ ਰੱਬੀ ਦਰ ਉਤੇ ਮਿਲਣ ਵਾਲੀ ਪਤਿ-ਪ੍ਰਤਿਸ਼ਠਾ ਨਾਲ ਹੀ ਹੋਵੇਗਾ। ਪਉੜੀ ਵਿਚ ਜੀਵਾਂ ਦੀ ਬੇਵਸ ਅਵਸਥਾ ਨੂੰ ਬਿਆਨ ਕਰਦਿਆਂ ਇਹ ਦਸਿਆ ਹੈ ਕਿ ਜਿਸ ਮਨੁਖ ਨੂੰ ਪ੍ਰਭੂ ਆਪ ਹੀ ਗੁਰੂ ਰਾਹੀਂ ਗਿਆਨ-ਚਾਨਣ ਬਖਸ਼ਦਾ ਹੈ, ਉਹੀ ਕੂੜ ਦੇ ਪ੍ਰਭਾਵ ਤੋਂ ਮੁਕਤ ਹੋ ਕੇ ਸੱਚ ਵਿਚ ਸਮਾਈ ਕਰਦਾ ਹੈ।