Connect

2005 Stokes Isle Apt. 896, Vacaville 10010, USA

[email protected]

ਸਲੋਕੁ ਮਃ ੧ ॥
ਬਲਿਹਾਰੀ ਗੁਰ ਆਪਣੇ    ਦਿਉਹਾੜੀ ਸਦ ਵਾਰ ॥
ਜਿਨਿ ਮਾਣਸ ਤੇ ਦੇਵਤੇ ਕੀਏ    ਕਰਤ ਨ ਲਾਗੀ ਵਾਰ ॥੧॥

ਸਲੋਕੁ ਮਃ ੧ ॥

ਬਲਿਹਾਰੀ ਗੁਰ ਆਪਣੇ    ਦਿਉਹਾੜੀ ਸਦ ਵਾਰ ॥

ਜਿਨਿ ਮਾਣਸ ਤੇ ਦੇਵਤੇ ਕੀਏ    ਕਰਤ ਨ ਲਾਗੀ ਵਾਰ ॥੧॥

ਮਹਲਾ ਪਹਿਲਾ, ਭਾਵ ਗੁਰੂ ਨਾਨਕ ਸਾਹਿਬ, ਦੁਆਰਾ ਉਚਾਰਣ ਕੀਤਾ ਸਲੋਕ।
ਮੈਂ ਆਪਣੇ ਗੁਰੂ ਤੋਂ ਦਿਨ ਵਿਚ ਸੈਂਕੜੇ ਵਾਰੀ ਸਦਕੇ ਜਾਂਦਾ ਹਾਂ, ਜਿਸ ਨੇ ਸਧਾਰਣ ਮਨੁਖਾਂ ਤੋਂ ਦੈਵੀ ਗੁਣ ਭਰਪੂਰ ਗਿਆਨਵਾਨ ਮਨੁਖ ਬਣਾ ਦਿਤੇ ਅਤੇ ਇਉਂ ਕਰਦਿਆਂ ਉਸ ਨੂੰ ਰਤਾ ਦੇਰ ਨਾ ਲਗੀ।

ਸਲੋਕ, ਮਹਲਾ ਪਹਿਲਾ।
ਬਲਿਹਾਰ ਹਾਂ ਆਪਣੇ ਗੁਰੂ ਤੋਂ, ਦਿਹਾੜੀ ਵਿਚ ਸੈਂਕੜੇ ਵਾਰ; ਜਿਸ ਨੇ ਮਨੁਖਾਂ ਤੋਂ ਦੇਵਤੇ ਕਰ ਦਿਤੇ (ਤੇ ਇਉਂ) ਕਰਦਿਆਂ (ਉਸ ਨੂੰ) ਦੇਰ ਨਹੀਂ ਲਗੀ।

ਇਸ ਸਲੋਕ ਵਿਚ ‘ਲੋਕੋਕਤੀ ਅਲੰਕਾਰ’ ਹੈ। ਇਥੇ ‘ਬਲਿਹਾਰੀ ਜਾਣਾ’, ‘ਦਿਹਾੜੀ’, ‘ਸੌ ਵਾਰ’, ‘ਮਨੁਖ ਤੋਂ ਦੇਵਤਾ ਕਰਨਾ’, ਅਤੇ ‘ਜ਼ਰਾ ਵੀ ਦੇਰ ਨਾ ਲਗਣੀ’ ਵਰਗੇ ਲੋਕ-ਕਥਨਾਂ ਦਾ ਪ੍ਰਯੋਗ ਕੀਤਾ ਗਿਆ ਹੈ। ਇਹ ਉਹ ਲੋਕ-ਕਥਨ ਹਨ, ਜਿਨ੍ਹਾਂ ਦੀ ਲੋਕਾਈ ਵੱਲੋਂ ਕਾਫ਼ੀ ਵੱਧ ਵਰਤੋਂ ਕੀਤੀ ਜਾਂਦੀ ਸੀ/ਹੈ।

ਪਹਿਲੀ ਤੁਕ ਵਿਚ ‘ਆਪਣੇ ਗੁਰ ਬਲਿਹਾਰੀ’ ਦੀ ਥਾਂ ‘ਬਲਿਹਾਰੀ ਗੁਰ ਆਪਣੇ’ ਕਿਹਾ ਗਿਆ ਹੈ। ‘ਬਲਿਹਾਰੀ’ ਸ਼ਬਦ ਦੀ ਤੁਕ ਦੇ ਅਰੰਭ ਵਿਚ ਕੀਤੀ ਗਈ ਵਰਤੋਂ ਮੁਰੀਦ ਦੀ ਆਪਣੇ ਗੁਰੂ ਤੋਂ ਬਲਿਹਾਰ ਜਾਣ ਦੀ ਤੀਬਰ ਤੇ ਬਲਵਾਨ ਅਭਿਲਾਖਾ ਨੂੰ ਪ੍ਰਗਟ ਕਰਦੀ ਹੈ।

‘ਸਦ ਵਾਰ’ (ਸੈਂਕੜੇ ਵਾਰ) ਵਾਕੰਸ਼ ਵੀ ਵਿਸ਼ੇਸ਼ ਅਰਥਾਂ ਦਾ ਲਖਾਇਕ ਹੈ। ਜਿਥੇ ‘ਸੌ’ ਵਡੇਰੀ ਸੰਖਿਆ ਨੂੰ ਚਿਹਨਤ ਕਰਦਾ ਹੈ, ਉਥੇ ਇਸ ਦਾ ਸੰਬੰਧ ਸੰਪੂਰਨਤਾ ਨਾਲ ਵੀ ਜੁੜਦਾ ਹੈ। ਇਸੇ ਲਈ ਪ੍ਰਤੀਸ਼ਤ ਵੀ ਸੌ ਵਿਚੋਂ ਹੀ ਕਢਿਆ ਜਾਂਦਾ ਹੈ। ‘ਸਦਵਾਰ’ ਦਾ ਇਥੇ ਪ੍ਰਯੋਗ ਇਸੇ ਸੰਪੂਰਨਤਾ ਦੇ ਅਰਥਾਂ ਵਿਚ ਹੀ ਕੀਤਾ ਗਿਆ ਜਾਪਦਾ ਹੈ ਅਤੇ ਇਸੇ ਭਾਵਨਾ ਅਧੀਨ ਹੀ ਇਸ ਸ਼ਬਦ ਰਾਹੀਂ ਮੁਰੀਦ ਦੀ ਆਪਣੇ ਗੁਰੂ ਤੋਂ ਸੌ-ਪ੍ਰਤੀਸ਼ਤ ਸੰਪੂਰਨਤਾ ਨਾਲ ਬਲਿਹਾਰ ਜਾਣ ਦੀ ਮੂਲ ਅਭਿਲਾਖਾ ਪ੍ਰਗਟ ਹੋ ਰਹੀ ਹੈ।

ਆਮ ਤੌਰ ‘ਤੇ ਮਨੁਖ ਨੂੰ ਨੀਵਾਂ ਅਤੇ ਦੇਵਤਿਆਂ ਨੂੰ ਉਤਮ ਅਥਵਾ ਉੱਚਾ ਮੰਨਿਆ ਜਾਂਦਾ ਹੈ। ਇਸੇ ਲਈ ਕਿਸੇ ਚੰਗੇ ਮਨੁਖ ਨੂੰ ‘ਦੇਵਤਾ’ ਕਹਿ ਕੇ ਵਡਿਆਇਆ ਵੀ ਜਾਂਦਾ ਹੈ। ‘ਜਿਨਿ ਮਾਣਸ ਤੇ ਦੇਵਤੇ ਕੀਏ’ ਵਿਚ ‘ਮਾਣਸ’ ਅਤੇ ‘ਦੇਵਤੇ’ ਦੀ ਵਰਤੋਂ ਗੁਰੂ ਦੀ ਉਸ ਸਮਰੱਥਾ ਨੂੰ ਪ੍ਰਗਟ ਕਰਦੀ ਹੈ ਜਿਸ ਰਾਹੀਂ ਗੁਰੂ ਮਨੁਖ ਦੀਆਂ ਸਾਰੀਆਂ ਕਮੀਆਂ ਨੂੰ ਦੂਰ ਕਰਕੇ ਉਸ ਵਿਚ ਅਨੰਤ ਸੰਭਾਵਨਾਵਾਂ ਅਤੇ ਚੰਗਿਆਈਆਂ ਪੈਦਾ ਕਰ ਦਿੰਦਾ ਹੈ। ‘ਕਰਤ ਨਾ ਲਾਗੀ ਵਾਰ’ ਦੇ ਫਰਮਾਨ ਅਨੁਸਾਰ ਕਿਉਂਕਿ ਗੁਰੂ ਨੂੰ ‘ਮਨੁਖ’ ਤੋਂ ‘ਦੇਵਤੇ’ ਬਨਾਉਣ ਵਿਚ ਬਿਲਕੁਲ ਵੀ ਦੇਰ ਨਹੀਂ ਲਗਦੀ। ਇਸ ਲਈ ਇਹ ਕਥਨ ਵੀ ਗੁਰੂ ਦੀ ਸਮਰੱਥਾ, ਉਸ ਦੀ ਨਿਮਰਤਾ ਅਤੇ ਆਪਣੇ ਸਿਖ ਪ੍ਰਤੀ ਉਸ ਦੇ ਅਨੰਤ ਸਨੇਹ ਅਤੇ ਅਪਣਤ ਦੇ ਭਾਵ ਨੂੰ ਪ੍ਰਗਟ ਕਰਦਾ ਹੈ। ਗੁਰੂ ਜੀਵਨ ਦਾ ਸਾਰਾ ਅਨੁਭਵ ਅਤੇ ਸਮੁੱਚਾ ਗਿਆਨ ਖਿਣ ਭਰ ਵਿਚ ਸਿਖ ਨੂੰ ਦੇ ਦਿੰਦਾ ਹੈ ਅਤੇ ਉਸ ਨੂੰ ਆਪਣੇ ਵਰਗਾ ਬਣਾ ਲੈਂਦਾ ਹੈ।

ਇਸ ਸਲੋਕ ਵਿਚ ਗੁਰੂ ਸਾਹਿਬ ਨੇ ‘ਵਾਰ’ ਸ਼ਬਦ ਦੀ ਸਹਿਜ ਰੂਪ ਵਿਚ ਦੋ ਥਾਂਵਾਂ ‘ਤੇ ਵਰਤੋਂ ਕਰਕੇ ਯਮਕ ਅਲੰਕਾਰ ਰਾਹੀਂ ਕਾਵਿ ਸੁੰਦਰਤਾ ਨੂੰ ਵੀ ਨਿਭਾਇਆ ਹੈ। ਇਸ ਸਲੋਕ ਵਿਚ ‘ਵਾਰ’ ਸ਼ਬਦ ਦੀ ਦੋਵੇਂ ਥਾਂਵਾਂ ‘ਤੇ ਕੀਤੀ ਗਈ ਵਰਤੋਂ ਭਿੰਨ-ਭਿੰਨ ਅਰਥਾਂ ਦੀ ਲਖਾਇਕ ਹੈ। ਪਹਿਲੇ ‘ਵਾਰ’ ਦਾ ਅਰਥ ‘ਵਾਰੀ’ ਹੈ, ਜਦਕਿ ਦੂਜੇ ‘ਵਾਰ’ ਦਾ ਅਰਥ ‘ਦੇਰ’ ਹੈ।

ਇਸ ਸਲੋਕ ਦਾ ਮਾਤਰਾ ਵਿਧਾਨ ੧੩+੧੧ ਹੈ। ਦੂਜੀ ਤੁਕ ਵਿਚ ੧੩(੪)+੧੧ ਮਾਤਰਾਵਾਂ ਹਨ। ਇਥੇ ਚਾਰ ਮਾਤਰਾਵਾਂ ਵੱਧ ਹੋਣ ‘ਤੇ ਵੀ ਇਸ ਨੂੰ ਦੋਹਰਾ ਛੰਦ ਅਧੀਨ ਰਖਿਆ ਜਾ ਸਕਦਾ ਹੈ।