Connect

2005 Stokes Isle Apt. 896, Vacaville 10010, USA

[email protected]

ਪ੍ਰਾਜੈਕਟ ਪਹੁੰਚ

ਬਹੁਤ ਸਾਰੇ ਪ੍ਰਸਿਧ ਸਿਖ ਵਿਦਵਾਨਾਂ ਦੁਆਰਾ ਵੀਹਵੀਂ ਸਦੀ ਦੇ ਅਰੰਭ ਵਿਚ ਤਿਆਰ ਕੀਤੇ ਪੰਜਾਬੀ ਅਨੁਵਾਦ ਅਤੇ ਕੁਝ ਅਜੋਕੇ ਸਮੇਂ ਦੇ ਅੰਗਰੇਜੀ ਅਨੁਵਾਦ ਵੀ ਬੇਸ਼ਕ ਉਪਲਬਧ ਹਨ, ਪਰ ਸਮੇਂ ਦੀ ਲੋੜ ਅਨੁਸਾਰ ਇਕ ਨਵੀਨ ਦ੍ਰਿਸ਼ਟੀਕੋਣ ਦੀ ਜਰੂਰਤ ਹੈ, ਜੋ ਅਜੋਕੇ ਪਾਠਕਾਂ ਲਈ ਗੁਰੂ ਗ੍ਰੰਥ ਸਾਹਿਬ ਵਿਚਲੇ ਵਿਲਖਣ ਸੰਦੇਸ਼ ਤੇ ਵਿਭਿੰਨ ਪਖਾਂ ਨੂੰ ਤਤਕਾਲੀ ਤੇ ਮੌਜੂਦਾ ਸਮਾਜ-ਸਭਿਆਚਾਰਕ ਅਤੇ ਭਾਸ਼ਾਈ ਪ੍ਰਸੰਗ ਵਿਚ ਪ੍ਰਕਾਸ਼ਮਾਨ ਕਰ ਸਕੇ।

ਉਪਰੋਕਤ ਦੇ ਮਦੇਨਜਰ, ਗੁਰੂ ਗ੍ਰੰਥ ਸਾਹਿਬ ਦਾ ਇਕ ਖੋਜਿਆ ਤੇ ਸੋਧਿਆ ਸ੍ਰੋਤ ਵਿਕਸਤ ਕਰਨ ਦੀ ਜਰੂਰਤ ਹੈ, ਜਿਹੜਾ ਅਜੋਕੀਆਂ ਵਿਲਖਣ ਤਕਨੀਕੀ ਕਾਢਾਂ ਦੀ ਵਰਤੋਂ ਅਤੇ ਸੰਸਾਰ ਪੱਧਰੀ ਸਹਿਯੋਗ ਨਾਲ, ਮੌਜੂਦਾ ਸਮੇਂ ਦੇ ਵਿਸ਼ਵਵਿਆਪੀ ਸਿਖ ਜਗਿਆਸੂਆਂ ਦੀ ਲੋੜ ਪੂਰੀ ਕਰਦਾ ਹੋਵੇ। ਇਸ ਰੌਸ਼ਨੀ ਵਿਚ ਇਹ ਪ੍ਰਾਜੈਕਟ ਭਾਸ਼ਾ, ਸੁਹਜ, ਸੰਗੀਤ, ਇਤਿਹਾਸ, ਸਭਿਆਚਾਰ ਅਤੇ ਦਰਸ਼ਨ ਦੇ ਵਿਲਖਣ ਤੇ ਸੁਤੰਤਰ ਖੇਤਰਾਂ ਵਿਚ ਗੁਰੂ ਗ੍ਰੰਥ ਸਾਹਿਬ ਦਾ ਅਜੋਕੀ ਪੰਜਾਬੀ ਅਤੇ ਅੰਗਰੇਜੀ ਵਿਚ ਇਕ ਬਹੁਪਖੀ ਵਿਸਤ੍ਰਿਤ ਟੀਕਾ ਅਤੇ ਵਿਆਖਿਆ ਤਿਆਰ ਕਰਨ ਦਾ ਉਪਰਾਲਾ ਹੈ।

ਗੁਰੂ ਗ੍ਰੰਥ ਸਾਹਿਬ ਦੀ ਇਸ ਵਿਆਖਿਆ ਅਤੇ ਟੀਕਾਕਾਰੀ ਲਈ ਲੋੜੀਂਦੀ ਖੋਜ ਅਤੇ ਉਸ ਦੇ ਪ੍ਰਕਾਸ਼ਨ ਲਈ ਵਖ-ਵਖ ਵਿਸ਼ਿਆਂ ਦੇ ਮਾਹਰਾਂ ਵਿਚਕਾਰ ਇਕ ਨਿਯੰਤ੍ਰਿਤ ਤੇ ਸਹਿਯੋਗੀ ਪਲੇਟਫਾਰਮ ਬਣਾਉਣ ਲਈ, ਇਹ ਪ੍ਰਾਜੈਕਟ ਵਿਸ਼ਵਵਿਆਪੀ ਵੈੱਬ ਦੀ ਤਾਕਤ ਅਤੇ ਆਧੁਨਿਕ ਜਾਣਕਾਰੀ ਦੇ ਤਕਨੀਕੀ ਸਾਧਨਾਂ ਦੀ ਵਰਤੋਂ ਕਰ ਰਿਹਾ ਹੈ।

ਇਸ ਵਿਸ਼ਾਲ ਸਹਿਯੋਗੀ ਕਾਰਜ ਦਾ ਅੰਤਮ ਨਤੀਜਾ ਇਕ ਅਜਿਹਾ ਸਵੈਚਾਲਤ ਪਲੇਫਾਰਮ ਹੋਵੇਗਾ ਜੋ ਗੁਰੂ ਗ੍ਰੰਥ ਸਾਹਿਬ ਦੇ ਅਨੰਤ ਗਿਆਨ ਲਈ, ਪੰਜਾਬੀ ਅਤੇ ਅੰਗਰੇਜੀ ਦੋਵਾਂ ਵਿਚ ਹੀ, ਇਕ ਖੁਲ੍ਹੀ ਅਤੇ ਸੁਖੈਨ ਆਨਲਾਈਨ ਪਹੁੰਚ ਮੁਹਈਆ ਕਰਵਾਏਗਾ। ਇਸ ਪਲੇਟਫਾਰਮ ‘ਤੇ ਹੇਠ ਲਿਖੀਆਂ ਸੁਵਿਧਾਵਾਂ ਸਮੇਤ ਹੋਰ ਅਨੇਕ ਸਹੂਲਤਾਂ ਵੀ ਹਨ:

 1. ਇਕ ਲਾਇਵ ਵੈੱਬਸਾਈਟ ਜੋ ਪੰਜਾਬੀ ਅਤੇ ਅੰਗਰੇਜੀ ਦੋਵਾਂ ਵਿਚ ਹੀ ਖੋਜਣਜੋਗ ਹੋਵੇ।
 2. ਇਕ ਸਟੈਂਡਰਡ ਸ਼ਬਦਕੋਸ਼ ਵਾਂਗ ਪਦਾਂ ਦੇ ਸ਼ਾਬਦਕ ਤੇ ਭਾਵ-ਅਰਥਾਂ ਸਮੇਤ, ਉਨ੍ਹਾਂ ਦੀ ਵਿਆਕਰਣਕ ਅਤੇ ਵਿਉਤਪਤੀ ਸੰਬੰਧੀ ਵਿਸਤ੍ਰਿਤ ਜਾਣਕਾਰੀ।
 3. ਮੂਲ ਪਾਠ ਦਾ ਪੰਜਾਬੀ ਅਤੇ ਅੰਗਰੇਜੀ ਵਿਚ ਸ਼ਾਬਦਕ ਅਨੁਵਾਦ।
 4. ਮੂਲ ਪਾਠ ਦਾ ਅਜੋਕੀ ਪੰਜਾਬੀ ਅਤੇ ਅੰਗਰੇਜੀ ਵਿਚ ਭਾਵਾਰਥਕ-ਸਿਰਜਣਾਤਮਕ ਅਨੁਵਾਦ।
 5. ਵਿਸ਼ਵਵਿਆਪੀ ਸਰੋਤਿਆਂ ਲਈ ਕਿਸੇ ਸਭਿਆਚਾਰ-ਵਿਸ਼ੇਸ਼ ਤੋਂ ਮੁਕਤ ਵਿਆਖਿਆ (ਕੁਮੈਂਟਰੀ)।
 6. ਗੁਰੂ ਗ੍ਰੰਥ ਸਾਹਿਬ ਦੇ ਇਤਿਹਾਸਕ, ਸੰਗੀਤਕ ਤੇ ਕਾਵਿਕ ਪਖਾਂ ਦੀ ਵਿਆਖਿਆ।

ਪਾਠਾਂ ਦਾ ਅਨੁਵਾਦ
ਪਾਠਾਂ ਦਾ ਅਨੁਵਾਦ ਕਰਦੇ ਸਮੇਂ, ਵਿਚਾਰਨ ਲਈ ਘੱਟੋ-ਘੱਟ ਤਿੰਨ ਵਖੋ-ਵਖਰੇ ਪੱਧਰ ਹਨ:

 1. ਵਿਸ਼ੇਸ਼ ਸ਼ਬਦ ਅਤੇ ਪਦ: ਹਰ ਸ਼ਬਦ ਦੇ ਬਹੁਪਰਤੀ-ਅਰਥ ਅਤੇ ਭਾਵ ਹੁੰਦੇ ਹਨ ਜੋ ਕਿਸੇ ਦੂਜੀ ਭਾਸ਼ਾ ਵਿਚ ਪੂਰੀ ਤਰ੍ਹਾਂ ਨਹੀਂ ਉਲਥਾਏ ਜਾ ਸਕਦੇ। ਜਦੋਂ ਕੋਈ ਸ਼ਬਦ ਵਰਤਿਆ ਜਾਂਦਾ ਹੈ, ਤਾਂ ਉਹ ਆਪਣੇ ਨਾਲ ਇਤਿਹਾਸਕ ਵਿਕਾਸ, ਪ੍ਰਸੰਗਕ ਬਰੀਕੀਆਂ ਅਤੇ ਅੱਧ-ਲੁਕੇ ਸੰਬੰਧ ਵੀ ਲੈ ਕੇ ਆਉਂਦਾ ਹੈ ਜੋ ਅਕਸਰ ਉਸ ਸ਼ਬਦ ਨੂੰ ਬੋਲਣ ਵਾਲੇ ਦੇ ਅਚੇਤ ਮਨ ਵਿਚ ਹੁੰਦੇ ਹਨ।
 2. ਆਮ ਸੰਕਲਪ ਅਤੇ ਵਿਚਾਰ (ਇਤਿਹਾਸਕ ਵਿਕਾਸ ਅਤੇ ਅੰਤਰੀਵ-ਭਾਵਾਂ ਸਮੇਤ): ਇਕੋ ਜਿਹੇ ਨਜਰ ਆਉਣ ਵਾਲੇ ਪਦ ਵੀ ਇਕ ਪਾਠਕ ਨੂੰ ਵਿਚਾਰਾਂ ਦੀ ਪੱਧਰ ‘ਤੇ ਅਕਸਰ ਵਖੋ-ਵਖਰੀਆਂ ਦਿਸ਼ਾਵਾਂ ਵਲ ਲੈ ਜਾਂਦੇ ਹਨ। ਉਦਾਹਰਣ ਦੇ ਤੌਰ ‘ਤੇ, ਜੇ ਕੋਈ ਗੁਰੂ ਗ੍ਰੰਥ ਸਾਹਿਬ ਲਈ ਅੰਗਰੇਜੀ ਦੇ ਸ਼ਬਦਾਂ ਸਕ੍ਰਿਪਚਰ (Scripture) ਜਾਂ ਕੈਨਨ (Canon) ਦੀ ਵਰਤੋਂ ਕਰਦਾ ਹੈ, ਤਾਂ ਉਹ ਇਕਦਮ ਉਨਾਂ ਵਿਚਾਰਧਾਰਾਵਾਂ ਤੋਂ ਪ੍ਰਾਪਤ ਹੋਏ ਵਿਚਾਰਾਂ, ਭਾਵਾਂ ਅਤੇ ਪ੍ਰਭਾਵਾਂ ਨੂੰ ਅੰਗਰੇਜੀ ਦੇ ਪ੍ਰਸੰਗ ਵਿਚ ਸੁਝਾਅ ਰਿਹਾ ਹੁੰਦਾ ਹੈ, ਜਿਨ੍ਹਾਂ ਵਿਚੋਂ ਕੁਝ ਜੁਡੋ-ਕ੍ਰਿਸਚਿਅਨ ਪ੍ਰਭਾਵ ਹਨ, ਜੋ ਸਿਖ ਪ੍ਰਸੰਗ ਵਿਚ ਲਾਗੂ ਨਹੀਂ ਹੋਣਗੇ। ਇਸੇ ਤਰ੍ਹਾਂ, ਜੇ ਕੋਈ ਗੁਰੂ ਗ੍ਰੰਥ ਸਾਹਿਬ ਲਈ “ਵੇਦ” ਜਾਂ “ਸ਼ਾਸਤਰ” ਸ਼ਬਦਾਂ ਦੀ ਵਰਤੋਂ ਕਰਦਾ ਹੈ ਤਾਂ ਉਹ ਵੀ ਢੁਕਵੇਂ ਨਹੀਂ ਹੋਣਗੇ ਕਿਉਂਕਿ ਉਹ “ਸ਼ਰੁਤੀ” (ਸੁਣਿਆ ਹੋਇਆ) ਅਤੇ “ਸਿਮਰਤੀ” (ਜੋ ਯਾਦਾਸ਼ਤ ਵਿਚ ਸੀ) ਗਿਆਨ ਦੀਆਂ ਭਾਰਤੀ-ਧਾਰਨਾਵਾਂ ਨੂੰ ਦਰਸਾਉਂਦੇ ਹਨ।
 3. ਮੂਲ ਪਾਠ ਅਤੇ ਅਨੁਵਾਦ ਦੇ ਸੰਭਾਵੀ ਪਾਠਕ: ਇਕ ਪਾਠਕ ਕੋਲ ਕਿੰਨਾ ਕੁ ਗਿਆਨ ਹੋਣ ਦੀ ਆਸ ਕੀਤੀ ਜਾ ਸਕਦੀ ਹੈ? ਕੀ ਕਿਸੇ ਪਾਠਕ ਦਾ ਉਦੇਸ਼ ਪਾਠ ਦੇ ਸ਼ਾਬਦਕ ਅਰਥਾਂ ਨਾਲ ਜੁੜਨਾ ਹੈ ਜਾਂ ਅਸਾਨੀ ਨਾਲ ਪੜ੍ਹੀ ਜਾ ਸਕਣ ਵਾਲੀ ਅਰਥਪੂਰਨ ਪੇਸ਼ਕਾਰੀ ਨਾਲ ਜੁੜਨਾ ਹੈ? ਅਨੁਵਾਦ ਨੂੰ ਸੰਭਾਵੀ ਪਾਠਕਾਂ ਲਈ, ਮੂਲ ਪਾਠ ਵਾਂਗ ਸਪਸ਼ਟ ਕਰਨ ਲਈ, ਕਿੰਨੀ ਕੁ “ਵਧ” ਜਾਣਕਾਰੀ ਪ੍ਰਦਾਨ ਕਰਨ ਦੀ ਜਰੂਰਤ ਹੈ? ਇਹ ਪ੍ਰਾਜੈਕਟ ਕਿਉਂਕਿ ਦੁਨੀਆ ਭਰ ਦੇ ਪਾਠਕਾਂ ਲਈ ਹੈ। ਇਸ ਲਈ, ਸੰਦਰਭ ਤੇ ਸਪਸ਼ਟੀਕਰਨ ਦੋਵੇਂ ਦਿਤੇ ਜਾ ਰਹੇ ਹਨ ਜੋ ਕਿ ਉਨ੍ਹਾਂ ਪਾਠਕਾਂ ਲਈ ਵੀ ਲਾਭਦਾਇਕ ਹੋਣਗੇ, ਜਿਨ੍ਹਾਂ ਨੂੰ ਇਸ ਪਾਠ/ਬਾਣੀ/ਗ੍ਰੰਥ ਦੀ ਪਹਿਲਾਂ ਕੋਈ ਜਾਣਕਾਰੀ ਨਹੀਂ ਹੈ।

ਉਪਰੋਕਤ ਤਿੰਨਾਂ ਹੀ ਪੱਧਰਾਂ ਦੇ ਮਦੇਨਜ਼ਰ ਆਦਰਸ਼ ਵਿਕਲਪ ਇਹ ਬਣਦਾ ਹੈ ਕਿ ਅਨੁਵਾਦਕਾਂ ਦੁਆਰਾ ਸ਼ਬਦਾਂ ਦੀ ਚੋਣ ਬਹੁਤ ਸਾਰੇ ਕਾਰਕਾਂ ਨੂੰ ਸਾਹਮਣੇ ਰਖ ਕੇ ਕੀਤੀ ਜਾਵੇ: ਸ਼ਬਦਾਂ ਦਾ ਅਨੁਵਾਦ ਕਰਨ ਵਿਚ ਪਿਛਲੀਆਂ ਸ਼ਬਦ-ਚੋਣਾਂ ਨਾਲ ਇਕਸਾਰਤਾ ਬਣਾਈ ਜਾਵੇ, ਸ਼ਾਬਦਕ ਅਨੁਵਾਦ ਅਤੇ ਭਾਵਾਰਥਕ-ਸਿਰਜਣਾਤਮਕ ਅਨੁਵਾਦ ਵਿਚਕਾਰ ਸੰਤੁਲਨ ਸਥਾਪਤ ਕੀਤਾ ਜਾਵੇ। ਇਹ ਵੀ ਨਿਰਣਾ ਕਰ ਲਿਆ ਜਾਵੇ ਕਿ ਵਿਆਖਿਆ ਲਈ ਪੈਰ ਟਿਪਣੀਆਂ ਉਪਰ ਕਿੰਨੀ ਕੁ ਟੇਕ ਰਖਣੀ ਹੈ। ਪਾਠਕਾਂ ਦੀਆਂ ਜਰੂਰਤਾਂ ਤੇ ਲੋੜਾਂ ਦੀ ਸੂਝ ਆਦਿ ਨੂੰ ਵੀ ਦ੍ਰਿਸ਼ਟੀ ਅਧੀਨ ਰਖਿਆ ਜਾਵੇ ਆਦਿ।

ਨੋਟ: ਵਖੋ-ਵਖਰੀਆਂ ਭਾਸ਼ਾਵਾਂ ਵਿਚ ਇੰਨ-ਬਿੰਨ ਸਮਾਨੰਤਰ ਸ਼ਬਦ ਨਹੀਂ ਮਿਲਦੇ। ਜੇਕਰ ਪ੍ਰਸੰਗ ਨੂੰ ਧਿਆਨ ਵਿਚ ਰਖੇ ਬਿਨਾਂ ਹੀ ਇਕ ਭਾਸ਼ਾ ਵਿਚ ਦਿਤੇ ਸ਼ਬਦ ਦਾ ਅਨੁਵਾਦ ਦੂਸਰੀ ਵਿਚ ਰਲਦੇ-ਮਿਲਦੇ ਸ਼ਬਦ ਨਾਲ ਕੀਤਾ ਜਾਂਦਾ ਹੈ ਤਾਂ ਅਰਥਾਂ ਦੇ ਗਲਤ ਹੋਣ ਦਾ ਖਤਰਾ ਪੈਦਾ ਹੋ ਜਾਂਦਾ ਹੈ। ਇਸ ਲਈ “ਇਕਸਾਰਤਾ” ਦੀ ਸਖਤੀ ਨਾਲ ਪਾਲਣਾ ਸੰਭਵ ਨਹੀਂ ਹੋ ਸਕਦੀ। ਪਰ, ਇਸ ਦਾ ਇਹ ਭਾਵ ਵੀ ਨਹੀਂ ਕਿ ਆਪ-ਹੁਦਰੀ ਜਾਂ ਬੇਤੁਕੀ ਸਵੈ-ਵਿਰੋਧਤਾ ਹੋਵੇ। ਤਰਕਸੰਗਤ ਇਕਸਾਰਤਾ ਇਕ ਸ਼ਲਾਘਾਜੋਗ ਟੀਚਾ ਹੈ, ਪਰ ਸਿਰਫ ਇਸ ਚਿਤਾਵਨੀ ਨਾਲ ਕਿ ਅਨੁਵਾਦਕ ਨੂੰ ਪ੍ਰਸੰਗ ਅਨੁਕੂਲ ਸੰਭਵ ਅਪਵਾਦਾਂ ਲਈ ਖੁਲ੍ਹ ਹੋਣੀ ਚਾਹੀਦੀ ਹੈ।

ਵਿਧੀ

ਇਹ ਭਾਗ ਬਾਣੀਆਂ (ਰਚਨਾਵਾਂ) ਵਿਚ ਦਿਤੇ ਸੰਦੇਸ਼ ਦੀ ਸੰਖੇਪ ਜਾਣਕਾਰੀ ਦਿੰਦਾ ਹੈ। ਉਦਾਹਰਣ ਲਈ, ‘ਆਸਾ ਕੀ ਵਾਰ’ ਦੀ ਜਾਣ-ਪਛਾਣ ਵਿਚ ਸਲੋਕਾਂ ਅਤੇ ਪਉੜੀਆਂ ਦੇ ਸੰਦੇਸ਼ ਬਾਰੇ ਸੰਖੇਪ ਜਾਣਕਾਰੀ ਸ਼ਾਮਲ ਹੈ।

ਖੋਜ (ਪਦ ਅਰਥ, ਵਿਆਕਰਣ ਤੇ ਵਿਉਤਪਤੀ)

ਇਹ ਭਾਗ ਸ਼ਬਦ ਦੇ ਅਰਥ, ਤੁਕ ਵਿਚ ਉਸ ਦੀ ਵਿਆਕਰਣਕ ਸਥਿਤੀ ਅਤੇ ਉਸ ਦੇ ਭਾਸ਼ਾਈ ਮੂਲ ਨਾਲ ਸੰਬੰਧਤ ਹੈ। ਸਿੱਟੇ ਵਜੋਂ ਇਸ ਨੂੰ ਤਿੰਨ ਉਪਭਾਗਾਂ ਵਿਚ ਵੰਡਿਆ ਗਿਆ ਹੈ: ਅਰਥ, ਵਿਆਕਰਣ ਅਤੇ ਵਿਉਤਪਤੀ।

ਪਦ ਅਰਥ: ਇਹ ਸ਼ਾਬਦਕ-ਅਰਥਾਂ ਅਤੇ ਭਾਵ-ਅਰਥਾਂ ਦੇ ਸਾਰੇ ਸੰਭਾਵਤ ਸਮੂਹਾਂ ਦੀ ਸੂਚੀ ਦਿੰਦਾ ਹੈ। ਸ਼ਾਬਦਕ ਅਰਥਾਂ ਨੂੰ ਇਕ ਦੂਜੇ ਤੋਂ ਕਾਮੇ (,) ਨਾਲ ਅਤੇ ਭਾਵ-ਅਰਥਾਂ ਦੇ ਸਮੂਹ ਤੋਂ ਬਿੰਦੀ-ਕਾਮੇ (;) ਨਾਲ ਵਖ ਕੀਤਾ ਗਿਆ ਹੈ।

ਵਿਆਕਰਣ: ਇਸ ਅਧੀਨ ਪਾਠ ਵਿਚ ਆਏ ਹਰ ਇਕ ਸ਼ਬਦ ਦੇ ਵਿਆਕਰਣਕ ਪਖਾਂ/ਸ਼੍ਰੇਣੀਆਂ ਦੀ ਸੂਚੀ ਦਿਤੀ ਗਈ ਹੈ। ਸ਼ਬਦ ਨੂੰ ਹੇਠਾਂ ਦਿਤੇ ਅਨੁਸਾਰ ਸ਼੍ਰੇਣੀਬੱਧ ਕੀਤਾ ਗਿਆ ਹੈ:

 • ਨਾਂਵ, ਕਾਰਕ; ਲਿੰਗ, ਵਚਨ।
 • ਪੜਨਾਂਵ, ਕਾਰਕ; ਪੁਰਖ, ਲਿੰਗ, ਵਚਨ।
 • ਵਿਸ਼ੇਸ਼ਣ/ਪੜਨਾਂਵੀ ਵਿਸ਼ੇਸ਼ਣ, ਕਾਰਕ ਸਾਧਨਾ ਨਾਂਵ/ਪੜਨਾਂਵ ਵਾਂਗ
 • ਕਿਰਿਆ, ਕਾਲ; ਪੁਰਖ, ਲਿੰਗ, ਵਚਨ।
 • ਕਿਰਿਆ ਵਿਸ਼ੇਸ਼ਣ।
 • ਨਿਪਾਤ।
 • ਕਿਰਦੰਤ।
 • ਸੰਬੰਧਕ।
 • ਯੋਜਕ।
 • ਵਿਸਮਕ।

ਸ਼ਬਦ-ਸ਼੍ਰੇਣੀਆਂ ਤੇ ਕਾਰਕਾਂ ਨੂੰ ਆਪਣੇ ਪੁਰਖ, ਲਿੰਗ ਅਤੇ ਵਚਨ ਤੋਂ ਵਖ ਕਰਨ ਲਈ ਬਿੰਦੀ-ਕਾਮੇ (;) ਦੀ ਵਰਤੋਂ ਕੀਤੀ ਗਈ ਹੈ।

ਵਿਉਤਪਤੀ

 • ਹਰ ਇਕ ਸ਼ਬਦ ਦੀ ਵਿਉਤਪਤੀ ਦੇਣ ਦਾ ਜਤਨ ਕੀਤਾ ਗਿਆ ਹੈ। ਵਿਉਤਪਤੀ ਦਰਸਾਉਣ ਲਈ ਆਮ ਕਰਕੇ ਸੰਬੰਧਤ ਸ਼ਬਦ ਦਾ ਪੁਰਾਤਨ ਪੰਜਾਬੀ, ਲਹਿੰਦੀ, ਬ੍ਰਜ, ਸਿੰਧੀ, ਅਪਭ੍ਰੰਸ਼, ਪ੍ਰਾਕ੍ਰਿਤ, ਪਾਲੀ ਅਤੇ ਸੰਸਕ੍ਰਿਤ ਆਦਿ ਵਿਚਲਾ ਰੂਪ ਦਿਤਾ ਗਿਆ ਹੈ। ਸੰਬੰਧਤ ਸ਼ਬਦ ਦੇ ਸੰਸਕ੍ਰਿਤ ਅਤੇ ਅਰਬੀ/ਫਾਰਸੀ ਵਿਚ ਮਿਲਦੇ ਰੂਪਾਂ ਨੂੰ ਗੁਰਮੁਖੀ ਦੇ ਨਾਲ-ਨਾਲ ਸੰਸਕ੍ਰਿਤ ਅਤੇ ਅਰਬੀ/ਫਾਰਸੀ ਦੋਵਾਂ ਲਿਪੀਆਂ ਵਿਚ ਲਿਖਿਆ ਹੈ, ਪਰ ਦੂਸਰੀਆਂ ਭਾਸ਼ਾਵਾਂ ਵਿਚ ਮਿਲਦੇ ਰੂਪਾਂ ਨੂੰ ਕੇਵਲ ਗੁਰਮੁਖੀ ਵਿਚ ਹੀ ਅੰਕਤ ਕੀਤਾ ਗਿਆ ਹੈ। ਸੰਸਕ੍ਰਿਤ ਵਿਚ ਕਿਰਿਆ ਦਾ ਪੁਲਿੰਗ ਅਤੇ ਇਸਤਰੀ ਲਿੰਗ ਰੂਪ ਇਕ ਹੀ ਹੁੰਦਾ ਹੈ, ਪਰ ਵਿਉਤਪਤੀ ਲਿਖਣ ਵੇਲੇ ਅਰਥ ਪੁਲਿੰਗ ਰੂਪ ਵਿਚ ਹੀ ਕੀਤਾ ਗਿਆ ਹੈ।
 • ਗੁਰਬਾਣੀ ਦੇ ਜਿਨ੍ਹਾਂ ਸ਼ਬਦਾਂ ਦਾ ਸੰਬੰਧਤ ਭਾਸ਼ਾਵਾਂ ਵਿਚ ਇਕਵਚਨੀ ਜਾਂ ਬਹੁਵਚਨੀ ਰੂਪ ਪ੍ਰਾਪਤ ਹੈ, ਉਨ੍ਹਾਂ ਦੇ ਉਸੇ ਰੂਪ ਨੂੰ ਹੀ ਲਿਖਿਆ ਗਿਆ ਹੈ ਅਤੇ ਜਿਨ੍ਹਾਂ ਸ਼ਬਦਾਂ ਦੇ ਰੂਪ ਪ੍ਰਾਪਤ ਨਹੀਂ ਹੋਏ, ਉਨ੍ਹਾਂ ਦੇ ਮਿਲਦੇ-ਜੁਲਦੇ ਰੂਪ ਦਰਸਾਏ ਗਏ ਹਨ।
 • ਜੇਕਰ ਕਿਸੇ ਭਾਸ਼ਾ ਦੇ ਸੰਬੰਧਤ ਸ਼ਬਦ ਦੇ ਇਕ ਤੋਂ ਵਧੇਰੇ ਰੂਪ ਮਿਲਦੇ ਹਨ ਤਾਂ ਉਹ ਤਿਰਛੀ ਲਕੀਰ (/) ਦੀ ਵਿਧੀ ਰਾਹੀਂ ਅੰਕਤ ਕਰ ਦਿਤੇ ਹਨ। ਜਿਥੇ ਸ਼ਬਦਾਂ ਦੇ ਅਰਥ ਬਦਲਦੇ ਹਨ, ਉਥੇ ਬਿੰਦੀ-ਕਾਮੇ (;) ਦੀ ਵਰਤੋਂ ਕੀਤੀ ਗਈ ਹੈ। ਕਿਸੇ ਪੁਸਤਕ, ਗ੍ਰੰਥ ਆਦਿ ਦੀ ਮੂਲ ਲਿਖਤ ਦਾ ਹਵਾਲਾ ਦੇਣ ਵੇਲੇ ਦੋਹਰੇ ਪੁੱਠੇ ਕਾਮਿਆਂ (“0”) ਦੀ ਵਰਤੋਂ ਕੀਤੀ ਗਈ ਹੈ।
 • ਆਮ ਕਰਕੇ ਸ਼ਬਦਾਂ ਦੀ ਵਿਉਤਪਤੀ ਅਤੇ ਭਾਸ਼ਾਈ ਰੂਪ ਦਿੰਦਿਆਂ, ਕਿਸੇ ਹੋਰ ਗ੍ਰੰਥ, ਪੁਸਤਕ ਦਾ ਹਵਾਲਾ ਨਾਲ ਨਹੀਂ ਦਿਤਾ ਗਿਆ ਪਰ ਜੇਕਰ ਕਿਤੇ ਵਖਰਾ ਹਵਾਲਾ ਦੇਣ ਦੀ ਲੋੜ ਜਾਪੀ ਹੈ, ਤਾਂ ਜਾਣਕਾਰੀ ਪੈਰ ਟਿਪਣੀਆਂ ਵਿਚ ਅੰਕਤ ਕਰ ਦਿਤੀ ਹੈ।
 • ਜੇਕਰ ਕਿਸੇ ਸ਼ਬਦ ਦੇ ਅਰਥ ਉਹੀ ਰਹਿੰਦੇ ਹਨ ਜੋ ਸੰਸਕ੍ਰਿਤ/ਪਾਲੀ/ਅਰਬੀ ਆਦਿ ਵਿਚ ਹਨ, ਤਾਂ ਦੂਸਰੀਆਂ ਭਾਸ਼ਾਵਾਂ ਵਿਚ ਉਸ ਸ਼ਬਦ ਦੇ ਅਰਥ ਦੇਣ ਤੋਂ ਸੰਕੋਚ ਕੀਤਾ ਹੈ।
 • ਜਿਥੇ ਕਿਤੇ ਵਧੇਰੇ ਜਾਣਕਾਰੀ ਦੇਣ ਦੀ ਲੋੜ ਜਾਪੀ ਹੈ, ਉਥੇ ਸੰਬੰਧਤ ਸ਼ਬਦ ਦੀ ਗੁਰੂ ਗ੍ਰੰਥ ਸਾਹਿਬ ਵਿਚ ਹੋਈ ਭਿੰਨ-ਭਿੰਨ ਵਰਤੋਂ ਬਾਰੇ ਲੋੜੀਂਦੀ ਸੂਚਨਾ ਪੈਰ ਟਿਪਣੀਆਂ ਵਿਚ ਦੇ ਦਿਤੀ ਹੈ।
 • ਭਾਸ਼ਾਈ ਰੂਪ ਦਰਸਾਉਣ ਲਈ ਲਗਭਗ ਸਾਰੇ ਹੀ ਨਵੀਨ ਤੇ ਪੁਰਾਤਨ ਕੋਸ਼ਾਂ ਅਤੇ ਸਾਹਿਤਕ ਸ੍ਰੋਤਾਂ ਨੂੰ ਵਾਚਣ ਦਾ ਜਤਨ ਕੀਤਾ ਹੈ।

ਅਰਥ (ਸ਼ਾਬਦਕ ਅਨੁਵਾਦ ਤੇ ਭਾਵਾਰਥਕ-ਸਿਰਜਣਾਤਮਕ ਅਨੁਵਾਦ)

ਗੁਰਬਾਣੀ ਪਦਾਂ ਅਤੇ ਤੁਕਾਂ ਦੇ ਅਰਥ ਕਰਨ ਲਗਿਆਂ ਹੇਠ ਲਿਖੇ ਪਖਾਂ ਨੂੰ ਧਿਆਨ ਵਿਚ ਰਖਿਆ ਗਿਆ ਹੈ:

ਸ਼ਾਬਦਕ ਅਨੁਵਾਦ (ਤਿਰਛੀ ਪੰਗਤੀ)
“ਆਸਾ ਕੀ ਵਾਰ” ਦੇ ਅਨੁਵਾਦ ਕਾਰਜ ਵਿਚ ਵਰਤੀ ਗਈ ਤਿਰਛੀ ਪੰਗਤੀ ਗੁਰਬਾਣੀ ਦੀ ਮੂਲ ਤੁਕ ਦੇ ਸ਼ਾਬਦਕ ਅਨੁਵਾਦ ਹਨ, ਜਿਸ ਵਿਚ ਪਾਠ ਵਿਚ ਉਪਲਬਧ ਸਾਰੇ ਸ਼ਬਦਾਂ, ਅਰਥਾਂ ਅਤੇ ਪ੍ਰਸੰਗਾਂ ਨੂੰ ਬਰਕਰਾਰ ਰਖਿਆ ਗਿਆ ਹੈ। ਕਾਲ, ਵਚਨ, ਪੁਰਖ, ਲਿੰਗ ਆਦਿ ਸ੍ਰੋਤ ਪਾਠ ਅਨੁਸਾਰ ਹੀ ਰਖੇ ਹਨ। ਕਾਵਿਕਤਾ, ਪਾਠ ਦੀ ਰਵਾਨਗੀ ਅਤੇ ਸਪਸ਼ਟਤਾ ਨੂੰ ਕਾਇਮ ਰਖਣ ਲਈ ਲੋੜੀਂਦੇ ਸ਼ਬਦ ਬਰੈਕਟਾਂ ਅੰਦਰ ਦਿਤੇ ਗਏ ਹਨ। ਲੋੜ ਅਨੁਸਾਰ, ਅਰਥਾਂ ਦੀ ਸਪਸ਼ਟਤਾ ਲਈ, ਸ਼ਬਦਾਂ ਦੇ ਕ੍ਰਮ ਅਤੇ ਵਾਕ ਦੀ ਬਣਤਰ ਨੂੰ ਬਦਲਕੇ (ਅਨਵੈ ਕਰਕੇ) ਪੈਰ ਟਿਪਣੀ ਦੇ ਦਿਤੀ ਹੈ।

ਭਾਵਾਰਥਕ -ਸਿਰਜਣਾਤਮਕ ਅਨੁਵਾਦ (ਸਿਧੀ ਪੰਗਤੀ)
ਤਿਰਛੀ ਪੰਗਤੀ ਤੋਂ ਬਾਅਦ ਸਿਧੀ (ਭਾਵਾਰਥਕ-ਸਿਰਜਣਾਤਮਕ ਅਨੁਵਾਦ ਵਾਲੀ) ਪੰਗਤੀ ਆਉਂਦੀ ਹੈ। ਇਹ ਪੰਗਤੀ ਗੁਰਬਾਣੀ ਦੀ ਤੁਕ ਅਤੇ ਉਸ ਦੇ ਸ਼ਾਬਦਕ ਅਨੁਵਾਦ ਦੀ ਵਿਆਖਿਆ ਕਰਦੀ ਹੈ ਤਾਂ ਕਿ ਪਾਠਕਾਂ ਨੂੰ ਭਾਵ-ਅਰਥਾਂ ਦੀ ਬਿਹਤਰ ਸਮਝ ਆ ਸਕੇ। ਇਸ ਵਿਚ ਭਾਸ਼ਾ ਦਾ ਪ੍ਰਵਾਹ ਅਤੇ ਸੰਦੇਸ਼ ਦੀ ਸਪਸ਼ਟਤਾ ਪ੍ਰਾਥਮਕ ਹੈ। ਇਸ ਲਈ ਤੁਕ ਵਿਚਲੇ ਅਲੰਕਾਰਕ ਸੰਕੇਤਾਂ ਨੂੰ ਖੋਲ੍ਹ ਕੇ ਲਿਖਿਆ ਗਿਆ ਹੈ। ਸ਼ਾਬਦਕ ਅਨੁਵਾਦ ਵਿਚ ਵਰਤੇ ਪਦ/ਵਾਕੰਸ਼ ਨੂੰ ਬਰੈਕਟਾਂ ਵਿਚ ਅਤੇ ਉਸ ਦੀ ਵਿਆਖਿਆ ਨੂੰ ਬਰੈਕਟਾਂ ਦੇ ਬਾਹਰ ਰਖਿਆ ਗਿਆ ਹੈ।

ਸਾਰ
ਇਸ ਦੇ ਅੰਤਰਗਤ ਲੋੜ ਅਨੁਸਾਰ ਪਿਛਲੇ ਸਲੋਕ/ਸਲੋਕਾਂ ਅਤੇ ਪਉੜੀ ਵਿਚਲੇ ਸੰਦੇਸ਼ ਦਾ ਸੰਖੇਪ ਸਾਰ ਦਿਤਾ ਹੈ।

ਪਖ (ਇਤਿਹਾਸਕ, ਸੰਗੀਤਕ ਤੇ ਕਾਵਿਕ)

ਇਤਿਹਾਸਕ
ਲੋੜ ਅਨੁਸਾਰ ਇਤਿਹਾਸਕ ਅਤੇ ਸਭਿਆਚਾਰਕ ਵੇਰਵੇ ਦਿਤੇ ਹਨ, ਜੋ ਸ਼ਬਦ/ਤੁਕ ਦੀ ਇਤਿਹਾਸਕ ਅਤੇ ਸਭਿਆਚਾਰਕ ਮਹੱਤਤਾ ਅਤੇ ਅਜੋਕੇ ਸਮੇਂ ਵਿਚ ਉਨ੍ਹਾਂ ਦੇ ਅਰਥਾਂ ਨੂੰ ਬਿਹਤਰ ਢੰਗ ਨਾਲ ਸਮਝਣ ਵਿਚ ਸਹਾਈ ਹੋਣਗੇ। ਬਾਣੀ ਦੇ ਪਿਛੋਕੜ ਅਤੇ ਵਰਤਮਾਨ ਵਿਚ ਕਾਰਜਸ਼ੀਲ ਇਤਿਹਾਸਕ/ਸਭਿਆਚਾਰਕ ਵਰਤਾਰੇ ਨੂੰ ਸਮਝਣ ਦੀ ਕੋਸ਼ਿਸ਼ ਕਰਦਿਆਂ ਸਿਖ ਸਾਹਿਤ ਦੀਆਂ ਗ੍ਰੰਥ ਪਰੰਪਰਾਵਾਂ (ਟੀਕੇ, ਰਹਿਤਨਾਮੇ, ਸਾਖੀ, ਪਰਚੀ, ਜਨਮਸਾਖੀ ਆਦਿ) ਸਮੇਤ ਭਾਰਤੀ ਇਤਿਹਾਸਕ/ਸਭਿਆਚਾਰਕ ਕਿਰਤਾਂ ਤੋਂ ਵੀ ਲਾਭ ਉਠਾਉਣ ਦਾ ਜਤਨ ਕੀਤਾ ਗਿਆ ਹੈ।

ਸੰਗੀਤਕ
ਸੰਗੀਤਕ ਪਖ ਬਾਰੇ ਜਾਣਕਾਰੀ ਹੇਠ ਲਿਖੇ ਅਨੁਸਾਰ ਦਿਤੀ ਗਈ ਹੈ:

 • ਰਾਗ ਦਾ ਅਖਰੀ ਅਰਥ
 • ਰਾਗ ਦੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੋਂ
 • ਰਾਗ ਦਾ ਇਤਿਹਾਸਕ ਪਖ
 • ਰਾਗ ਦਾ ਰਸ ਤੇ ਪ੍ਰਕਿਰਤੀ
 • ਰਾਗ ਦਾ ਸੰਗੀਤਕ ਸਰੂਪ (ਆਰੋਹ, ਅਵਰੋਹ, ਵਾਦੀ, ਸੰਵਾਦੀ, ਮੁਖ ਅੰਗ) ਆਦਿ।

ਕਾਵਿਕ
ਗੁਰਬਾਣੀ ਧੁਰ ਕੀ ਬਾਣੀ ਹੈ। ਇਸ ਦੀ ਕਾਵਿਕ ਪਖ ਵੀ ਅਨਿਕ ਪ੍ਰਕਾਰੀ ਹੈ, ਜਿਸਦੀ ਥਾਹ ਪਾਉਣੀ ਤੇ ਉਸ ਨੂੰ ਪੂਰੀ ਤਰ੍ਹਾਂ ਬਿਆਨ ਕਰ ਸਕਣਾ ਮਨੁਖੀ ਸਮਰਥਾ ਤੋਂ ਬਾਹਰ ਹੈ। ਇਸ ਲਈ ਕਾਵਿ-ਸ਼ਾਸ਼ਤਰ ਦੇ ਗਿਆਤ ਨੇਮਾਂ ਤਹਿਤ ਸੰਬੰਧਤ ਬਾਣੀ-ਰੂਪ ਦੇ ਕਾਵਿਕ ਪਖ ਸੰਬੰਧੀ ਕੇਵਲ ਇਸ਼ਾਰੇ ਮਾਤਰ ਜਾਣਕਾਰੀ ਹੀ ਦਿਤੀ ਗਈ ਹੈ। ਸ਼ੈਲੀ-ਵਿਗਿਆਨ ਦੇ ਤੱਤਾਂ ਸਮੇਤ ਸਲੋਕ/ਪਉੜੀ ਵਿਚ ਵਰਤੇ ਅਲੰਕਾਰਾਂ ਅਤੇ ਛੰਦ ਵਿਧਾਨ ਬਾਰੇ ਸੰਖੇਪ ਜਾਣਕਾਰੀ ਦੇਣ ਦਾ ਜਤਨ ਕੀਤਾ ਹੈ।

ਪੈਰ ਟਿਪਣੀਆਂ

ਅੰਕਤ ਕੀਤੀਆਂ ਪੈਰ ਟਿਪਣੀਆਂ ਪਾਠ ਦੀ ਜਰੂਰਤ ਅਨੁਸਾਰ ਅਨੇਕ ਕਾਰਜ ਕਰਦੀਆਂ ਹਨ। ਇਸ ਵਿਚ ਬੇਸ਼ਕ ਨਿਮਨਲਿਖਤ ਮਦਾਂ ਨੂੰ ਪ੍ਰਮੁਖਤਾ ਸਹਿਤ ਸ਼ਾਮਲ ਕੀਤਾ ਗਿਆ ਹੈ, ਪਰ ਇਹ ਸਿਰਫ ਇਨ੍ਹਾਂ ਤਕ ਹੀ ਸੀਮਤ ਨਹੀਂ ਹਨ:

 1. ਵਾਧੂ ਜਾਂ ਸਹਾਇਕ ਜਾਣਕਾਰੀ ਪ੍ਰਦਾਨ ਕਰਨੀ।
 2. ਪਦ/ਸ਼ਬਦ, ਵਾਕੰਸ਼, ਮੁਹਾਵਰੇ, ਪ੍ਰਤੀਕ, ਸੰਕਲਪ, ਵਿਚਾਰ ਆਦਿ ਨੂੰ ਪਰਿਭਾਸ਼ਤ ਕਰਨਾ।
 3. ਪਾਠ ਦੇ ਪ੍ਰਸੰਗ ਬਾਰੇ ਜਾਣਕਾਰੀ ਜਾਂ ਉਚਾਰਨ ਸੰਬੰਧੀ ਦਿਸ਼ਾ ਨਿਰਦੇਸ਼ ਪ੍ਰਦਾਨ ਕਰਨਾ।
 4. ਦਿਤੀ ਗਈ ਵਿਆਖਿਆ ਦਾ (ਇਤਿਹਾਸਕ, ਸਭਿਆਚਾਰਕ, ਭਾਸ਼ਾਈ, ਸਾਹਿਤਕ, ਕਾਵਿਕ ਆਦਿ) ਸੰਦਰਭ ਦੇਣਾ।
 5. ਕਿਸੇ ਪਦ ਜਾਂ ਵਿਚਾਰ ਦੀ ਪੁਸ਼ਟੀ ਲਈ ਗੁਰੂ ਗ੍ਰੰਥ ਸਾਹਿਬ ਵਿਚੋਂ ਹਵਾਲੇ ਦੇਣਾ।

ਵਿਆਖਿਆ (ਕੁਮੈਂਟਰੀ)

ਨਿਮਨਲਿਖਤ ਪਖਾਂ ਨੂੰ ਧਿਆਨ ਵਿਚ ਰਖਦਿਆਂ ਹਰ ਇਕ ਸ਼ਬਦ (ਸਲੋਕ/ਪਉੜੀ) ਦੀ ਪੰਜਾਬੀ ਤੇ ਅੰਗਰੇਜੀ ਭਾਸ਼ਾਵਾਂ ਦੇ ਸਮਕਾਲੀ ਮੁਹਾਵਰੇ ਵਿਚ ਸੰਖੇਪ ਅਤੇ ਸਰਲ ਵਿਆਖਿਆ (commentary) ਵੀ ਦਿਤੀ ਜਾਵੇਗੀ।

 • ਪਾਠਕ: ਵਿਸ਼ਵਵਿਆਪੀ
 • ਭਾਸ਼ਾ: ਸਮਕਾਲੀ ਪੰਜਾਬੀ/ਅੰਗਰੇਜੀ
 • ਇਕਸਾਰਤਾ: ਗੁਰੂ ਗ੍ਰੰਥ ਸਾਹਿਬ ਦੀਆਂ ਬਾਣੀਆਂ (ਰਚਨਾਵਾਂ) ਦੇ ਸੰਦੇਸ਼ ਦੇ ਪ੍ਰਸੰਗ ਅਨੁਸਾਰ।
 • ਉਦੇਸ਼: ਪ੍ਰੇਰਣਾ, ਸਿਖਿਆ ਅਤੇ ਜੀਵਨ-ਤਬਦੀਲੀ

ਸ਼ਬਦ-ਜੋੜ

 • ਸ਼ਬਦ-ਜੋੜਾਂ ਸੰਬੰਧੀ ਆਮ ਨੇਮ ਇਹ ਅਪਣਾਇਆ ਹੈ ਕਿ ਸ਼ਬਦ ਜਿਵੇਂ ਅਜੋਕੀ ਪੰਜਾਬੀ ਵਿਚ ਬੋਲੇ ਜਾਂਦੇ ਹਨ, ਉਵੇਂ ਹੀ ਲਿਖੇ ਜਾਣ।
 • ਧਾਰਮਕ, ਸਮਾਜਕ, ਆਰਥਕ, ਇਤਿਹਾਸਕ, ਸਭਿਆਚਾਰਕ, ਅਧਿਆਤਮਕ, ਪਰਵਾਰਕ, ਵਿਆਕਰਣਕ, ਪ੍ਰਵਾਣਤ, ਨਿਰਧਾਰਤ, ਸੰਬੰਧਤ, ਵਿਕਸਤ ਆਦਿ ਸ਼ਬਦ ਵਾਧੂ ਸਿਹਾਰੀ ਤੋਂ ਬਿਨਾਂ ਹੀ ਵਰਤੇ ਗਏ ਹਨ।
 • ਗੁਰਬਾਣੀ ਵਿਚ ਵਰਤੇ ਸ਼ਬਦਾਂ ਨੂੰ ਮੂਲ ਰੂਪ ਵਿਚ ਹੀ ਰਖਿਆ ਗਿਆ ਹੈ, ਜਿਵੇਂ ਕਿ ਮੁਹਰ, ਮੰਤ੍ਰ, ਪਉੜੀ, ਸਲੋਕ, ਦੂਜਾ, ਤੀਜਾ, ਚਉਥਾ, ਨਾਵੀਂ, ਢਾਢੀ ਆਦਿ।
 • ਅੱਧਕ ਦੀ ਬੇਲੋੜੀ ਵਰਤੋਂ ਤੋਂ ਗੁਰੇਜ ਕੀਤਾ ਗਿਆ ਹੈ ਅਤੇ ਇਹ ਸ਼ਬਦ ਬਿਨਾਂ ਅੱਧਕ ਹੀ ਲਿਖੇ ਹਨ: ਮਨੁਖ, ਇਕ, ਸਿਖ, ਸਿਖਿਆ, ਵਿਚ, ਇਥੇ/ਜਿਥੇ/ਕਿਥੇ/ਉਥੇ ਆਦਿ।
 • ‘ਸ਼’, ‘ਜ਼’ ਆਦਿ ਧੁਨੀਆਂ ਦੀ ਵਰਤੋਂ ਵੀ ਘਟ ਤੋਂ ਘਟ ਕੀਤੀ ਹੈ: ਦਰਸਾਉਣਾ, ਸਰੀਰ, ਕੇਸ, ਦੇਸ, ਜਿਆਦਾ, ਜਮੀਨ, ਜੋਰ, ਕਾਗਜ ਆਦਿ।
 • ਇਨ੍ਹਾਂ ਸ਼ਬਦਾਂ ਨੂੰ ‘ਯ’ ਦੀ ਥਾਂ ‘ਜ’ ਨਾਲ ਹੀ ਲਿਖਿਆ ਹੈ: ਜੋਗ, ਜੋਗੀ, ਜੁਗ, ਜੁਧ ਆਦਿ।
 • ਨਾਸਕੀ ਚਿੰਨ੍ਹ ਬਿੰਦੀ ਦੀ ਬੇਲੋੜੀ ਵਰਤੋਂ ਤੋਂ ਵੀ ਗੁਰੇਜ ਕੀਤਾ ਗਿਆ ਹੈ ਅਤੇ ਇਨ੍ਹਾ ਸ਼ਬਦਾਂ ਨੂੰ ਇਸ ਤੋਂ ਮੁਕਤ ਹੀ ਰਖਿਆ ਹੈ, ਜਿਵੇਂ ਕਿ ਦੁਨੀਆ, ਹਮੇਸ਼ਾ, ਪੰਨਾ ਆਦਿ।