Connect

2005 Stokes Isle Apt. 896, Vacaville 10010, USA

[email protected]

ਵਾਰ

‘ਵਾਰ’ ਪਉੜੀਆਂ ਵਿਚ ਰਚਿਆ ਬੀਰ ਰਸ ਪ੍ਰਧਾਨ ਕਾਵਿ ਰੂਪਾਕਾਰ ਹੈ। ਮਹਾਨ ਕੋਸ਼ ਅਨੁਸਾਰ: “ਵਾਰ ਤੋਂ ਭਾਵ ਹੈ ਅਜਿਹੀ ਰਚਨਾ, ਜਿਸ ਵਿਚ ਯੁਧ ਸੰਬੰਧੀ ਵਰਣਨ ਹੋਵੇ। ਵਾਰ ਸ਼ਬਦ ਦਾ ਅਰਥ ਪਉੜੀ (ਨਿ:ਸ਼੍ਰੇਣੀ/ਨਿਸ਼ੇਨੀ/ਨਿਸ਼ਾਨੀ) ਛੰਦ ਵੀ ਹੋ ਗਿਆ ਹੈ, ਕਿਉਂਕਿ ਜੋਧਿਆਂ ਦੀ ਸੂਰਬੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿਚ ਲਿਖਿਆ ਹੈ।”

ਪੁਰਾਤਨ ਪੰਜਾਬੀ ਸਾਹਿਤ ਵਿਚ ਪ੍ਰਾਪਤ ਵਾਰਾਂ ਦਾ ਵਿਸ਼ਾ-ਵਸਤੂ ਜ਼ਿਆਦਾਤਰ ਦੁਨਿਆਵੀ ਰਾਜ ਅਤੇ ਧਨ-ਪਦਾਰਥ ਦੀ ਪ੍ਰਾਪਤੀ ਲਈ ਸੰਘਰਸ਼ ਹੀ ਹੈ। ਗੁਰਮਤਿ ਪਰੰਪਰਾ ਦੇ ਅੰਤਰਗਤ ਸਿਰਜੀਆਂ ਗਈਆਂ ਵਾਰਾਂ ਬੇਸ਼ਕ ਅਨੇਕ ਵਿਸ਼ਿਆਂ ਨੂੰ ਆਪਣੇ ਦਾਇਰੇ ਵਿਚ ਲੈਂਦੀਆਂ ਹਨ, ਪਰ ਮੂ਼ਲ ਰੂਪ ਵਿਚ ਰੂਹਾਨੀਅਤ ਦੀ ਪ੍ਰਾਪਤੀ ਲਈ ਮਨੁਖੀ ਮਨ ਅੰਦਰ ਚੱਲ ਰਹੇ ਨੇਕੀ ਤੇ ਬਦੀ ਦੇ ਘੋਲ ਨੂੰ ਹੀ ਆਪਣਾ ਵਿਸ਼ਾ-ਵਸਤੂ ਬਣਾਉਂਦੀਆਂ ਹਨ। ਇਸ ਦੇ ਨਾਲ ਹੀ ਇਲਾਹੀ ਹੋਂਦ ਦੀ ਸਿਫਤਿ-ਸਾਲਾਹ ਕਰਦੀਆਂ ਇਹ ਵਾਰਾਂ ਸਤਿ-ਮਾਰਗ ਦੇ ਪਾਂਧੀ ਅਤੇ ਇਸ ਮਾਰਗ ਵਿਚ ਉਸ ਦੇ ਮਦਦਗਾਰ, ਗੁਰੂ, ਦੀ ਉਸਤਤਿ ਵੀ ਕਰਦੀਆਂ ਹਨ।

ਮੂਲ ਰੂਪ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਾਰਾਂ ਦੀ ਰਚਨਾ ਕੇਵਲ ਪਉੜੀਆਂ ਦੇ ਰੂਪ ਵਿਚ ਹੋਈ। ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਗੁਰੂ ਅਰਜਨ ਸਾਹਿਬ ਨੇ ਪਉੜੀਆਂ ਦੇ ਕੇਂਦਰੀ ਭਾਵ, ਜੋ ਕਿ ਜ਼ਿਆਦਾਤਰ ਪਉੜੀ ਦੀ ਅਖੀਰਲੀ ਤੁਕ ਵਿਚ ਹੈ, ਨੂੰ ਮੁਖ ਰਖ ਕੇ ਪਉੜੀਆਂ ਦੇ ਨਾਲ ਢੁਕਵੇਂ ਸਲੋਕ ਵੀ ਦਰਜ ਕਰ ਦਿਤੇ। ਜੋ ਸਲੋਕ ਵਾਰਾਂ ਵਿਚ ਸਮਾਅ ਨਾ ਸਕੇ, ਉਨ੍ਹਾਂ ਨੂੰ ਪੰਨਾ ੧੪੧੦-੧੪੨੬ ਉਪਰ ‘ਸਲੋਕ ਵਾਰਾਂ ਤੇ ਵਧੀਕ’ ਸਿਰਲੇਖ ਅਧੀਨ ਅੰਕਤ ਕਰ ਦਿਤਾ ਗਿਆ।

ਵਾਰ ਦੇ ਅਰੰਭ ਵਿਚ ਉਸ ਦੇ ਰਚਣਹਾਰ ਮਹਲੇ ਬਾਰੇ ਦਿਤੀ ਸੂਚਨਾ (ਮਹਲਾ ੧, ਮਹਲਾ ੫ ਆਦਿ) ਅਸਲ ਵਿਚ ਉਸ ਵਾਰ ਦੀਆਂ ਸਮੁੱਚੀਆਂ ਪਉੜੀਆਂ ਦੇ ਰਚਣਹਾਰ (ਕਰਤਾ) ਦੀ ਲਖਾਇਕ ਹੈ। ਜਿਥੇ ਕਿਤੇ ਕੋਈ ਪਉੜੀ ਕਿਸੇ ਹੋਰ ਮਹਲੇ ਦੀ ਹੋਵੇ, ਉਥੇ ਉਸ ਪਉੜੀ ਦੇ ਨਾਲ ਵਖਰੀ ਸੂਚਨਾ (ਪਉੜੀ ਮ: ੫ ਆਦਿ) ਦਿਤੀ ਹੋਈ ਮਿਲਦੀ ਹੈ।

ਗੁਰੂ ਗ੍ਰੰਥ ਸਾਹਿਬ ਵਿਚ ਕੁਲ ੨੨ ਵਾਰਾਂ ਸ਼ਾਮਲ ਹਨ। ਇਨ੍ਹਾਂ ਵਿਚੋਂ ਦੋ ਵਾਰਾਂ ਵਿਚ ਕੇਵਲ ਪਉੜੀਆਂ ਹੀ ਹਨ, ਸਲੋਕ ਕੋਈ ਨਹੀਂ ਹੈ। ਬਾਕੀ ੨੦ ਵਾਰਾਂ ਦੀਆਂ ਪਉੜੀਆਂ ਦੇ ਨਾਲ ਮਿਲਦੇ ਵਖ-ਵਖ ਮਹਲਿਆਂ ਦੇ ਜਾਂ ਉਸੇ ਮਹਲੇ ਦੇ ਸਲੋਕ ਗੁਰੂ ਅਰਜਨ ਸਾਹਿਬ ਨੇ ਆਦਿ ਬੀੜ ਦੀ ਸੰਪਾਦਨਾ ਵੇਲੇ ਸ਼ਾਮਲ ਕੀਤੇ। ਇਨ੍ਹਾਂ ਸਲੋਕਾਂ ਦੀ ਗਿਣਤੀ ਆਮ ਕਰਕੇ ੨ ਜਾਂ ਉਸ ਤੋਂ ਵੱਧ ਪ੍ਰਾਪਤ ਹੁੰਦੀ ਹੈ।

ਵਾਰਾਂ ਵਿਚ ਪਹਿਲਾਂ ਸਲੋਕ ਆਉਂਦੇ ਹਨ ਅਤੇ ਫਿਰ ਪਉੜੀ। ਹਰੇਕ ਪਉੜੀ ਦੇ ਅਖੀਰ ਵਿਚ ਦਿਤਾ ਹੋਇਆ ਅੰਕ ਕੇਵਲ ਪਉੜੀਆਂ ਦੀ ਗਿਣਤੀ ਦਾ ਹੀ ਸੂਚਕ ਹੈ, ਸਲੋਕਾਂ ਦੀ ਗਿਣਤੀ ਦਾ ਨਹੀਂ। ਇਸੇ ਲਈ, ਪਉੜੀਆਂ ਦਾ ਗਣਨ-ਅੰਕ ਸ਼ੁਰੂ ਤੋਂ ਅਖੀਰ ਤਕ ਕ੍ਰਮਵਾਰ (੧, ੨, ੩, ੪…) ਚਲਦਾ ਹੈ, ਜਦਕਿ ਸਲੋਕਾਂ ਦਾ ਅੰਕ ਉਸ ਪਉੜੀ ਤਕ ਹੀ ਸੀਮਤ ਰਹਿੰਦਾ ਹੈ। ਨਵੀਂ ਪਉੜੀ ਦੇ ਨਾਲ ਅੰਕਤ ਸਲੋਕਾਂ ਦੀ ਗਿਣਤੀ ਫਿਰ ਨਵੇਂ ਸਿਰਿਓਂ (੧ ਤੋਂ) ਅਰੰਭ ਹੁੰਦੀ ਹੈ।”