Connect

2005 Stokes Isle Apt. 896, Vacaville 10010, USA

[email protected]

ਪਉੜੀ

‘ਪਉੜੀ’ ਪੰਜਾਬੀ ਬੀਰ-ਰਸੀ ਕਾਵਿ (ਵਾਰ) ਦਾ ਇਕ ਖਾਸ ਬਹਿਰ ਜਾਂ ਚਰਨ-ਪ੍ਰਬੰਧ ਹੈ। ਦੂਜੇ ਸ਼ਬਦਾਂ ਵਿਚ, ਪਉੜੀ ਕਾਵਿ ਦਾ ਉਹ ਛੰਦ ਹੈ ਜੋ ਖਾਸ ਤੌਰ ‘ਤੇ ਵਾਰਾਂ ਦੀ ਰਚਨਾ ਵਿਚ ਵਰਤਿਆ ਜਾਂਦਾ ਹੈ। “ਅਸਲ ਵਿਚ ਵਾਰ ਅਤੇ ਪਉੜੀ ਦਾ ਪਰੰਪਰਾਗਤ ਸੰਬੰਧ ਚਲਿਆ ਆ ਰਿਹਾ ਹੈ। ਜੁੱਧ ਨਾਲ ਸੰਬੰਧਤ ਕਾਵਿ ਤਦ ਤਕ ‘ਵਾਰ’ ਨਹੀਂ ਅਖਵਾ ਸਕਦਾ, ਜਦ ਤਕ ਉਸ ਦੀ ਰਚਨਾ ਪਉੜੀ ਛੰਦ ਵਿਚ ਨਾ ਹੋਈ ਹੋਵੇ। ‘ਨਾਦਰਸ਼ਾਹ ਦੀ ਵਾਰ’ ਨੂੰ ਹੁਣ ਤਕ ‘ਨਾਦਰਸ਼ਾਹ ਦੀ ਪਉੜੀ’ ਕਰਕੇ ਲਿਖਿਆ ਜਾਂਦਾ ਹੈ। ‘ਲਉ ਕੁਸ਼ ਦੀ ਵਾਰ’ ਦੇ ਕਰਤਾ ਨੇ ਇਸ ਵਾਰ ਵਿਚ ਕਈ ਥਾਵਾਂ ਉਤੇ ਲਿਖਿਆ - ਕੀਰਤਿ ਦਾਸ ਸੁਣਾਈ ਪੜਿ ਪੜਿ ਪਉੜੀਆਂ; ਦਾਸ ਥੀਆ ਕੁਰਬਾਣੇ ਪਉੜੀ ਆਖਿ ਆਖਿ। ‘ਚੰਡੀ ਦੀ ਵਾਰ’ ਦੇ ਅੰਤ ‘ਤੇ ਵੀ ਅੰਕਿਤ ਹੈ - ਦੁਰਗਾ ਪਾਠ ਬਣਾਇਆ ਸਭੇ ਪਉੜੀਆਂ। ਸਪਸ਼ਟ ਹੈ ਪਉੜੀ ਛੰਦ ਵਾਰ ਦਾ ਅਨਿੱਖੜਵਾ ਅੰਗ ਹੈ ਅਤੇ ਦੋਵੇਂ ਇਕ ਦੂਜੇ ਉਤੇ ਪਰਸਪਰ ਅਧਾਰਿਤ ਹਨ।...ਡਾ. ਚਰਨ ਸਿੰਘ ਨੇ ‘ਬਾਣੀ ਬਿਉਰਾ’ ਵਿਚ ਪਉੜੀ ਨੂੰ ‘ਵਾਰ’ ਦਾ ਛੰਦ ਮੰਨਿਆ ਹੈ। ਭਾਈ ਕਾਨ੍ਹ ਸਿੰਘ ਨੇ ‘ਮਹਾਨ ਕੋਸ਼’ ਵਿਚ ‘ਵਾਰ’ ਦਾ ਇਕ ਅਰਥ ਪਉੜੀ ਕਢਿਆ ਹੈ।”

ਪਉੜੀ ਨੂੰ ਕਿਸੇ ਇਕ ਵਿਸ਼ੇਸ਼ ਛੰਦ ਵਿਚ ਨਹੀਂ ਰਖਿਆ ਜਾ ਸਕਦਾ, ਭਾਵੇਂ ਕਿ ਆਮ ਕਰਕੇ ਇਸ ਲਈ ‘ਸਿਰਖੰਡੀ’ ਅਤੇ ‘ਨਿਸ਼ਾਨੀ’ ਛੰਦ ਵਰਤਿਆ ਜਾਂਦਾ ਹੈ। ਜਿਸ ਤਰ੍ਹਾਂ ਉਰਦੂ-ਫ਼ਾਰਸੀ ਵਿਚ ‘ਮੁਸੱਦਸ’ (ਛੇ ਤੁਕਾਂ ਵਾਲੀ ਇਕ ਕਵਿਤਾ ਜਾਂ ਕਾਵਿ-ਬੰਦ) ਦੀ ਵਰਤੋਂ ਹੁੰਦੀ ਹੈ, ਉਸੇ ਤਰ੍ਹਾਂ ਪੰਜਾਬੀ-ਕਾਵਿ ਵਿਚ ਲਮੇਰੇ ਮਜ਼ਮੂਨ ਨਿਭਾਉਣ ਲਈ ‘ਪਉੜੀ’ ਦੀ ਵਰਤੋਂ ਹੋਈ ਹੈ।

ਗੁਰੂ ਗ੍ਰੰਥ ਸਾਹਿਬ ਵਿਚ ਅੰਕਤ ਵਾਰਾਂ ਦੀਆਂ ਪਉੜੀਆਂ ਵਿਚ ਦੋਹਰਾ, ਚੌਪਈ, ਦਵਈਆ ਆਦਿ ਕਾਵਿ/ਛੰਦ-ਰੂਪਾਂ ਦੀ ਵਰਤੋਂ ਕੀਤੀ ਗਈ ਹੈ। ਇਸ ਲਈ, ਪਉੜੀਆਂ ਵਿਚ ਤੁਕਾਂ ਦੀ ਗਿਣਤੀ ਇਕਸਾਰ ਨਹੀਂ ਹੈ। ਆਸਾ ਕੀ ਵਾਰ ਵਿਚ ਪਉੜੀਆਂ ਜਿਆਦਾਤਰ ਚਾਰ ਜਾਂ ਪੰਜ ਤੁਕਾਂ ਵਾਲੀਆਂ ਹਨ। ਅੰਤਮ ਤੁਕ ਅੱਧੀ ਹੈ। ਡਾ. ਰਤਨ ਸਿੰਘ ਜੱਗੀ ਅਨੁਸਾਰ ਭਾਵ ਨੂੰ ਉਘਾੜਨ ਲਈ ਪਉੜੀ ਦਾ ਅੰਤਮ ਚਰਣ ਛੋਟਾ ਕਰ ਦਿਤਾ ਜਾਂਦਾ ਹੈ।

ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਸਮੇਂ, ਗੁਰੂ ਅਰਜਨ ਸਾਹਿਬ ਨੇ ਵਾਰ ਦੇ ਮੂਲ ਸਰੂਪ ‘ਪਉੜੀ’ ਨੂੰ ਹੀ ਮੁਖ ਰਖਿਆ। ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਤਤਕਰੇ ਵਿਚ ‘ਸਲੋਕਾਂ’ ਦੀ ਥਾਂ ‘ਪਉੜੀ’ ਦੀ ਪਹਿਲੀ ਤੁਕ ਨੂੰ ਹੀ ਅੰਕਤ ਕੀਤਾ ਹੈ।