Connect

2005 Stokes Isle Apt. 896, Vacaville 10010, USA

[email protected]

ਨਾਮ

‘ਨਾਮ’ ਗੁਰੂ ਗ੍ਰੰਥ ਸਾਹਿਬ ਵਿਚ ਵਰਤਿਆ ਗਿਆ ਇਕ ਪ੍ਰਮੁੱਖ ਸ਼ਬਦ ਅਤੇ ਕੇਂਦਰੀ ਸਿਧਾਂਤ ਹੈ। ਪ੍ਰੋਫ਼ੈਸਰ ਪੂਰਨ ਸਿੰਘ ਦੇ ਸ਼ਬਦਾਂ ਵਿਚ, “ਨਾਮ ਇਕ ਕਾਵਿਕ ਪ੍ਰਤਿਭਾ ਦਾ ਅਲੌਕਿਕ ਤੌਰ ‘ਤੇ ਲੌਕਿਕ ਕਾਰਜ ਹੈ, ਜੋ ਸਰੀਰ ਵਿਚ ਹੋਣ ਦੇ ਬਾਵਜੂਦ, ਦਿਨ-ਰਾਤ, ਹਰ ਸਮੇਂ, ਅਜ਼ਾਦੀ ਦੇ ਉਚੇਰੇ ਆਤਮਕ-ਸੰਸਾਰ ਦੇ ਪ੍ਰਭਾਵ ਹੇਠ ਹੁੰਦਾ ਹੈ।...ਇਹ ਸੰਸਾਰਕ ਜੀਵਨ ਦੀਆਂ ਕਠਨ ਹਾਲਤਾਂ ਵਿਚ, ਧਰਤੀ ਦੀ ਪਪੜੀ ਹੇਠੋਂ ਇਕੋ ਇਕ ਤੇ ਅਦਿੱਖ ਆਤਮਾ ਦੀ ਅਗਵਾਈ ਹੇਠ ਫੁੱਟੇ ਪ੍ਰੇਮ ਦੀ ਸ਼ੁੱਧ ਵਿਸ਼ਾ-ਵਸਤੂ ਹੈ।” -ਪੂਰਨ ਸਿੰਘ, ਸਪਿਰਿਟ ਆਫ਼ ਦਿ ਸਿਖ, ਭਾਗ ੨, ਜਿਲਦ ੨, ਪੰਨਾ ੩੬।

ਆਮ ਤੌਰ ਤੇ, ‘ਨਾਮ’ ਨੂੰ ਇਕ ਸ਼ਬਦ ਮਾਤਰ ਵਜੋਂ ਸਮਝ ਲਿਆ ਜਾਂਦਾ ਹੈ ਜਿਸ ਨੂੰ ਸਾਧਕ ਨੇ ਜ਼ੁਬਾਨ ਦੁਆਰਾ ਦੁਹਰਾਉਣਾ ਤੇ ਉਸ ਉਪਰ ਆਪਣਾ ਧਿਆਨ ਕੇਂਦਰਤ ਕਰਨਾ ਹੁੰਦਾ ਹੈ। ਸ਼ਾਬਦਕ ਤੌਰ ‘ਤੇ ਭਾਵੇਂ ‘ਨਾਮ’ ਦਾ ਅਰਥ ਨਾਂ ਜਾਂ ਪਛਾਣ ਚਿੰਨ ਹੈ, ਪਰ ਇਹ ਪਰਮਾਤਮਾ ਦੇ ਕੇਵਲ ਇਕ ਨਾਂ ਨਾਲੋਂ ਕਿਸੇ ਡੂੰਘੇ ਅਤੇ ਸੂਖਮ ਤੱਤ ਵੱਲ ਇਸ਼ਾਰਾ ਕਰਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਪਰਮਾਤਮਾ ਲਈ ਭਾਵੇਂ ਕਈ ਨਾਂ ਜਾਂ ਸ਼ਬਦ (ਜਿਵੇਂ ਰਾਮ, ਹਰੀ, ਗੋਬਿੰਦ ਆਦਿ) ਵਰਤੇ ਗਏ ਹਨ, ਪਰ ਉਨ੍ਹਾਂ ਨਾਵਾਂ ਜਾਂ ਸ਼ਬਦਾਂ ਦੀ ਥਾਂ ‘ਨਾਮ’ ਸ਼ਬਦ ਵੀ ਵਰਤਿਆ ਹੈ। ਇਸ ਲਈ, ਹੋਰਨਾਂ ਸੰਕੇਤਕ ਸ਼ਬਦਾਂ ਵਿਚ ‘ਨਾਮ’ ਵੀ ਪਰਮਾਤਮਾ ਦੇ ਇਕ ਸਮਾਨਰਥੀ ਵਜੋਂ ਆਉਂਦਾ ਹੈ।

ਇਸ ਦ੍ਰਿਸ਼ਟੀਕੋਣ ਤੋਂ, ਸਿਖੀ ਦੇ ਕੇਂਦਰੀ ਸਿਧਾਂਤ ਦੇ ਤੌਰ ‘ਤੇ, ਜਿਸ ਦੇ ਆਲੇ ਦੁਆਲੇ ਸਾਰੀ ਸਿਖ ਵਿਸ਼ਵ-ਦ੍ਰਿਸ਼ਟੀ ਘੁੰਮਦੀ ਤੇ ਵਿਗਸਦੀ ਹੈ, ‘ਨਾਮ’, ਕਰਤਾ ਪੁਰਖ ਦਾ ਇਕ ਸੰਕੇਤਕ ਜਾਂ ਪਛਾਣ ਚਿੰਨ੍ਹ ਹੋਣ ਦੇ ਨਾਲ-ਨਾਲ, ਉਸ ਦਾ ਸਿਰਜਣਾਤਮਕ ਪਹਿਲੂ ਵੀ ਹੈ। ਇਹ ਉਸ ਦੈਵੀ ਤਾਕਤ, ਚੇਤਨਾ ਜਾਂ ਤੱਤ ਵੱਲ ਸੰਕੇਤ ਕਰਦਾ ਹੈ, ਜੋ ਬ੍ਰਹਿਮੰਡ ਵਿਚ ਹਰ ਇਕ ਚੀਜ ਨੂੰ ਪੈਦਾ ਕਰਦਾ, ਉਸ ਵਿਚ ਵੱਸਦਾ, ਉਸ ਦੀ ਦੇਖਭਾਲ ਕਰਦਾ ਅਤੇ ਉਸ ਨੂੰ ਕਾਇਮ ਰਖਦਾ ਹੈ: ਨਾਮ ਕੇ ਧਾਰੇ ਸਗਲੇ ਜੰਤ ॥ ਨਾਮ ਕੇ ਧਾਰੇ ਖੰਡ ਬ੍ਰਹਮੰਡ ॥ -ਗੁਰੂ ਗ੍ਰੰਥ ਸਾਹਿਬ ੨੮੪

ਭਾਰਤੀ ਪਰੰਪਰਾਵਾਂ (ਬੁੱਧ ਅਤੇ ਹਿੰਦੂ ਧਰਮ) ਵਿਚ ‘ਰੂਪ’ (ਜੋ ਸਰੀਰਕ ਹੋਂਦ-ਹਸਤੀ ਦਾ ਲਖਾਇਕ ਹੈ) ਦੇ ਉਲਟ ‘ਨਾਮ’ ਸ਼ਬਦ ਦੀ ਵਰਤੋਂ ਕਿਸੇ ਵਸਤੂ ਜਾਂ ਵਿਅਕਤੀ ਦੇ ਰੂਹਾਨੀ ਜਾਂ ਜ਼ਰੂਰੀ ਗੁਣਾਂ ਦਾ ਵਰਣਨ ਕਰਨ ਲਈ ਕੀਤੀ ਜਾਂਦੀ ਹੈ।
ਇਸ ਪ੍ਰਕਾਰ, ਨਾਮ ਇਕ ਨੇਮ ਜਾਂ ਸਿਧਾਂਤ ਵੀ ਹੈ ਜੋ ਸਾਰੇ ਸੰਸਾਰ ਨੂੰ ਚਲਾਉਂਦਾ ਅਤੇ ਪਰਮਾਤਮਾ ਦੇ ਸਾਰੇ ਗੁਣਾਂ ਤੇ ਵਡਿਆਈਆਂ ਦਾ ਜੋੜ-ਨਿਚੋੜ ਹੈ।