Connect

2005 Stokes Isle Apt. 896, Vacaville 10010, USA

[email protected]

ਜੀਉ

‘ਜੀ’ ਜਾਂ ‘ਜੀਉ’ ਦਾ ਸੰਬੋਧਨ ਭਾਰਤੀ ਤੇ ਪੰਜਾਬੀ ਸਭਿਆਚਾਰ ਵਿਚ ਪਿਆਰ ਤੇ ਸਤਿਕਾਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਵੀ ਜਿਥੇ ਇਨ੍ਹਾਂ ਸ਼ਬਦਾਂ ਦੀ ਵਰਤੋਂ ਸੰਬੋਧਨੀ ਰੂਪ ਵਿਚ ਹੋਈ ਹੈ, ਉਥੇ ਇਹ ਆਪਣੇ ਨਾਲ ਜੁੜੇ ਹੋਏ ਨਾਂਵ ਜਾਂ ਪੜਨਾਂਵ ਪ੍ਰਤੀ ਪਿਆਰ ਤੇ ਸਤਿਕਾਰ ਦਾ ਭਾਵ ਹੀ ਪ੍ਰਗਟ ਕਰਦੇ ਹਨ। ਇਹੀ ਕਾਰਨ ਹੈ ਕਿ ਸੰਬੋਧਨੀ ਸਥਿਤੀ ਵਿਚ ਆਮ ਤੌਰ ‘ਤੇ ਇਨ੍ਹਾਂ ਨਾਲ ਨਾਂਵ ਜਾਂ ਪੜਨਾਂਵ ਦੀ ਵਰਤੋਂ ਕੀਤੀ ਹੋਈ ਮਿਲਦੀ ਹੈ:

ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ ॥
ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥ -ਗੁਰੂ ਗ੍ਰੰਥ ਸਾਹਿਬ ੧੧

ਪ੍ਰਭ ਜੀਉ ਖਸਮਾਨਾ ਕਰਿ ਪਿਆਰੇ ॥
ਬੁਰੇ ਭਲੇ ਹਮ ਥਾਰੇ ॥ ਰਹਾਉ ॥ -ਗੁਰੂ ਗ੍ਰੰਥ ਸਾਹਿਬ ੬੩੧

ਉਪਰੋਕਤ ਤੋਂ ਇਲਾਵਾ, ‘ਜੀ’ ਜਾਂ ‘ਜੀਉ’ ਦੀ ਵਰਤੋਂ ਗ਼ੈਰ-ਸੰਬੋਧਨੀ ਰੂਪ ਵਿਚ ਵੀ ਕੀਤੀ ਹੋਈ ਮਿਲਦੀ ਹੈ, ਜਿਵੇਂ ਕਿ:

ਹਰਿ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨ ਕੋਇ ਜੀ ॥
ਹਰਿ ਕੀ ਸੇਵਾ ਤੇ ਮਨਹੁ ਚਿੰਦਿਆ ਫਲੁ ਪਾਈਐ ਦੂਜੀ ਸੇਵਾ ਜਨਮੁ ਬਿਰਥਾ ਜਾਇ ਜੀ ॥੧॥ -ਗੁਰੂ ਗ੍ਰੰਥ ਸਾਹਿਬ ੪੯੦

ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ ॥
ਇਕ ਦੂ ਇਕਿ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ ॥ -ਗੁਰੂ ਗ੍ਰੰਥ ਸਾਹਿਬ ੭੬੨

‘ਜੀ’ ਜਾਂ ‘ਜੀਉ’ ਦੀ ਗ਼ੈਰ-ਸੰਬੋਧਨੀ ਰੂਪ ਵਿਚ ਵਰਤੋਂ ‘ਹਾਂ, ਹਾਂ ਕਿ, ਹਰਿ ਹਾਂ, ਰਾਮ, ਰਾਮ ਰਾਜੇ, ਵਣਾਹੰਬੈ’ ਆਦਿ ਸ਼ਬਦਾਂ/ਵਾਕੰਸ਼ਾਂ ਨਾਲ ਸਮਾਨਤਾ ਰਖਦੀ ਹੈ। ਇਨ੍ਹਾਂ ਸ਼ਬਦਾਂ/ਵਾਕੰਸ਼ਾਂ ਦੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੋਂ ਸੰਬੰਧੀ ਭਾਈ ਵੀਰ ਸਿੰਘ, ਪ੍ਰੋ. ਸਾਹਿਬ ਸਿੰਘ, ਪ੍ਰਿੰ. ਤੇਜਾ ਸਿੰਘ, ਗਿ. ਹਰਬੰਸ ਸਿੰਘ ਆਦਿ ਵਿਦਵਾਨਾਂ ਦਾ ਵਿਚਾਰ ਹੈ ਕਿ ਇਨ੍ਹਾਂ ਦੀ ਵਰਤੋਂ ਛੰਦ ਦੀ ਟੇਕ, ਤੁਕਾਂਤ ਮੇਲ, ਕਾਵਿ ਪੂਰਤੀ ਪਦ ਜਾਂ ਮਾਤਰਾਵਾਂ ਦੀ ਪੂਰਤੀ ਅਤੇ ਸੰਗੀਤ ਰਸ ਆਦਿ ਲਈ ਕੀਤੀ ਜਾਂਦੀ ਹੈ। ਭਾਸ਼ਾਈ ਤੌਰ ‘ਤੇ ਇਨ੍ਹਾ ਸ਼ਬਦਾਂ ਦਾ ਤੁਕ ਦੇ ਮੂਲ ਅਰਥਾਂ ਨਾਲ ਕੋਈ ਸਿਧਾ ਸੰਬੰਧ ਨਹੀਂ ਹੁੰਦਾ। ਤੁਕ ਦਾ ਅਰਥ ਇਨ੍ਹਾਂ ਤੋਂ ਬਿਨਾਂ ਵੀ ਪੂਰਨ ਹੁੰਦਾ ਹੈ।
ਹਰ ਭਾਸ਼ਾ ਵਿਚ ਕੁਝ ਅਜਿਹੇ ਸ਼ਬਦ ਹੁੰਦੇ ਹਨ, ਜੋ ਕਿਸੇ ਵਿਆਕਰਣਕ ਸ਼੍ਰੇਣੀ ਵਿਚ ਨਹੀਂ ਆਉਂਦੇ। ਡਾ. ਹਰਕੀਰਤ ਸਿੰਘ ਨੇ ਇਨ੍ਹਾਂ ਨਾਲ ਮਿਲਦੇ-ਜੁਲਦੇ ਸ਼ਬਦਾਂ ਨੂੰ ਪਾਰਟੀਕਲ (particles) ਦੀ ਸ਼੍ਰੇਣੀ ਵਿਚ ਰਖਿਆ ਹੈ। ਉਹ ਲਿਖਦੇ ਹਨ, “ਵਿਆਕਰਨ ਵਿਚ ਅਜਿਹੇ ਸ਼ਬਦਾਂ ਨੂੰ, ਆਮ ਤੌਰ ਤੇ, ਕਿਰਿਆ-ਵਿਸ਼ੇਸ਼ਣ ਸ਼੍ਰੇਣੀ ਵਿਚ ਰਖ ਦਿਤਾ ਜਾਂਦਾ ਹੈ। ਪਰ ਜ਼ਰਾ ਗਹੁ ਨਾਲ ਵੇਖੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਕਿਰਿਆ ਵਿਸ਼ੇਸ਼ਣ ਨਹੀਂ ਹੋ ਸਕਦੇ। ਅੰਗਰੇਜੀ ਦੇ ਨਵੇਂ ਵਿਆਕਰਨਾਂ ਵਿਚ ਅਜਿਹੇ ਸ਼ਬਦਾਂ ਨੂੰ particles ਕਿਹਾ ਜਾਂਦਾ ਹੈ, ਪਰ ਵਿਆਕਰਨਿਕ ਸ਼੍ਰੇਣੀਆਂ (parts of speech) ਵਿਚ particles ਨਾਮ ਦੀ ਕੋਈ ਸ਼੍ਰੇਣੀ ਨਹੀਂ ਰਖੀ ਗਈ। ਪੰਜਾਬੀ ਵਿਚ ਅਜਿਹੇ ਸ਼ਬਦਾਂ ਦੇ ਕੁਝ ਉਦਾਹਰਨ ਹਨ: ਹੀ, ਭੀ, ਵੀ, ਨਾ, ਨਹੀਂ, ਹਾਂ, ਨੀਂ, ਵੇ, ਜੀ, ਆਦਿ।” -ਪੰਜਾਬੀ ਭਾਸ਼ਾ ਵਿਆਕਰਨ ਅਤੇ ਬਣਤਰ, ਸੰਕਲਨ ਕਰਤਾ-ਸੁਰਿੰਦਰ ਸਿੰਘ ਖਹਿਰਾ, ਪੰਨਾ ੯੮
ਇਸ ਪ੍ਰਕਾਰ ਇਨ੍ਹਾਂ ਸ਼ਬਦਾਂ ਨੂੰ ਅਰਥਗਤ ਤੱਤਾਂ ਦੀ ਥਾਂ ਸੁਹਜਾਤਮਕ ਜਾਂ ਸੰਗੀਤਕ ਤੱਤਾਂ ਵਜੋਂ ਹੀ ਸਮਝਣਾ ਚਾਹੀਦਾ ਹੈ। ਮੁਖ ਰੂਪ ਵਿਚ ਇਨ੍ਹਾਂ ਦੀ ਵੰਡ ਨਿਮਨ ਅਨੁਸਾਰ ਕੀਤੀ ਜਾ ਸਕਦੀ ਹੈ:

ਛੰਦ ਦੀ ਟੇਕ/ਕਾਵਿ ਪੂਰਤੀ ਪਦ ਲਈ, ਜਿਵੇਂ ਕਿ ‘ਵਣਾਹੰਬੈ,’ ‘ਹਾਂ ਕਿ,’ ‘ਹਰਿਹਾਂ,’ ਆਦਿ
ਅਨਭਉ ਕਿਨੈ ਨ ਦੇਖਿਆ ਬੈਰਾਗੀਅੜੇ ॥ ਬਿਨੁ ਭੈ ਅਨਭਉ ਹੋਇ ਵਣਾਹੰਬੈ ॥
ਸਹੁ ਹਦੂਰਿ ਦੇਖੈ ਤਾਂ ਭਉ ਪਵੈ ਬੈਰਾਗੀਅੜੇ ॥ ਹੁਕਮੈ ਬੂਝੈ ਤ ਨਿਰਭਉ ਹੋਇ ਵਣਾਹੰਬੈ ॥ -ਗੁਰੂ ਗ੍ਰੰਥ ਸਾਹਿਬ ੧੧੦੪

ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥
ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੧॥ -ਗੁਰੂ ਗ੍ਰੰਥ ਸਾਹਿਬ ੧੩੮੫

ਆਸ ਪਿਆਸੀ ਸੇਜ ਸੁ ਕੰਤਿ ਵਿਛਾਈਐ ॥
ਹਰਿਹਾਂ ਮਸਤਕਿ ਹੋਵੈ ਭਾਗੁ ਤ ਸਾਜਨੁ ਪਾਈਐ ॥੨॥ -ਗੁਰੂ ਗ੍ਰੰਥ ਸਾਹਿਬ ੧੩੬੧

ਸੰਗੀਤ ਰਸ ਲਈ, ਜਿਵੇਂ ਕਿ ‘ਹਾਂ’
ਗੋਬਿੰਦ ਗੋਬਿੰਦ ਕਰਿ ਹਾਂ ॥
ਹਰਿ ਹਰਿ ਮਨਿ ਪਿਆਰਿ ਹਾਂ ॥ -ਗੁਰੂ ਗ੍ਰੰਥ ਸਾਹਿਬ ੪੦੯

ਸੰਗੀਤ ਦੀ ਚਾਲ ਇਕਸਾਰ ਰਖਣ ਲਈ, ਜਿਵੇਂ ਕਿ ‘ਰਾਮ,’ ‘ਰਾਮ ਰਾਜੇ,’ ਆਦਿ
ਮੇਰੈ ਮਨਿ ਮੇਰੈ ਮਨਿ ਸਤਿਗੁਰ ਪ੍ਰੀਤਿ ਲਗਾਈ ਰਾਮ ॥
ਹਰਿ ਹਰਿ ਹਰਿ ਹਰਿ ਨਾਮੁ ਮੇਰੈ ਮੰਨਿ ਵਸਾਈ ਰਾਮ ॥ -ਗੁਰੂ ਗ੍ਰੰਥ ਸਾਹਿਬ ੫੭੨

ਜਿਉ ਰਾਤੀ ਜਲਿ ਮਾਛੁਲੀ ਤਿਉ ਰਾਮ ਰਸਿ ਮਾਤੇ ਰਾਮ ਰਾਜੇ ॥
ਗੁਰ ਪੂਰੈ ਉਪਦੇਸਿਆ ਜੀਵਨ ਗਤਿ ਭਾਤੇ ਰਾਮ ਰਾਜੇ ॥ -ਗੁਰੂ ਗ੍ਰੰਥ ਸਾਹਿਬ ੪੫੪
ਗੁਰਬਾਣੀ ‘ਧੁਰ ਕੀ ਬਾਣੀ’ ਹੈ। ਇਸ ਵਿਚ ਆਇਆ ਹਰੇਕ ਸ਼ਬਦ ਹੀ ਮਹਤੱਵਪੂਰਣ ਹੈ। ਕੁਝ ਸ਼ਬਦ ਬੁਧੀ ਰਾਹੀਂ ਸਮਝੇ ਜਾਂਦੇ ਹਨ, ਜਦਕਿ ਕੁਝ ਸਾਡੇ ਸੁਹਜਾਤਮਕ ਜਾਂ ਸੰਗੀਤਕ ਅਨੁਭਵ ਨੂੰ ਵਧਾਉਂਦੇ ਹਨ। ਸੁਹਜ ਤੇ ਸੰਗੀਤ ਵੱਲ ਇਸ਼ਾਰਾ ਕਰਨ ਵਾਲੇ ਅਤੇ ਪਿਆਰ ਤੇ ਸਤਿਕਾਰ ਦੀ ਭਾਵਨਾ ਨੂੰ ਵਿਅਕਤ ਕਰਦੇ ਸ਼ਬਦਾਂ ਨੂੰ ਸ਼ਾਬਦਕ ਅਨੁਵਾਦ ਵਿਚ ਸ਼ਾਮਲ ਕੀਤਾ ਗਿਆ ਹੈ। ਪਰ ਅਜਿਹੇ ਸ਼ਬਦਾਂ ਨੂੰ ਭਾਵਾਰਥਕ-ਸਿਰਜਣਾਤਮਕ ਅਨੁਵਾਦ ਵਿਚ ਸ਼ਾਮਲ ਨਹੀਂ ਕੀਤਾ ਗਿਆ।