ਅੰਮ੍ਰਿਤ
ਸ਼ਬਦ 'ਅੰਮ੍ਰਿਤ' ਨਕਾਰਾਤਮਕ ਅਗੇਤਰ 'ਅ' (ਅਰਥਾਤ ਨਾ, ਨਹੀਂ ਜਾਂ ਪਰੇ) ਅਤੇ ਮੂਲ 'ਮ੍ਰਿਤ' (ਅਰਥਾਤ, ਮਿਰਤਕ) ਤੋਂ ਬਣਿਆਂ ਮਿਸ਼ਰਤ ਸ਼ਬਦ ਹੈ, ਜੋ ਇਕ ਅਜਿਹੀ ਵਸਤ ਵਿਚ ਬਦਲ ਜਾਂਦਾ ਹੈ ਜੋ ਅਮਰ ਜਾਂ ਮੌਤ ਦੇ ਪ੍ਰਭਾਵ ਅਤੇ ਸਮੇਂ ਤੋਂ ਪਰੇ ਹੈ। ਪਰੰਪਰਾਗਤ ਤੌਰ 'ਤੇ ਇਹ ਕਿਸੇ ਵੀ ਖਾਣਜੋਗ ਜਾਂ ਪੀਣਜੋਗ ਵਸਤ ਲਈ ਵਰਤਿਆ ਜਾਂਦਾ ਹੈ, ਜੋ ਵਿਅਕਤੀ ਨੂੰ ਮੌਤ ਤੋਂ ਬਚਣ ਅਤੇ ਅਮਰ ਹੋਣ ਵਿਚ ਸਹਾਇਤਾ ਕਰਦੀ ਹੈ। ਇਸ ਦੀ ਤੁਲਨਾ ਯੂਨਾਨੀ ਮਿਥਿਹਾਸ ਵਿਚਲੇ ਦੇਵਤਿਆਂ ਦੇ ‘ਨੈਕਟਰ’ (ਪੀਣਜੋਗ ਵਸਤ) ਜਾਂ ‘ਐਂਬਰੋਸ਼ੀਆ’ (ਖਾਣਜੋਗ ਵਸਤ) ਨਾਲ ਕੀਤੀ ਜਾ ਸਕਦੀ ਹੈ, ਜਿਨ੍ਹਾਂ ਬਾਰੇ ਮੰਨਿਆ ਜਾਂਦਾ ਹੈ ਕਿ ਉਹ ਲੰਮੀ ਉਮਰ ਅਤੇ ਅਮਰਤਾ ਪ੍ਰਦਾਨ ਕਰਦੇ ਹਨ। ‘ਅੰਮ੍ਰਿਤ’ ਸ਼ਬਦ ਯੂਨਾਨੀ ਮਿਥਿਹਾਸ ਨਾਲ ਮਿਲਦੇ-ਜੁਲਦੇ ਅਰਥ-ਭਾਵਾਂ ਵਿਚ ਏਸ਼ੀਆਈ ਪਰੰਪਰਾ ਤੇ ਲਿਖਤਾਂ ਵਿਚ ਵੀ ਪਾਇਆ ਜਾਂਦਾ ਹੈ। ਰਿਗਵੇਦ ਵਿਚ, ਜਿਥੇ ਇਹ ਪਹਿਲੀ ਵਾਰ ਦਿਖਾਈ ਦੇਂਦਾ ਹੈ, ਇਸ ਨੂੰ 'ਸੋਮ' ਦਾ ਸਮਾਨਾਰਥੀ ਮੰਨਿਆ ਜਾਂਦਾ ਹੈ। ਦੇਵਤਿਆਂ ਦਾ ਪੀਣਜੋਗ ਪਦਾਰਥ, ਜੋ ਜੀਵਨ-ਸ਼ਕਤੀ ਅਤੇ ਅਮਰਤਾ ਪ੍ਰਦਾਨ ਕਰਦਾ ਹੈ। ਪਰ ਗੁਰੂ ਗ੍ਰੰਥ ਸਾਹਿਬ ਵਿਚ, ਇਹ ਪ੍ਰਭੂ ਨਾਮ ਦੇ ਸਮਾਨਾਰਥਕ ਵਰਤਿਆ ਗਿਆ ਹੈ। ਗੁਰੂ ਦੇ ਸ਼ਬਦ (ਗੁਰਬਾਣੀ) ਨੂੰ ਵੀ ਅੰਮ੍ਰਿਤ ਕਿਹਾ ਗਿਆ ਹੈ ਕਿਉਂਕਿ ਇਹ ਨਾਮ ਨਾਲ ਜੋੜਦਾ ਹੈ। ਸਿੱਟੇ ਵਜੋਂ, ਗੁਰਬਾਣੀ ਨੂੰ ਪੜ੍ਹਨਾ ਅਤੇ ਵਿਚਾਰਨਾ ਅੰਮ੍ਰਿਤ ਪੀਣ ਦੇ ਬਰਾਬਰ ਮੰਨਿਆ ਜਾਂਦਾ ਹੈ। ਆਮ ਤੌਰ 'ਤੇ ਕਿਸੇ ਚੀਜ਼ ਜਾਂ ਵਿਚਾਰ ਦੀ ਮਿਠਾਸ ਜਾਂ ਮਧੁਰਤਾ ਨੂੰ ਦਰਸਾਉਣ ਲਈ ਕਈ ਵਾਰ ਇਸ ਦੀ ਵਰਤੋਂ ਵਿਸ਼ੇਸ਼ਣ ਵਜੋਂ ਵੀ ਕੀਤੀ ਜਾਂਦੀ ਹੈ।