ਸਲੋਕ
‘ਸਲੋਕ’ ਇਕ ਕਾਵਿ ਰੂਪਾਕਾਰ ਹੈ, ਜਿਸ ਦਾ ਸ਼ਾਬਦਕ ਅਰਥ ਹੈ ‘ਉਸਤਤਿ’। ਸੰਸਕ੍ਰਿਤ ਵਿਚ ਅਨੁਸ਼ਟੁਪ੍ (अनुष्टुप्) ਛੰਦ ‘ਸ਼ਲੋਕ’ ਨਾਂ ਹੇਠ ਰਚੇ ਜਾਂਦੇ ਸਨ। ਵਰਣਕ-ਛੰਦਾਂ ਦੀ ਪ੍ਰਧਾਨਤਾ ਹੋਣ ਕਾਰਣ, ਇਹ ਛੰਦ ਵੀ ਵਰਣਕ ਪ੍ਰਬੰਧ ਵਿਚ ਵਰਤਿਆ ਜਾਂਦਾ ਸੀ। ਸਮੇਂ ਦੇ ਵੇਗ ਨਾਲ, ਲੋਕ-ਕੰਠ ਦੀ ਕਰਵਟ ਨੇ ਜਿਥੇ ਭਾਸ਼ਾਈ-ਵਿਕਾਸ ਦੇ ਪੜਾਅ ਨੂੰ ਪ੍ਰਭਾਵਤ ਕੀਤਾ, ਉਥੇ ਵਰਣਕ ਦੀ ਥਾਂ ਮਾਤਰਕ ਛੰਦਾਂ ਨੇ ਆਪਣੀ ਹੋਂਦ ਉਜਾਗਰ ਕੀਤੀ। ਇਸ ਤਰ੍ਹਾਂ, ਪ੍ਰਾਕ੍ਰਿਤਾਂ ਵਿਚ ਇਕੋ ਸਿਰਲੇਖ ‘ਸਲੋਕ’ ਹੇਠ ਕਈ ਛੰਦ ਵਰਤੋਂ ਵਿਚ ਆਉਣ ਲਗ ਪਏ। ਸਲੋਕ ਦਾ ਪ੍ਰਾਕ੍ਰਿਤਾਂ ਵਿਚ ‘ਗਾਥਾ’ ਅਤੇ ਅਪਭ੍ਰੰਸ਼ਾਂ ਵਿਚ ‘ਦੋਹਾ’ ਬਣ ਜਾਣਾ ਉਪਰੋਕਤ ਗੱਲ ‘ਤੇ ਮੁਹਰ ਲਾਉਂਦਾ ਹੈ।ਮਧਕਾਲੀ ਸਾਹਿਤ ਵਿਚ ‘ਸਲੋਕ’ ਕਾਵਿ ਰੂਪ ਦਾ ਅਹਿਮ ਸਥਾਨ ਰਿਹਾ ਹੈ। ਇਸ ਕਾਲ ਦੀਆਂ ਦੇਵਨਾਗਰੀ ਅਤੇ ਗੁਰਮੁਖੀ ਲਿਖਤਾਂ ਵਿਚ ਸਲੋਕ ਸਿਰਲੇਖ ਅਧੀਨ ‘ਦੋਹਾ’ ਛੰਦ ਦੀ ਵਰਤੋਂ ਬਹੁਤ ਮਿਲਦੀ ਹੈ। ਗੁਰੂ ਗ੍ਰੰਥ ਸਾਹਿਬ ਵਿਚ ਵੀ ਇਹੀ ਸਥਿਤੀ ਹੈ। ਉਦਾਹਰਣ ਲਈ, ਆਸਾ ਕੀ ਵਾਰ ਦੀ ਪਹਿਲੀ ਪਉੜੀ ਨਾਲ ਆਏ ਸਲੋਕ (ਪਹਿਲਾ ਅਤੇ ਦੂਜਾ) ਵੀ ‘ਦੋਹਾ’ ਛੰਦ ਵਿਚ ਹੀ ਰਚੇ ਗਏ ਹਨ, ਭਾਵੇਂ ਕਿ ਮਾਤਰਾਵਾਂ ਦੀ ਗਿਣਤੀ ਇਕਸਾਰ ਨਹੀਂ। ਇਸ ਦਾ ਮੂਲ ਕਾਰਣ ਇਹ ਹੈ ਕਿ ਗੁਰੂ ਗ੍ਰੰਥ ਸਾਹਿਬ ਵਿਚ ਸ਼ਾਸਤਰੀ ਅਤੇ ਕਾਵਿਕ ਬੰਦਸ਼ਾਂ ਨਾਲੋਂ ਵਿਚਾਰ ਨੂੰ ਤਰਜੀਹ ਦਿਤੀ ਗਈ ਹੈ। ‘ਗੁਰੁ ਛੰਦ ਦਿਵਾਕਰ’ ਦੇ ਕਰਤਾ, ਭਾਈ ਕਾਨ੍ਹ ਸਿੰਘ ਨਾਭਾ, ਨੇ ਗੁਰੂ ਗ੍ਰੰਥ ਸਾਹਿਬ ਵਿਚ ‘ਉਪਮਾਨ, ਅਨੁਸ਼ਟੁਪ, ਸਰਸੀ, ਦੋਹਾ ਰੂਪ ਸਲੋਕ’ ਆਦਿ ਛੰਦਾਂ ਵਿਚ ਸਲੋਕਾਂ ਦੀ ਵਰਤੋਂ ਦਰਸਾਈ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਧੇਰੇ ਸਲੋਕ ਬੇਸ਼ਕ ਦੋ ਤੁਕੇ ਹਨ, ਪਰ ੧ ਤੋਂ ਲੈ ਕੇ ੨੬ ਤੁਕਾਂ ਵਾਲੇ ਸਲੋਕ ਵੀ ਮਿਲਦੇ ਹਨ। ਸਲੋਕਾਂ ਦੀਆਂ ਤੁਕਾਂ ਵਿਚ ਗਿਣਾਤਮਕ ਪੱਧਰ ‘ਤੇ ਪਾਈ ਜਾਂਦੀ ਇਸ ਵਿਭਿੰਨਤਾ ਤੋਂ ਵੀ ਇਹ ਸਪਸ਼ਟ ਹੁੰਦਾ ਹੈ ਕਿ ਗੁਰੂ ਸਾਹਿਬ ਨੇ ਰੂਪਾਕਾਰਕ ਬੰਧਨਾਂ ਦੀ ਥਾਂ ਭਾਵ ਨੂੰ ਪ੍ਰਧਾਨਤਾ ਦਿਤੀ ਹੈ, ਅਰਥਾਤ ਉਪਦੇਸ਼ ਨੂੰ ਮੁਖ ਰਖਿਆ ਹੈ।
ਜੀਉ
'ਜੀ' ਜਾਂ 'ਜੀਉ' ਦਾ ਸੰਬੋਧਨ ਭਾਰਤੀ ਤੇ ਪੰਜਾਬੀ ਸਭਿਆਚਾਰ ਵਿਚ ਪਿਆਰ ਤੇ ਸਤਿਕਾਰ ਦਾ ਪ੍ਰਤੀਕ ਮੰਨਿਆ ਜਾਂਦਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਵੀ ਜਿਥੇ ਇਨ੍ਹਾਂ ਸ਼ਬਦਾਂ ਦੀ ਵਰਤੋਂ ਸੰਬੋਧਨੀ ਰੂਪ ਵਿਚ ਹੋਈ ਹੈ, ਉਥੇ ਇਹ ਆਪਣੇ ਨਾਲ ਜੁੜੇ ਹੋਏ ਨਾਂਵ ਜਾਂ ਪੜਨਾਂਵ ਪ੍ਰਤੀ ਪਿਆਰ ਤੇ ਸਤਿਕਾਰ ਦਾ ਭਾਵ ਹੀ ਪ੍ਰਗਟ ਕਰਦੇ ਹਨ। ਇਹੀ ਕਾਰਨ ਹੈ ਕਿ ਸੰਬੋਧਨੀ ਸਥਿਤੀ ਵਿਚ ਆਮ ਤੌਰ ‘ਤੇ ਇਨ੍ਹਾਂ ਨਾਲ ਨਾਂਵ ਜਾਂ ਪੜਨਾਂਵ ਦੀ ਵਰਤੋਂ ਕੀਤੀ ਹੋਈ ਮਿਲਦੀ ਹੈ:
ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਜੀ ਹਰਿ ਏਕੋ ਪੁਰਖੁ ਸਮਾਣਾ ॥
ਇਕਿ ਦਾਤੇ ਇਕਿ ਭੇਖਾਰੀ ਜੀ ਸਭਿ ਤੇਰੇ ਚੋਜ ਵਿਡਾਣਾ ॥ -ਗੁਰੂ ਗ੍ਰੰਥ ਸਾਹਿਬ ੧੧
ਪ੍ਰਭ ਜੀਉ ਖਸਮਾਨਾ ਕਰਿ ਪਿਆਰੇ ॥
ਬੁਰੇ ਭਲੇ ਹਮ ਥਾਰੇ ॥ ਰਹਾਉ ॥ -ਗੁਰੂ ਗ੍ਰੰਥ ਸਾਹਿਬ ੬੩੧
ਉਪਰੋਕਤ ਤੋਂ ਇਲਾਵਾ, ‘ਜੀ’ ਜਾਂ ‘ਜੀਉ’ ਦੀ ਵਰਤੋਂ ਗ਼ੈਰ-ਸੰਬੋਧਨੀ ਰੂਪ ਵਿਚ ਵੀ ਕੀਤੀ ਹੋਈ ਮਿਲਦੀ ਹੈ, ਜਿਵੇਂ ਕਿ:
ਹਰਿ ਕੀ ਤੁਮ ਸੇਵਾ ਕਰਹੁ ਦੂਜੀ ਸੇਵਾ ਕਰਹੁ ਨ ਕੋਇ ਜੀ ॥
ਹਰਿ ਕੀ ਸੇਵਾ ਤੇ ਮਨਹੁ ਚਿੰਦਿਆ ਫਲੁ ਪਾਈਐ ਦੂਜੀ ਸੇਵਾ ਜਨਮੁ ਬਿਰਥਾ ਜਾਇ ਜੀ ॥੧॥ -ਗੁਰੂ ਗ੍ਰੰਥ ਸਾਹਿਬ ੪੯੦
ਮੰਞੁ ਕੁਚਜੀ ਅੰਮਾਵਣਿ ਡੋਸੜੇ ਹਉ ਕਿਉ ਸਹੁ ਰਾਵਣਿ ਜਾਉ ਜੀਉ ॥
ਇਕ ਦੂ ਇਕਿ ਚੜੰਦੀਆ ਕਉਣੁ ਜਾਣੈ ਮੇਰਾ ਨਾਉ ਜੀਉ ॥ -ਗੁਰੂ ਗ੍ਰੰਥ ਸਾਹਿਬ ੭੬੨
‘ਜੀ’ ਜਾਂ ‘ਜੀਉ’ ਦੀ ਗ਼ੈਰ-ਸੰਬੋਧਨੀ ਰੂਪ ਵਿਚ ਵਰਤੋਂ ‘ਹਾਂ, ਹਾਂ ਕਿ, ਹਰਿ ਹਾਂ, ਰਾਮ, ਰਾਮ ਰਾਜੇ, ਵਣਾਹੰਬੈ’ ਆਦਿ ਸ਼ਬਦਾਂ/ਵਾਕੰਸ਼ਾਂ ਨਾਲ ਸਮਾਨਤਾ ਰਖਦੀ ਹੈ। ਇਨ੍ਹਾਂ ਸ਼ਬਦਾਂ/ਵਾਕੰਸ਼ਾਂ ਦੀ ਗੁਰੂ ਗ੍ਰੰਥ ਸਾਹਿਬ ਵਿਚ ਵਰਤੋਂ ਸੰਬੰਧੀ ਭਾਈ ਵੀਰ ਸਿੰਘ , ਪ੍ਰੋ. ਸਾਹਿਬ ਸਿੰਘ , ਪ੍ਰਿੰ. ਤੇਜਾ ਸਿੰਘ , ਗਿ. ਹਰਬੰਸ ਸਿੰਘ ਆਦਿ ਵਿਦਵਾਨਾਂ ਦਾ ਵਿਚਾਰ ਹੈ ਕਿ ਇਨ੍ਹਾਂ ਦੀ ਵਰਤੋਂ ਛੰਦ ਦੀ ਟੇਕ, ਤੁਕਾਂਤ ਮੇਲ, ਕਾਵਿ ਪੂਰਤੀ ਪਦ ਜਾਂ ਮਾਤਰਾਵਾਂ ਦੀ ਪੂਰਤੀ ਅਤੇ ਸੰਗੀਤ ਰਸ ਆਦਿ ਲਈ ਕੀਤੀ ਜਾਂਦੀ ਹੈ। ਭਾਸ਼ਾਈ ਤੌਰ ‘ਤੇ ਇਨ੍ਹਾ ਸ਼ਬਦਾਂ ਦਾ ਤੁਕ ਦੇ ਮੂਲ ਅਰਥਾਂ ਨਾਲ ਕੋਈ ਸਿਧਾ ਸੰਬੰਧ ਨਹੀਂ ਹੁੰਦਾ। ਤੁਕ ਦਾ ਅਰਥ ਇਨ੍ਹਾਂ ਤੋਂ ਬਿਨਾਂ ਵੀ ਪੂਰਨ ਹੁੰਦਾ ਹੈ।
ਹਰ ਭਾਸ਼ਾ ਵਿਚ ਕੁਝ ਅਜਿਹੇ ਸ਼ਬਦ ਹੁੰਦੇ ਹਨ, ਜੋ ਕਿਸੇ ਵਿਆਕਰਣਕ ਸ਼੍ਰੇਣੀ ਵਿਚ ਨਹੀਂ ਆਉਂਦੇ। ਡਾ. ਹਰਕੀਰਤ ਸਿੰਘ ਨੇ ਇਨ੍ਹਾਂ ਨਾਲ ਮਿਲਦੇ-ਜੁਲਦੇ ਸ਼ਬਦਾਂ ਨੂੰ ਪਾਰਟੀਕਲ (particles) ਦੀ ਸ਼੍ਰੇਣੀ ਵਿਚ ਰਖਿਆ ਹੈ। ਉਹ ਲਿਖਦੇ ਹਨ, “ਵਿਆਕਰਨ ਵਿਚ ਅਜਿਹੇ ਸ਼ਬਦਾਂ ਨੂੰ, ਆਮ ਤੌਰ ਤੇ, ਕਿਰਿਆ-ਵਿਸ਼ੇਸ਼ਣ ਸ਼੍ਰੇਣੀ ਵਿਚ ਰਖ ਦਿਤਾ ਜਾਂਦਾ ਹੈ। ਪਰ ਜ਼ਰਾ ਗਹੁ ਨਾਲ ਵੇਖੀਏ ਤਾਂ ਸਪਸ਼ਟ ਹੋ ਜਾਂਦਾ ਹੈ ਕਿ ਇਹ ਕਿਰਿਆ ਵਿਸ਼ੇਸ਼ਣ ਨਹੀਂ ਹੋ ਸਕਦੇ। ਅੰਗਰੇਜੀ ਦੇ ਨਵੇਂ ਵਿਆਕਰਨਾਂ ਵਿਚ ਅਜਿਹੇ ਸ਼ਬਦਾਂ ਨੂੰ particles ਕਿਹਾ ਜਾਂਦਾ ਹੈ, ਪਰ ਵਿਆਕਰਨਿਕ ਸ਼੍ਰੇਣੀਆਂ (parts of speech) ਵਿਚ particles ਨਾਮ ਦੀ ਕੋਈ ਸ਼੍ਰੇਣੀ ਨਹੀਂ ਰਖੀ ਗਈ। ਪੰਜਾਬੀ ਵਿਚ ਅਜਿਹੇ ਸ਼ਬਦਾਂ ਦੇ ਕੁਝ ਉਦਾਹਰਨ ਹਨ: ਹੀ, ਭੀ, ਵੀ, ਨਾ, ਨਹੀਂ, ਹਾਂ, ਨੀਂ, ਵੇ, ਜੀ, ਆਦਿ।” -ਪੰਜਾਬੀ ਭਾਸ਼ਾ ਵਿਆਕਰਨ ਅਤੇ ਬਣਤਰ, ਸੰਕਲਨ ਕਰਤਾ-ਸੁਰਿੰਦਰ ਸਿੰਘ ਖਹਿਰਾ, ਪੰਨਾ ੯੮
ਇਸ ਪ੍ਰਕਾਰ ਇਨ੍ਹਾਂ ਸ਼ਬਦਾਂ ਨੂੰ ਅਰਥਗਤ ਤੱਤਾਂ ਦੀ ਥਾਂ ਸੁਹਜਾਤਮਕ ਜਾਂ ਸੰਗੀਤਕ ਤੱਤਾਂ ਵਜੋਂ ਹੀ ਸਮਝਣਾ ਚਾਹੀਦਾ ਹੈ। ਮੁਖ ਰੂਪ ਵਿਚ ਇਨ੍ਹਾਂ ਦੀ ਵੰਡ ਨਿਮਨ ਅਨੁਸਾਰ ਕੀਤੀ ਜਾ ਸਕਦੀ ਹੈ:
-
1. ਛੰਦ ਦੀ ਟੇਕ/ਕਾਵਿ ਪੂਰਤੀ ਪਦ ਲਈ, ਜਿਵੇਂ ਕਿ ‘ਵਣਾਹੰਬੈ,’ ‘ਹਾਂ ਕਿ,’ ‘ਹਰਿਹਾਂ,’ ਆਦਿ
ਅਨਭਉ ਕਿਨੈ ਨ ਦੇਖਿਆ ਬੈਰਾਗੀਅੜੇ ॥ ਬਿਨੁ ਭੈ ਅਨਭਉ ਹੋਇ ਵਣਾਹੰਬੈ ॥
ਸਹੁ ਹਦੂਰਿ ਦੇਖੈ ਤਾਂ ਭਉ ਪਵੈ ਬੈਰਾਗੀਅੜੇ ॥ ਹੁਕਮੈ ਬੂਝੈ ਤ ਨਿਰਭਉ ਹੋਇ ਵਣਾਹੰਬੈ ॥ -ਗੁਰੂ ਗ੍ਰੰਥ ਸਾਹਿਬ ੧੧੦੪ਜਨੁ ਨਾਨਕੁ ਭਗਤੁ ਦਰਿ ਤੁਲਿ ਬ੍ਰਹਮ ਸਮਸਰਿ ਏਕ ਜੀਹ ਕਿਆ ਬਖਾਨੈ ॥
ਹਾਂ ਕਿ ਬਲਿ ਬਲਿ ਬਲਿ ਬਲਿ ਸਦ ਬਲਿਹਾਰਿ ॥੧॥ -ਗੁਰੂ ਗ੍ਰੰਥ ਸਾਹਿਬ ੧੩੮੫ਆਸ ਪਿਆਸੀ ਸੇਜ ਸੁ ਕੰਤਿ ਵਿਛਾਈਐ ॥
ਹਰਿਹਾਂ ਮਸਤਕਿ ਹੋਵੈ ਭਾਗੁ ਤ ਸਾਜਨੁ ਪਾਈਐ ॥੨॥ -ਗੁਰੂ ਗ੍ਰੰਥ ਸਾਹਿਬ ੧੩੬੧ -
ਸੰਗੀਤ ਰਸ ਲਈ, ਜਿਵੇਂ ਕਿ ‘ਹਾਂ’
ਗੋਬਿੰਦ ਗੋਬਿੰਦ ਕਰਿ ਹਾਂ ॥
ਹਰਿ ਹਰਿ ਮਨਿ ਪਿਆਰਿ ਹਾਂ ॥ -ਗੁਰੂ ਗ੍ਰੰਥ ਸਾਹਿਬ ੪੦੯ -
ਸੰਗੀਤ ਦੀ ਚਾਲ ਇਕਸਾਰ ਰਖਣ ਲਈ, ਜਿਵੇਂ ਕਿ ‘ਰਾਮ,’ ‘ਰਾਮ ਰਾਜੇ,’ ਆਦਿ
ਮੇਰੈ ਮਨਿ ਮੇਰੈ ਮਨਿ ਸਤਿਗੁਰ ਪ੍ਰੀਤਿ ਲਗਾਈ ਰਾਮ ॥
ਹਰਿ ਹਰਿ ਹਰਿ ਹਰਿ ਨਾਮੁ ਮੇਰੈ ਮੰਨਿ ਵਸਾਈ ਰਾਮ ॥ -ਗੁਰੂ ਗ੍ਰੰਥ ਸਾਹਿਬ ੫੭੨ਜਿਉ ਰਾਤੀ ਜਲਿ ਮਾਛੁਲੀ ਤਿਉ ਰਾਮ ਰਸਿ ਮਾਤੇ ਰਾਮ ਰਾਜੇ ॥
ਗੁਰ ਪੂਰੈ ਉਪਦੇਸਿਆ ਜੀਵਨ ਗਤਿ ਭਾਤੇ ਰਾਮ ਰਾਜੇ ॥ -ਗੁਰੂ ਗ੍ਰੰਥ ਸਾਹਿਬ ੪੫੪
ਗੁਰਬਾਣੀ ‘ਧੁਰ ਕੀ ਬਾਣੀ’ ਹੈ। ਇਸ ਵਿਚ ਆਇਆ ਹਰੇਕ ਸ਼ਬਦ ਹੀ ਮਹਤੱਵਪੂਰਣ ਹੈ। ਕੁਝ ਸ਼ਬਦ ਬੁਧੀ ਰਾਹੀਂ ਸਮਝੇ ਜਾਂਦੇ ਹਨ, ਜਦਕਿ ਕੁਝ ਸਾਡੇ ਸੁਹਜਾਤਮਕ ਜਾਂ ਸੰਗੀਤਕ ਅਨੁਭਵ ਨੂੰ ਵਧਾਉਂਦੇ ਹਨ। ਸੁਹਜ ਤੇ ਸੰਗੀਤ ਵੱਲ ਇਸ਼ਾਰਾ ਕਰਨ ਵਾਲੇ ਅਤੇ ਪਿਆਰ ਤੇ ਸਤਿਕਾਰ ਦੀ ਭਾਵਨਾ ਨੂੰ ਵਿਅਕਤ ਕਰਦੇ ਸ਼ਬਦਾਂ ਨੂੰ ਸ਼ਾਬਦਕ ਅਨੁਵਾਦ ਵਿਚ ਸ਼ਾਮਲ ਕੀਤਾ ਗਿਆ ਹੈ। ਪਰ ਅਜਿਹੇ ਸ਼ਬਦਾਂ ਨੂੰ ਭਾਵਾਰਥਕ-ਸਿਰਜਣਾਤਮਕ ਅਨੁਵਾਦ ਵਿਚ ਸ਼ਾਮਲ ਨਹੀਂ ਕੀਤਾ ਗਿਆ।
ਪਉੜੀ
‘ਪਉੜੀ’ ਪੰਜਾਬੀ ਬੀਰ-ਰਸੀ ਕਾਵਿ (ਵਾਰ) ਦਾ ਇਕ ਖਾਸ ਬਹਿਰ ਜਾਂ ਚਰਨ-ਪ੍ਰਬੰਧ ਹੈ। ਦੂਜੇ ਸ਼ਬਦਾਂ ਵਿਚ, ਪਉੜੀ ਕਾਵਿ ਦਾ ਉਹ ਛੰਦ ਹੈ ਜੋ ਖਾਸ ਤੌਰ ‘ਤੇ ਵਾਰਾਂ ਦੀ ਰਚਨਾ ਵਿਚ ਵਰਤਿਆ ਜਾਂਦਾ ਹੈ। “ਅਸਲ ਵਿਚ ਵਾਰ ਅਤੇ ਪਉੜੀ ਦਾ ਪਰੰਪਰਾਗਤ ਸੰਬੰਧ ਚਲਿਆ ਆ ਰਿਹਾ ਹੈ। ਜੁੱਧ ਨਾਲ ਸੰਬੰਧਤ ਕਾਵਿ ਤਦ ਤਕ ‘ਵਾਰ’ ਨਹੀਂ ਅਖਵਾ ਸਕਦਾ, ਜਦ ਤਕ ਉਸ ਦੀ ਰਚਨਾ ਪਉੜੀ ਛੰਦ ਵਿਚ ਨਾ ਹੋਈ ਹੋਵੇ। ‘ਨਾਦਰਸ਼ਾਹ ਦੀ ਵਾਰ’ ਨੂੰ ਹੁਣ ਤਕ ‘ਨਾਦਰਸ਼ਾਹ ਦੀ ਪਉੜੀ’ ਕਰਕੇ ਲਿਖਿਆ ਜਾਂਦਾ ਹੈ। ‘ਲਉ ਕੁਸ਼ ਦੀ ਵਾਰ’ ਦੇ ਕਰਤਾ ਨੇ ਇਸ ਵਾਰ ਵਿਚ ਕਈ ਥਾਵਾਂ ਉਤੇ ਲਿਖਿਆ - ਕੀਰਤਿ ਦਾਸ ਸੁਣਾਈ ਪੜਿ ਪੜਿ ਪਉੜੀਆਂ; ਦਾਸ ਥੀਆ ਕੁਰਬਾਣੇ ਪਉੜੀ ਆਖਿ ਆਖਿ। ‘ਚੰਡੀ ਦੀ ਵਾਰ’ ਦੇ ਅੰਤ ‘ਤੇ ਵੀ ਅੰਕਿਤ ਹੈ - ਦੁਰਗਾ ਪਾਠ ਬਣਾਇਆ ਸਭੇ ਪਉੜੀਆਂ। ਸਪਸ਼ਟ ਹੈ ਪਉੜੀ ਛੰਦ ਵਾਰ ਦਾ ਅਨਿੱਖੜਵਾ ਅੰਗ ਹੈ ਅਤੇ ਦੋਵੇਂ ਇਕ ਦੂਜੇ ਉਤੇ ਪਰਸਪਰ ਅਧਾਰਿਤ ਹਨ।...ਡਾ. ਚਰਨ ਸਿੰਘ ਨੇ ‘ਬਾਣੀ ਬਿਉਰਾ’ ਵਿਚ ਪਉੜੀ ਨੂੰ ‘ਵਾਰ’ ਦਾ ਛੰਦ ਮੰਨਿਆ ਹੈ। ਭਾਈ ਕਾਨ੍ਹ ਸਿੰਘ ਨੇ ‘ਮਹਾਨ ਕੋਸ਼’ ਵਿਚ ‘ਵਾਰ’ ਦਾ ਇਕ ਅਰਥ ਪਉੜੀ ਕਢਿਆ ਹੈ।”ਪਉੜੀ ਨੂੰ ਕਿਸੇ ਇਕ ਵਿਸ਼ੇਸ਼ ਛੰਦ ਵਿਚ ਨਹੀਂ ਰਖਿਆ ਜਾ ਸਕਦਾ, ਭਾਵੇਂ ਕਿ ਆਮ ਕਰਕੇ ਇਸ ਲਈ ‘ਸਿਰਖੰਡੀ’ ਅਤੇ ‘ਨਿਸ਼ਾਨੀ’ ਛੰਦ ਵਰਤਿਆ ਜਾਂਦਾ ਹੈ। ਜਿਸ ਤਰ੍ਹਾਂ ਉਰਦੂ-ਫ਼ਾਰਸੀ ਵਿਚ ‘ਮੁਸੱਦਸ’ (ਛੇ ਤੁਕਾਂ ਵਾਲੀ ਇਕ ਕਵਿਤਾ ਜਾਂ ਕਾਵਿ-ਬੰਦ) ਦੀ ਵਰਤੋਂ ਹੁੰਦੀ ਹੈ, ਉਸੇ ਤਰ੍ਹਾਂ ਪੰਜਾਬੀ-ਕਾਵਿ ਵਿਚ ਲਮੇਰੇ ਮਜ਼ਮੂਨ ਨਿਭਾਉਣ ਲਈ ‘ਪਉੜੀ’ ਦੀ ਵਰਤੋਂ ਹੋਈ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਅੰਕਤ ਵਾਰਾਂ ਦੀਆਂ ਪਉੜੀਆਂ ਵਿਚ ਦੋਹਰਾ, ਚੌਪਈ, ਦਵਈਆ ਆਦਿ ਕਾਵਿ/ਛੰਦ-ਰੂਪਾਂ ਦੀ ਵਰਤੋਂ ਕੀਤੀ ਗਈ ਹੈ। ਇਸ ਲਈ, ਪਉੜੀਆਂ ਵਿਚ ਤੁਕਾਂ ਦੀ ਗਿਣਤੀ ਇਕਸਾਰ ਨਹੀਂ ਹੈ। ਆਸਾ ਕੀ ਵਾਰ ਵਿਚ ਪਉੜੀਆਂ ਜਿਆਦਾਤਰ ਚਾਰ ਜਾਂ ਪੰਜ ਤੁਕਾਂ ਵਾਲੀਆਂ ਹਨ। ਅੰਤਮ ਤੁਕ ਅੱਧੀ ਹੈ। ਡਾ. ਰਤਨ ਸਿੰਘ ਜੱਗੀ ਅਨੁਸਾਰ ਭਾਵ ਨੂੰ ਉਘਾੜਨ ਲਈ ਪਉੜੀ ਦਾ ਅੰਤਮ ਚਰਣ ਛੋਟਾ ਕਰ ਦਿਤਾ ਜਾਂਦਾ ਹੈ।
ਗੁਰੂ ਗ੍ਰੰਥ ਸਾਹਿਬ ਦੇ ਸੰਪਾਦਨ ਸਮੇਂ, ਗੁਰੂ ਅਰਜਨ ਸਾਹਿਬ ਨੇ ਵਾਰ ਦੇ ਮੂਲ ਸਰੂਪ ‘ਪਉੜੀ’ ਨੂੰ ਹੀ ਮੁਖ ਰਖਿਆ। ਉਨ੍ਹਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਤਤਕਰੇ ਵਿਚ ‘ਸਲੋਕਾਂ’ ਦੀ ਥਾਂ ‘ਪਉੜੀ’ ਦੀ ਪਹਿਲੀ ਤੁਕ ਨੂੰ ਹੀ ਅੰਕਤ ਕੀਤਾ ਹੈ।
ਮਹਲਾ
‘ਮਹਲਾ’ ਗੁਰਬਾਣੀ ਸਿਰਲੇਖਾਂ ਵਿਚ ਗੁਰੂ ਬਾਣੀਕਾਰਾਂ ਲਈ ਵਰਤਿਆ ਸੰਕੇਤਕ ਸ਼ਬਦ ਹੈ, ਜਿਸ ਦਾ ਅਰਥ ਹੈ ਗੁਰੂ-ਜੋਤਿ ਦਾ ਇਕ ਜਾਮੇ ਤੋਂ ਦੂਜੇ ਜਾਮੇ ਵਿਚ ਇਕ-ਮਿਕ (ਹਲੂਲ) ਹੋਣ ਦੀ ਥਾਂ। ‘ਮਹਲਾ’ ਸ਼ਬਦ ਦੀ ਵਿਉਤਪਤੀ, ਅਰਥ ਅਤੇ ਉਚਾਰਣ ਬਾਰੇ ਵਖ-ਵਖ ਰਾਵਾਂ ਹਨ। ਕਈ ਵਿਦਵਾਨ ਇਸ ਦਾ ਸ੍ਰੋਤ ਅਰਬੀ ਦੇ ਸ਼ਬਦ ‘ਹਲੂਲ’ (مَحلَ) ਨੂੰ ਮੰਨਦੇ ਹੋਏ, ਇਸ ਨੂੰ ‘ਜਾਇ ਹਲੂਲ, ਹਲੂਲ ਹੋਣ ਦੀ ਜਗਹ ਜਾਂ ਉਤਰਨ ਦਾ ਮੁਕਾਮ’ ਵਜੋਂ ਅਰਥਾਉਂਦੇ ਅਤੇ ਇਸ ਦਾ ਉਚਾਰਣ ‘ਮ-ਹਲਾ (ਮਹੱਲਾ)’ ਸਹੀ ਮੰਨਦੇ ਹਨ। ਦੂਜੇ ਪਾਸੇ, ਕੁਝ ਵਿਦਵਾਨ ਇਸ ਨੂੰ ਸੰਸਕ੍ਰਿਤ 'ਮਹਲਾ' ਨਾਲ ਜੋੜ ਕੇ ਇਸ ਦਾ ਅਰਥ 'ਸਰੀਰ' ਕਰਦੇ ਹਨ ਅਤੇ ਇਸ ਨੂੰ ਪਹਿਲਾ, ਗਹਿਲਾ ਆਦਿ ਸ਼ਬਦਾਂ ਦੀ ਤਰਜ਼ ਉਪਰ 'ਮਹਿਲਾ' ਜਾਂ ‘ਮਹ-ਲਾ’ ਉਚਾਰਣ ਦੇ ਮੁੱਦਈ ਹਨ।ਇਸ ਸ਼ਬਦ ਦਾ ਸ੍ਰੋਤ ਕੁਝ ਵੀ ਹੋਵੇ ਅਸਲ ਮਸਲਾ ਇਸ ਦੇ ਉਚਾਰਣ ਨਾਲ ਹੀ ਜੁੜਿਆ ਹੋਇਆ ਹੈ, ਜਿਹੜਾ ਅਗੋਂ ਇਸ ਵਿਚਲੇ ਅਖਰਾਂ ਦੇ ਨਿਖੇੜ ਨਾਲ ਸੰਬੰਧ ਰਖਦਾ ਹੈ। ਬੇਸ਼ਕ ਖੋਜ ਅਗੇ ਜਾਰੀ ਰਹਿਣੀ ਚਾਹੀਦੀ ਹੈ ਪਰ ਹਾਲ ਦੀ ਘੜੀ ਇਸ ਦਾ ਹੱਲ ਇਹ ਹੋ ਸਕਦਾ ਹੈ ਕਿ ਇਸ ਨੂੰ ‘ਮ-ਹਲਾ’ (ਮਹੱਲਾ) ਜਾਂ ‘ਮਹ-ਲਾ’ (ਮਹਿਲਾ) ਵਾਂਗ ਨਿਖੇੜਣ ਦੀ ਥਾਂ, ‘ਮ-ਹ-ਲਾ’ ਵਾਂਗ ਨਿਖੇੜਕੇ ਉਚਾਰਿਆ ਜਾਵੇ। ਇਸ ਦੇ ਉਚਾਰਣ ਸੰਬੰਧੀ ‘ਮਹਲਾ ਸ਼ਬਦ ਦਾ ਸ਼ੁੱਧ ਉਚਾਰਣ,’ ‘ਬਾਣੀ ਬਿਉਰਾ’ ਅਤੇ ਇਸ ਵਿਚ ਦਿਤੀ ਪੁਸਤਕ ਸੂਚੀ ਵਿਚਲੀਆਂ ਪੁਸਤਕਾਂ ਵੀ ਦੇਖੀਆਂ ਜਾ ਸਕਦੀਆਂ ਹਨ।
ਗੁਰਬਾਣੀ ਵਿਚ 'ਮਹਲਾ' ਸ਼ਬਦ ਨਾਲ ਆਏ ਅੰਕ (੧, ੨, ੩ ਆਦਿ) ਕ੍ਰਮ-ਵਾਚਕ ਸੰਖਿਅਕ ਵਿਸ਼ੇਸ਼ਣ ਹਨ। ਇਹ ਮਹਲੇ ਦਾ ਕ੍ਰਮ ਜਾਂ ਦਰਜਾ ਦਰਸਾਉਂਦੇ ਹਨ। ਇਸ ਲਈ ਇਨ੍ਹਾਂ ਦਾ ਉਚਾਰਣ ਕ੍ਰਮਵਾਰ ਪਹਿਲਾ, ਦੂਜਾ, ਤੀਜਾ ਆਦਿ ਬਣਦਾ ਹੈ, ਇਕ, ਦੋ, ਤਿੰਨ ਆਦਿ ਨਹੀਂ। ਅਜਿਹਾ ਗੁਰਬਾਣੀ ਸੰਪਾਦਕ, ਗੁਰੂ ਅਰਜਨ ਸਾਹਿਬ, ਨੇ ਗੁਰੂ ਗ੍ਰੰਥ ਸਾਹਿਬ ਵਿਚ ਕਈ ਥਾਈਂ ਦਰਸਾਇਆ ਹੈ। ਜਿਵੇਂ ਕਿ:
ਰਾਗੁ ਸਿਰੀਰਾਗੁ ਮਹਲਾ ਪਹਿਲਾ ੧ ਘਰੁ ੧ ॥ -ਗੁਰੂ ਗ੍ਰੰਥ ਸਾਹਿਬ ੧੪
ਗੂਜਰੀ ਮਹਲਾ ੩ ਤੀਜਾ ॥ -ਗੁਰੂ ਗ੍ਰੰਥ ਸਾਹਿਬ ੪੯੨
ਰਹਾਉ
‘ਰਹਾਉ' ਦਾ ਸ਼ਾਬਦਕ ਅਰਥ, ਰਹਿਣਾ, ਟਿਕੇ ਹੋਣਾ ਜਾਂ ਵਿਸ਼ਰਾਮ ਆਦਿਕ ਹੈ। ਇਨ੍ਹਾਂ ਹੀ ਅਰਥਾਂ ਵਿਚ ਇਸ ਦੀ ਵਰਤੋਂ ਗੁਰਬਾਣੀ ਵਿਚ ਅਨੇਕ ਥਾਈਂ ਵੇਖਣ ਨੂੰ ਮਿਲਦੀ ਹੈ, ਜਿਵੇਂ ਕਿ:
ਭਾਈ ਰੇ ਗੁਰਮਤਿ ਸਾਚਿ ਰਹਾਉ ॥ -ਗੁਰੂ ਗ੍ਰੰਥ ਸਾਹਿਬ ੩੦ (ਰਹਾਉ = ਰਿਹਾ/ਟਿਕਿਆ ਜਾ ਸਕਦਾ ਹੈ)
ਮੈ ਧਰ ਤੇਰੀ ਪਾਰਬ੍ਰਹਮ ਤੇਰੈ ਤਾਣਿ ਰਹਾਉ ॥ -ਗੁਰੂ ਗ੍ਰੰਥ ਸਾਹਿਬ ੪੬ (ਰਹਾਉ = ਰਹਿ ਰਿਹਾ ਹਾਂ)
ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ ॥ -ਗੁਰੂ ਗ੍ਰੰਥ ਸਾਹਿਬ ੭੫੯ (ਲਾਗਿ ਰਹਾਉ = ਲਗਾਂ ਰਹਾਂ)
‘ਰਹਾਉ’ ਮਧਕਾਲੀ ਭਗਤੀ ਸਾਹਿਤ ਦਾ ਇਕ ਮਹੱਤਵਪੂਰਨ ਤਕਨੀਕੀ ਸ਼ਬਦ ਵੀ ਹੈ, ਜੋ ਮੂਲ ਰੂਪ ਵਿਚ ਉਪਰੋਕਤ ਅਰਥਾਂ ਦੀ ਨੀਂਹ ਉਪਰ ਹੀ ਉਸਰਿਆ ਹੋਇਆ ਹੈ। ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ‘ਰਹਾਉ’ ਸ਼ਬਦ ਤੋਂ ਭਾਵ ਟੇਕ, ਸਥਾਈ ਜਾਂ ਅਜਿਹਾ ਪਦ ਹੈ, ਜਿਹੜਾ ਗਾਉਣ ਸਮੇਂ ਅੰਤਰੇ ਮਗਰੋਂ ਵਾਰ-ਵਾਰ ਆਉਂਦਾ ਹੈ। ਸੰਪ੍ਰਦਾਈ ਗਿਆਨੀਆਂ ਅਨੁਸਾਰ ਸਾਰੇ ਸ਼ਬਦ ਦਾ ਸਿਧਾਂਤ ਅਤੇ ਕੇਂਦਰੀ ਭਾਵ ਵੀ ‘ਰਹਾਉ’ ਦੀ ਤੁਕ ਵਿਚ ਹੀ ਹੁੰਦਾ ਹੈ।
ਇਸ ਪ੍ਰਕਾਰ ਗੁਰੂ ਗ੍ਰੰਥ ਸਾਹਿਬ ਵਿਚ 'ਰਹਾਉ' ਉਨ੍ਹਾਂ ਤੁਕਾਂ ਦੀ ਨਿਸ਼ਾਨਦੇਹੀ ਲਈ ਵਰਤਿਆਂ ਇਕ ਪਦ ਹੈ, ਜਿਨ੍ਹਾਂ ਵਿਚ ਸਮੁੱਚੇ ਸ਼ਬਦ ਜਾਂ ਬਾਣੀ ਦਾ ਕੇਂਦਰੀ ਭਾਵ ਸਮੋਇਆ ਹੁੰਦਾ ਹੈ। ਇਸ ਲਈ ਸ਼ਬਦ ਦਾ ਗਾਇਨ ਕਰਨ ਸਮੇਂ ‘ਰਹਾਉ’ ਵਾਲੀਆਂ ਤੁਕਾਂ ਨੂੰ ਹੀ ਸਥਾਈ ਬਣਾਇਆ ਜਾਂਦਾ ਹੈ ਤੇ ਬਾਕੀ ਪਦਿਆਂ ਨੂੰ ਅੰਤਰੇ ਦੇ ਰੂਪ ਵਿਚ ਗਾਇਆ ਜਾਂਦਾ ਹੈ। ਜਿਥੇ ਇਕ ਤੋਂ ਵੱਧ ‘ਰਹਾਉ’ ਹੁੰਦੇ ਹਨ, ਉਥੇ ਕਿਸੇ ਵੀ ‘ਰਹਾਉ’ ਵਾਲੀ ਤੁਕ ਜਾਂ ਬੰਦ ਨੂੰ ਸਥਾਈ ਬਣਾਇਆ ਜਾ ਸਕਦਾ ਹੈ।
ਰਾਗ ਦੇ ਨਾਲ ‘ਰਹਾਉ’ ਦਾ ਗੂੜ੍ਹਾ ਸੰਬੰਧ ਹੈ, ਕਿਉਂਕਿ ‘ਰਹਾਉ’ ਤੋਂ ਬਿਨਾਂ ਰਾਗ ਦਾ ਰੂਪ ਹੀ ਨਹੀਂ ਉਘੜਦਾ। ਪਰ “ਹੈਰਾਨੀ ਦੀ ਗੱਲ ਇਹ ਹੈ ਕਿ ਅਜ ਕਲ ਰਾਗੀ ਸਿੰਘ ਇਸ ਤੱਤ ਨੂੰ ਬਿਲਕੁਲ ਹੀ ਅਖੋਂ ਉਹਲੇ ਕਰ ਰਹੇ ਹਨ। ਬਜਾਇ ਇਸ ਦੇ ਕਿ ਉਹ ਗੁਰੂ ਸਾਹਿਬ ਦੀ ਅਦੁੱਤੀ ਦੇਣ (ਨਿਸਚਿਤ ‘ਰਹਾਉ’) ਨੂੰ ਸ਼ਬਦ-ਕੀਰਤਨ ਦਾ ਅਧਾਰ ਬਣਾ ਕੇ ਸੰਗਤਾਂ ਤਾਈਂ ਗੁਰੂ-ਆਸ਼ੇ ਨੂੰ ਦ੍ਰਿੜ੍ਹ ਕਰਾਉਣ, ਉਹ ਆਪਣੀ ਅਕਲ ਨਾਲ ਲੋਕਾਂ ਨੂੰ ਖੁਸ਼ ਕਰਨ ਲਈ ਸ਼ਬਦ ਵਿਚੋਂ ਆਪਣੀ ਮਨ-ਭਉਂਦੀ ਪੰਕਤੀ ਚੁਣ ਕੇ ਉਸ ਨੂੰ ਸਥਾਈ (ਰਹਾਉ) ਬਣਾ ਲੈਂਦੇ ਹਨ, ਜੋ ਕਿ ਅਨੁਚਿਤ ਹੈ।” ਪਰ ਜਿਨ੍ਹਾਂ ਸ਼ਬਦਾਂ ਵਿਚ ‘ਰਹਾਉ’ ਨਾ ਹੋਵੇ, ਉਨ੍ਹਾਂ ਵਿਚ ਸ਼ਬਦ ਦੇ ਕੇਂਦਰੀ ਭਾਵ ਨੂੰ ਦਰਸਾਉਂਦੀ ਕਿਸੇ ਵੀ ਤੁਕ ਜਾਂ ਬੰਦ ਨੂੰ ਲਿਆ ਜਾ ਸਕਦਾ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਤੁਖਾਰੀ ਰਾਗ ਤੋਂ ਇਲਾਵਾ ਰਾਗਾਂ ਵਿਚ ਰਚੇ ਲਗਭਗ ਸਾਰੇ ਸ਼ਬਦਾਂ ਵਿਚ ‘ਰਹਾਉ’ ਦੀ ਵਰਤੋਂ ਕੀਤੀ ਹੋਈ ਹੈ। ਬਾਵਨ ਅਖਰੀ, ਸੁਖਮਨੀ, ਥਿਤੀ, ਪਟੀ, ਸਿਧ ਗੋਸਟਿ, ਓਅੰਕਾਰ ਆਦਿ ਅਨੇਕ ਬਾਣੀਆਂ ਵਿਚ ਵੀ ‘ਰਹਾਉ’ ਆਉਂਦਾ ਹੈ, ਜੋ ਸਮੁੱਚੀ ਬਾਣੀ ਦੇ ਕੇਂਦਰੀ ਭਾਵ ਨੂੰ ਵਿਅਕਤ ਕਰਦਾ ਹੈ। ਪਰ ਵਾਰਾਂ ਵਿਚੋਂ ਕੇਵਲ ਆਸਾ ਕੀ ਵਾਰ ਮਹਲਾ ੧ ਅਤੇ ਰਾਮਕਲੀ ਕੀ ਵਾਰ ਮਹਲਾ ੩, ਜਦਕਿ ਛੰਤਾਂ ਵਿਚੋਂ ਕੇਵਲ ਇਕ ਛੰਤ (ਕੇਦਾਰਾ ਮਹਲਾ ੫, ਅੰਕ ੪॥੧॥) ਵਿਚ ਹੀ ਰਹਾਉ ਦੀ ਵਰਤੋਂ ਹੋਈ ਹੈ।
ਭਾਵੇਂ ਗੁਰਬਾਣੀ ਵਿਚ 'ਰਹਾਉ' ਦੀ ਵਰਤੋਂ ਆਮ ਕਰਕੇ ਪਹਿਲੇ ਬੰਦ ਤੋਂ ਬਾਅਦ ਹੀ ਕੀਤੀ ਮਿਲਦੀ ਹੈ, ਪਰ ਗੁਰੂ ਤੇਗ ਬਹਾਦਰ ਸਾਹਿਬ ਵਲੋਂ ਉਚਾਰੇ ੫੯ ਸ਼ਬਦਾਂ ਵਿਚ ਇਸ ਦੀ ਵਰਤੋਂ ਸ਼ਬਦ ਦੇ ਅਰੰਭ ਵਿਚ ਹੋਈ ਹੈ। ਮਧਕਾਲ ਦੇ ਪ੍ਰਸਿਧ ਸੂਫੀ ਕਵੀ, ਸ਼ਾਹ ਹੁਸੈਨ, ਨੇ ਵੀ ‘ਰਹਾਉ’ ਵਾਲੀਆਂ ਤੁਕਾਂ ਦੀ ਵਰਤੋਂ ਸ਼ਬਦ ਦੇ ਅਰੰਭ ਵਿਚ ਹੀ ਕੀਤੀ ਹੈ। ਇਸੇ ਤਰ੍ਹਾਂ ਮਧਕਾਲੀ ਭਗਤ-ਕਵੀਆਂ ਸੂਰਦਾਸ, ਮੀਰਾ ਬਾਈ, ਤੁਲਸੀ ਦਾਸ ਆਦਿ ਦੇ ਪਦਿਆਂ ਵਿਚ ਵੀ ਪਹਿਲੀ ਤੁਕ ਟੇਕ ਜਾਂ ਸਥਾਈ ਦੇ ਤੌਰ ‘ਤੇ ਵਰਤੀ ਗਈ ਹੈ।
‘ਰਹਾਉ’ ਵਾਲੀਆਂ ਤੁਕਾਂ ਹਮੇਸ਼ਾ ਸ਼ਬਦ ਦੇ ਬਾਕੀ ਬੰਦਾਂ ਤੋਂ ਵਖਰੇ ਤੌਰ ‘ਤੇ ਗਿਣੀਆਂ ਜਾਂਦੀਆਂ ਹਨ। ਗੁਰਬਾਣੀ ਵਿਚ ‘ਰਹਾਉ’ ਤੋਂ ਪਹਿਲਾਂ ‘੧’ ਅੰਕ ਵੀ ਅੰਕਤ ਕੀਤਾ ਮਿਲਦਾ ਹੈ, ਜਿਹੜਾ ‘ਰਹਾਉ’ ਵਾਲੀਆਂ ਤੁਕਾਂ ਦਾ ਨਿਖੇੜਕ ਹੁੰਦਾ ਹੈ। ਸ਼ਬਦਾਂ ਵਿਚਲੇ ਪਦਿਆਂ ਦੇ ਸੂਚਕ ਅੰਕਾਂ ਵਾਂਗ ‘ਰਹਾਉ’ ਵਾਲੇ ਪਦੇ ਨਾਲ ਆਇਆ ਇਹ ਅੰਕ ਵੀ ਉਚਾਰਿਆ ਨਹੀਂ ਜਾਂਦਾ। ਕੁਝ ਸ਼ਬਦਾਂ ਵਿਚ ‘ਰਹਾਉ ਦੂਜਾ’ ਵੀ ਅੰਕਤ ਕੀਤਾ ਮਿਲਦਾ ਹੈ, ਜਿਹੜਾ ਸ਼ਬਦ ਦੇ ਅੰਤਲੇ ਪਦੇ ਮਗਰੋਂ ਆਉਂਦਾ ਹੈ। ਜਿਆਦਾਤਰ ‘ਰਹਾਉ ਦੂਜਾ’ ਵਾਲੀ ਤੁਕ ਜਾਂ ਪਦਾ ਪਹਿਲੇ ‘ਰਹਾਉ’ ਵਾਲੀ ਤੁਕ ਜਾਂ ਪਦੇ ਰਾਹੀਂ ਨਿਰੂਪਣ ਕੀਤੇ ਪ੍ਰਸ਼ਨ ਦਾ ਉਤਰ ਹੁੰਦਾ ਹੈ। ਪਰ ਕਈ ਸ਼ਬਦਾਂ ਵਿਚ ਇਹ ਪਹਿਲੇ ‘ਰਹਾਉ’ ਵਾਲੀ ਤੁਕ ਜਾਂ ਪਦੇ ਦੇ ਭਾਵ ਨੂੰ ਵਧੇਰੇ ਸ਼ਪਸ਼ਟ ਕਰਦਾ ਵੀ ਪ੍ਰਤੀਤ ਹੁੰਦਾ ਹੈ।
ਜਿਹੜੇ ਸ਼ਬਦਾਂ ਵਿਚ ‘ਰਹਾਉ’ ਦੋ ਤੋਂ ਜਿਆਦਾ ਵਾਰ ਆਉਂਦਾ ਹੈ, ਉਥੇ ਉਹ ਉਸ ਸ਼ਬਦ ਦੇ ਵਖ-ਵਖ ਪਦਿਆਂ ਦੇ ਵਿਸ਼ਿਆਂ ਨੂੰ ਪ੍ਰਗਟ ਕਰਦਾ ਜਾਪਦਾ ਹੈ। ਦੋ ਜਾਂ ਉਸ ਤੋਂ ਜਿਆਦਾ ‘ਰਹਾਉ’ ਵਾਲੇ ਸ਼ਬਦਾਂ ਦੀਆਂ ਉਦਾਹਰਣਾਂ ਹੇਠ ਲਿਖੀਆਂ ਹਨ:
ਅਛਲ ਛਲਾਈ ਨਹ ਛਲੈ...ਨਾਨਕ ਬਾਹ ਲੁਡਾਈਐ ॥੪॥੩੩॥ -ਗੁਰੂ ਗ੍ਰੰਥ ਸਾਹਿਬ ੨੬ (ਦੋ ਵਾਰੀ)
ਅੰਮ੍ਰਿਤ ਕਾਇਆ ਰਹੈ…ਮਾਰਿ ਆਪੇ ਜੀਵਾਲੇ ॥੬॥੧॥੧੩॥ -ਗੁਰੂ ਗ੍ਰੰਥ ਸਾਹਿਬ ੧੫੫ (ਤਿੰਨ ਵਾਰੀ)
ਸਭਿ ਰਸ ਮਿਠੇ…ਮਹਿ ਚਲਹਿ ਵਿਕਾਰ ॥੧॥ਰਹਾਉ॥੪॥੭॥ -ਗੁਰੂ ਗ੍ਰੰਥ ਸਾਹਿਬ ੧੭ (ਚਾਰ ਵਾਰੀ)
ਮੇਰਾ ਮਨੁ ਲੋਚੈ…ਨਾਨਕ ਦਾਸ ਤੁਮਾਰੇ ਜੀਉ ॥ ਰਹਾਉ ॥੧॥੮॥ -ਗੁਰੂ ਗ੍ਰੰਥ ਸਾਹਿਬ ੯੭ (ਚਾਰ ਵਾਰੀ)
ਜੀਉ ਡਰਤੁ ਹੈ...ਚੁਖ ਚੁਖ ਹੋਇ ॥੧॥ ਰਹਾਉ ॥੪॥੧॥ -ਗੁਰੂ ਗ੍ਰੰਥ ਸਾਹਿਬ ੬੬੦ (ਚਾਰ ਵਾਰੀ)
ਹਰਿ ਹਰਿ ਉਤਮੁ...ਨਾਮੁ ਜਿਨਾ ਰਹਰਾਸਿ ॥੧॥ਰਹਾਉ॥੧॥ -ਗੁਰੂ ਗ੍ਰੰਥ ਸਾਹਿਬ ੮੨ (ਛੇ ਵਾਰੀ)
ਇਸ ਪ੍ਰਕਾਰ ਬੇਸ਼ਕ ਸ਼ਬਦ ਵਿਚ ਇਕ ਤੋਂ ਜਿਆਦਾ ‘ਰਹਾਉ’ ਵੀ ਹੋ ਸਕਦੇ ਹਨ, ਪਰ ਇਹ ਸਮੁੱਚੇ ਸ਼ਬਦ ਜਾਂ ਉਸਦੇ ਵਖ-ਵਖ ਪਦਿਆਂ ਦੇ ਕੇਂਦਰੀ ਭਾਵ ਨੂੰ ਹੀ ਪੇਸ਼ ਕਰਦੇ ਹਨ। ਇਸ ਪ੍ਰਸੰਗ ਵਿਚ ਗਿ. ਹਰਬੰਸ ਸਿੰਘ ਦਾ ਵਿਚਾਰ ਦਰੁਸਤ ਹੈ ਕਿ “ਜੇ ਮਨ-ਬ੍ਰਿਤੀ ਇਕਾਗਰ ਕਰਕੇ ਸ਼ਬਦ ਵਿਚਾਰ ਕਰੀਏ ਜਾਂ ਸੁਣੀਏ, ਤਾਂ ਸਮੁੱਚੇ ਸ਼ਬਦ ਦਾ ਕੇਂਦਰੀ ਭਾਵ ਰਹਾਉ ਵਾਲੀਆਂ ਪੰਕਤੀਆਂ ਵਿਚ ਹੀ ਸਮੋਇਆ ਹੋਇਆ ਹੁੰਦਾ ਹੈ। ਗੁਰੂ ਸ਼ਬਦ ਦੀ ਕਥਾ ਕਰਨ ਵਾਲੇ ਸੁਘੜ ਕਥਾਕਾਰ ਅਰਥਾਂ ਦਾ ਕ੍ਰਮ, ਰਹਾਉ ਵਾਲੀਆਂ ਪੰਕਤੀਆਂ ਨੂੰ ਮੁੱਖ ਰਖ ਕੇ ਕਰਦੇ ਹਨ, ਕਿਉਂਕਿ ਇਸ ਤਰ੍ਹਾਂ ਅਰਥਾਂ ਦੀ ਲੜੀ ਠੀਕ ਬਝਦੀ ਹੈ। ਸ਼ਬਦ ਦੀਆਂ ਆਰੰਭਕ ਪੰਕਤੀਆਂ ਤੋਂ ਅਰਥ ਆਰੰਭ ਕਰਨ ਨਾਲ ਕਈ ਵਾਰ ਅਰਥ-ਵਿਵਸਥਾ ਠੀਕ ਨਹੀਂ ਬਣਦੀ।"
ਡਾ. ਚਰਨ ਸਿੰਘ ਅਤੇ ਭਾਈ ਵੀਰ ਸਿੰਘ ਅਨੁਸਾਰ ਵੀ ਅਰਥ ਕਰਨ ਲਗਿਆਂ “ਸ਼ਬਦ ਦੇ ਅਰਥ ਦਾ ਕ੍ਰਮ ਰਹਾਉ ਦੀ ਤੁਕ ਤੋਂ ਚੁਕਿਆਂ ਬਿਵਸਥਾ ਠੀਕ ਬੈਠਦੀ ਹੈ।” ਡਾ. ਮਹਿੰਦਰ ਕੌਰ ਗਿੱਲ ਦਾ ਵੀ ਇਹੀ ਵਿਚਾਰ ਹੈ ਕਿ “ਰਹਾਉ ਤੋਂ ਆਰੰਭ ਕੀਤੇ ਅਰਥ ਵਿਸ਼ੇ ਨੂੰ ਵਧੇਰੇ ਸਪਸ਼ਟ ਕਰਦੇ ਹਨ।” ਇਸੇ ਲਈ ਪ੍ਰੋ. ਸਾਹਿਬ ਸਿੰਘ ਵੀ ਗੁਰਬਾਣੀ ਵਿਆਖਿਆ ਸਮੇਂ ਆਮ ਕਰਕੇ ਇਸੇ ਪ੍ਰਥਾ ਦੀ ਹੀ ਪਾਲਣਾ ਕਰਦੇ ਹਨ।
ਵਿਦਵਾਨਾਂ ਦੇ ਉਪਰੋਕਤ ਵਿਚਾਰਾਂ ਨੂੰ ਸਨਮੁਖ ਰਖਦਿਆਂ ਇਸ ਪ੍ਰੋਜੈਕਟ ਦੇ ‘ਭਾਵਾਰਥਕ-ਸਿਰਜਣਾਤਮਕ ਅਨੁਵਾਦ’ ਵਿਚ ‘ਰਹਾਉ’ ਵਾਲੇ ਪਦੇ ਤੋਂ ਅਨੁਵਾਦ ਅਰੰਭ ਕੀਤਾ ਗਿਆ ਹੈ ਅਤੇ ਬਾਕੀ ਪਦਿਆਂ ਨੂੰ ਪਿਛੋਂ ਅਰਥਾਇਆ ਗਿਆ ਹੈ।
ਵਾਰ
‘ਵਾਰ’ ਪਉੜੀਆਂ ਵਿਚ ਰਚਿਆ ਬੀਰ ਰਸ ਪ੍ਰਧਾਨ ਕਾਵਿ ਰੂਪਾਕਾਰ ਹੈ। ਮਹਾਨ ਕੋਸ਼ ਅਨੁਸਾਰ: “ਵਾਰ ਤੋਂ ਭਾਵ ਹੈ ਅਜਿਹੀ ਰਚਨਾ, ਜਿਸ ਵਿਚ ਯੁਧ ਸੰਬੰਧੀ ਵਰਣਨ ਹੋਵੇ। ਵਾਰ ਸ਼ਬਦ ਦਾ ਅਰਥ ਪਉੜੀ (ਨਿ:ਸ਼੍ਰੇਣੀ/ਨਿਸ਼ੇਨੀ/ਨਿਸ਼ਾਨੀ) ਛੰਦ ਵੀ ਹੋ ਗਿਆ ਹੈ, ਕਿਉਂਕਿ ਜੋਧਿਆਂ ਦੀ ਸੂਰਬੀਰਤਾ ਦਾ ਜਸ ਪੰਜਾਬੀ ਕਵੀਆਂ ਨੇ ਬਹੁਤ ਕਰਕੇ ਇਸੇ ਛੰਦ ਵਿਚ ਲਿਖਿਆ ਹੈ।”ਪੁਰਾਤਨ ਪੰਜਾਬੀ ਸਾਹਿਤ ਵਿਚ ਪ੍ਰਾਪਤ ਵਾਰਾਂ ਦਾ ਵਿਸ਼ਾ-ਵਸਤੂ ਜ਼ਿਆਦਾਤਰ ਦੁਨਿਆਵੀ ਰਾਜ ਅਤੇ ਧਨ-ਪਦਾਰਥ ਦੀ ਪ੍ਰਾਪਤੀ ਲਈ ਸੰਘਰਸ਼ ਹੀ ਹੈ। ਗੁਰਮਤਿ ਪਰੰਪਰਾ ਦੇ ਅੰਤਰਗਤ ਸਿਰਜੀਆਂ ਗਈਆਂ ਵਾਰਾਂ ਬੇਸ਼ਕ ਅਨੇਕ ਵਿਸ਼ਿਆਂ ਨੂੰ ਆਪਣੇ ਦਾਇਰੇ ਵਿਚ ਲੈਂਦੀਆਂ ਹਨ, ਪਰ ਮੂ਼ਲ ਰੂਪ ਵਿਚ ਰੂਹਾਨੀਅਤ ਦੀ ਪ੍ਰਾਪਤੀ ਲਈ ਮਨੁਖੀ ਮਨ ਅੰਦਰ ਚੱਲ ਰਹੇ ਨੇਕੀ ਤੇ ਬਦੀ ਦੇ ਘੋਲ ਨੂੰ ਹੀ ਆਪਣਾ ਵਿਸ਼ਾ-ਵਸਤੂ ਬਣਾਉਂਦੀਆਂ ਹਨ। ਇਸ ਦੇ ਨਾਲ ਹੀ ਇਲਾਹੀ ਹੋਂਦ ਦੀ ਸਿਫਤਿ-ਸਾਲਾਹ ਕਰਦੀਆਂ ਇਹ ਵਾਰਾਂ ਸਤਿ-ਮਾਰਗ ਦੇ ਪਾਂਧੀ ਅਤੇ ਇਸ ਮਾਰਗ ਵਿਚ ਉਸ ਦੇ ਮਦਦਗਾਰ, ਗੁਰੂ, ਦੀ ਉਸਤਤਿ ਵੀ ਕਰਦੀਆਂ ਹਨ।
ਮੂਲ ਰੂਪ ਵਿਚ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਵਾਰਾਂ ਦੀ ਰਚਨਾ ਕੇਵਲ ਪਉੜੀਆਂ ਦੇ ਰੂਪ ਵਿਚ ਹੋਈ। ਗੁਰੂ ਗ੍ਰੰਥ ਸਾਹਿਬ ਦੀ ਸੰਪਾਦਨਾ ਵੇਲੇ ਗੁਰੂ ਅਰਜਨ ਸਾਹਿਬ ਨੇ ਪਉੜੀਆਂ ਦੇ ਕੇਂਦਰੀ ਭਾਵ, ਜੋ ਕਿ ਜ਼ਿਆਦਾਤਰ ਪਉੜੀ ਦੀ ਅਖੀਰਲੀ ਤੁਕ ਵਿਚ ਹੈ, ਨੂੰ ਮੁਖ ਰਖ ਕੇ ਪਉੜੀਆਂ ਦੇ ਨਾਲ ਢੁਕਵੇਂ ਸਲੋਕ ਵੀ ਦਰਜ ਕਰ ਦਿਤੇ। ਜੋ ਸਲੋਕ ਵਾਰਾਂ ਵਿਚ ਸਮਾਅ ਨਾ ਸਕੇ, ਉਨ੍ਹਾਂ ਨੂੰ ਪੰਨਾ ੧੪੧੦-੧੪੨੬ ਉਪਰ 'ਸਲੋਕ ਵਾਰਾਂ ਤੇ ਵਧੀਕ' ਸਿਰਲੇਖ ਅਧੀਨ ਅੰਕਤ ਕਰ ਦਿਤਾ ਗਿਆ।
ਵਾਰ ਦੇ ਅਰੰਭ ਵਿਚ ਉਸ ਦੇ ਰਚਣਹਾਰ ਮਹਲੇ ਬਾਰੇ ਦਿਤੀ ਸੂਚਨਾ (ਮਹਲਾ ੧, ਮਹਲਾ ੫ ਆਦਿ) ਅਸਲ ਵਿਚ ਉਸ ਵਾਰ ਦੀਆਂ ਸਮੁੱਚੀਆਂ ਪਉੜੀਆਂ ਦੇ ਰਚਣਹਾਰ (ਕਰਤਾ) ਦੀ ਲਖਾਇਕ ਹੈ। ਜਿਥੇ ਕਿਤੇ ਕੋਈ ਪਉੜੀ ਕਿਸੇ ਹੋਰ ਮਹਲੇ ਦੀ ਹੋਵੇ, ਉਥੇ ਉਸ ਪਉੜੀ ਦੇ ਨਾਲ ਵਖਰੀ ਸੂਚਨਾ (ਪਉੜੀ ਮ: ੫ ਆਦਿ) ਦਿਤੀ ਹੋਈ ਮਿਲਦੀ ਹੈ।
ਗੁਰੂ ਗ੍ਰੰਥ ਸਾਹਿਬ ਵਿਚ ਕੁਲ ੨੨ ਵਾਰਾਂ ਸ਼ਾਮਲ ਹਨ। ਇਨ੍ਹਾਂ ਵਿਚੋਂ ਦੋ ਵਾਰਾਂ ਵਿਚ ਕੇਵਲ ਪਉੜੀਆਂ ਹੀ ਹਨ, ਸਲੋਕ ਕੋਈ ਨਹੀਂ ਹੈ। ਬਾਕੀ ੨੦ ਵਾਰਾਂ ਦੀਆਂ ਪਉੜੀਆਂ ਦੇ ਨਾਲ ਮਿਲਦੇ ਵਖ-ਵਖ ਮਹਲਿਆਂ ਦੇ ਜਾਂ ਉਸੇ ਮਹਲੇ ਦੇ ਸਲੋਕ ਗੁਰੂ ਅਰਜਨ ਸਾਹਿਬ ਨੇ ਆਦਿ ਬੀੜ ਦੀ ਸੰਪਾਦਨਾ ਵੇਲੇ ਸ਼ਾਮਲ ਕੀਤੇ। ਇਨ੍ਹਾਂ ਸਲੋਕਾਂ ਦੀ ਗਿਣਤੀ ਆਮ ਕਰਕੇ ੨ ਜਾਂ ਉਸ ਤੋਂ ਵੱਧ ਪ੍ਰਾਪਤ ਹੁੰਦੀ ਹੈ।
ਵਾਰਾਂ ਵਿਚ ਪਹਿਲਾਂ ਸਲੋਕ ਆਉਂਦੇ ਹਨ ਅਤੇ ਫਿਰ ਪਉੜੀ। ਹਰੇਕ ਪਉੜੀ ਦੇ ਅਖੀਰ ਵਿਚ ਦਿਤਾ ਹੋਇਆ ਅੰਕ ਕੇਵਲ ਪਉੜੀਆਂ ਦੀ ਗਿਣਤੀ ਦਾ ਹੀ ਸੂਚਕ ਹੈ, ਸਲੋਕਾਂ ਦੀ ਗਿਣਤੀ ਦਾ ਨਹੀਂ। ਇਸੇ ਲਈ, ਪਉੜੀਆਂ ਦਾ ਗਣਨ-ਅੰਕ ਸ਼ੁਰੂ ਤੋਂ ਅਖੀਰ ਤਕ ਕ੍ਰਮਵਾਰ (੧, ੨, ੩, ੪…) ਚਲਦਾ ਹੈ, ਜਦਕਿ ਸਲੋਕਾਂ ਦਾ ਅੰਕ ਉਸ ਪਉੜੀ ਤਕ ਹੀ ਸੀਮਤ ਰਹਿੰਦਾ ਹੈ। ਨਵੀਂ ਪਉੜੀ ਦੇ ਨਾਲ ਅੰਕਤ ਸਲੋਕਾਂ ਦੀ ਗਿਣਤੀ ਫਿਰ ਨਵੇਂ ਸਿਰਿਓਂ (੧ ਤੋਂ) ਅਰੰਭ ਹੁੰਦੀ ਹੈ।”