ਸੰਖੇਪ ਜਾਣਕਾਰੀ
ਗੁਰੂ ਗ੍ਰੰਥ ਸਾਹਿਬ ਪ੍ਰਾਜੈਕਟ
ਸਬਦ ਤਕ ਪਹੁੰਚ, ਅਜ ਅਤੇ ਕਲ੍ਹ
ਪ੍ਰਾਜੈਕਟ ਉਦੇਸ਼
ਅਜ ਦੇ ਵਖਰੇਵਿਆਂ ਭਰੇ ਸੰਸਾਰ ਵਿਚ ਗੁਰੂ ਗ੍ਰੰਥ ਸਾਹਿਬ ਦੇ ਸੰਦੇਸ਼ ਦੀ ਲੋੜ ਪਹਿਲਾਂ ਨਾਲੋਂ ਵੀ ਕਿਤੇ ਜਿਆਦਾ ਹੈ। ਇਹ ਪ੍ਰਾਜੈਕਟ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਪੰਜਾਬੀ ਤੇ ਅੰਗਰੇਜੀ ਬੋਲਣ ਵਾਲੇ ਸਾਰੇ ਪਾਠਕਾਂ ਤਕ ਪਹੁੰਚਾਣ ਦੀ ਤਾਂਘ ਨੂੰ ਇਕ ਵਿਸ਼ਵਵਿਆਪੀ ਹਕੀਕਤ ਬਨਾਉਣ ਦੀ ਇਛਾ ਵਿਚੋਂ ਪੈਦਾ ਹੋਇਆ ਹੈ।
ਸਿਖ ਪੰਥ ਦੇ ਦੁਨੀਆ ਵਿਚ ਹੋਏ ਪਾਸਾਰ ਕਾਰਣ ਪੈਦਾ ਹੋਈ ਵਿਭਿੰਨਤਾ ਦੇ ਮਦੇਨਜਰ, ਅਸੀਂ ਸਮੁੱਚੇ ਪੰਥ ਨੂੰ ਜੋੜਣ ਵਾਲੀ ਕਿਸੇ ਲੜੀ ਦੀ ਤਲਾਸ਼ ਵਿਚ ਹਾਂ। ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੀ ੫੫੦ਵੀਂ ਵਰ੍ਹੇਗੰਢ ਮੌਕੇ ਅਸੀਂ ਗੁਰੂ ਦੀ ਇਲਾਹੀ ਦ੍ਰਿਸ਼ਟੀ ਦੀ ਸੇਧ ਵਿਚ, ਨਾਮ-ਸਭਿਆਚਾਰ ਦੇ ਉਸ ਰਾਹ ‘ਤੇ ਤੁਰਨ ਦਾ ਜਤਨ ਕੀਤਾ ਜੋ ਸਾਨੂੰ ਸਾਰਿਆਂ ਨੂੰ ਆਪਸ ਵਿਚ ਜੋੜਦਾ ਹੈ। ਉਹ ਹੈ, ‘ਸਬਦ’ (ਅਨੰਤ ਗਿਆਨ)।
ਸਿਖ ਦੀ ਪਛਾਣ ਕੇਵਲ ਪੰਜਾਬ ਵਿਚ ਨਿਵਾਸ ਰਖਣ ਨਾਲ ਹੀ ਨਹੀਂ, ਬਲਕਿ ਗੁਰੂ ਦੁਆਰਾ ਪ੍ਰਮਾਣਤ ਸਿਧਾਂਤਾਂ ਨੂੰ ਤਿੰਨ ਕਰੋੜ ਰਾਜਦੂਤਾਂ ਦੀ ਸਮਰਥਾ ਰਾਹੀਂ ਸੰਸਾਰ ਪੱਧਰ ‘ਤੇ ਜੀਊਣ ਅਤੇ ਪ੍ਰਚਾਰਣ ਨਾਲ ਪਰਿਭਾਸ਼ਤ ਹੁੰਦੀ ਹੈ।
ਇਹ, ‘ਸਬਦ’ ਨਾਲ ਜੁੜਨ ਅਤੇ ਉਸ ਦੀ ਬਰਕਤ ਨਾਲ ਆਪਣੇ ਦਿਲ ਤੇ ਦਿਮਾਗ ਨੂੰ ਮਜਬੂਤ ਕਰਨ ਦੀ ਵਿਧੀ ਹੈ। ਇਹ ਗਿਆਨ ਦੀ ਉਹ ਬ੍ਰਹਿਮੰਡੀ ਵਿਆਪਕਤਾ ਹੈ, ਜੋ ਪਹਿਲੇ ਪਾਤਸ਼ਾਹ ਦੁਆਰਾ ਦਿਤੇ ਗਏ ‘ਇਕ-ਓਅੰਕਾਰੀ’ ਮੂਲ ਸਿਧਾਂਤ ਨੂੰ ਸਹੀ ਅਰਥਾਂ ਵਿਚ ਅਪਣਾ ਕੇ, ਪੰਜਾਬ ਸਮੇਤ ਸਮੁੱਚੇ ਸੰਸਾਰ ਵਿਚ ਫੈਲਣ ਦੀ ਸਮਰਥਾ ਰਖਦੀ ਹੈ।
ਇਹ ਉਸ ਇਲਾਹੀ ਗਿਆਨ ਨਾਲ ਨਿਰੰਤਰ ਸੰਬੰਧ ਬਣਾਈ ਰਖਣ ਅਤੇ ਉਸ ਦੀ ਬਿਹਤਰ ਸੂਝ-ਸਮਝ ਹਾਸਲ ਕਰਨ ਦੀ ਬਾਤ ਹੈ। ਕਿਉਂਕਿ ‘ਸਬਦ’ ਨਾਲ ਜੁੜ ਕੇ ਹੀ ਅਸੀਂ ਸਿਖ ਕਦਰਾਂ-ਕੀਮਤਾਂ ਨੂੰ ਕੌਮੀ ਪੱਧਰ ‘ਤੇ ਵਿਕਸਤ ਕਰਨ ਦੇ ਜੋਗ ਹੋਵਾਂਗੇ ਅਤੇ ਪੰਥ ਤੇ ਦੁਨੀਆ ਦੇ ਸਾਹਮਣੇ ਆ ਰਹੀਆਂ ਚੁਣੌਤੀਆਂ ਦਾ ਸਾਹਮਣਾ ਕਰ ਸਕਾਂਗੇ।
ਇਨ੍ਹਾਂ ਉਦੇਸ਼ਾਂ ਦੇ ਮਦੇਨਜ਼ਰ ਸਮੁੱਚੀ ਵਿਸ਼ਾ ਸਮਗਰੀ ਨੂੰ ਗੁਰਮਤਿ ਸਿਧਾਂਤਾਂ ਅਨੁਸਾਰ ਤਿਆਰ ਕੀਤਾ ਜਾ ਰਿਹਾ ਹੈ। ਇਸ ਨੂੰ ਯਕੀਨੀ ਬਨਾਉਣ ਲਈ, ਖੋਜਕਰਤਾਵਾਂ, ਵਿਸ਼ਾ ਮਾਹਰਾਂ, ਸੰਪਾਦਕਾਂ, ਰੂਪ-ਰੇਖਾ ਤਿਆਰ ਕਰਨ ਵਾਲੇ ਡਿਜ਼ਾਈਨਰਾਂ, ਤਕਨੀਕੀ ਮਾਹਰਾਂ, ਅਨੁਵਾਦਕਾਂ ਅਤੇ ਲੇਖਕਾਂ ਦੀ ਟੀਮ, ਸਭ ਤੋਂ ਪਹਿਲਾਂ ਅਤੇ ਮੁਢਲੇ ਤੌਰ 'ਤੇ ਗੁਰੂ ਗ੍ਰੰਥ ਸਾਹਿਬ ਵਿਚ ਮਿਲਦੇ ਅੰਦਰੂਨੀ ਪ੍ਰਮਾਣਾਂ ‘ਤੇ ਨਿਰਭਰ ਕਰਦਿਆਂ, ਸਾਰੇ ਉਪਲਬਧ ਸ੍ਰੋਤਾਂ 'ਤੇ ਵਿਚਾਰ ਕਰਦੀ ਹੈ।
ਜੀਵਤ ਗੁਰੂ-ਗਿਆਨ ਦੀ ਖੋਜ
‘ਸਬਦ’ ਅਨੰਤ ਹੈ ਪਰ ਮਨੁਖ ਇਕ ਸੀਮਾਂ ਵਿਚ ਬੱਝਾ ਹੋਇਆ ਹੈ। ਇਸ ਲਈ ਇਸ ਪ੍ਰਾਜੈਕਟ ਵਿਚ ਭਾਵਾਰਥਕ-ਸਿਰਜਣਾਤਮਕ ਅਨੁਵਾਦ (transcreation) ਦੀ ਪ੍ਰਕਿਰਿਆ ‘ਤੇ ਖਾਸ ਧਿਆਨ ਕੇਂਦਰਤ ਕੀਤਾ ਗਿਆ ਹੈ। ਇਹ ਅਨੁਵਾਦ, ਪ੍ਰਚਲਤ ਅਨੁਵਾਦ (translation) ਤੋਂ ਭਿੰਨ ਹੈ। ਇਸਦੇ ਪਿਛੋਕੜ ਵਿਚ ਇਹ ਧਾਰਨਾ ਕਾਰਜਸ਼ੀਲ ਹੈ ਕਿ ‘ਸਬਦ’ ਨਾਲ ਮਨੁਖ ਦਾ ਰਿਸ਼ਤਾ ਗਹਿਰਾ ਹੋਣ ਦੇ ਨਤੀਜੇ ਵਜੋਂ ਉਸ ਦੀ ਸਮਝ ਬੀਤੇ ਹੋਏ ਕਲ੍ਹ ਨਾਲੋਂ ਵਖਰੀ ਜਾਂ ਵਿਕਸਿਤ ਹੋ ਸਕਦੀ ਹੈ।
ਭਾਵਾਰਥਕ-ਸਿਰਜਣਾਤਮਕ ਅਨੁਵਾਦ ਦੀ ਇਕ ਉਦਾਹਰਣ ਵਜੋਂ, ਮੂਲ ਪਾਠ ਵਿਚ ਵਰਤੇ ਗਏ ‘ੴ’ ਦੇ ਗੁਣ-ਨਾਮਾਂ ਨੂੰ ਸਮਝਣ ਤੇ ਬਰਕਰਾਰ ਰਖਣ ਲਈ ਅੰਗਰੇਜੀ ਵਿਚ ਵਰਤੇ ਜਾਂਦੇ ‘God’, ‘Lord’ ਜਾਂ ‘Divine’ ਆਦਿ ਸ਼ਬਦਾਂ ਤੋਂ ਪਰਹੇਜ਼ ਕੀਤਾ ਗਿਆ ਹੈ, ਕਿਉਂਕਿ ਇਹ ਪਾਠਕ ਅਤੇ ਗੁਰੂ-ਗਿਆਨ ਵਿਚਕਾਰ ਵਿਥ ਸਥਾਪਤ ਕਰਦੇ ਹਨ।
ਸੰਸਾਰ ਪੱਧਰੀ ਮੁਹਾਰਤ ’ਤੇ ਕੇਂਦਰਤ ਹੋਣਾ
ਇਹ ਪ੍ਰਾਜੈਕਟ ਗੁਰੂ ਗ੍ਰੰਥ ਸਾਹਿਬ ਦੇ ਟੀਕੇ ਅਤੇ ਵਿਆਖਿਆਵਾਂ ਲਈ ਵਿਸ਼ਵਵਿਆਪੀ ਸਹਿਯੋਗ ਨੂੰ ਸੰਭਵ ਬਣਾਉਂਦਾ ਹੈ। ਜਦੋਂ ਇਹ ਪ੍ਰਕਿਰਿਆ ਪੂਰੀ ਰਵਾਨਗੀ ਵਿਚ ਹੋਵੇਗੀ ਤਾਂ ਘੱਟੋ-ਘੱਟ ਪੰਦਰਾਂ ਕੁ ਵਿਸ਼ਾ-ਵਸਤੂ ਮਾਹਰ (Subject Matter Experts) ਇਸ ਸਾਂਝੇ ਉਦਮ ਤੇ ਸਮਗਰੀ ਦੀ ਤਿਆਰੀ ਵਿਚ ਸ਼ਾਮਲ ਹੋਣਗੇ।
ਵਧੇਰੇ ਕਾਰਜ ਪੰਜਾਬੀ ਭਾਸ਼ਾ ਤੇ ਗੁਰਮੁਖੀ ਲਿਪੀ ਵਿਚ ਟੀਕਾਕਾਰੀ ਤੇ ਵਿਆਖਿਆ ਦਾ ਹੈ ਜੋ ਪੰਜਾਬੀ ਅਤੇ ਅੰਗਰੇਜੀ ਦੋਵਾਂ ਭਾਵਾਰਥਕ-ਸਿਰਜਣਾਤਮਕ ਅਨੁਵਾਦਾਂ ਨੂੰ ਅਧਾਰ ਸਮਗਰੀ ਪ੍ਰਦਾਨ ਕਰਦਾ ਹੈ। ਭਾਸ਼ਾਈ ਪਖ ਤੋਂ, ਅਸੀਂ ਪਦ-ਦਰ-ਪਦ ਕਾਰਜ ਕਰਦੇ ਹੋਏ ਹਰ ਇਕ ਪਦ ਦੇ ਅਰਥ, ਵਿਆਕਰਣ ਤੇ ਵਿਉਤਪਤੀ ਦੀ ਜਾਣਕਾਰੀ ਪ੍ਰਦਾਨ ਕਰ ਰਹੇ ਹਾਂ। ਉਸਤੋਂ ਮਗਰੋਂ ਸ਼ਬਦ-ਦਰ-ਸ਼ਬਦ ਅਰਥ (ਸ਼ਾਬਦਕ ਅਨੁਵਾਦ ਤੇ ਭਾਵਾਰਥਕ-ਸਿਰਜਣਾਤਮਕ ਅਨੁਵਾਦ) ਕਰ ਰਹੇ ਹਾਂ ਤਾਂ ਕਿ ਬਿਹਤਰ ਸਮਝ ਅਤੇ ਵਿਆਖਿਆ ਲਈ ਸਮੁੱਚੇ ਕਾਰਜ ਨੂੰ ਪ੍ਰਸੰਗ ਵਿਚ ਰਖਿਆ ਜਾ ਸਕੇ।
ਅਸੀਂ ਵਿਚਾਰਾਂ ਅਤੇ ਵਿਆਖਿਆਵਾਂ ਵਿਚ ਵਿਭਿੰਨਤਾ ਦੇ ਮਹੱਤਵ ਨੂੰ ਅਣਗੌਲਿਆ ਨਹੀਂ ਕਰਨਾ ਚਾਹੁੰਦੇ, ਕਿਉਂਕਿ ਜੇ ਇਸ ਬਾਰੇ ਵਿਚਾਰ ਨਹੀਂ ਕਰਦੇ ਕਿ ਇਹ ਭਿੰਨਤਾਵਾਂ ਕਿਥੇ ਹਨ, ਤਾਂ ਅਸੀਂ ਇਕ ਸਾਰਥਕ ਸਮੀਖਿਆ ਤੇ ਵਿਆਖਿਆ ਕਰਨ ਦੇ ਜੋਗ ਨਹੀਂ ਹੋ ਸਕਾਂਗੇ। ਇਤਿਹਾਸਕ, ਸੰਗੀਤਕ ਤੇ ਕਾਵਿਕ ਪਖ ਇਸ ਪ੍ਰਾਜੈਕਟ ਦੇ ਪਹਿਲੇ ਸੰਸਕਰਣ ਦਾ ਹਿੱਸਾ ਹਨ ਅਤੇ ਫਲਸਫਾ, ਬ੍ਰਹਿਮੰਡੀ ਅੰਤਰ-ਦ੍ਰਿਸ਼ਟੀਆਂ, ਵਾਤਾਵਰਣ, ਅੰਤਰ-ਧਰਮ ਸੰਵਾਦ ਆਦਿ ਪਖਾਂ ਦੀ ਪੜਚੋਲ ਇਸ ਦੇ ਅਗਲੇ ਸੰਸਕਰਣ ਵਿਚ ਕੀਤੀ ਜਾਵੇਗੀ।
ਇਹ ਪ੍ਰਾਜੈਕਟ ਵਿਸ਼ਾ-ਵਸਤੂ ਨੂੰ ਆਨਲਾਈਨ ਤਿਆਰ ਕਰਨ ਲਈ ਟੈਕਨੋਲੋਜੀ ਦੀ ਵਰਤੋਂ ਕਰ ਰਿਹਾ ਹੈ ਜੋ ਵਿਸ਼ਵਵਿਆਪੀ ਪਾਠਕਾਂ ਲਈ ਫ੍ਰੀ ਉਪਲਬਧ ਹੋਵੇਗੀ।
ਖਾਕਾ (Roadmap): ਦੋ-ਦਹਾਕੀ ਯਾਤਰਾ
ਸਮੁੱਚੇ ਗੁਰੂ ਗ੍ਰੰਥ ਸਾਹਿਬ ‘ਤੇ ਇਕ ਸਿਰੇ ਤੋਂ ਕਾਰਜ ਅਰੰਭ ਕਰਨ ਦੀ ਬਜਾਏ, ਇਹ ਪ੍ਰਾਜੈਕਟ ਚੋਣਵੀਆਂ ਬਾਣੀਆਂ ਅਨੁਸਾਰ ਚਲਣ ਦੀ ਪਰੰਪਰਾ ਦਾ ਪਾਲਣ ਕਰੇਗਾ। ਇਸਦੇ ਪਹਿਲੇ ਪੜਾਅ ਵਿਚ ਗੁਰੂ ਨਾਨਕ ਸਾਹਿਬ ਦੀਆਂ ਬਾਣੀਆਂ ‘ਤੇ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ। ਦੂਜੇ ਪੜਾਅ ਵਿਚ ਹੋਰਨਾਂ ਬਾਣੀਕਾਰਾਂ ਦੀਆਂ ਬਾਣੀਆਂ ਵੀ ਸ਼ਾਮਲ ਕੀਤੀਆਂ ਜਾਣਗੀਆਂ।
ਪਹਿਲੇ ਪੜਾਅ ਦੀ ਸ਼ੁਰੂਆਤ ਹੋ ਚੁੱਕੀ ਹੈ। ਅਗਲੇ ਦੋ ਦਹਾਕਿਆਂ ਵਿਚ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੇ ਕਾਰਜ ਨੂੰ ਪੂਰਾ ਕਰਨ ਦਾ ਟੀਚਾ ਹੈ। ਇਸ ਤਰ੍ਹਾਂ ਇਹ ਪ੍ਰਾਜੈਕਟ ਦੁਨੀਆ ਭਰ ਦੇ ਖੋਜਾਰਥੀਆਂ ਲਈ, ‘ਸਬਦ’ ਨਾਲ ਉਨ੍ਹਾਂ ਦੀ ਯਾਤਰਾ ਨੂੰ ਅਗੇ ਤੋਰਦਾ ਹੋਇਆ, ਇਕ ਫ੍ਰੀ, ਪਹੁੰਚ-ਅਧੀਨ ਅਤੇ ਸਹਿਯੋਗੀ ਪਲੇਟਫਾਰਮ ਤਿਆਰ ਕਰੇਗਾ। ਗੁਰੂ ਗ੍ਰੰਥ ਸਾਹਿਬ ਨੂੰ ਸਾਰਿਆਂ ਲਈ ਪਹੁੰਚਜੋਗ ਬਣਾਉਣ ਹਿਤ ਖੋਜ, ਵਿਆਖਿਆ ਅਤੇ ਟੈਕਨੋਲੋਜੀ ਦਾ ਇਕ ਸੰਗਮ!
ਨਿਰ-ਦਾਅਵਾ (Disclaimer)
ਗੁਰਬਾਣੀ ਦੀ ਟੀਕਾਕਾਰੀ ਅਥਵਾ ਅਨੁਵਾਦ ਦਾ ਕਾਰਜ ਅਤਿ ਬਿਖਮ ਹੈ। ਇਸ ਲਈ ਸਮੂਹਕ ਘਾਲਣਾ ਅਤੇ ਕਰੜੀ ਸਾਧਨਾ ਦੀ ਲੋੜ ਹੁੰਦੀ ਹੈ। ਹਰ ਕੋਈ ਆਪੋ ਆਪਣੀ ਬੁਧੀ, ਸੂਝ-ਸਮਝ ਅਤੇ ਸਮਰਥਾ ਮੁਤਾਬਕ ਹੀ ਗੁਰਬਾਣੀ ਦੇ ਅਰਥਾਂ ਦੀ ਟੋਹ ਲਾਉਣ ਦਾ ਜਤਨ ਕਰਦਾ ਹੈ। ਪਰ ਕੋਈ ਵੀ ਪ੍ਰਗਟਾਏ ਗਏ ਅਰਥਾਂ ਦੇ ਅੰਤਮ ਹੋਣ ਦਾ ਦਾਅਵਾ ਨਹੀਂ ਕਰ ਸਕਦਾ।
ਕੋਈ ਇਕ ਅਨੁਵਾਦ ਹੀ ਕਿਉਂਕਿ ਸਹੀ ਨਹੀਂ ਕਿਹਾ ਜਾ ਸਕਦਾ। ਇਸ ਲਈ ਨਾ ਤਾਂ ਕਿਸੇ ਇਕ ਅਨੁਵਾਦ ਨੂੰ ਪੂਰਨ ਤੌਰ ‘ਤੇ ਗਲਤ ਅਤੇ ਨਾ ਹੀ ਕਿਸੇ ਦੂਜੇ ਨੂੰ ਅੰਤਮ ਰੂਪ ਵਿਚ ਠੀਕ ਕਿਹਾ ਜਾ ਸਕਦਾ ਹੈ। ਇਥੋਂ ਇਹ ਧਾਰਣਾ ਸਥਾਪਤ ਹੁੰਦੀ ਹੈ ਕਿ ਸਮੂਹ ਪਾਠਾਂ ਦੇ ਅਨੇਕ ਅਨੁਵਾਦ ਹੋ ਸਕਦੇ ਹਨ। ਇਹ ਵੀ ਸੰਭਵ ਹੈ ਕਿ ਸਾਰੇ ਵਖ-ਵਖ ਅਨੁਵਾਦ ਵਖੋ-ਵਖਰੇ ਤਰੀਕਿਆਂ ਨਾਲ ‘ਸਹੀ’ ਹੋਣ; ਕੁਝ ਦੂਜਿਆਂ ਨਾਲੋਂ ਵਧੇਰੇ ਸਟੀਕ ਵੀ ਹੋ ਸਕਦੇ ਹਨ ਅਤੇ ਕੁਝ ਘੱਟ ਵੀ। ਜਾਂ ਫਿਰ, ਉਹ ਸਾਰੇ ਨਾਕਾਫੀ ਵੀ ਹੋ ਸਕਦੇ ਹਨ। ਭਾਸ਼ਾ ਦੀ ਇਹ ਬਹੁ-ਅਰਥਕ ਹੋਂਦ ਧਾਰਮਕ ਗ੍ਰੰਥਾਂ ਦਾ ਭਰੋਸੇਜੋਗ ਢੰਗ ਨਾਲ ਅਨੁਵਾਦ ਕਰਨ ਵਿਚ ਸਭ ਤੋਂ ਵੱਡੀ ਚੁਣੌਤੀ ਹੈ।
ਸਿਖ ਰਿਸਰਚ ਇੰਸਟੀਟਿਊਟ ਬਾਰੇ
ਸਿਖ ਰਿਸਰਚ ਇੰਸਟੀਟਿਊਟ (ਸਿਖ-ਰੀ) ਉਤਰੀ ਅਮਰੀਕਾ ਵਿਚ ਸਥਾਪਤ ਇਕ ਬਿਨਾ ਮੁਨਾਫੇ ਵਾਲੀ ਸੰਸਾਰ ਪੱਧਰੀ ਸੰਸਥਾ ਹੈ, ਜਿਸਦਾ ਉਦੇਸ਼ ਸਿਖਾਂ ਨੂੰ ਗੁਰੂ-ਪ੍ਰੇਰਤ ਜੀਵਨ ਜੀਊਣ ਲਈ ਵਿਦਿਅਕ ਸ੍ਰੋਤ ਪ੍ਰਦਾਨ ਕਰਨਾ ਹੈ। ਇਹ ਲੋਕਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜਨ ਅਤੇ ਵਖ-ਵਖ ਸੰਸਥਾਵਾਂ ਨੂੰ ਗੁਰੂ ਗ੍ਰੰਥ ਸਾਹਿਬ ਦੇ ‘ਇਕ-ਓਅੰਕਾਰੀ ਮਾਡਲ’ ਦੇ ਅਧਾਰ ‘ਤੇ ਗੰਭੀਰ ਹੋ ਕੇ ਸੋਚਣ ਲਈ ਪ੍ਰੇਰਤ ਕਰਨ ਦਾ ਜਤਨ ਕਰਦੀ ਹੈ। ਇਹ ਸੰਪੂਰਨ ਮਨੁਖੀ ਸਮਰਥਾ ਦਾ ਅਹਿਸਾਸ ਕਰਨ ਲਈ ਵਿਕਾਸ ਅਤੇ ਸੰਵਾਦ ਦਾ ਉਤਮਤਾ, ਇਮਾਨਦਾਰੀ ਅਤੇ ਸੇਵਾ ਦੀਆਂ ਕਦਰਾਂ-ਕੀਮਤਾਂ ‘ਤੇ ਅਧਾਰਤ, ਇਕ ਸ੍ਰੋਤ ਹੈ।
ਸਿਖ-ਰੀ ਸਿਖ ਅਤੇ ਗ਼ੈਰ-ਸਿਖ ਕੌਮਾਂ ਵਿਚ ਮਜਬੂਤ ਸੰਬੰਧ ਕਾਇਮ ਕਰਕੇ ਵਿਸ਼ਵਵਿਆਪੀ ਸਦਭਾਵਨਾ ਨੂੰ ਵਧਾਉਣ ਲਈ ਸਰਗਰਮੀ ਨਾਲ ਕੰਮ ਕਰਦੀ ਹੈ। ਇਸ ਸੰਸਥਾ ਦੀਆਂ ਮੁਢਲੀਆਂ ਗਤੀਵਿਧੀਆਂ ਵਿਚ ਸਮੂਹਕ ਸਿਖਲਾਈ ਦੀ ਸੁਵਿਧਾ ਦੇਣਾ, ਪਾਠਕ੍ਰਮ ਸਮਗਰੀ ਪ੍ਰਦਾਨ ਕਰਨਾ, ਸਿਖੀ ਬਾਰੇ ਗਲੋਬਲ ਜਾਗਰੂਕਤਾ ਪੈਦਾ ਕਰਨਾ ਅਤੇ ਵਿਸ਼ਵਵਿਆਪੀ ਸਿਖ ਭਾਈਚਾਰੇ ਨੂੰ ਦਰਪੇਸ਼ ਮੁਖ ਚੁਣੌਤੀਆਂ ਲਈ ਰਣਨੀਤਕ ਹੱਲ ਪ੍ਰਦਾਨ ਕਰਨਾ ਸ਼ਾਮਲ ਹਨ। ‘ਪੰਥ ਦੀ ਹਾਲਤ’ ਰਿਪੋਰਟ ਲੜੀ ਦੇ ਜਰੀਏ ਇਹ ਸਿਖ ਸੰਸਥਾਵਾਂ ਲਈ ਗੰਭੀਰ ਸੋਚ ਵਿਕਸਤ ਕਰਨ ਅਤੇ ਵਿਸ਼ਵਵਿਆਪੀ ਪਾਠਕਾਂ ਲਈ ਸਮਕਾਲੀ ਪੰਜਾਬੀ ਤੇ ਅੰਗਰੇਜੀ ਵਿਚ ਗੁਰੂ ਗ੍ਰੰਥ ਸਾਹਿਬ ਦੀ ‘ਓਪਨ-ਸ੍ਰੋਤ’ ਡਿਕੋਡਿੰਗ ਵਿਕਸਤ ਕਰਨ 'ਤੇ ਕੇਂਦਰਤ ਹੈ। ਸਿਖੀ-ਰੀ ਵਖ-ਵਖ ਲੜੀਵਾਰ ਪ੍ਰੋਗਰਾਮਾਂ, ਵੈਬਿਨਾਰਾਂ (webinars), ਪੋਡਕਾਸਟਾਂ (podcasts), ਵਰਕਸ਼ਾਪਾਂ, ਆਨਲਾਈਨ ਕੋਰਸਾਂ ਅਤੇ ਲੈਕਚਰਾਂ ਦਾ ਨਿਰਮਾਣ ਵੀ ਕਰਦੀ ਹੈ, ਜਿਨ੍ਹਾਂ ਵਿਚ ਅਧਿਆਤਮ, ਇਤਿਹਾਸ, ਸਭਿਆਚਾਰ, ਰਾਜਨੀਤੀ, ਭਾਸ਼ਾ, ਭਾਈਚਾਰਾ, ਪਰਵਾਰ ਅਤੇ ਸਵੈ-ਵਿਕਾਸ ਵਰਗੇ ਵਿਸ਼ਿਆਂ ਨੂੰ ਸ਼ਾਮਲ ਕੀਤਾ ਜਾਂਦਾ ਹੈ। ਕਾਲਜ ਵਿਦਿਆਰਥੀਆਂ ਅਤੇ ਕੰਮਕਾਜੀ ਨੌਜਵਾਨਾਂ ਲਈ ਦੋ ਹਫਤਿਆਂ ਦਾ ਇਮਰਸਿਵ ਲੀਡਰਸ਼ਿਪ ਡਿਵੈਲਪਮੈਂਟ ਕੋਰਸ ‘ਸਿਦਕ’ ਇਸਦਾ ਇਕ ਪ੍ਰਮੁਖ ਪ੍ਰੋਗਰਾਮ ਹੈ।
ਸਿਖ-ਰੀ ਦੀਆਂ ਪ੍ਰਕਾਸ਼ਨਾਵਾਂ ਵਿਚ ਪਾਠ-ਪੁਸਤਕਾਂ, ਬੱਚਿਆਂ ਲਈ ਦੁ-ਭਾਸ਼ੀ ਪੁਸਤਕਾਂ, ਅਨੁਵਾਦ ਅਤੇ ਸੰਗ੍ਰਹਿ ਸ਼ਾਮਲ ਹਨ।
ਪਾਠ ਪੁਸਤਕਾਂ: ਗੁਰੂ ਗ੍ਰੰਥ ਸਾਹਿਬ - ਇਸਦੀ ਭਾਸ਼ਾ ਤੇ ਵਿਆਕਰਣ ਅਤੇ ਗੁਰਬਾਣੀ ਭਾਸ਼ਾ ਤੇ ਵਿਆਕਰਣ ਦੀ ਵਰਕ-ਬੁਕ।
ਬੱਚਿਆਂ ਲਈ ਦੁ-ਭਾਸ਼ੀ ਪੁਸਤਕਾਂ: ਡੈਡੀ ਦੀ ਦਸਤਾਰ; ਮੇਰਾ ਗੁਰਮੁਖੀ ਖਜਾਨਾ ਅਤੇ ਧੰਨਵਾਦ, ਵਾਹਿਗੁਰੂ ।
ਬੱਚਿਆਂ ਦੀਆਂ ਪਾਠ ਯੋਜਨਾਵਾਂ: ਅਨੰਦੁ ਸਾਹਿਬ; ਬਾਰਹ ਮਾਹਾ; ਗੁਰੂ ਨਾਨਕ ਸਾਹਿਬ ਨੂੰ ਜਾਨਣਾ; ਗੁਰੂ ਗ੍ਰੰਥ ਸਾਹਿਬ-ਸਮਰ ਯੂਨਿਟ; ਸੇਵਾ; ਸੋਝੀ।
ਸਿਖ-ਰੀ ਦੇ ਤਿਆਰ ਕੀਤੇ ਆਨਲਾਈਨ ਕੋਰਸ: ਅਨੰਦੁ ਸਾਹਿਬ; ਅੰਜੁਲੀ; ਬਾਰਹ ਮਾਹਾ; ਵਾਹਿਗੁਰੂ ਦੇ ਨਾਂ; ਘੋੜੀਆ; ਗੁਰਬਾਣੀ ਦਾ ਵਿਆਕਰਣ; ਸਬਦ ਕੀਰਤਨ ਦੀ ਜਾਣ-ਪਛਾਣ; ਜਪੁ ਸਾਹਿਬ; ਲਾਵਾਂ; ਮੂਲ ਮੰਤ੍ਰ; ਸਦੁ; ਸਿਧ ਗੋਸਟਿ।
ਸਿਖ-ਰੀ ਸਿਖ ਆਰਟ ਅਤੇ ਸਾਹਿਤ ਦੇ ਖੇਤਰ ਵਿਚ ਵੀ ਆਪਣੀ ਮੁਹਾਰਤ ਮੁਹਈਆ ਕਰਾਉਂਦੀ ਹੈ। ੨੦੧੬ ਵਿਚ ਇਸ ਸੰਸਥਾ ਨੇ ਪੰਜਾਬ ਡਿਜੀਟਲ ਲਾਇਬ੍ਰੇਰੀ ਦੀ ਭਾਈਵਾਲੀ ਨਾਲ ਬਿਹਾਰ ਸਰਕਾਰ ਲਈ ‘ਬਾਦਸ਼ਾਹ-ਦਰਵੇਸ਼: ਗੁਰੂ ਗੋਬਿੰਦ ਸਿੰਘ ਸਾਹਿਬ’ ਪ੍ਰਦਰਸ਼ਨੀ ਤਿਆਰ ਕੀਤੀ। ਇਸਦੇ ਨਾਲ-ਨਾਲ ਇਕ ਆਡੀਓ-ਵਿਜੂਅਲ ਪ੍ਰਦਰਸ਼ਨੀ ‘ਆਈ ਐਨ ੫ ਐਕਸਪੀਰੀਅਮ - ਗੋਲਡਨ ਟੈਂਪਲ’ ਦੀ ਸਮਗਰੀ ਦਾ ਆਪਣੇ ਪੱਧਰ ‘ਤੇ ਸੰਗ੍ਰਹਿ ਕਰਨ ਦਾ ਮਾਣ ਵੀ ਇਸ ਸੰਸਥਾ ਨੂੰ ਪ੍ਰਾਪਤ ਹੈ, ਜਿਸ ਨੂੰ ਪੀਡੀਏ ਟਰੇਡ ਫੇਅਰਜ਼ ਪ੍ਰਾਈਵੇਟ ਲਿਮਟਿਡ ਦੀ ਭਾਈਵਾਲੀ ਨਾਲ ੨੦੧੯ ਵਿਚ ਟੋਰਾਂਟੋ, ਕਨੇਡਾ ਵਿਚ ਲਾਂਚ ਕੀਤਾ ਗਿਆ।
ਸਿਖ ਰਿਸਰਚ ਇੰਸਟੀਟਿਊਟ ਆਪਣੇ ਵਲੰਟੀਅਰਾਂ ਅਤੇ ਦਾਨੀਆਂ ਦੀ ਤਹਿ ਦਿਲੋਂ ਧੰਨਵਾਦੀ ਹੈ ਅਤੇ ਸਿਖਣ ਦੇ ਚਾਹਵਾਨ ਹਰ ਇਕ ਵਿਅਕਤੀ ਤਕ ਉੱਚ ਪੱਧਰੀ ਸਿਖ ਵਿਦਿਆ ਨੂੰ ਫ੍ਰੀ ਮੁਹਈਆ ਕਰਾਉਣ ਵਿਚ ਉਨ੍ਹਾਂ ਦੇ ਯੋਗਦਾਨ ਦਾ ਸਤਿਕਾਰ ਕਰਦੀ ਹੈ।