Connect

2005 Stokes Isle Apt. 896, Vacaville 10010, USA

[email protected]

ਰਾਗ ਰਾਮਕਲੀ
ਗੁਰੂ ਗ੍ਰੰਥ ਸਾਹਿਬ ਦੇ ੩੧ ਮੁੱਖ ਰਾਗਾਂ ਵਿਚੋਂ ਰਾਮਕਲੀ ਰਾਗ ਨੂੰ ਤਰਤੀਬ ਅਨੁਸਾਰ ਅਠਾਰ੍ਹਵਾਂ ਸਥਾਨ ਪ੍ਰਾਪਤ ਹੈ। ਇਸ ਰਾਗ ਦੇ ਸਿਰਲੇਖ ਹੇਠ ਛੇ ਗੁਰੂ ਸਾਹਿਬਾਨ, ਚਾਰ ਭਗਤ ਸਾਹਿਬਾਨ ਅਤੇ ਤਿੰਨ ਗੁਰਸਿਖਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੮੭੬ ਤੋਂ ੯੭੪ ਤਕ ਦਰਜ ਹੈ। ਇਸ ਵਿਚ ਗੁਰੂ ਨਾਨਕ ਸਾਹਿਬ ਦੇ ੧੬੬, ਗੁਰੂ ਅੰਗਦ ਸਾਹਿਬ ਦੇ ੭, ਗੁਰੂ ਅਮਰਦਾਸ ਸਾਹਿਬ ਦੇ ੯੧, ਗੁਰੂ ਰਾਮਦਾਸ ਸਾਹਿਬ ਦੇ ੬, ਗੁਰੂ ਅਰਜਨ ਸਾਹਿਬ ਦੇ ੧੬੮, ਗੁਰੂ ਤੇਗਬਹਾਦਰ ਸਾਹਿਬ ਦੇ ੩, ਭਗਤ ਕਬੀਰ ਜੀ ਦੇ ੧੨, ਭਗਤ ਨਾਮਦੇਵ ਜੀ ਦੇ ੪ ਅਤੇ ਭਗਤ ਰਵਿਦਾਸ ਜੀ ਤੇ ਭਗਤ ਬੇਣੀ ਜੀ ਦਾ ਇਕ-ਇਕ ਸ਼ਬਦ ਸ਼ਾਮਲ ਹੈ। ਬਾਬਾ ਸੁੰਦਰ ਜੀ ਵਲੋਂ ਉਚਾਰਣ ਕੀਤੀ ਬਾਣੀ ‘ਸਦ’ ਅਤੇ ਭਾਈ ਬਲਵੰਡ ਜੀ ਤੇ ਭਾਈ ਸਤਾ ਜੀ ਵਲੋਂ ਉਚਾਰਣ ਕੀਤੀ ‘ਰਾਮਕਲੀ ਕੀ ਵਾਰ’ ਵੀ ਇਸੇ ਹੀ ਰਾਗ ਵਿਚ ਦਰਜ ਹਨ। ਗੁਰੂ ਨਾਨਕ ਸਾਹਿਬ ਨੇ ‘ਸਿਧ ਗੋਸਟਿ’ ਤੇ ‘ਓਅੰਕਾਰ’ ਅਤੇ ਗੁਰੂ ਅਮਰਦਾਸ ਸਾਹਿਬ ਨੇ ‘ਅਨੰਦੁ’ ਬਾਣੀਆਂ ਦਾ ਉਚਾਰਣ ਵੀ ਇਸੇ ਹੀ ਰਾਗ ਵਿਚ ਕੀਤਾ ਹੈ।

ਰਾਮਕਲੀ ਬਹੁਤ ਪੁਰਾਣਾ ਅਤੇ ਪ੍ਰਸਿਧ ਰਾਗ ਹੈ। ਇਸ ਰਾਗ ਲਈ ਰਾਮਕ੍ਰਿਤੀ, ਰਾਮਕ੍ਰਿਯਾ, ਰਾਮਗਿਰੀ, ਰਾਮਕਰੀ, ਰਾਮਕੇਲੀ ਆਦਿ ਨਾਂਵਾਂ ਦੀ ਵਰਤੋਂ ਕੀਤੀ ਵੀ ਮਿਲਦੀ ਹੈ। ਸਵੇਰ ਵੇਲੇ ਦੇ ਰਾਗਾਂ ਵਿਚ ਇਸ ਦਾ ਮਹੱਤਵਪੂਰਨ ਸਥਾਨ ਹੈ। ਇਹ ਕਰੁਣਾ ਦਾ ਰਾਗ ਹੈ। ਇਸ ਰਾਗ ਨੂੰ ਨਾਥ-ਜੋਗੀਆਂ ਨੇ ਵਿਸ਼ੇਸ਼ ਰੂਪ ਵਿਚ ਅਪਣਾਇਆ ਹੈ। ਬਾਣੀਕਾਰਾਂ ਨੇ ਵੀ ਨਾਥ-ਜੋਗੀਆਂ ਜਾਂ ਸਿਧਾਂ ਨਾਲ ਵਾਰਤਾਲਾਪ ਰਚਾਉਣ ਵੇਲੇ ਉਚਾਰਣ ਕੀਤੀ ਬਾਣੀ, ਜਿਆਦਾਤਰ ਇਸੇ ਹੀ ਰਾਗ ਵਿਚ ਉਚਾਰੀ ਹੈ। ਇਸ ਪਖੋਂ ਗੁਰੂ ਨਾਨਕ ਸਾਹਿਬ ਵਲੋਂ ਇਸ ਰਾਗ ਵਿਚ ਉਚਾਰਣ ਕੀਤੀ ਬਾਣੀ ‘ਸਿਧ ਗੋਸਟਿ’ ਨੂੰ ਦੇਖ ਸਕਦੇ ਹਾਂ।

ਗੁਰੂ ਗ੍ਰੰਥ ਸਾਹਿਬ ਵਿਚ ਰਾਗ ਨਾਲੋਂ ਜਿਆਦਾ ਸ਼ਬਦ ਦੀ ਪ੍ਰਧਾਨਤਾ ਹੈ। ਰਾਗ ਇਕ ਸਾਧਨ ਹੈ, ਜਿਸ ਨੇ ਰਮਤ-ਰਾਮ ਨੂੰ ਹਿਰਦੇ ਵਿਚ ਵਸਾਉਣਾ ਹੈ। ਗੁਰੂ ਗ੍ਰੰਥ ਸਾਹਿਬ ਵਿਚ ਰਾਮਕਲੀ ਰਾਗ ਦਾ ਜਿਕਰ ਕਰਦੇ ਹੋਏ ਗੁਰੂ ਅਮਰਦਾਸ ਸਾਹਿਬ ਫਰਮਾਉਂਦੇ ਹਨ ਕਿ ਜੇਕਰ ਇਸ ਰਾਗ ਦੇ ਗਾਇਨ ਰਾਹੀਂ ਵਿਆਪਕ-ਪ੍ਰਭੂ ਮਨ ਵਿਚ ਵਸ ਜਾਏ, ਤਾਂ ਹੀ ਅਸਲ ਸਾਜ-ਸੀਂਗਾਰ ਹੋਇਆ ਜਾਣੋ: ਰਾਮਕਲੀ ਰਾਮੁ ਮਨਿ ਵਸਿਆ ਤਾ ਬਨਿਆ ਸੀਗਾਰੁ॥ -ਗੁਰੂ ਗ੍ਰੰਥ ਸਾਹਿਬ ੯੫੦

ਗੁਰੂ ਗ੍ਰੰਥ ਸਾਹਿਬ ਵਿਚ ਰਾਮਕਲੀ ਰਾਗ ਦੇ ਅੰਤਰਗਤ ‘ਰਾਮਕਲੀ ਦਖਣੀ’ ਨਾਮ ਦਾ ਰਾਗ ਵੀ ਦਰਜ ਹੈ। ਇਹ ਰਾਗ ਕੇਵਲ ਗੁਰਮਤਿ ਸੰਗੀਤ ਵਿਚ ਹੀ ਪ੍ਰਾਪਤ ਹੁੰਦਾ ਹੈ। ਹਿੰਦੁਸਤਾਨੀ ਜਾਂ ਕਰਨਾਟਕੀ (ਦੱਖਣੀ) ਸੰਗੀਤ ਵਿਚ ਇਹ ਰਾਗ ਨਹੀਂ ਮਿਲਦਾ।

ਰਾਮਕਲੀ ਰਾਗ ਬਾਰੇ ਵਿਦਵਾਨਾਂ ਦੇ ਵਖ-ਵਖ ਵਿਚਾਰ ਹਨ। ਹਿੰਦੁਸਤਾਨੀ ਸੰਗੀਤ ਦੇ ਭਰਤ ਮਤ ਵਿਚ ਇਸ ਨੂੰ ਹਿੰਡੋਲ ਰਾਗ ਦੀ ਰਾਗਣੀ ਅਤੇ ਹਨੂਮਾਨ ਮਤ ਵਿਚ ਸ੍ਰੀਰਾਗ ਦੀ ਰਾਗਣੀ ਮੰਨਿਆ ਗਿਆ ਹੈ। ਭਾਈ ਕਾਨ੍ਹ ਸਿੰਘ ਨਾਭਾ ਨੇ ਇਸ ਨੂੰ ਭੈਰਵ ਥਾਟ ਦੀ ਔੜਵ-ਸੰਪੂਰਨ ਰਾਗਣੀ ਮੰਨਿਆ ਹੈ।

ਭਾਈ ਅਵਤਾਰ ਸਿੰਘ ਤੇ ਗੁਰਚਰਨ ਸਿੰਘ ਨੇ ਰਾਮਕਲੀ ਦੇ ਤਿੰਨ ਵਖ-ਵਖ ਪ੍ਰਕਾਰਾਂ ਦਾ ਜਿਕਰ ਕੀਤਾ ਹੈ। ਪਹਿਲਾ, ਔੜਵ-ਸੰਪੂਰਨ, ਜਿਸ ਵਿਚ ਨੀ ਕੋਮਲ ਤੇ ਮਾ ਸ਼ੁਧ ਲਗਦੇ ਹਨ। ਦੂਜੇ ਵਿਚ ਦੋਵੇਂ ਨੀ ਲਗਦੇ ਹਨ। ਤੀਜੇ ਪ੍ਰਕਾਰ ਵਿਚ ਦੋਵੇਂ ਮਾ ਤੇ ਦੋਵੇਂ ਨੀ ਲਗਦੇ ਹਨ। ਪਾ ਵਾਦੀ ਤੇ ਸਾ ਸੰਵਾਦੀ ਹੈ। ਇਹ ਤੀਜਾ ਪ੍ਰਕਾਰ ਹੀ ਵਧੇਰੇ ਪ੍ਰਚਲਤ ਹੈ। ਸ. ਗਿਆਨ ਸਿੰਘ ਐਬਟਾਬਾਦ, ਡਾ. ਗੁਰਨਾਮ ਸਿੰਘ ਅਤੇ ਰਾਗ ਨਿਰਣਾਇਕ ਕਮੇਟੀ ਨੇ ਇਸ ਰਾਗ ਦਾ ਜਿਹੜਾ ਸਰੂਪ ਦਰਸਾਇਆ ਹੈ, ਉਹ ਹੇਠ ਲਿਖੇ ਅਨੁਸਾਰ ਹੈ:

ਰਾਗ ਰਾਮਕਲੀ ਦਾ ਸਰੂਪ
ਰਾਗ: ਰਾਮਕਲੀ।
ਥਾਟ: ਭੈਰਵ।
ਸਵਰ: ਰੇ ਤੇ ਧਾ ਕੋਮਲ, ਦੋਵੇਂ ਮਾ, ਦੋਵੇਂ ਨੀ, ਹੋਰ ਸਾਰੇ ਸ਼ੁਧ।
ਵਰਜਿਤ ਸਵਰ: ਰਿਸ਼ਭ (ਆਰੋਹ ਵਿਚ)।
ਜਾਤੀ: ਸ਼ਾੜਵ-ਸੰਪੂਰਨ (ਕੁਝ ਵਿਦਵਾਨ ਸੰਪੂਰਨ-ਸੰਪੂਰਨ ਵੀ ਮੰਨਦੇ ਹਨ)।
ਵਾਦੀ: ਪੰਚਮ।
ਸੰਵਾਦੀ: ਰਿਸ਼ਭ।
ਆਰੋਹ: ਸਾ, ਗਾ ਮਾ ਪਾ, ਧਾ (ਕੋਮਲ) ਨੀ ਸਾ (ਤਾਰ ਸਪਤਕ)।
ਅਵਰੋਹ: ਸਾ (ਤਾਰ ਸਪਤਕ) ਨੀ ਧਾ (ਕੋਮਲ), ਪਾ, ਮਾ (ਤੀਵਰ) ਪਾ ਧਾ (ਕੋਮਲ) ਨੀ (ਕੋਮਲ) ਧਾ (ਕੋਮਲ) ਪਾ, ਗਾ ਮਾ ਰੇ (ਕੋਮਲ), ਸਾ।
ਮੁੱਖ ਅੰਗ (ਪਕੜ): ਧਾ (ਕੋਮਲ) ਪਾ, ਮਾ (ਤੀਵਰ) ਪਾ ਧਾ (ਕੋਮਲ) ਨੀ (ਕੋਮਲ) ਧਾ (ਕੋਮਲ) ਪਾ, ਗਾ ਮਾ ਰੇ (ਕੋਮਲ) ਸਾ।

ਗਾਇਨ ਸਮਾਂ
ਦਿਨ ਦਾ ਪਹਿਲਾ ਪਹਿਰ।