Connect

2005 Stokes Isle Apt. 896, Vacaville 10010, USA

[email protected]

ਗੁਰੂ ਅਰਜਨ ਸਾਹਿਬ (੧੫੬੩-੧੬੦੬ ਈ.) ਦੁਆਰਾ ਉਚਾਰਣ ਕੀਤੀ ਇਹ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਪੰਨਾ ੧੩੬੦-੧੩੬੧ ਉਪਰ ਦਰਜ ਹੈ। ਇਸ ਬਾਣੀ ਦੇ ੨੪ ਸਲੋਕ ਹਨ। ਇਨ੍ਹਾਂ ਸਲੋਕਾਂ ਦੀਆਂ ਦੋ ਤੋਂ ਲੈ ਕੇ ਚਾਰ ਤਕ ਤੁਕਾਂ ਹਨ। ਇਸ ਬਾਣੀ ਦੇ ਸਿਰਲੇਖ ‘ਗਾਥਾ’ ਵਿਚ ‘ਸਲੇਸ਼’ ਅਲੰਕਾਰ ਦੀ ਵਰਤੋਂ ਹੋਈ ਜਾਪਦੀ ਹੈ। ਇਕ ਪਾਸੇ ਤਾਂ ਗਾਥਾ ਦਾ ਭਾਵ ਇਕ ਪ੍ਰਾਚੀਨ ਪ੍ਰਾਕ੍ਰਿਤ ਭਾਸ਼ਾ ਹੈ, ਜਿਸ ਵਿਚ ਇਸ ਬਾਣੀ ਦੀ ਰਚਨਾ ਕੀਤੀ ਗਈ ਹੈ; ਦੂਜੇ ਪਾਸੇ, ਗਾਥਾ ਦਾ ਭਾਵ ਪ੍ਰਭੂ ਦੀ ‘ਗੁਹਜ ਕਥਾ’ ਹੈ। ਇਸ ਬਾਰੇ ਬਾਣੀ ਦੇ ਛੇਵੇਂ ਸਲੋਕ ਵਿਚ ਸੰਕੇਤ ਕੀਤਾ ਵੀ ਮਿਲਦਾ ਹੈ: ਗਾਥਾ ਗੁੰਫ ਗੋਪਾਲ ਕਥੰ ਮਥੰ ਮਾਨ ਮਰਦਨਹ॥ ਹਤੰ ਪੰਚ ਸਤ੍ਰੇਣ ਨਾਨਕ ਹਰਿ ਬਾਣੇ ਪ੍ਰਹਾਰਣਹ॥੬॥ -ਗੁਰੂ ਗ੍ਰੰਥ ਸਾਹਿਬ ੧੩੬੦

ਉਪਰੋਕਤ ਤੁਕ ਵਿਚ ‘ਗਾਥਾ’ ਸ਼ਬਦ ਦੇ ਦੋ ਅਰਥ ਹਨ: ੧. ਗਾਥਾ ਬਾਣੀ। ੨. (ਗੋਪਾਲ ਦੀ) ਕਥਾ।
ਇਸ ਪ੍ਰਕਾਰ ਸਮੁੱਚੀ ਤੁਕ ਦਾ ਭਾਵ ਹੈ: ਗਾਥਾ ਬਾਣੀ ਵਿਚ ਗੋਪਾਲ-ਪ੍ਰਭੂ ਦੀ ਕਥਾ ਗੁੰਦੀ ਹੈ, ਇਸ ਨੂੰ ਕਥਨ ਅਤੇ ਵਿਚਾਰਨ ਨਾਲ ਹੰਕਾਰ ਦਾ ਨਾਸ ਹੋ ਜਾਂਦਾ ਹੈ।

ਇਸ ਤੋਂ ਇਲਾਵਾ ਦਸਵੇਂ ਅਤੇ ਅਠਾਰ੍ਹਵੇਂ ਸਲੋਕ ਵਿਚ ਵੀ ‘ਗਾਥਾ’ ਸ਼ਬਦ ਦੀ ਵਰਤੋਂ, ਇਸ ਬਾਣੀ ਦੇ ਸਿਰਲੇਖ ਅਤੇ ਮਨੋਰਥ ਨੂੰ ਨਿਰੂਪਣ ਕਰਦੀ ਹੈ:
ਗਾਥਾ ਗੂੜ ਅਪਾਰੰ ਸਮਝਣੰ ਬਿਰਲਾ ਜਨਹ॥ ਸੰਸਾਰ ਕਾਮ ਤਜਣੰ ਨਾਨਕ ਗੋਬਿੰਦ ਰਮਣੰ ਸਾਧ ਸੰਗਮਹ ॥੧੦॥
ਚਰਣਾਰਬਿੰਦ ਮਨ ਬਿਧ੍ਯੰ ਸਿਧ੍ਯੰ ਸਰਬ ਕੁਸਲਣਹ॥ ਗਾਥਾ ਗਾਵੰਤਿ ਨਾਨਕ ਭਬ੍ਯੰ ਪਰਾ ਪੂਰਬਣਹ ॥੧੮॥

ਵਖ-ਵਖ ਵਿਦਵਾਨਾਂ ਨੇ ਇਸ ਬਾਣੀ ਦੇ ਸਿਰਲੇਖ ‘ਗਾਥਾ’ ਨੂੰ ਵਖੋ-ਵਖਰੀਆਂ ਭਾਸ਼ਾਵਾਂ ਨਾਲ ਜੋੜਦੇ ਹੋਏ ਇਸ ਸ਼ਬਦ ਦੇ ਅਰਥ ਕਥਾ, ਗੀਤਾਂ ਵਿਚ ਬਿਆਨੀ ਕਥਾ, ਵਿਸ਼ੇਸ਼ ਛੰਦ, ਵਿਸ਼ੇਸ਼ ਭਾਸ਼ਾ, ਮਿਸ਼ਰਤ ਭਾਸ਼ਾ, ਲੋਕ-ਗੀਤ ਆਦਿ ਕੀਤੇ ਹਨ।

ਪੰਡਿਤ ਤਾਰਾ ਸਿੰਘ ਨਰੋਤਮ ਅਨੁਸਾਰ ‘ਗਾਥਾ’ ਸੰਸਕ੍ਰਿਤ ਭਾਸ਼ਾ ਦਾ ਸ਼ਬਦ ਹੈ, ਜਿਸ ਦਾ ਅਰਥ ‘ਕਥਾ’ ਹੈ। ਤਿੰਨ, ਛੇ, ਨੌਂ ਆਦਿ ਤੁਕਾਂ ਵਾਲੇ ਛੰਦ, ਜਿਸ ਨੂੰ ਲੋਕ ਬਿਸ਼ਨ ਪਦੇ (ਬਿਖਮ ਪਦੇ) ਕਹਿੰਦੇ ਸਨ, ਸੰਸਕ੍ਰਿਤ ਦੇ ਪਿੰਗਲਾਂ ਵਿਚ ‘ਗਾਥਾ’ ਨਾਮ ਨਾਲ ਲਿਖੇ ਗਏ ਹਨ। ਡਾ. ਸੁਨਿਤੀ ਕੁਮਾਰ ਚੈਟਰਜੀ ਨੇ ਇਹ ਸੰਭਾਵਨਾ ਪ੍ਰਗਟ ਕੀਤੀ ਹੈ ਕਿ ਬੋਧੀਆਂ ਨੇ ‘ਗਾਥਾ’ ਨਾਮਕ ਇਕ ਮਿਸ਼ਰਤ ਸੰਸਕ੍ਰਿਤ, ਈਸਾ-ਪੂਰਵ ਸ਼ਤਾਬਦੀਆਂ ਵਿਚ ਵਿਕਸਤ ਕੀਤੀ, ਜਿਸ ਵਿਚ ਪ੍ਰਾਕਿਰਤਾਂ ਦਾ ਸੰਸਕ੍ਰਿਤ ਨਾਲ ਮਿਲਦਾ-ਜੁਲਦਾ ਰੂਪ ਪ੍ਰਾਪਤ ਹੁੰਦਾ ਹੈ।

ਭਾਈ ਕਾਨ੍ਹ ਸਿੰਘ ਨਾਭਾ ‘ਗਾਥਾ’ ਨੂੰ ਇਕ ਛੰਦ ਵੀ ਮੰਨਦੇ ਹਨ ਅਤੇ ਪ੍ਰਾਚੀਨ ਮਿਸ਼ਰਤ ਭਾਸ਼ਾ ਵੀ, ਜਿਸ ਵਿਚ ਸੰਸਕ੍ਰਿਤ, ਪਾਲੀ ਅਤੇ ਹੋਰ ਬੋਲੀਆਂ ਦੇ ਸ਼ਬਦ ਮਿਲਦੇ ਹਨ। ਉਨ੍ਹਾਂ ਅਨੁਸਾਰ ‘ਲਲਿਤ ivsqwr’ ਆਦਿ ਬੋਧੀ ਧਰਮ ਗ੍ਰੰਥ ਅਤੇ ਗੁਰੂ ਗ੍ਰੰਥ ਸਾਹਿਬ ਵਿਚਲੇ ‘ਸਹਸਕ੍ਰਿਤੀ ਸਲੋਕ’ ਤੇ ‘ਗਾਥਾ’ ਇਸੇ ਭਾਸ਼ਾ ਵਿਚ ਹਨ। ਛੰਦ ਰੂਪ ਵਿਚ ਗਾਥਾ ਨੂੰ ‘ਗਾਹਾ’ ਅਤੇ ‘ਆਰਯਾ’ ਨਾਵਾਂ ਨਾਲ ਵੀ ਜਾਣਿਆਂ ਜਾਂਦਾ ਹੈ। ਕੁਝ ਲੋਕ ਅਗਿਆਨਤਾ ਕਾਰਣ ‘ਸਹਸਕ੍ਰਿਤੀ’ ਅਤੇ ‘ਗਾਥਾ’ ਦਾ ਅਰਥ ਸਮਝੇ ਬਿਨਾਂ ਹੀ ਸਹਸਕ੍ਰਿਤੀ ਸਲੋਕਾਂ ਨੂੰ ਸੰਸਕ੍ਰਿਤ ਦੇ ਵਿਆਕਰਣ ਵਿਰੁਧ ਆਖਦੇ ਹਨ, ਜੋ ਠੀਕ ਨਹੀਂ ਹੈ।

ਭਾਈ ਵੀਰ ਸਿੰਘ, ਵਿਲਸਨ ਦੇ ਹਵਾਲੇ ਨਾਲ ‘ਗਾਥਾ’ ਨੂੰ ਪ੍ਰਾਕ੍ਰਿਤ ਭਾਸ਼ਾ ਨਾਲ ਜੋੜਦੇ ਹੋਏ ਲਿਖਦੇ ਹਨ ਕਿ ਗਾਥਾ ਨਾਮ ਪ੍ਰਾਕ੍ਰਿਤ ਭਾਸ਼ਾ ਦਾ ਹੈ (ਦੇਖੋ: ਵਿਲਸਨ ਸੰਸਕ੍ਰਿਤ ਕੋਸ਼)। ਇਸ ਭਾਸ਼ਾ ਦੇ ਪਦ ਅਕਸਰ ਸੰਸਕ੍ਰਿਤ ਜਾਂ ਸੰਸਕ੍ਰਿਤ ਮੂਲ ਦੇ ਹੁੰਦੇ ਹਨ, ਪਰ ਵਿਆਕਰਣ ਕੋਸ਼ ਵਖਰਾ ਹੁੰਦਾ ਹੈ। ਕਈ ਵਿਦਵਾਨ ਇਹ ਆਖਦੇ ਹਨ ਕਿ ਪੁਰਾਤਨ ਬੋਲਚਾਲ ਦੀ ਭਾਸ਼ਾ ਪ੍ਰਾਕ੍ਰਿਤ ਸੀ, ਜਿਸ ਵਿਚੋਂ ਨਿਖਰ ਕੇ ਸੰਸਕ੍ਰਿਤ ਬਣੀ। ਜਦਕਿ ਕੁਝ ਦਾ ਵਿਚਾਰ ਹੈ ਕਿ ਸੰਸਕ੍ਰਿਤ ਬੋਲੀ ਜਦੋਂ ਪੰਡਤਾਂ ਤਕ ਹੀ ਸੀਮਤ ਰਹਿ ਗਈ ਤਾਂ ਬੋਲਚਾਲ ਦੀ ਬੋਲੀ ਪ੍ਰਾਕ੍ਰਿਤ ਬਣ ਗਈ। ਇਸ ਦਾ ਹੀ ਦੂਜਾ ਨਾਮ ‘ਗਾਥਾ’ ਹੈ।

ਸ੍ਰੀ ਗੁਰੂ ਗ੍ਰੰਥ ਸਾਹਿਬ ਕੋਸ਼ ਵਿਚ ਵੀ ‘ਗਾਥਾ’ ਨੂੰ ਸੰਸਕ੍ਰਿਤ ਤੋਂ ਨਿਵੇਕਲੀ ਪ੍ਰਾਕ੍ਰਿਤ ਜਾਂ ਇਕ ਪੁਰਾਤਨ ਭਾਸ਼ਾ ਹੀ ਮੰਨਿਆ ਹੈ। ਇਸ ਕੋਸ਼ ਅਨੁਸਾਰ ਇਸ ਭਾਸ਼ਾ ਨੂੰ ਪਹਿਲਾਂ ਬੋਧੀ ਲੋਕ ਅਕਸਰ ਵਰਤਦੇ ਰਹੇ ਹਨ, ਫੇਰ ਵਧੇਰੇ ਖੁੱਲ੍ਹ ਨਾਲ ਦੇਸ਼ ਦੇ ਵਖ-ਵਖ ਹਿੱਸਿਆਂ ਵਿਚ ਇਸ ਵਿਚ ਗੀਤ ਉਚਾਰੇ ਜਾਂਦੇ ਰਹੇ ਹਨ। ਗੁਰੂ ਗ੍ਰੰਥ ਸਾਹਿਬ ਦੇ ਅੰਤਲੇ ਭਾਗ ਵਿਚ ‘ਗਾਥਾ’ ਅਜਿਹੀ ਬਾਣੀ ਹੈ, ਜੋ ਅਨਜਾਣਾਂ ਨੂੰ ਸੰਸਕ੍ਰਿਤ ਜਾਪਦੀ ਹੈ, ਪਰ ਉਸ ਬਾਣੀ ਦੇ ਸਿਰਲੇਖ ‘ਗਾਥਾ’ ਤੋਂ ਸਪਸ਼ਟ ਹੁੰਦਾ ਹੈ ਕਿ ਇਹ ਸੰਸਕ੍ਰਿਤ ਨਹੀਂ ਹੈ। ਇਹ ‘ਗਾਥਾ’ ਹੈ, ਜਿਸ ਵਿਚ ਸੰਸਕ੍ਰਿਤ ਅਤੇ ਦੇਸੀ ਬੋਲੀਆਂ ਦੇ ਪਦ ਵਰਤੇ ਗਏ ਹਨ।

ਪਿਆਰਾ ਸਿੰਘ ਪਦਮ ਨੇ ਵੀ ‘ਗਾਥਾ’ ਨੂੰ ਸੰਸਕ੍ਰਿਤ ਦਾ ਬਦਲਿਆ ਹੋਇਆ ਰੂਪ ਮੰਨਿਆ ਹੈ, ਜਿਹੜਾ ਸੰਸਕ੍ਰਿਤ ਦੇ ਨੇਮਾਂ ਅਨੁਸਾਰ ਨਹੀਂ, ਸਗੋਂ ਪ੍ਰਾਕ੍ਰਿਤ ਵਿਆਕਰਣ ਦੇ ਪ੍ਰਭਾਵ ਅਧੀਨ ਹੈ। ਬੋਧੀ ਤੇ ਜੈਨੀ ਲੇਖਕ ਵਧੇਰੇ ਪ੍ਰਾਕ੍ਰਿਤਾਂ ਦਾ ਹੀ ਪ੍ਰਯੋਗ ਕਰਦੇ ਸਨ। ਬਾਅਦ ਵਿਚ ਇਨ੍ਹਾਂ ਨੇ ਪ੍ਰਾਕ੍ਰਿਤ ਰਲੀ, ਮਿੱਸੀ ਸੰਸਕ੍ਰਿਤ ਵਰਤਣੀ ਸ਼ੁਰੂ ਕਰ ਦਿੱਤੀ, ਜਿਸ ਨੂੰ ਬ੍ਰਾਹਮਣ ਪਰਵਾਨ ਨਹੀਂ ਕਰਦੇ ਸਨ। ਇਸ ਦੀ ਵਰਤੋਂ ਜਾਣ-ਬੁਝ ਕੇ ਨਹੀਂ ਹੋਈ, ਸਗੋਂ ਇਹ ਆਮ ਜਨਤਾ ਵਿਚ ਪ੍ਰਚਲਤ ਸੀ ਤਾਂ ਹੀ ਇਹ ਲਿਖਤ ਵਿਚ ਆਈ। ਸੰਸਕ੍ਰਿਤ ਦਾ ਇਹ ਬਦਲਿਆ ਰੂਪ, ਜੋ ਬ੍ਰਹਮਣਾਂ ਦੀ ਨਜਰ ਵਿਚ ਅਸ਼ੁਧ ਸੀ, ‘ਗਾਥਾ’ ਹੈ। ਜਾਪਦਾ ਹੈ ਕਿ ਇਸ ਦੀ ਪੁਰਾਣੀ ਪਰੰਪਰਾ ਕਿਤੇ-ਕਿਤੇ ਮੌਜੂਦ ਸੀ। ਇਸੇ ਦੇ ਅਧਾਰ ’ਤੇ ਗੁਰੂ ਸਾਹਿਬ ਨੇ ‘ਗਾਥਾ’ ਸਿਰਲੇਖ ਹੇਠ ੨੪ ਸਲੋਕ ਰਚ ਕੇ ਇਸ ਦਾ ਰੂਪ ਸੁਰੱਖਿਅਤ ਕਰ ਦਿਤਾ।

ਡਾ. ਸੁਰੈਣ ਸਿੰਘ ਵਿਲਖੂ ‘ਗਾਥਾ’ ਦੀ ਭਾਸ਼ਾ ਨੂੰ ਪ੍ਰਾਕ੍ਰਿਤ ਦੇ ਵਧੇਰੇ ਨੇੜੇ ਮੰਨਦੇ ਹੋਏ ਇਸ ਨੂੰ ਲੋਕ ਭਾਸ਼ਾ ਦਾ ਇਕ ਛੰਦ ਸਵਿਕਾਰ ਕਰਦੇ ਹਨ। ਉਨ੍ਹਾਂ ਅਨੁਸਾਰ ਸਭ ਤੋਂ ਪਹਿਲਾਂ ‘ਗਾਥਾ’ ਸ਼ਬਦ ਦਾ ਪ੍ਰਯੋਗ ਰਿਗਵੇਦ ਵਿਚ ਹੋਇਆ ਮਿਲਦਾ ਹੈ। ਯੱਗ ਦੇ ਮੌਕੇ ’ਤੇ ‘ਗਾਥਾ’ ਗਾਉਣ ਦੀ ਪ੍ਰਥਾ ਪ੍ਰਚਲਤ ਸੀ। ਇਸ ਦੇ ਨਾਲ ਹੀ ਉਹ ਵਖ-ਵਖ ਵਿਦਵਾਨਾਂ ਦੇ ਵਿਚਾਰ ਵੀ ਪੇਸ਼ ਕਰਦੇ ਹਨ, ਜੋ ‘ਗਾਥਾ’ ਦੇ ਅਰਥਾਂ ਨੂੰ ਹੋਰ ਵੀ ਸਪਸ਼ਟ ਕਰਦੇ ਹਨ:

- ‘ਗਾਥਾ’ ਉਹ ਲੋਕ-ਗੀਤ ਹੈ, ਜਿਸ ਵਿਚ ਕਿਸੇ ਕਥਾ ਦਾ ਵਰਣਨ ਹੋਵੇ ਜਾਂ ਇਹ ਉਹ ਕਥਾ ਹੈ, ਜੋ ਗੀਤਾਂ ਵਿਚ ਕਹੀ ਗਈ ਹੋਵੇ। (ਕੀਟ੍ਰੀਜ)
- ਜਾਤਕਾਂ ਵਿਚ ਸਲੋਕ-ਬਧ ਰਚਨਾ ਨੂੰ ‘ਗਾਥਾ’ ਨਾਮ ਦਿੱਤਾ ਗਿਆ ਹੈ। (ਬਟੁਕ ਨਾਥ ਸ਼ਰਮਾ)
- ‘ਗਾਥਾ’ ਲੋਕ ਸਾਹਿਤ ਦੀ ਉਹ ਵੰਨਗੀ ਹੈ, ਜਿਸ ਵਿਚ ‘ਗੇਯਤਾ’ ਦੇ ਨਾਲ ਕਥਾਨਕ ਦੀ ਵੀ ਪ੍ਰਧਾਨਤਾ ਹੁੰਦੀ ਹੈ। (ਹਿੰਦੀ ਸਾਹਿਤਯ ਕੋਸ਼)

ਆਚਾਰੀਆ ਹਜ਼ਾਰੀ ਪ੍ਰਸਾਦ ਦਿਵੇਦੀ ਦੇ ਹਵਾਲੇ ਨਾਲ ਡਾ. ਸੁਰੈਣ ਸਿੰਘ ਵਿਲਖੂ ਅੱਗੇ ਲਿਖਦੇ ਹਨ ਕਿ ਜਿਨ੍ਹਾਂ ਦਿਨਾਂ ਵਿਚ ਜਟਿਲ ਛੰਦ-ਬਧ ਰਚਨਾ ਸੰਸਕ੍ਰਿਤ ਵਿਚ ਬਹੁਤ ਸਫਲਤਾ ਨਾਲ ਲਿਖੀ ਜਾਂਦੀ ਸੀ, ਉਨ੍ਹਾਂ ਦਿਨਾਂ ਵਿਚ ਲੋਕ ਭਾਸ਼ਾ (ਪ੍ਰਾਕ੍ਰਿਤ) ਇਕ ਛੋਟੇ ਜਿਹੇ ਛੰਦ (ਗਾਥਾ) ਵੱਲ ਮੁੜ ਗਈ। ਅੱਗੇ ਚਲ ਕੇ ‘ਸਲੋਕ’ ਸੰਸਕ੍ਰਿਤ ਦਾ ਅਤੇ ‘ਗਾਥਾ’ ਪ੍ਰਾਕ੍ਰਿਤ ਦਾ ਪ੍ਰਤੀਕ ਬਣ ਗਈ। ਈਸਵੀ ਸੰਨ ਦੇ ਅਰੰਭਕ ਦਿਨਾਂ ਵਿਚ ‘ਗਾਥਾ’ ਦਾ ਸਾਹਿਤਕ ਖੇਤਰ ਵਿਚ ਪ੍ਰਵੇਸ਼ ਹੋਇਆ।

ਇਸ ਪ੍ਰਕਾਰ ‘ਗਾਥਾ’ ਨੂੰ ਤਾਰਾ ਸਿੰਘ ਨਿਰੋਤਮ ਅਤੇ ਸੁਰੈਣ ਸਿੰਘ ਵਿਲਖੂ ਲੋਕ ਭਾਸ਼ਾ ਦਾ ਛੰਦ ਕਹਿੰਦੇ ਹਨ। ਭਾਈ ਕਾਨ੍ਹ ਸਿੰਘ ਨਾਭਾ ਇਸ ਨੂੰ ਛੰਦ ਵੀ ਅਤੇ ਮਿਸ਼ਰਤ ਭਾਸ਼ਾ ਵੀ ਮੰਨਦੇ ਹਨ। ਭਾਈ ਵੀਰ ਸਿੰਘ ਅਤੇ ਗਿਆਨੀ ਹਜ਼ਾਰਾ ਸਿੰਘ ‘ਗਾਥਾ’ ਨੂੰ ਪ੍ਰਾਕ੍ਰਿਤ ਭਾਸ਼ਾ ਕਹਿੰਦੇ ਹਨ। ਪਿਆਰਾ ਸਿੰਘ ਪਦਮ ਨੇ ਇਸ ਨੂੰ ਸੰਸਕ੍ਰਿਤ ਦਾ ਉਹ ਬਦਲਿਆ ਹੋਇਆ ਰੂਪ ਮੰਨਿਆ ਹੈ, ਜੋ ਪ੍ਰਾਕ੍ਰਿਤ ਵਿਆਕਰਣ ਦੇ ਅਧੀਨ ਹੈ। ਕੁਝ ਵਿਦਵਾਨ ਗੁਰੂ ਗ੍ਰੰਥ ਸਾਹਿਬ ਵਿਚ ਆਈ ਬਾਣੀ ‘ਸਹਸਕ੍ਰਿਤੀ’ ਨੂੰ ਗਾਥਾ ਆਖਦੇ ਹਨ, ਇਸ ਸੰਦਰਭ ਵਿਚ ‘ਗਾਥਾ’ ਨੂੰ ਵੀ ਸਹਸਕ੍ਰਿਤੀ ਦਾ ਸਮਾਨਰਥੀ ਮੰਨਿਆ ਜਾ ਸਕਦਾ ਹੈ। ਸੋ, ਸਮੁੱਚੇ ਰੂਪ ਵਿਚ ਵਿਦਵਾਨਾਂ ਨੇ ਗਾਥਾ ਨੂੰ ਇਕ ਪ੍ਰਾਕ੍ਰਿਤ ਭਾਸ਼ਾ ਜਾਂ ਛੰਦ ਸਵੀਕਾਰ ਕੀਤਾ ਹੈ। ਪ੍ਰਾਕ੍ਰਿਤ ਭਾਸ਼ਾ ਵਿਚ ਲਿਖੀ ਕਾਵਿ-ਕਥਾ ਹੀ ‘ਗਾਥਾ’ ਹੈ। ਸੰਸਕ੍ਰਿਤ ਭਾਸ਼ਾ ਜਦੋਂ ਸਖਤ ਨਿਯਮਾਂ ਵਿਚ ਬੱਝ ਗਈ ਤਾਂ ਸੰਸਕ੍ਰਿਤ ਅਧਾਰਤ ਲੋਕ-ਬੋਲੀਆਂ ਦਾ ਜਿਹੜਾ ਰੂਪ ਨਿਖਰ ਕੇ ਸਾਹਮਣੇ ਆਇਆ, ਉਹ ਪ੍ਰਾਕ੍ਰਿਤ ਅਖਵਾਇਆ। ਇਸ ਕਾਰਣ ਹੀ ਬੋਧੀਆਂ ਨੇ ਇਸ ਭਾਸ਼ਾਈ ਰੂਪ ਨੂੰ ਆਪਣੇ ਵਿਚਾਰਾਤਮਕ ਪ੍ਰਗਟਾਵੇ ਦਾ ਮਾਧਿਅਮ ਬਣਾਇਆ ਅਤੇ ਗੁਰੂ ਸਾਹਿਬ ਨੇ ਵੀ ਇਸ ਵਿਚ ਲੋਕ-ਭਾਸ਼ਾਈ ਅੰਸ਼ ਵਿਦਮਾਨ ਹੋਣ ਕਾਰਨ, ਇਸੇ ਵਿਚ ਹੀ ਗੂੜ੍ਹ-ਗਿਆਨ ਭਰਪੂਰ ਬਾਣੀ ‘ਗਾਥਾ’ ਉਚਾਰੀ।