Connect

2005 Stokes Isle Apt. 896, Vacaville 10010, USA

[email protected]

ਸੋਹਿਲਾ   ਰਾਗੁ ਗਉੜੀ ਦੀਪਕੀ   ਮਹਲਾ ੧
ੴ ਸਤਿਗੁਰ ਪ੍ਰਸਾਦਿ ॥
ਜੈ ਘਰਿ ਕੀਰਤਿ ਆਖੀਐ    ਕਰਤੇ ਕਾ ਹੋਇ ਬੀਚਾਰੋ ॥
ਤਿਤੁ ਘਰਿ ਗਾਵਹੁ ਸੋਹਿਲਾ    ਸਿਵਰਿਹੁ ਸਿਰਜਣਹਾਰੋ ॥੧॥
ਤੁਮ ਗਾਵਹੁ    ਮੇਰੇ ਨਿਰਭਉ ਕਾ ਸੋਹਿਲਾ ॥
ਹਉ ਵਾਰੀ ਜਿਤੁ ਸੋਹਿਲੈ    ਸਦਾ ਸੁਖੁ ਹੋਇ ॥੧॥ ਰਹਾਉ ॥
ਨਿਤ ਨਿਤ ਜੀਅੜੇ ਸਮਾਲੀਅਨਿ    ਦੇਖੈਗਾ ਦੇਵਣਹਾਰੁ ॥
ਤੇਰੇ ਦਾਨੈ ਕੀਮਤਿ ਨਾ ਪਵੈ    ਤਿਸੁ ਦਾਤੇ ਕਵਣੁ ਸੁਮਾਰੁ ॥੨॥
ਸੰਬਤਿ ਸਾਹਾ ਲਿਖਿਆ    ਮਿਲਿ ਕਰਿ ਪਾਵਹੁ ਤੇਲੁ ॥
ਦੇਹੁ ਸਜਣ ਅਸੀਸੜੀਆ    ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥
ਘਰਿ ਘਰਿ ਏਹੋ ਪਾਹੁਚਾ    ਸਦੜੇ ਨਿਤ ਪਵੰਨਿ ॥
ਸਦਣਹਾਰਾ ਸਿਮਰੀਐ    ਨਾਨਕ   ਸੇ ਦਿਹ ਆਵੰਨਿ ॥੪॥੧॥
-ਗੁਰੂ ਗ੍ਰੰਥ ਸਾਹਿਬ ੧੨

ਸੋਹਿਲਾ   ਰਾਗੁ ਗਉੜੀ ਦੀਪਕੀ   ਮਹਲਾ ੧

ੴ ਸਤਿਗੁਰ ਪ੍ਰਸਾਦਿ ॥

ਜੈ ਘਰਿ ਕੀਰਤਿ ਆਖੀਐ    ਕਰਤੇ ਕਾ ਹੋਇ ਬੀਚਾਰੋ ॥

ਤਿਤੁ ਘਰਿ ਗਾਵਹੁ ਸੋਹਿਲਾ    ਸਿਵਰਿਹੁ ਸਿਰਜਣਹਾਰੋ ॥੧॥

ਤੁਮ ਗਾਵਹੁ    ਮੇਰੇ ਨਿਰਭਉ ਕਾ ਸੋਹਿਲਾ ॥

ਹਉ ਵਾਰੀ ਜਿਤੁ ਸੋਹਿਲੈ    ਸਦਾ ਸੁਖੁ ਹੋਇ ॥੧॥ ਰਹਾਉ ॥

ਨਿਤ ਨਿਤ ਜੀਅੜੇ ਸਮਾਲੀਅਨਿ    ਦੇਖੈਗਾ ਦੇਵਣਹਾਰੁ ॥

ਤੇਰੇ ਦਾਨੈ ਕੀਮਤਿ ਨਾ ਪਵੈ    ਤਿਸੁ ਦਾਤੇ ਕਵਣੁ ਸੁਮਾਰੁ ॥੨॥

ਸੰਬਤਿ ਸਾਹਾ ਲਿਖਿਆ    ਮਿਲਿ ਕਰਿ ਪਾਵਹੁ ਤੇਲੁ ॥

ਦੇਹੁ ਸਜਣ ਅਸੀਸੜੀਆ    ਜਿਉ ਹੋਵੈ ਸਾਹਿਬ ਸਿਉ ਮੇਲੁ ॥੩॥

ਘਰਿ ਘਰਿ ਏਹੋ ਪਾਹੁਚਾ    ਸਦੜੇ ਨਿਤ ਪਵੰਨਿ ॥

ਸਦਣਹਾਰਾ ਸਿਮਰੀਐ    ਨਾਨਕ   ਸੇ ਦਿਹ ਆਵੰਨਿ ॥੪॥੧॥

-ਗੁਰੂ ਗ੍ਰੰਥ ਸਾਹਿਬ ੧੨

ਗਉੜੀ ਦੀਪਕੀ ਰਾਗ ਵਿਚ ਗੁਰੂ ਨਾਨਕ ਸਾਹਿਬ ਦੁਆਰਾ ‘ਸੋਹਿਲਾ’ ਸਿਰਲੇਖ ਹੇਠ ਉਚਾਰਿਆ ਸ਼ਬਦ।
ਸਿਰਜਣਾਤਮਕ ਤੇ ਵਿਆਪਕ-ਸੱਤਾ-ਸੰਪੰਨ ਓਅੰਕਾਰ ਬ੍ਰਹਮ ਕੇਵਲ ਇਕ, ਭਾਵ ਅਦੁਤੀ ਹੈ। ਉਸ ਦਾ ਗਿਆਨ ਅਥਵਾ ਪ੍ਰਾਪਤੀ ਸਤਿਗੁਰੂ ਦੇ ਪ੍ਰਸਾਦ (ਕਿਰਪਾ) ਸਦਕਾ ਹੀ ਸੰਭਵ ਹੈ।

ਤੁਸੀਂ ਮੇਰੇ ਭੈ-ਰਹਿਤ ਪ੍ਰਭੂ ਦਾ ਮੰਗਲ-ਮਈ ਗੀਤ ਗਾਇਨ ਕਰੋ।
ਮੈਂ ਇਸ ਮੰਗਲ-ਮਈ ਗੀਤ (ਸੋਹਿਲੇ) ਤੋਂ ਸਦਕੇ ਜਾਂਦਾ ਹਾਂ। ਇਸ ਦੀ ਬਰਕਤ ਨਾਲ ਹਰ ਵੇਲੇ ਆਤਮਕ ਸੁਖ ਪ੍ਰਾਪਤ ਹੁੰਦਾ ਹੈ।੧।ਰਹਾਉ।

ਹੇ ਜੀਵ! ਸਾਧ ਸੰਗਤਿ ਰੂਪੀ ਜਿਸ ਘਰ ਵਿਚ ਕਰਤਾ ਪੁਰਖ ਦੀ ਸਿਫ਼ਤਿ-ਸਾਲਾਹ ਕੀਤੀ ਜਾਂਦੀ ਹੈ ਅਤੇ ਉਸ ਦਾ ਗਿਆਨ-ਵਿਚਾਰ ਹੁੰਦਾ ਹੈ;
ਉਸ ਘਰ ਵਿਚ ਜੁੜ ਕੇ ਕਰਤਾਪੁਰਖ ਦੀ ਕੀਰਤੀ ਦੇ ਮੰਗਲ-ਮਈ ਗੀਤ ਗਾਓ ਅਤੇ ਇਸ ਪ੍ਰਕਾਰ ਆਪਣੇ ਰਚਣਹਾਰ ਨੂੰ ਚੇਤੇ ਕਰਦੇ ਰਹੋ।੧।

ਹਰ ਰੋਜ ਕਰਤਾਪੁਰਖ ਸੰਸਾਰ ਦੇ ਸਾਰੇ ਜੀਵਾਂ ਦੀ ਸਾਰ-ਸੰਭਾਲ ਕਰਦਾ ਹੈ। ਬੇਫਿਕਰ ਰਹੁ, ਤੇਰੀ ਵੀ ਦੇਖ-ਭਾਲ ਤੇ ਰਖਿਆ ਉਹ ਦਾਤਾਰ-ਪ੍ਰਭੂ ਜਰੂਰ ਕਰੇਗਾ।
ਤੇਰੇ ਤੋਂ ਤਾਂ ਉਸ ਵਲੋਂ ਦਿਤੀਆਂ ਦਾਤਾਂ ਦੀ ਕੀਮਤ ਵੀ ਨਹੀਂ ਪੈ ਸਕਦੀ, ਫਿਰ ਤੂੰ ਉਸ ਦੀਆਂ ਵਡਿਆਈਆਂ ਦਾ ਕੀ ਅੰਦਾਜਾ ਲਗਾ ਸਕਦਾ ਹੈਂ।੨।

ਹੇ ਸਤਸੰਗੀ ਸਜਣੋ! ਹਰੇਕ ਜੀਵ ਦਾ ਪ੍ਰਭੂ-ਪਤੀ ਦੇ ਘਰ (ਸਹੁਰੇ) ਜਾਣ ਦਾ ਸਾਲ ਤੇ ਸਮਾਂ ਧੁਰੋਂ ਮੁਕਰਰ ਕੀਤਾ ਹੋਇਆ ਹੈ; ਸਾਰੇ ਮਿਲ ਕੇ ਮੇਰੇ ਅੰਦਰ ਪ੍ਰਭੂ ਲਈ ਪ੍ਰੇਮ-ਭਾਵ ਜਗਾਓ ਅਤੇ ਮੈਨੂੰ ਪ੍ਰਭੂ-ਮਿਲਾਪ ਲਈ ਉਤਸ਼ਾਹਤ ਕਰੋ।
ਮੈਨੂੰ ਅਸੀਸਾਂ ਦਿਓ, ਤਾਂ ਕਿ ਮੇਰਾ ਪ੍ਰਭੂ ਨਾਲ ਮਿਲਾਪ ਹੋ ਜਾਏ।੩।

ਸਹੁਰੇ ਜਾਣ ਦਾ ਇਹ ਸੱਦਾ (ਸਾਹੇ-ਪੱਤਰ) ਘਰ-ਘਰ ਵਿਚ ਪੁੱਜ ਰਿਹਾ ਹੈ। ਜੀਵਾਂ ਨੂੰ ਹਰ ਰੋਜ ਸੱਦੇ ਪੈ ਰਹੇ ਹਨ।
ਸ਼ਬਦ ਦੇ ਅੰਤ ਵਿਚ 'ਨਾਨਕ' ਪਦ ਦੀ ਮੁਹਰ ਲਾ ਕੇ ਗੁਰੂ ਨਾਨਕ ਸਾਹਿਬ ਕਥਨ ਕਰਦੇ ਹਨ ਕਿ ਜੇ ਅਸੀਂ ਸੱਦਣ ਵਾਲਾ ਪ੍ਰਭੂ ਸਦਾ ਚਿਤ ਵਿਚ ਯਾਦ ਰਖੀਏ, ਤਾਂ ਮਿਲਾਪ ਦੇ ਉਹ ਭਾਗਾਂਵਾਲੇ ਦਿਨ ਜਰੂਰ ਨਸੀਬ ਹੁੰਦੇ ਹਨ।੪।੧।

ਰਾਗ ਗਉੜੀ ਦੀਪਕੀ, ਮਹਲਾ ਪਹਿਲਾ; ਸੋਹਿਲਾ
ਇਕ ਸਿਰਜਣਾਤਮਕ ਤੇ ਵਿਆਪਕ ਬ੍ਰਹਮ; ਸਤਿਗੁਰੂ ਦੇ ਪ੍ਰਸਾਦ ਦੁਆਰਾ

ਜਿਸ ਘਰ ਵਿਚ (ਕਰਤ ਦੀ) ਕੀਰਤੀ ਆਖੀ ਜਾਂਦੀ ਹੈ (ਅਤੇ) ਕਰਤੇ ਦਾ ਵਿਚਾਰ ਹੁੰਦਾ ਹੈ
ਉਸ ਘਰ ਵਿਚ (ਮਿਲ ਕੇ ਉਸ ਦਾ) ਜਸ ਗਾਓ (ਅਤੇ) ਸਿਰਜਣਹਾਰ ਨੂੰ ਸਿਮਰੋ।

ਤੁਸੀਂ ਮੇਰੇ ਨਿਡਰ (ਕਰਤ) ਦਾ ਸੋਹਿਲਾ ਗਾਵੋ
ਮੈਂ ਸਦਕੇ (ਜਾਂਦਾ) ਹਾਂ, ਜਿਸ ਸੋਹਿਲੇ ਦੁਆਰਾ ਸਦਾ ਸੁਖ (ਪ੍ਰਾਪਤ) ਹੁੰਦਾ ਹੈ।੧।ਰਹਾਉ।

ਨਿਤਾ-ਪ੍ਰਤੀ (ਸਿਰਜਣਹਾਰ ਵਲੋਂ ਸਾਰੇ) ਜੀਵ ਸੰਭਾਲੇ ਜਾਂਦੇ ਹਨ; (ਤੇਰੀ ਵੀ) ਦੇਖ-ਭਾਲ (ਉਹੀ) ਦਾਤਾ ਕਰੇਗਾ
ਤੇਰੇ ਪਾਸੋਂ (ਤਾਂ ਉਸ ਦੇ) ਦਾਨ ਦੀ ਕੀਮਤ ਨਹੀਂ ਪੈ ਸਕਦੀ; ਉਸ ਦਾਤੇ ਦਾ ਕੀ ਅੰਦਾਜਾ (ਲੱਗ ਸਕਦਾ) ਹੈ੨।

(ਜੀਵ ਦੇ ਸਹੁਰੇ ਜਾਣ ਦਾ) ਸਾਲ ਤੇ ਮਹੂਰਤ ਲਿਖਿਆ (ਹੋਇਆ) ਹੈ; (ਸਾਰੇ) ਮਿਲ ਕੇ (ਮੈਨੂੰ ਸ਼ਗਨਾਂ ਦਾ) ਤੇਲ ਚੜ੍ਹਾਓ
ਹੇ ਸਜਣੋ! ਅਸੀਸਾਂ ਦਿਓ, ਜਿਸ ਸਦਕਾ ਮਾਲਕ ਨਾਲ ਮਿਲਾਪ ਹੋ ਜਾਵੇ।੩।

ਘਰ-ਘਰ ਵਿਚ ਇਹ ਹੀ (ਸਹੁਰੇ ਜਾਣ ਦਾ) ਸੱਦਾ (ਆ ਰਿਹਾ) ਹੈ; ਨਿਤਾ-ਪ੍ਰਤੀ ਸੱਦੇ ਪੈ ਰਹੇ ਹਨ
ਨਾਨਕ (ਮੁਹਰ-ਛਾਪ): (ਜੇ ਅਸੀਂ) ਸੱਦਣ ਵਾਲਾ ਯਾਦ ਰਖੀਏ, (ਤਾਂ ਮਿਲਾਪ ਦੇ) ਉਹ ਦਿਨ (ਜਰੂਰ) ਆਉਂਦੇ ਹਨ।੪।੧।

ਪ੍ਰਭੂ-ਭਗਤੀ ਦੇ ਸੰਦਰਭ ਵਿਚ ਇਸ ਸ਼ਬਦ ਦੀਆਂ ਪਹਿਲੀਆਂ ਦੋ ਤੁਕਾਂ ਵਿਚ ਚਾਰ ਕਿਰਿਆਵਾਂ: ‘ਆਖੀਐ’ (ਆਖੀ ਜਾਂਦੀ ਹੈ), ‘ਬੀਚਾਰੋ’ (ਵੀਚਾਰੋ), ‘ਗਾਵਹੁ’ (ਗਾਵੋ) ਤੇ ‘ਸਿਵਰਿਹੁ’ (ਸਿਮਰੋ) ਦੀ ਖੂਬਸੂਰਤ ਤੇ ਸਾਰਥਕ ਵਰਤੋਂ ਹੋਈ ਹੈ। ਇਸ ਇਕ ਬੰਦ ਵਿਚ ਹੀ ਪ੍ਰਭੂ-ਭਗਤੀ ਦੇ ਚਾਰ ਰੂਪਾਂ: ਜਾਪ, ਚਿੰਤਨ, ਕੀਰਤਨ ਤੇ ਸਿਮਰਨ ਦਾ ਵਰਣਨ ਕੀਤਾ ਗਿਆ ਹੈ। ਜੀਵ ਨੂੰ ਦ੍ਰਿੜਾਇਆ ਹੈ ਕਿ ਉਹ ਪ੍ਰਭੂ ਦੀ ਕੀਰਤੀ ਕਰੇ, ਪ੍ਰਭੂ ਦੀ ਵਡਿਆਈ ਦਾ ਵਿਚਾਰ ਕਰੇ, ਪ੍ਰਭੂ ਦੀ ਸਿਫਤਿ-ਸਾਲਾਹ ਦਾ ਗਾਇਨ ਕਰੇ ਅਤੇ ਸਿਰਜਣਹਾਰ ਪ੍ਰਭੂ ਦਾ ਨਾਮ ਸਿਮਰੇ ।

ਇਸ ਸ਼ਬਦ ਵਿਚ ਪ੍ਰਤੀਕਾਤਮਕਤਾ ਦੀ ਪ੍ਰਭਾਵਸ਼ਾਲੀ ਵਰਤੋਂ ਹੋਈ ਹੈ। ਵਿਆਹ ਵਾਲੇ ਘਰ ਵਿਚ ਗਾਏ ਜਾਣ ਵਾਲੇ ਸੋਹਿਲੇ (ਸੁਹਾਗ ਦੇ ਮੰਗਲਮਈ ਗੀਤ) ਅਤੇ ਵਿਆਹ ਦੀਆਂ ਤਿਆਰੀਆਂ ਦਾ ਰੂਪਕ ਚਿਤਰਿਆ ਗਿਆ ਹੈ। ਜੀਵ-ਇਸਤਰੀ ਦਾ ਪ੍ਰਭੂ-ਪਤੀ ਨਾਲ ਵਿਆਹ ਧਰਿਆ ਹੋਇਆ ਹੈ। ਘਰ ਵਿਚ ਕਰਤਾਪੁਰਖ, ਸਿਰਜਣਹਾਰ, ਨਿਰਭਉ, ਬੇਅੰਤ ਦਾਤਾਂ ਦੇਣ ਵਾਲੇ ਦੇਵਣਹਾਰ ਪ੍ਰਭੂ-ਪਤੀ ਦਾ ਸਿਫਤਿ-ਸਾਲਾਹ ਰੂਪੀ ‘ਸੋਹਿਲਾ’ ਗਾਇਆ ਜਾ ਰਿਹਾ ਹੈ। ਮਿਲਾਪ ਦਾ ਦਿਨ ਧੁਰੋਂ ਹੀ ਨੀਯਤ ਹੈ। ਜੀਵ-ਇਸਤਰੀ ਕਹਿ ਰਹੀ ਹੈ ਕਿ ਹੇ ਸਹੇਲੀਉ! ਰਲ-ਮਿਲ ਕੇ ਮੈਨੂੰ ਤੇਲ ਚੜ੍ਹਾਵੋ ਤੇ ਅਸੀਸਾਂ ਦਿਓ ਕਿ ਮੇਰਾ ਪ੍ਰਭੂ-ਪਤੀ ਨਾਲ ਮੇਲ ਹੋ ਜਾਵੇ। ਸਹੁਰੇ ਜਾਣ ਦਾ ਇਹ ਸੱਦਾ-ਪੱਤਰ ਘਰ-ਘਰ ਵਿਚ ਪੁੱਜ ਰਿਹਾ ਹੈ। ਜੀਵਾਂ ਨੂੰ ਹਰ ਰੋਜ ਸੱਦੇ ਪੈ ਰਹੇ ਹਨ। ਜੇ ਸੱਦਣ ਵਾਲੇ ਪ੍ਰਭੂ ਨੂੰ ਸਦਾ ਚਿਤ ਵਿਚ ਰਖੀਏ, ਤਾਂ ਹੀ ਉਸ ਨਾਲ ਮਿਲਾਪ ਹੋ ਸਕਦਾ ਹੈ।

ਇਸ ਸ਼ਬਦ ਵਿਚ ਪ੍ਰਭੂ ਲਈ ਅਨੇਕ ਵਿਸ਼ੇਸ਼ਣਾਂ ਦੀ ਵਰਤੋਂ ਹੋਈ ਹੈ। 'ਕਰਤਾ' (ਕਰਣਹਾਰ), 'ਸਿਰਜਣਹਾਰ' (ਸ੍ਰਿਸ਼ਟੀ ਦੀ ਸਿਰਜਣਾ ਕਰਨ ਵਾਲਾ), 'ਨਿਰਭਉ' (ਭੈ ਰਹਿਤ), 'ਦੇਵਣਹਾਰ/ਦਾਤਾ' (ਦੇਣ ਵਾਲਾ), 'ਸਾਹਿਬ' (ਮਾਲਕ), ਤੇ 'ਸਦਣਹਾਰਾ' (ਸੱਦਣ ਵਾਲਾ) ਦੀ ਵਰਤੋਂ ਪ੍ਰਭੂ ਦੀਆਂ ਵਿਸ਼ੇਸ਼ਤਾਵਾਂ ਪ੍ਰਗਟ ਕਰਨ ਲਈ ਖਾਸ ਉਦੇਸ਼ ਦੇ ਤਹਿਤ ਹੋਈ ਹੈ। ਸੋ ਇਥੇ ਪਰਿਕਰ ਅਲੰਕਾਰ ਹੈ।

ਇਸ ਸ਼ਬਦ ਦੀਆਂ ੧੦ ਤੁਕਾਂ ਹਨ। ਇਨ੍ਹਾਂ ਤੁਕਾਂ ਦਾ ਮਾਤਰਾ ਵਿਧਾਨ ਇਸ ਪ੍ਰਕਾਰ ਹੈ: ਪਹਿਲੀ (੧੪+੧੫), ਦੂਜੀ (੧੩+੧੨), ਤੀਜੀ (੨੧), ਚਉਥੀ (੧੩+੮), ਪੰਜਵੀਂ (੧੬+੧੩), ਛੇਵੀਂ (੧੭+੧੩), ਸਤਵੀਂ (੧੨+੧੧), ਅਠਵੀਂ (੧੪+੧੫), ਨਾਵੀਂ (੧੩+੧੦) ਤੇ ਦਸਵੀਂ (੧੩+੧੩)। ਇਸ ਸ਼ਬਦ ਵਿਚ ‘ਰਹਾਉ’ ਵਾਲੇ ਬੰਦ (ਤੀਜੀ-ਚਉਥੀ ਤੁਕ) ਤੋਂ ਇਲਾਵਾ ਚਾਰ ਬੰਦ ਹਨ। ਇਨ੍ਹਾਂ ਦਾ ਮਾਤਰਾ ਵਿਧਾਨ ਦੋਹਰਾ ਛੰਦ (੧੩+੧੧) ਵਾਂਗ ਜਾਪਦਾ ਹੈ। ਅਸਲ ਵਿਚ ਇਹ ਸ਼ਬਦ ਚਾਰ ਸਲੋਕਾਂ ਨਾਲ ਮਿਲ ਕੇ ਬਣਿਆ ਹੈ। ‘ਰਹਾਉ’ ਵਾਲੇ ਬੰਦ ਦਾ ਮਾਤਰਾ ਵਿਧਾਨ (੨੧ ਤੇ ੨੧)
ਵੀ ਦੋਹਰਾ ਛੰਦ ਨਾਲ ਹੀ ਮਿਲਦਾ-ਜੁਲਦਾ ਹੈ।