Connect

2005 Stokes Isle Apt. 896, Vacaville 10010, USA

[email protected]

ਸੋਰਠਿ    ਮਹਲਾ ੯ ॥

ਪ੍ਰਾਨੀ ਕਉਨੁ ਉਪਾਉ ਕਰੈ ॥
ਜਾ ਤੇ ਭਗਤਿ ਰਾਮ ਕੀ ਪਾਵੈ    ਜਮ ਕੋ ਤ੍ਰਾਸੁ ਹਰੈ ॥੧॥ ਰਹਾਉ ॥
ਕਉਨੁ ਕਰਮ   ਬਿਦਿਆ ਕਹੁ ਕੈਸੀ    ਧਰਮੁ ਕਉਨੁ ਫੁਨਿ ਕਰਈ ॥
ਕਉਨੁ ਨਾਮੁ ਗੁਰ ਜਾ ਕੈ ਸਿਮਰੈ    ਭਵ ਸਾਗਰ ਕਉ ਤਰਈ ॥੧॥
ਕਲ ਮੈ ਏਕੁ ਨਾਮੁ ਕਿਰਪਾਨਿਧਿ    ਜਾਹਿ ਜਪੈ ਗਤਿ ਪਾਵੈ ॥
ਅਉਰ ਧਰਮ ਤਾ ਕੈ ਸਮ ਨਾਹਨਿ    ਇਹ ਬਿਧਿ ਬੇਦੁ ਬਤਾਵੈ ॥੨॥
ਸੁਖੁ ਦੁਖੁ ਰਹਤ ਸਦਾ ਨਿਰਲੇਪੀ    ਜਾ ਕਉ ਕਹਤ ਗੁਸਾਈ ॥
ਸੋ ਤੁਮ ਹੀ ਮਹਿ ਬਸੈ ਨਿਰੰਤਰਿ    ਨਾਨਕ   ਦਰਪਨਿ ਨਿਆਈ ॥੩॥੫॥
-ਗੁਰੂ ਗ੍ਰੰਥ ਸਾਹਿਬ ੬੩੨

ਸੋਰਠਿ    ਮਹਲਾ ੯ ॥

ਪ੍ਰਾਨੀ ਕਉਨੁ ਉਪਾਉ ਕਰੈ ॥

ਜਾ ਤੇ ਭਗਤਿ ਰਾਮ ਕੀ ਪਾਵੈ    ਜਮ ਕੋ ਤ੍ਰਾਸੁ ਹਰੈ ॥੧॥ ਰਹਾਉ ॥

ਕਉਨੁ ਕਰਮ   ਬਿਦਿਆ ਕਹੁ ਕੈਸੀ    ਧਰਮੁ ਕਉਨੁ ਫੁਨਿ ਕਰਈ ॥

ਕਉਨੁ ਨਾਮੁ ਗੁਰ ਜਾ ਕੈ ਸਿਮਰੈ    ਭਵ ਸਾਗਰ ਕਉ ਤਰਈ ॥੧॥

ਕਲ ਮੈ ਏਕੁ ਨਾਮੁ ਕਿਰਪਾਨਿਧਿ    ਜਾਹਿ ਜਪੈ ਗਤਿ ਪਾਵੈ ॥

ਅਉਰ ਧਰਮ ਤਾ ਕੈ ਸਮ ਨਾਹਨਿ    ਇਹ ਬਿਧਿ ਬੇਦੁ ਬਤਾਵੈ ॥੨॥

ਸੁਖੁ ਦੁਖੁ ਰਹਤ ਸਦਾ ਨਿਰਲੇਪੀ    ਜਾ ਕਉ ਕਹਤ ਗੁਸਾਈ ॥

ਸੋ ਤੁਮ ਹੀ ਮਹਿ ਬਸੈ ਨਿਰੰਤਰਿ    ਨਾਨਕ   ਦਰਪਨਿ ਨਿਆਈ ॥੩॥੫॥

-ਗੁਰੂ ਗ੍ਰੰਥ ਸਾਹਿਬ ੬੩੨

ਸੋਰਠਿ ਰਾਗ ਵਿਚ ਗੁਰੂ ਤੇਗਬਹਾਦਰ ਸਾਹਿਬ ਦੁਆਰਾ ਉਚਾਰਿਆ ਸ਼ਬਦ।

ਮਨੁਖ ਕਿਹੜਾ ਉਦਮ-ਉਪਰਾਲਾ ਕਰੇ?
ਜਿਸ ਨਾਲ ਵਿਆਪਕ-ਪ੍ਰਭੂ ਦੀ ਭਗਤੀ ਪ੍ਰਾਪਤ ਕਰ ਲਵੇ ਅਤੇ ਉਸ ਦਾ ਮੌਤ ਦਾ ਡਰ ਦੂਰ ਹੋ ਜਾਵੇ।੧।ਰਹਾਉ।

ਦੱਸੋ ਮਨੁਖ ਕਿਹੜਾ ਧਰਮ-ਕਰਮ ਕਰੇ, ਕਿਹੜੀ ਸਿਖਿਆ ਗ੍ਰਹਿਣ ਕਰੇ?
ਕਿਹੜਾ ਸ਼੍ਰੋਮਣੀ ਨਾਮ ਸਿਮਰੇ, ਜਿਸ ਨਾਲ ਉਹ ਆਪਣਾ ਜੀਵਨ ਸੰਸਾਰ ਤੋਂ ਸਫਲ ਕਰ ਕੇ ਜਾ ਸਕੇ?੧।

ਕਲਜੁਗ ਵਿਚ ਕਿਰਪਾਲੂ ਪ੍ਰਭੂ ਦਾ ਇਕ ਨਾਮ ਹੀ ਸਭ ਤੋਂ ਸਿਰਮੌਰ ਹੈ, ਜਿਸ ਨੂੰ ਧਾਰਨ ਕਰ ਕੇ ਮਨੁਖ ਮਾਇਕੀ ਬੰਧਨਾਂ ਅਤੇ ਜਨਮ-ਮਰਨ ਦੇ ਡਰ ਤੋਂ ਮੁਕਤੀ ਪ੍ਰਾਪਤ ਕਰ ਸਕਦਾ ਹੈ।
ਹੋਰ ਸਾਰੇ ਧਰਮ-ਕਰਮ ਉਸ ਨਾਮ ਦੇ ਬਰਾਬਰ ਨਹੀਂ ਹਨ, ਗੁਰੂ ਦਾ ਗਿਆਨ ਇਹ ਗੁਹਜ ਗੱਲ ਦੱਸਦਾ ਹੈ।੨।

ਸ਼ਬਦ ਦੇ ਅੰਤ ਵਿਚ ‘ਨਾਨਕ’ ਪਦ ਦੀ ਮੁਹਰ ਲਾ ਕੇ ਗੁਰੂ ਤੇਗਬਹਾਦਰ ਸਾਹਿਬ ਫਰਮਾਉਂਦੇ ਹਨ ਕਿ ਸੁਖਾਂ-ਦੁਖਾਂ ਤੋਂ ਮੁਕਤ ਅਤੇ ਮਾਇਆ ਤੋਂ ਨਿਰਲੇਪ, ਸ੍ਰਿਸ਼ਟੀ ਦਾ ਮਾਲਕ ਪ੍ਰਭੂ ਤੁਹਾਡੇ ਅੰਦਰ ਹੀ ਸ਼ੀਸ਼ੇ ਵਿਚਲੇ ਪ੍ਰਤਿਬਿੰਬ ਵਾਂਗ ਇਕ-ਰਸ ਵੱਸ ਰਿਹਾ ਹੈ; ਉਸ ਦੇ ਨਾਮ ਨੂੰ ਹਿਰਦੇ ਵਿਚ ਵਸਾਉਣ ਦਾ ਉਦਮ-ਉਪਰਾਲਾ ਕਰੋ, ਇਸ ਨਾਲ ਹੀ ਤੁਸੀਂ ਉਸ ਦੇ ਪ੍ਰੇਮ-ਪਾਤਰ ਬਣ ਸਕਦੇ ਹੋ ਅਤੇ ਮੌਤ ਦੇ ਡਰ ਤੋਂ ਮੁਕਤ ਹੋ ਸਕਦੇ ਹੋ।੩।੫।

(ਰਾਗ) ਸੋਰਠਿ, ਮਹਲਾ ਨਾਵਾਂ।

ਪ੍ਰਾਣੀ ਕਿਹੜਾ ਉਪਾਅ ਕਰੇ?
ਜਿਸ ਨਾਲ (ਉਹ) ਰਾਮ ਦੀ ਭਗਤੀ ਪਾ ਲਵੇ (ਅਤੇ) ਜਮ ਦਾ ਡਰ ਦੂਰ ਕਰ ਲਵੇ।੧।ਰਹਾਉ

ਦੱਸੋ (ਉਹ) ਕਿਹੜਾ ਕਰਮ, ਕਿਹੋ-ਜਿਹੀ ਵਿਦਿਆ ਅਤੇ ਕਿਹੜਾ ਧਰਮ (ਗ੍ਰਹਿਣ) ਕਰੇ?
ਉਹ ਕਿਹੜਾ ਵਡਾ ਨਾਮ ਹੈ ਜਿਸ ਦੇ ਸਿਮਰਨ ਨਾਲ, ਸੰਸਾਰ-ਸਾਗਰ ਨੂੰ ਤਰ ਜਾਏ?।੧।

ਕਲਜੁਗ ਵਿਚ ਕਿਰਪਾ-ਨਿਧ ਦਾ ਇਕ ਨਾਮ (ਹੀ) ਹੈ, ਜਿਸ ਨੂੰ ਜਪਣ ਨਾਲ (ਪ੍ਰਾਣੀ) ਗਤੀ ਪਾ ਸਕਦਾ ਹੈ।
ਹੋਰ ਧਰਮ-ਕਰਮ ਉਸ (ਨਾਮ) ਦੇ ਸਮਾਨ ਨਹੀਂ, (ਗੁਰੂ ਦਾ) ਗਿਆਨ ਇਸ ਤਰ੍ਹਾਂ ਦੱਸਦਾ ਹੈ।੨।

ਨਾਨਕ (ਮੁਹਰ-ਛਾਪ): ਸੁਖ ਦੁਖ ਤੋਂ ਰਹਿਤ, ਸਦਾ ਨਿਰਲੇਪ, ਜਿਸ ਨੂੰ ਧਰਤੀ ਦਾ ਮਾਲਕ ਕਹਿੰਦੇ ਹਨ;
ਉਹ ਤੁਹਾਡੇ ਵਿਚ ਹੀ ਨਿਰੰਤਰ ਵੱਸਦਾ ਹੈ, ਸ਼ੀਸ਼ੇ (ਦੇ ਪ੍ਰਤਿਬਿੰਬ) ਵਾਂਗ।੩।੫।

ਇਸ ਸ਼ਬਦ ਦੀ ਪਹਿਲੀ ਤੇ ਚਉਥੀ ਤੁਕ ਵਿਚ ‘ਕਉਨ’ ਸ਼ਬਦ ਦੀ ਵਰਤੋਂ ਇਕ-ਇਕ ਵਾਰ ਅਤੇ ਤੀਜੀ ਵਿਚ ਦੋ ਵਾਰ ਹੋਈ ਹੈ। ਇਸ ਤੋਂ ਇਲਾਵਾ ਤੀਜੀ ਤੁਕ ਵਿਚ ‘ਕਹੁ ਕੈਸੀ’ ਦੀ ਵਰਤੋਂ ਵੀ ‘ਕਉਨੁ’ ਦੇ ਸਮਾਨ-ਅਰਥਕ ਹੀ ਹੈ। ਇਸ ਸ਼ਬਦ ਪਧਰੀ ਸਮਾਨੰਤਰਤਾ ਦੀ ਵਰਤੋਂ ਕਰਦੇ ਹੋਏ ਪ੍ਰਸ਼ਨਾਤਮਕ ਸ਼ੈਲੀ ਵਿਚ ਕਥਨ ਕੀਤਾ ਗਿਆ ਹੈ ਕਿ ਪ੍ਰਾਣੀ ਕਿਹੜਾ ਉਪਾਅ ਕਰੇ, ਜਿਸ ਨਾਲ ਰਾਮ ਦੀ ਭਗਤੀ ਮਿਲ ਜਾਵੇ ਤੇ ਜਮ ਦਾ ਡਰ ਦੂਰ ਹੋ ਜਾਵੇ? ਉਹ ਕਿਹੜਾ ਕਰਮ-ਧਰਮ ਕਰੇ, ਕਿਹੜੀ ਵਿਦਿਆ ਲਵੇ ਤੇ ਕਿਹੜਾ ਵਡਾ ਨਾਮ ਸਿਮਰੇ, ਜਿਸ ਨਾਲ ਭਵ-ਸਾਗਰ ਤਰ ਜਾਵੇ?

ਅਗਲੀਆਂ ਚਾਰ ਤੁਕਾਂ ਵਿਚ ਉੱਤਰਾਤਮਕ ਸ਼ੈਲੀ ਦੀ ਵਰਤੋਂ ਰਾਹੀਂ ਨਾਮ ਦੀ ਮਹਿਮਾ ਦਾ ਵਖਿਆਨ ਕਰਦੇ ਹੋਏ ਕਥਨ ਹੋਇਆ ਹੈ ਕਿ ਕਲਜੁਗ ਵਿਚ ਕਿਰਪਾਨਿਧਿ ਦਾ ਨਾਮ ਹੀ ਹੈ, ਜਿਸ ਨੂੰ ਜਪ ਕੇ ਮੁਕਤੀ ਪਾਈ ਜਾ ਸਕਦੀ ਹੈ। ਹੋਰ ਕੋਈ ਕਰਮ-ਧਰਮ ਉਸ ਦੇ ਸਮਾਨ ਨਹੀਂ ਹੈ। ਸੁਖ-ਦੁਖ ਤੋਂ ਨਿਰਲੇਪ, ਸ੍ਰਿਸ਼ਟੀ ਦਾ ਮਾਲਕ ਪ੍ਰਭੂ ਤੁਹਾਡੇ ਅੰਦਰ ਦਰਪਣ ਦੇ ਬਿੰਬ ਵਾਂਗ ਨਿਰੰਤਰ ਵੱਸ ਰਿਹਾ ਹੈ।

ਇਸ ਸਬਦ ਵਿਚ ਉਸ ਵੇਲੇ ਆਮ ਵਰਤੀ ਜਾਣ ਵਾਲੀ ਬ੍ਰਜ ਭਾਸ਼ਾ ਤੇ ਉਸ ਵਿਚ ਪ੍ਰਚਲਤ ਲੋਕ ਕਥਨਾਂ ਦੀ ਸੁੰਦਰ ਵਰਤੋਂ ਹੋਈ ਹੈ, ਜਿਵੇਂ: ‘ਕਉਨੁ ਉਪਾਉ ਕਰੈ,’ ‘ਤ੍ਰਾਸੁ ਹਰੈ,’ ‘ਜਾ ਕੈ ਸਿਮਰੈ,’ ‘ਜਾਹਿ ਜਪੈ,’ ‘ਗਤਿ ਪਾਵੈ,’ ‘ਤਾ ਕੈ ਸਮਿ ਨਾਹਨਿ,’ ‘ਬਤਾਵੈ,’ ‘ਜਾ ਕਉ ਕਹਤ,’ ‘ਤੁਮ ਹੀ ਮਹਿ ਬਸੈ’ ਆਦਿ।

ਅਠਵੀਂ ਤੁਕ ‘ਸੋ ਤੁਮ ਹੀ ਮਹਿ ਬਸੈ ਨਿਰੰਤਰਿ ਨਾਨਕ ਦਰਪਨਿ ਨਿਆਈ’ ਵਿਚ ਉਪਮਾ ਅਲੰਕਾਰ ਹੈ। ਇਥੇ ਉਪਮੇਯ ‘ਪ੍ਰਾਣੀ ਵਿਚ ਪ੍ਰਭੂ ਦੇ ਵੱਸਣ’ ਦੀ ਤੁਲਨਾ ਉਪਮਾਨ ‘ਦਰਪਣ ਵਿਚਲੇ ਪ੍ਰਤਿਬਿੰਬ’ ਨਾਲ ਕਰਦੇ ਹੋਏ ਸਪਸ਼ਟ ਕੀਤਾ ਹੈ ਕਿ ਜਿਸ ਪ੍ਰਕਾਰ ਦਰਪਣ ਵਿਚ ਪ੍ਰਤਿਬਿੰਬ ਰਹਿੰਦਾ ਹੈ, ਉਸੇ ਤਰ੍ਹਾਂ ਪ੍ਰਭੂ ਪ੍ਰਾਣੀ ਵਿਚ ਵੱਸਦਾ ਹੈ।

ਪੰਜਵੀਂ ਤੁਕ ਵਿਚ ਪ੍ਰਭੂ ਲਈ ‘ਕਿਰਪਾਨਿਧਿ’ (ਕਿਰਪਾ ਦਾ ਖਜਾਨਾ) ਸ਼ਬਦ ਦੀ ਵਰਤੋਂ ਹੋਈ ਹੈ, ਜੋ ਪ੍ਰਭੂ ਦੀ ਵਿਸ਼ੇਸ਼ਤਾ ਦਰਸਾ ਰਿਹਾ ਹੈ। ਸੋ, ਇਥੇ ਪਰਿਕਰ ਅਲੰਕਾਰ ਹੈ। ਇਸ ਤੋਂ ਇਲਾਵਾ ਪ੍ਰਭੂ ਲਈ ‘ਰਾਮ’ ਅਤੇ ‘ਗੁਸਾਈ’ ਸ਼ਬਦਾਂ ਦੀ ਵਰਤੋਂ ਕਾਵਿਕ ਸੁੰਦਰਤਾ ਨੂੰ ਵਧਾ ਰਹੀ ਹੈ। ਇਹ ਸ਼ਬਦ ਉਸ ਵੇਲੇ ਦੇ ਸਮਾਜ ਵਿਚ ਆਮ ਪ੍ਰਚਲਤ ਸਨ। ਗੁਰੂ ਸਾਹਿਬ ਨੇ ਆਪਣੇ ਸੰਦੇਸ਼ ਨੂੰ ਜਨ-ਮਾਨਸ ਤਕ ਪਹੁੰਚਾਉਣ ਦੇ ਮਨੋਰਥ ਨਾਲ ਇਨ੍ਹਾਂ ਦੀ ਵਰਤੋਂ ਪ੍ਰਭੂ ਦੇ ਸੰਕੇਤਕ ਨਾਵਾਂ ਵਜੋਂ ਕੀਤੀ ਹੈ।

ਸੱਤਵੀਂ ਤੁਕ ਦੇ ‘ਸੁਖੁ ਦੁਖੁ’ ਵਿਚ ਵਿਰੋਧ ਮੂਲਕ ਸ਼ਬਦ ਪਧਰੀ ਸਮਾਨੰਤਰਤਾ ਹੈ।

ਦੂਜੀ ਤੁਕ ਦੇ ‘ਭਗਤਿ ਰਾਮ ਕੀ ਪਾਵੈ,’ ‘ਜਮ ਕੋ ਤ੍ਰਾਸੁ ਹਰੈ,’ ਚਉਥੀ ਤੁਕ ਦਾ ‘ਭਵ ਸਾਗਰ ਕਉ ਤਰਈ’ ਅਤੇ ਪੰਜਵੀਂ ਤੁਕ ਦਾ ‘ਜਾਹਿ ਜਪੈ ਗਤਿ ਪਾਵੈ’ ਆਦਿ ਵਾਕੰਸ਼ ਸਮਾਨ ਭਾਵ ਪ੍ਰਗਟ ਕਰ ਰਹੇ ਹਨ। ਇਨ੍ਹਾਂ ਨੂੰ ਸਮਤਾ ਮੂਲਕ ਵਾਕੰਸ਼ ਪਧਰੀ ਸਮਾਨੰਤਰਤਾ ਅਧੀਨ ਰਖਿਆ ਜਾ ਸਕਦਾ ਹੈ। ਇਸ ਤੋਂ ਇਲਾਵਾ ਸਮੁੱਚੇ ਸ਼ਬਦ ਵਿਚ ਕਰਮ-ਧਰਮ-ਬਿਦਿਆ ਵਰਗੇ ਪ੍ਰਚਲਤ ਵਿਸ਼ਵਾਸ਼ਾਂ ਅਤੇ ਕਰਮ-ਕਾਂਡਾਂ ਦੀ ਥਾਂ ਭਗਤੀ ਅਤੇ ਨਾਮ ਸਿਮਰਨ ਵਰਗੇ ਗੁਰਮਤਿ ਦੇ ਸਿਧਾਂਤ ਨੂੰ ਦ੍ਰਿੜ ਕਰਾਇਆ ਗਿਆ ਹੈ।

ਇਸ ਪਦੇ ਦੀਆਂ ਕੁਲ ਅਠ ਤੁਕਾਂ ਹਨ। ਇਨ੍ਹਾਂ ਦਾ ਮਾਤਰਾ ਵਿਧਾਨ ਇਸ ਪ੍ਰਕਾਰ ਹੈ: ਪਹਿਲੀ (੧੪), ਦੂਜੀ (੧੬+੧੦), ਤੀਜੀ (੧੬+੧੨), ਚਉਥੀ (੧੬+੧੨), ਪੰਜਵੀਂ (੧੬+੧੨), ਛੇਵੀਂ (੧੬+੧੨), ਸੱਤਵੀਂ (੧੬+੧੨), ਅਠਵੀਂ (੧੬+੧੩)। ਇਸ ਛੰਦ ਨੂੰ ‘ਪਦ’ ਕਿਹਾ ਜਾਂਦਾ ਹੈ।