Connect

2005 Stokes Isle Apt. 896, Vacaville 10010, USA

[email protected]

ਰਾਮਕਲੀ    ਮਹਲਾ ੯ ॥

ਪ੍ਰਾਨੀ  ਨਾਰਾਇਨ ਸੁਧਿ ਲੇਹਿ ॥
ਛਿਨੁ ਛਿਨੁ ਅਉਧ ਘਟੈ ਨਿਸਿ ਬਾਸੁਰ   ਬ੍ਰਿਥਾ ਜਾਤੁ ਹੈ ਦੇਹ ॥੧॥ ਰਹਾਉ ॥
ਤਰਨਾਪੋ ਬਿਖਿਅਨ ਸਿਉ ਖੋਇਓ   ਬਾਲਪਨੁ ਅਗਿਆਨਾ ॥
ਬਿਰਧਿ ਭਇਓ ਅਜਹੂ ਨਹੀ ਸਮਝੈ   ਕਉਨ ਕੁਮਤਿ ਉਰਝਾਨਾ ॥੧॥
ਮਾਨਸ ਜਨਮੁ ਦੀਓ ਜਿਹ ਠਾਕੁਰਿ   ਸੋ ਤੈ ਕਿਉ ਬਿਸਰਾਇਓ ॥
ਮੁਕਤੁ ਹੋਤ ਨਰ ਜਾ ਕੈ ਸਿਮਰੈ   ਨਿਮਖ ਨ ਤਾ ਕਉ ਗਾਇਓ ॥੨॥
ਮਾਇਆ ਕੋ ਮਦੁ ਕਹਾ ਕਰਤੁ ਹੈ   ਸੰਗਿ ਨ ਕਾਹੂ ਜਾਈ ॥
ਨਾਨਕੁ ਕਹਤੁ  ਚੇਤਿ ਚਿੰਤਾਮਨਿ   ਹੋਇ ਹੈ ਅੰਤਿ ਸਹਾਈ ॥੩॥੩॥੮੧॥
-ਗੁਰੂ ਗ੍ਰੰਥ ਸਾਹਿਬ ੯੦੨

ਰਾਮਕਲੀ    ਮਹਲਾ ੯ ॥

ਪ੍ਰਾਨੀ  ਨਾਰਾਇਨ ਸੁਧਿ ਲੇਹਿ ॥

ਛਿਨੁ ਛਿਨੁ ਅਉਧ ਘਟੈ ਨਿਸਿ ਬਾਸੁਰ   ਬ੍ਰਿਥਾ ਜਾਤੁ ਹੈ ਦੇਹ ॥੧॥ ਰਹਾਉ ॥

ਤਰਨਾਪੋ ਬਿਖਿਅਨ ਸਿਉ ਖੋਇਓ   ਬਾਲਪਨੁ ਅਗਿਆਨਾ ॥

ਬਿਰਧਿ ਭਇਓ ਅਜਹੂ ਨਹੀ ਸਮਝੈ   ਕਉਨ ਕੁਮਤਿ ਉਰਝਾਨਾ ॥੧॥

ਮਾਨਸ ਜਨਮੁ ਦੀਓ ਜਿਹ ਠਾਕੁਰਿ   ਸੋ ਤੈ ਕਿਉ ਬਿਸਰਾਇਓ ॥

ਮੁਕਤੁ ਹੋਤ ਨਰ ਜਾ ਕੈ ਸਿਮਰੈ   ਨਿਮਖ ਨ ਤਾ ਕਉ ਗਾਇਓ ॥੨॥

ਮਾਇਆ ਕੋ ਮਦੁ ਕਹਾ ਕਰਤੁ ਹੈ   ਸੰਗਿ ਨ ਕਾਹੂ ਜਾਈ ॥

ਨਾਨਕੁ ਕਹਤੁ  ਚੇਤਿ ਚਿੰਤਾਮਨਿ   ਹੋਇ ਹੈ ਅੰਤਿ ਸਹਾਈ ॥੩॥੩॥੮੧॥

-ਗੁਰੂ ਗ੍ਰੰਥ ਸਾਹਿਬ ੯੦੨

ਰਾਮਕਲੀ ਰਾਗ ਵਿਚ ਗੁਰੂ ਤੇਗਬਹਾਦਰ ਸਾਹਿਬ ਦੁਆਰਾ ਉਚਾਰਿਆ ਸ਼ਬਦ।

ਹੇ ਜੀਵ! ਪ੍ਰਭੂ ਨੂੰ ਚੇਤੇ ਕਰ।
ਦਿਨ-ਰਾਤ, ਛਿਣ-ਛਿਣ ਕਰ ਕੇ ਤੇਰੀ ਉਮਰ ਘੱਟਦੀ ਜਾ ਰਹੀ ਹੈ ਅਤੇ ਪ੍ਰਭੂ-ਸਿਮਰਨ ਤੋਂ ਬਗ਼ੈਰ, ਤੇਰਾ ਮਨੁਖਾ ਜਨਮ ਅਜਾਈਂ ਬੀਤਿਆ ਜਾ ਰਿਹਾ ਹੈ।੧।ਰਹਾਉ। 

ਤੂੰ ਜਵਾਨੀ ਦਾ ਸਮਾਂ ਵਿਸ਼ੇ-ਵਿਕਾਰਾਂ ਵਿਚ ਅਤੇ ਬਚਪਨ ਅੰਞਾਣਪੁਣੇ ਵਿਚ ਗਵਾ ਲਿਆ ਹੈ ।
ਬੁੱਢਾ ਹੋ ਗਿਆ ਹੈਂ, ਪਰ ਅਜੇ ਵੀ ਨਹੀਂ ਸਮਝਦਾ; ਤੂੰ ਕਿਹੜੀ ਖੋਟੀ ਮਤਿ ਵਿਚ ਫਸਿਆ ਪਿਆ ਹੈਂ?੧।

ਜਿਸ ਪ੍ਰਭੂ ਨੇ ਤੈਨੂੰ ਮਨੁਖਾ ਜਨਮ ਦਿਤਾ ਹੈ, ਉਸ ਨੂੰ ਤੂੰ ਕਿਉਂ ਮਨ ਤੋਂ ਭੁਲਾ ਦਿਤਾ ਹੈ?
ਜਿਸ ਦੇ ਚਿੰਤਨ ਨਾਲ ਮਨੁਖ ਵਿਕਾਰਾਂ ਤੋਂ ਮੁਕਤ ਹੋ ਜਾਂਦਾ ਹੈ, ਉਸ ਨੂੰ ਤੂੰ ਇਕ ਪਲ ਲਈ ਵੀ ਯਾਦ ਨਹੀਂ ਕੀਤਾ।੨।

ਤੂੰ ਮਾਇਆ ਦਾ ਮਾਣ ਕਾਹਦੇ ਲਈ ਕਰਦਾ ਹੈਂ? ਇਹ ਕਿਸੇ ਦੇ ਨਾਲ ਨਹੀਂ ਜਾਂਦੀ।
ਗੁਰੂ ਤੇਗਬਹਾਦਰ ਸਾਹਿਬ ਕਥਨ ਕਰਦੇ ਹਨ ਕਿ ਹੇ ਜੀਵ! ਸਾਰੀਆਂ ਇਛਾਵਾਂ ਪੂਰੀਆਂ ਕਰਨ ਵਾਲੇ ਪ੍ਰਭੂ ਨੂੰ ਯਾਦ ਕਰ, ਜੋ ਅੰਤਲੇ ਸਮੇਂ ਤੇਰਾ ਸਹਾਈ ਹੋਵੇਗਾ।੩।੩।੮੧।

(ਰਾਗ) ਰਾਮਕਲੀ, ਮਹਲਾ ਨਾਵਾਂ।

ਪ੍ਰਾਣੀ! ਨਾਰਾਇਣ ਦੀ ਸੁਧ ਲੈ।
ਛਿਣ-ਛਿਣ, ਦਿਨ-ਰਾਤ, ਉਮਰ ਘਟ ਰਹੀ ਹੈ; ਦੇਹੀ ਵਿਅਰਥ ਜਾ ਰਹੀ ਹੈ।੧।ਰਹਾਉ।

ਜੋਬਨ ਵਿਸ਼ੇ-ਵਿਕਾਰਾਂ ਵਿਚ ਗਵਾ ਲਿਆ ਹੈ; ਬਚਪਨ ਅਗਿਆਨ ਵਿਚ।
ਬੁੱਢਾ ਹੋ ਗਿਆ ਹੈਂ, ਅਜੇ ਵੀ ਨਹੀਂ ਸਮਝਦਾ; ਕਿਹੜੀ ਖੋਟੀ ਮਤਿ ਵਿਚ ਉਲਝਿਆ ਹੋਇਆ ਹੈਂ?੧।

ਜਿਸ ਮਾਲਕ ਨੇ ਮਨੁਖਾ ਜਨਮ ਦਿਤਾ ਹੈ, ਉਹ ਤੂੰ ਕਿਉਂ ਵਿਸਾਰ ਦਿਤਾ ਹੈ?
ਜਿਸ ਦੇ ਸਿਮਰਨ ਨਾਲ ਬੰਦਾ ਮੁਕਤ ਹੁੰਦਾ ਹੈ, ਉਸ ਨੂੰ ਨਿਮਖ ਲਈ (ਵੀ) ਨਹੀਂ ਗਾਇਆ।੨।

ਮਾਇਆ ਦਾ ਨਸ਼ਾ ਕਿਉਂ ਕਰਦਾ ਹੈਂ? (ਮਾਇਆ) ਕਿਸੇ ਨਾਲ ਨਹੀਂ ਜਾਂਦੀ।
ਨਾਨਕ ਕਹਿੰਦਾ ਹੈ, ਇਛਾ-ਪੂਰਕ ਨੂੰ ਚੇਤੇ ਕਰ, ਅੰਤ ਸਮੇਂ ਸਹਾਈ ਹੋਵੇਗਾ।੩।੩।੮੧।

ਇਸ ਸ਼ਬਦ ਵਿਚ ਸਹਿਜ ਭਾਸ਼ਾਈ ਪ੍ਰਗਟਾਵੇ ਦੀ ਵਰਤੋਂ ਹੋਈ ਹੈ। ਇਥੇ ਸਹਿਜ ਸ਼ਬਦਾਵਲੀ ਰਾਹੀਂ ਕਥਨ ਕੀਤਾ ਗਿਆ ਹੈ ਕਿ ਪ੍ਰਾਣੀ! ਨਾਰਾਇਣ ਦੀ ਸੁਧ ਲੈ। ਛਿਣ-ਛਿਣ ਕਰਕੇ ਅਉਧ ਘੱਟ ਰਹੀ ਹੈ। ਜਵਾਨੀ ਵਿਸ਼ਿਆਂ ਵਿਚ ਤੇ ਬਚਪਨ ਅਗਿਆਨ ਵਿਚ ਗੁਆ ਲਿਆ। ਹੁਣ ਬੁੱਢਾ ਹੋ ਕੇ ਵੀ ਕੁ-ਮਤਿ ਵਿਚ ਉਲਝਿਆ ਹੋਇਆ ਹੈਂ। ਮਾਨਸ ਜਨਮ ਦੇਣ ਵਾਲੇ ਠਾਕੁਰ ਨੂੰ ਵਿਸਾਰ ਦਿਤਾ ਹੈ। ਮਾਇਆ ਦੇ ਮਦ ਨੂੰ ਤਿਆਗ ਕੇ, ਚਿੰਤਾਮਣੀ-ਪ੍ਰਭੂ ਨੂੰ ਯਾਦ ਕਰ, ਜੋ ਅੰਤ ਸਮੇਂ ਤੇਰਾ ਸਹਾਈ ਹੋਵੇਗਾ।

ਇਸ ਸ਼ਬਦ ਵਿਚ ਆਮ ਵਰਤੀ ਜਾਣ ਵਾਲੀ ਬ੍ਰਜ ਭਾਸ਼ਾ ਤੇ ਉਸ ਵਿਚ ਪ੍ਰਚਲਤ ਲੋਕ ਕਥਨਾਂ ਦੀ ਸੁੰਦਰ ਵਰਤੋਂ ਹੋਈ ਹੈ, ਜਿਵੇਂ ਕਿ: ‘ਸੁਧਿ ਲੇਹਿ,’ ‘ਛਿਨੁ ਛਿਨੁ ਅਉਧ ਘਟੈ,’ ‘ਬ੍ਰਿਥਾ ਜਾਤੁ ਹੈ,’ ‘ਅਜਹੂ ਨਹੀ ਸਮਝੈ,’ ‘ਕਿਉ ਬਿਸਰਾਇਓ,’ ‘ਕਹਾ ਕਰਤੁ ਹੈ।’

‘ਤਰਨਾਪੋ ਬਿਖਿਅਨ ਸਿਉ ਖੋਇਓ ਬਾਲਪਨੁ ਅਗਿਆਨਾ’ ਵਿਚ ਦੇਹਲੀ-ਦੀਪਕ ਅਲੰਕਾਰ ਹੈ। ਇਥੇ ‘ਖੋਇਓ’ ਸ਼ਬਦ ਆਪਣੇ ਤੋਂ ਪਹਿਲੇ ਤੇ ਬਾਅਦ ਵਾਲੇ, ਦੋਵਾਂ ਵਾਕੰਸ਼ਾਂ ਨਾਲ ਜੁੜ ਕੇ ਉਨ੍ਹਾਂ ਦੇ ਅਰਥਾਂ ਨੂੰ ਸੰਪੂਰਨਤਾ ਪ੍ਰਦਾਨ ਕਰ ਰਿਹਾ ਹੈ।

‘ਕਉਨ ਕੁਮਤਿ ਉਰਝਾਨਾ’ ਵਿਚ ਧਾਗੇ ਆਦਿ ਦੇ ਸੰਦਰਭ ਵਿਚ ਵਰਤੀ ਜਾਣ ਵਾਲੀ ਕਿਰਿਆ ‘ਉਲਝਣਾ’ ਨੂੰ ਕੁ-ਮਤਿ ਦੇ ਨਾਲ ਸੰਬੰਧਤ ਕਰ ਦਿਤਾ ਗਿਆ ਹੈ। ਇਹ ਭਾਸ਼ਾਈ ਜੁਗਤ ਅਰਥ ਪਧਰੀ ਵਿਚਲਨ ਅਖਵਾਉਂਦੀ ਹੈ।

ਇਸ ਸ਼ਬਦ ਵਿਚ ਨਾਰਾਇਨ-ਪ੍ਰਭੂ ਲਈ ‘ਠਾਕੁਰਿ’ (ਸੁਆਮੀ ਜਾਂ ਮਾਲਕ) ਤੇ ‘ਚਿੰਤਾਮਨਿ’ (ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ) ਸ਼ਬਦ ਵਰਤੇ ਗਏ ਹਨ, ਜੋ ਪ੍ਰਭੂ ਦੀਆਂ ਵਿਸ਼ੇਸ਼ਤਾਵਾਂ ਦਰਸਾ ਰਹੇ ਹਨ। ਸੋ, ਇਥੇ ਪਰਿਕਰ ਅਲੰਕਾਰ ਆਇਆ ਹੈ।

ਛੇਵੀਂ ਤੁਕ ਵਿਚ ‘ਨਿਮਖ’ ਸ਼ਬਦ ਦੀ ਵਰਤੋਂ ਅਤਿਅੰਤ ਸਿਰਜਣਾਤਮਕ ਹੈ। ਨਿਮਖ ਦਾ ਅਰਥ ਹੈ: ਅੱਖ/ਪਲਕ ਝਪਕਣ ਵਿਚ ਲੱਗਾ ਸਮਾਂ। ਇਥੇ ਇਸ ਨੂੰ ਪਲ ਭਰ ਦੇ ਸਮੇਂ ਨੂੰ ਦਰਸਾਉਣ ਲਈ ਵਰਤਿਆ ਗਿਆ ਹੈ। ਇਸ ਦਾ ਭਾਵ ਹੈ ਕਿ ਹੇ ਮਨੁਖ! ਤੂੰ ਪਲ ਭਰ ਲਈ ਵੀ ਪ੍ਰਭੂ ਨੂੰ ਯਾਦ ਨਹੀਂ ਕੀਤਾ।

ਇਸ ਸ਼ਬਦ ਦੀਆਂ ਅਠ ਤੁਕਾਂ ਹਨ। ਇਨ੍ਹਾਂ ਦਾ ਮਾਤਰਾ ਵਿਧਾਨ ਇਸ ਪ੍ਰਕਾਰ ਹੈ: ਪਹਿਲੀ (੧੫), ਦੂਜੀ (੧੬+੧੧), ਤੀਜੀ (੧੬+੧੧), ਚਉਥੀ (੧੭+੧੨), ਪੰਜਵੀਂ (੧੭+੧੨), ਛੇਵੀਂ (੧੬+੧੨), ਸਤਵੀਂ (੧੬+੧੨), ਅਠਵੀਂ (੧੬+੧੩)। ਇਸ ਛੰਦ ਨੂੰ ‘ਪਦ’ ਕਿਹਾ ਜਾਂਦਾ ਹੈ।