ਵਾਇਨਿ ਚੇਲੇ ਨਚਨਿ ਗੁਰ ॥ ਪੈਰ ਹਲਾਇਨਿ ਫੇਰਨਿ੍ ਸਿਰ ॥
ਉਡਿ ਉਡਿ ਰਾਵਾ ਝਾਟੈ ਪਾਇ ॥ ਵੇਖੈ ਲੋਕੁ ਹਸੈ ਘਰਿ ਜਾਇ ॥
ਰੋਟੀਆ ਕਾਰਣਿ ਪੂਰਹਿ ਤਾਲ ॥ ਆਪੁ ਪਛਾੜਹਿ ਧਰਤੀ ਨਾਲਿ ॥
ਗਾਵਨਿ ਗੋਪੀਆ ਗਾਵਨਿ ਕਾਨ੍ ॥ ਗਾਵਨਿ ਸੀਤਾ ਰਾਜੇ ਰਾਮ ॥
ਨਿਰਭਉ ਨਿਰੰਕਾਰੁ ਸਚੁ ਨਾਮੁ ॥ ਜਾ ਕਾ ਕੀਆ ਸਗਲ ਜਹਾਨੁ ॥
ਸੇਵਕ ਸੇਵਹਿ ਕਰਮਿ ਚੜਾਉ ॥ ਭਿੰਨੀ ਰੈਣਿ ਜਿਨਾ੍ ਮਨਿ ਚਾਉ ॥
ਸਿਖੀ ਸਿਖਿਆ ਗੁਰ ਵੀਚਾਰਿ ॥ ਨਦਰੀ ਕਰਮਿ ਲਘਾਏ ਪਾਰਿ ॥
ਕੋਲੂ ਚਰਖਾ ਚਕੀ ਚਕੁ ॥ ਥਲ ਵਾਰੋਲੇ ਬਹੁਤੁ ਅਨੰਤੁ ॥
ਲਾਟੂ ਮਾਧਾਣੀਆ ਅਨਗਾਹ ॥ ਪੰਖੀ ਭਉਦੀਆ ਲੈਨਿ ਨ ਸਾਹ ॥
ਸੂਐ ਚਾੜਿ ਭਵਾਈਅਹਿ ਜੰਤ ॥ ਨਾਨਕ ਭਉਦਿਆ ਗਣਤ ਨ ਅੰਤ ॥
ਬੰਧਨ ਬੰਧਿ ਭਵਾਏ ਸੋਇ ॥ ਪਇਐ ਕਿਰਤਿ ਨਚੈ ਸਭੁ ਕੋਇ ॥
ਨਚਿ ਨਚਿ ਹਸਹਿ ਚਲਹਿ ਸੇ ਰੋਇ ॥ ਉਡਿ ਨ ਜਾਹੀ ਸਿਧ ਨ ਹੋਹਿ ॥
ਨਚਣੁ ਕੁਦਣੁ ਮਨ ਕਾ ਚਾਉ ॥ ਨਾਨਕ ਜਿਨ੍ ਮਨਿ ਭਉ ਤਿਨਾ੍ ਮਨਿ ਭਾਉ ॥੨॥
ਮਃ ੧ ॥ |
ਵਾਇਨਿ ਚੇਲੇ ਨਚਨਿ ਗੁਰ ॥ ਪੈਰ ਹਲਾਇਨਿ ਫੇਰਨਿ੍ ਸਿਰ ॥ |
ਉਡਿ ਉਡਿ ਰਾਵਾ ਝਾਟੈ ਪਾਇ ॥ ਵੇਖੈ ਲੋਕੁ ਹਸੈ ਘਰਿ ਜਾਇ ॥ |
ਰੋਟੀਆ ਕਾਰਣਿ ਪੂਰਹਿ ਤਾਲ ॥ ਆਪੁ ਪਛਾੜਹਿ ਧਰਤੀ ਨਾਲਿ ॥ |
ਗਾਵਨਿ ਗੋਪੀਆ ਗਾਵਨਿ ਕਾਨ੍ ॥ ਗਾਵਨਿ ਸੀਤਾ ਰਾਜੇ ਰਾਮ ॥ |
ਨਿਰਭਉ ਨਿਰੰਕਾਰੁ ਸਚੁ ਨਾਮੁ ॥ ਜਾ ਕਾ ਕੀਆ ਸਗਲ ਜਹਾਨੁ ॥ |
ਸੇਵਕ ਸੇਵਹਿ ਕਰਮਿ ਚੜਾਉ ॥ ਭਿੰਨੀ ਰੈਣਿ ਜਿਨਾ੍ ਮਨਿ ਚਾਉ ॥ |
ਸਿਖੀ ਸਿਖਿਆ ਗੁਰ ਵੀਚਾਰਿ ॥ ਨਦਰੀ ਕਰਮਿ ਲਘਾਏ ਪਾਰਿ ॥ |
ਕੋਲੂ ਚਰਖਾ ਚਕੀ ਚਕੁ ॥ ਥਲ ਵਾਰੋਲੇ ਬਹੁਤੁ ਅਨੰਤੁ ॥ |
ਲਾਟੂ ਮਾਧਾਣੀਆ ਅਨਗਾਹ ॥ ਪੰਖੀ ਭਉਦੀਆ ਲੈਨਿ ਨ ਸਾਹ ॥ |
ਸੂਐ ਚਾੜਿ ਭਵਾਈਅਹਿ ਜੰਤ ॥ ਨਾਨਕ ਭਉਦਿਆ ਗਣਤ ਨ ਅੰਤ ॥ |
ਬੰਧਨ ਬੰਧਿ ਭਵਾਏ ਸੋਇ ॥ ਪਇਐ ਕਿਰਤਿ ਨਚੈ ਸਭੁ ਕੋਇ ॥ |
ਨਚਿ ਨਚਿ ਹਸਹਿ ਚਲਹਿ ਸੇ ਰੋਇ ॥ ਉਡਿ ਨ ਜਾਹੀ ਸਿਧ ਨ ਹੋਹਿ ॥ |
ਨਚਣੁ ਕੁਦਣੁ ਮਨ ਕਾ ਚਾਉ ॥ ਨਾਨਕ ਜਿਨ੍ ਮਨਿ ਭਉ ਤਿਨਾ੍ ਮਨਿ ਭਾਉ ॥੨॥ |

ਨੱਚਣ ਵਾਲਿਆਂ ਦੇ ਪੈਰਾਂ ਨਾਲ ਮਿੱਟੀ-ਘੱਟਾ ਉਡ-ਉਡ ਕੇ ਉਨ੍ਹਾਂ ਦੇ ਸਿਰ ਵਿਚ ਪੈਂਦਾ ਹੈ। ਉਥੇ ਇਕੱਠਾ ਹੋਇਆ ਲੋਕਾਂ ਦਾ ਹਜੂਮ, ਇਹ ਸਭ ਕੁਝ ਵੇਖਦਾ ਹੈ ਤੇ ਘਰ ਜਾ ਕੇ ਉਨ੍ਹਾਂ ਉਪਰ ਹੱਸਦਾ, ਉਨ੍ਹਾਂ ਦਾ ਮਖੌਲ ਉਡਾਉਂਦਾ ਹੈ।
ਇਸ ਤਰ੍ਹਾਂ, ਉਹ ਰਾਸ-ਧਾਰੀਏ ਲੋਕਾਂ ਦਾ ਮਨੋਰੰਜਨ ਕਰਕੇ ਉਨ੍ਹਾਂ ਤੋਂ ਪੈਸੇ ਉਗਰਾਹੁਣ ਲਈ (ਰੋਟੀਆਂ ਕਾਰਣ) ਹੀ ਨੱਚਦੇ ਟੱਪਦੇ ਹਨ; ਇਸ ਨੂੰ ਪ੍ਰਭੂ ਦੀ ਭਗਤੀ ਦਾ ਇਜਹਾਰ ਕਰਨਾ ਨਹੀਂ ਕਿਹਾ ਜਾ ਸਕਦਾ।
ਰਾਸਾਂ ਵਿਚ ਨੱਚਣ ਵਾਲੇ ਉਹ ਰਾਸ-ਧਾਰੀਏ, ਇਕ ਨਿਰੰਕਾਰ-ਪ੍ਰਭੂ ਦੀ ਸਿਫਤਿ-ਸਾਲਾਹ ਕਰਨ ਦੀ ਬਜਾਏ, ਅਵਤਾਰਾਂ (ਕ੍ਰਿਸ਼ਨ, ਰਾਮ ਚੰਦਰ) ਅਤੇ ਉਨ੍ਹਾਂ ਦੀਆਂ ਸਖੀਆਂ (ਗੋਪੀਆਂ, ਸੀਤਾ) ਆਦਿ ਦੇ ਸਵਾਂਗ ਬਣਾ ਕੇ ਉਨ੍ਹਾਂ ਦੀ ਉਸਤਤੀ ਦੇ ਗੀਤ ਗਾਉਂਦੇ ਹਨ।
ਇਕੋ-ਇਕ ਨਿਰੰਕਾਰ-ਪ੍ਰਭੂ ਹੀ, ਜਿਸ ਦਾ ਇਹ ਸਾਰਾ ਜਗਤ-ਸੰਸਾਰ ਬਣਾਇਆ ਹੋਇਆ ਹੈ, ਡਰ ਤੋਂ ਰਹਿਤ ਹਸਤੀ ਹੈ; ਕਿਸੇ ਦੇ ਹੁਕਮ ਅਧੀਨ ਨਹੀਂ। ਉਸ ਦਾ ਨਾਮ ਹੀ ਸਦਾ ਰਹਿਣ ਵਾਲਾ ਹੈ।
ਜਿਨ੍ਹਾਂ ਦੇ ਮਨ ਵਿਚ ਇਕੋ ਇਕ ਨਿਰੰਕਾਰ-ਪ੍ਰਭੂ ਦੀ ਸਿਫਤਿ-ਸਾਲਾਹ ਕਰਨ ਦਾ ਚਾਅ-ਉਤਸ਼ਾਹ ਹੁੰਦਾ ਹੈ, ਉਹ ਸੇਵਕ ਉਸ ਪ੍ਰਭੂ ਨੂੰ ਹੀ ਸਿਮਰਦੇ ਹਨ। ਪ੍ਰਭੂ ਦੀ ਮਿਹਰ ਸਦਕਾ ਉਨ੍ਹਾਂ ਨੂੰ ਰੱਬੀ ਰੰਗਤ ਦਾ ਅਨੂਠਾ ਚੜ੍ਹਾਉ ਚੜ੍ਹਦਾ ਹੈ ਅਤੇ ਉਨ੍ਹਾਂ ਦਾ ਜੀਵਨ (ਰਾਤ-ਦਿਨ) ਆਤਮ-ਰਸ ਨਾਲ ਸਰਸ਼ਾਰ ਹੋਇਆ ਰਹਿੰਦਾ ਹੈ।
ਜਿਨ੍ਹਾਂ ਪ੍ਰਭੂ-ਸੇਵਕਾਂ ਨੇ ਗੁਰੂ ਦੇ ਗਿਆਨ-ਵੀਚਾਰ ਰਾਹੀਂ ਗੁਰਮਤਿ ਸਿਖਿਆ ਧਾਰਨ ਕਰ ਲਈ ਹੁੰਦੀ ਹੈ, ਮਿਹਰਵਾਨ-ਪ੍ਰਭੂ ਆਪਣੀ ਮਿਹਰ ਸਦਕਾ ਉਨ੍ਹਾਂ ਨੂੰ ਭਵ-ਸਾਗਰ ਤੋਂ ਪਾਰ ਲੰਘਾ ਦੇਂਦਾ ਹੈ।
ਕੋਹਲੂ, ਚਰਖਾ, ਚੱਕੀ, ਕੁਮ੍ਹਿਆਰ ਦਾ ਚੱਕ ਤੇ ਮਾਰੂਥਲਾਂ ਦੇ ਅਨੰਤ ਵਾ-ਵਰੋਲੇ।
ਗੋਲ ਗੋਲ ਘੁੰਮਣ ਵਾਲੇ ਖਿਡੌਣੇ (ਲਾਟੂ), ਦੁੱਧ ਰਿੜਕਨ ਵਾਲੀਆਂ ਮਧਾਣੀਆਂ, ਅੰਨ ਗਾਹੁਣ ਵਾਲੇ ਫਲ੍ਹੇ ਅਤੇ ਪੰਛੀਆਂ ਦੀਆਂ ਉਡਦੀਆਂ ਡਾਰਾਂ ਜੋ ਅਕਾਸ਼ ਵਿਚ ਨਿਰੰਤਰ ਘੁੰਮਦੀਆਂ ਰਹਿੰਦੀਆਂ ਹਨ।
ਇਨ੍ਹਾਂ ਤੋਂ ਇਲਾਵਾ, ਹੋਰ ਅਨੇਕ ਜੰਤਰ ਸੂਏ ਉਪਰ ਚਾੜ੍ਹ ਕੇ ਘੁੰਮਾਏ ਜਾਂਦੇ ਹਨ। ਨਾਨਕ! ਭਉਣ ਵਾਲਿਆਂ ਇਨ੍ਹਾਂ ਜੀਵਾਂ ਅਤੇ ਜੰਤਰਾਂ ਦੀਆਂ ਗਿਣਤੀਆਂ-ਮਿਣਤੀਆਂ ਨਹੀਂ ਹੋ ਸਕਦੀਆਂ, ਨਾ ਹੀ ਉਨ੍ਹਾਂ ਦੇ ਅੰਤ ਪਾਏ ਜਾ ਸਕਦੇ ਹਨ।
ਪਰ ਇਨ੍ਹਾਂ ਸੰਸਾਰੀ ਜੀਵਾਂ ਦੇ ਵੀ ਕੀ ਹੱਥ-ਵੱਸ ਹੈ? ਉਹ ਪ੍ਰਭੂ-ਹੁਕਮ ਹੀ ਜੀਵਾਂ ਨੂੰ ਮਾਇਕੀ-ਬੰਧਨਾਂ ਵਿਚ ਬੰਨ੍ਹ ਕੇ ਭਵਾਉਂਦਾ ਹੈ। ਹਰ ਕੋਈ ਧੁਰ-ਦਰਗਾਹੋਂ ਲਿਖੇ ਹੋਏ ਕਰਮ-ਲੇਖ ਅਨੁਸਾਰ ਹੀ ਨੱਚਦਾ ਫਿਰਦਾ ਹੈ।
ਜਿਹੜੇ ਜੀਵ ਨਿਰੰਕਾਰ-ਪ੍ਰਭੂ ਨੂੰ ਵਿਸਾਰ ਕੇ ਮਾਇਆ ਖਾਤਰ ਰਾਸਾਂ ਪਾਉਂਦੇ ਤੇ ਨੱਚ-ਨੱਚ ਕੇ ਹੱਸਦੇ ਹਨ, ਉਹ ਅੰਤ ਨੂੰ ਸੰਸਾਰ ਤੋਂ ਨਿਰਾਸ ਹੋ ਕੇ (ਰੋਂਦੇ ਹੋਏ) ਜਾਂਦੇ ਹਨ। ਇਹੋ ਜਿਹੇ ਮਨ-ਪਰਚਾਵੇ ਦੇ ਸਾਧਨਾਂ (ਰਾਸਾਂ ਵਿਚ ਨੱਚਣ ਟੱਪਣ) ਨਾਲ ਨਾ ਹੀ ਉਹ ਕਿਸੇ ਉੱਚੀ ਆਤਮਕ ਅਵਸਥਾ ਤਕ ਪਹੁੰਚ ਸਕਦੇ ਹਨ ਤੇ ਨਾ ਹੀ ਆਤਮ-ਗਿਆਨ ਦੀ ਪ੍ਰਾਪਤੀ ਕਰ ਸਕਦੇ ਹਨ।
ਇਹੋ ਜਿਹਾ ਨੱਚਣਾ ਕੁੱਦਣਾ ਮਨ ਦਾ ਚਾਅ ਹੀ ਹੁੰਦਾ ਹੈ, ਪ੍ਰਭੂ ਪ੍ਰੇਮ ਨਹੀਂ। ਨਾਨਕ! ਜਿਨ੍ਹਾਂ ਦੇ ਮਨ ਵਿਚ ਨਿਰੰਕਾਰ-ਪ੍ਰਭੂ ਦਾ ਭੈ-ਅਦਬ ਹੈ, ਉਨ੍ਹਾਂ ਦੇ ਮਨ ਵਿਚ ਹੀ ਉਸ ਲਈ ਅਸਲ ਪ੍ਰੇਮ ਹੈ।
ਨੋਟ: ਇਸ ਬ੍ਰਹਿਮੰਡੀ ਪਸਾਰੇ ਵਿਚ ਕੁਦਰਤ ਵਲੋਂ ਹੋ ਰਹੀ ਆਪ-ਮੁਹਾਰੀ ‘ਆਰਤੀ’ ਵਾਂਗ, ਕੁਦਰਤੀ ‘ਰਾਸ’ ਵੀ ਸਹਿਜ ਰੂਪ ਵਿਚ ਹੀ ਪੈ ਰਹੀ ਹੈ, ਜਿਸ ਵਿਚ ਘੜੀਆਂ, ਪਹਿਰ, ਹਵਾ, ਪਾਣੀ, ਅੱਗ, ਚੰਦਰਮਾ, ਸੂਰਜ ਆਦਿ ਵੱਖ-ਵੱਖ ਕਿਰਦਾਰ ਨਿਭਾ ਰਹੇ ਹਨ। ਪਰ ਨਕਲੀ ਗੁਰੂ, ਕਾਦਰ ਦੀ ਰਚੀ ਇਸ ਕੁਦਰਤੀ ਰਾਸ ਨੂੰ ਵਿਸਾਰ ਕੇ, ਅਵਤਾਰਾਂ, ਗੋਪੀਆਂ ਆਦਿ ਦਾ ਸਵਾਂਗ ਧਾਰ ਕੇ ਚੇਲਿਆਂ ਸਮੇਤ ਨੱਚਦੇ ਟੱਪਦੇ ਹਨ। ਜ਼ਮੀਨ ਤੋਂ ਉਡਦੀ ਖੇਹ ਉਨ੍ਹਾਂ ਦੇ ਸਿਰਾਂ ਵਿਚ ਪੈਂਦੀ ਹੈ ਤੇ ਉਹ ਲੋਕਾਂ ਦੇ ਹਾਸੇ ਦਾ ਪਾਤਰ ਬਣਦੇ ਹਨ। ਇਸ ਸਲੋਕ ਵਿਚ ਉਨ੍ਹਾਂ ਕਲਾਕਾਰਾਂ ਦੀ ਆਰਥਕ ਮੰਦਹਾਲੀ ਦਾ ਵੀ ਪਤਾ ਲਗਦਾ ਹੈ ਕਿ ਇਹ ਲੋਕ ਪੇਟ ਦੀ ਭੁੱਖ ਮਿਟਾਉਣ ਲਈ ਹੀ ਆਮ ਲੋਕਾਈ ਦਾ ਮਨੋਰੰਜਨ ਕਰਨ ਤੱਕ ਸੀਮਤ ਸਨ।
ਕੋਹਲੂ, ਚਰਖਾ, ਚੱਕੀ ਦੇ ਪੁੜ, ਲਾਟੂ, ਮਧਾਣੀ ਆਦਿ ਲਗਾਤਾਰ ਘੁੰਮਦੇ ਰਹਿੰਦੇ ਹਨ। ਇਹ ਸਾਰੀਆਂ ਬੇਜਾਨ ਵਸਤਾਂ ਹੋਣ ਕਾਰਨ ਆਪਣੇ ਕਾਰਜ ਨਾਲ ਭਾਵਨਾਤਮਕ ਸਾਂਝ ਨਹੀਂ ਰਖਦੀਆਂ, ਉਸੇ ਤਰ੍ਹਾਂ ਪ੍ਰਭੂ-ਪਿਆਰ ਤੋਂ ਸੱਖਣਾ ਮਨੁਖ ਲਗਾਤਾਰ ਧਾਰਮਕ ਕਾਰਜ ਕਰਦਾ ਹੋਇਆ ਵੀ ਆਪਣੀ ਹੋਣੀ ਨੂੰ ਕੋਸਦਾ ਬੰਧਨਾਂ ਵਿਚ ਜਕੜਿਆ ਰਹਿੰਦਾ ਹੈ। ਪ੍ਰਭੂ ਦੇ ਪਿਆਰ ਤੋਂ ਸਖਣੇ ਸਾਰੇ ਅਡੰਬਰ ਤੇ ਕਾਰਜ ਵਿਅਰਥ ਹਨ।
ਘੱਟਾ ਉਡ ਉਡ ਕੇ (ਉਨ੍ਹਾਂ ਦੇ) ਝਾਟੇ ਵਿਚ ਪੈਂਦਾ ਹੈ। ਸੰਸਾਰ ਵੇਖਦਾ ਹੈ ਤੇ ਘਰ ਜਾ ਕੇ ਹੱਸਦਾ ਹੈ।
(ਉਹ ਰਾਸਧਾਰੀਏ) ਰੋਟੀਆਂ ਕਾਰਣ, ਤਾਲ ਪੂਰਦੇ ਹਨ। ਆਪਣੇ ਆਪ ਨੂੰ ਧਰਤੀ ਉਤੇ ਪਟਕਾਉਂਦੇ ਹਨ।
(ਉਹ) ਗੋਪੀਆਂ ਦੇ (ਗੀਤ) ਗਾਉਂਦੇ ਹਨ, ਕ੍ਰਿਸ਼ਨ ਦੇ (ਗੀਤ) ਗਾਉਂਦੇ ਹਨ। ਸੀਤਾ ਤੇ ਰਾਜੇ ਰਾਮ ਦੇ (ਗੀਤ) ਗਾਉਂਦੇ ਹਨ।
ਭੈ ਤੋਂ ਰਹਿਤ (ਕੇਵਲ ਇਕ) ਨਿਰੰਕਾਰ-ਪ੍ਰਭੂ ਹੈ, (ਉਸ ਦਾ) ਨਾਮ (ਹੀ) ਸੱਚਾ ਹੈ; ਜਿਸ ਦਾ ਸਾਰਾ ਸੰਸਾਰ ਰਚਿਆ ਹੋਇਆ ਹੈ ।
(ਪ੍ਰਭੂ ਦੇ) ਸੇਵਕ (ਇਕ ਪ੍ਰਭੂ ਨੂੰ) ਸੇਂਵਦੇ ਹਨ; (ਉਸ ਦੇ) ਪ੍ਰਸਾਦ ਸਦਕਾ (ਉਨ੍ਹਾਂ ਨੂੰ ਰੱਬੀ-ਰੰਗਤ ਦਾ) ਚੜ੍ਹਾਉ (ਚੜ੍ਹਦਾ ਹੈ)।
(ਉਨ੍ਹਾਂ ਦੀ) ਰਾਤ ਰਸ-ਭਿੰਨੀ (ਹੋ ਜਾਂਦੀ) ਹੈ, ਜਿਨ੍ਹਾਂ ਦੇ ਮਨ ਵਿਚ (ਅਜਿਹਾ) ਚਾਅ-ਉਤਸ਼ਾਹ (ਹੁੰਦਾ) ਹੈ।
(ਜਿਨ੍ਹਾਂ ਨੇ) ਗੁਰੂ ਦੇ ਵੀਚਾਰ ਰਾਹੀਂ ਸਿਖਿਆ ਸਿਖੀ ਹੈ, ਕਿਰਪਾਲੂ-ਪ੍ਰਭੂ (ਉਨ੍ਹਾਂ ਨੂੰ ਆਪਣੀ) ਮਿਹਰ ਦੁਆਰਾ ਪਾਰ ਲੰਘਾ ਦੇਂਦਾ ਹੈ।
ਕੋਹਲੂ, ਚਰਖਾ, ਚੱਕੀ, ਚੱਕ (ਅਤੇ) ਥਲਾਂ ਦੇ ਅਣਗਿਣਤ (ਤੇ) ਬੇਅੰਤ ਵਾ-ਵਰੋਲੇ।
ਲਾਟੂ, ਮਧਾਣੀਆਂ, ਅੰਨ ਗਾਹੁਣ ਵਾਲੇ ਜੰਤਰ (ਅਤੇ) ਭਉਂਦੀਆਂ ਹੋਈਆਂ ਪੰਛੀਆਂ (ਦੀਆਂ ਡਾਰਾਂ) ਸਾਹ ਨਹੀਂ ਲੈਂਦੀਆ।
(ਕਈ ਹੋਰ) ਜੰਤਰ ਸੂਏ ਉਪਰ ਚਾੜ੍ਹ ਕੇ ਭਵਾਏ ਜਾਂਦੇ ਹਨ। ਨਾਨਕ! ਭਉਣ ਵਾਲਿਆਂ ਦੀਆਂ, ਨਾ ਗਿਣਤੀਆਂ ਹਨ, ਨਾ ਅੰਤ।
ਉਹ (ਪ੍ਰਭੂ ਹੀ ਜੀਵਾਂ ਨੂੰ) ਬੰਧਨਾਂ ਵਿਚ ਬੰਨ੍ਹ ਕੇ ਭਵਾਉਂਦਾ ਹੈ। ਪਏ ਹੋਏ ਕਿਰਤ-ਲੇਖ ਅਨੁਸਾਰ, ਹਰ ਕੋਈ ਨੱਚਦਾ ਹੈ।
(ਜੋ) ਨੱਚ-ਨੱਚ ਕੇ ਹੱਸਦੇ ਹਨ, ਉਹ ਰੋਂਦੇ ਹੋਏ ਜਾਂਦੇ ਹਨ। (ਉਹ) ਉਡ ਕੇ ਨਹੀ ਜਾ ਸਕਦੇ, ਸਿੱਧ ਨਹੀਂ ਬਣ ਸਕਦੇ ਹਨ।
ਨੱਚਣਾ ਕੁੱਦਣਾ ਮਨ ਦਾ ਚਾਅ ਹੈ। ਨਾਨਕ! ਜਿਨ੍ਹਾਂ ਦੇ ਮਨ ਵਿਚ ਰੱਬੀ-ਭੈ ਹੈ, ਉਨ੍ਹਾਂ ਦੇ ਮਨ ਵਿਚ (ਹੀ) ਰੱਬੀ-ਪ੍ਰੇਮ ਹੈ।
ਤੀਜੇ ਭਾਗ ਵਿਚ ਗਿਆਰਵੀਂ ਤੋਂ ਚੌਦ੍ਹਵੀਂ ਤਕ ਦੀਆਂ ਚਾਰ ਤੁਕਾਂ ਆਉਂਦੀਆਂ ਹਨ। ਇਨ੍ਹਾਂ ਵਿਚ ਪਹਿਲੇ ਭਾਗ ਦੀ ਸਥਿਤੀ ਦੇ ਵਿਪਰੀਤ ਉਨ੍ਹਾਂ ਗੁਰਮੁਖਾਂ ਦਾ ਚਿਤਰਣ ਕੀਤਾ ਗਿਆ ਹੈ, ਜਿਹੜੇ ਗੁਰੂ ਦੀ ਸਿੱਖਿਆ ‘ਤੇ ਚਲ ਕੇ ਪ੍ਰਭੂ ਬਖਸ਼ਿਸ਼ ਨੂੰ ਪ੍ਰਾਪਤ ਕਰ ਲੈਂਦੇ ਹਨ।
ਚੌਥੇ ਭਾਗ ਵਿਚ ਪੰਦਰਵੀਂ ਤੋਂ ਚੌਵੀਵੀਂ ਤੁਕ ਵਿਚ ਕੋਹਲੂ, ਚਰਖਾ, ਚੱਕੀ, ਚੱਕ, ਵਾ-ਵਰੋਲੇ, ਲਾਟੂ, ਮਧਾਣੀਆਂ, ਅੰਨ ਗਾਹੁਣ ਵਾਲੇ ਜੰਤਰ, ਪੰਛੀ, ਸੂਏ ਤੇ ਚੜ੍ਹ ਕੇ ਘੁੰਮਣ ਵਾਲੇ ਜੰਤਰ ਆਦਿ ਦੇ ਉਦਾਹਰਣ ਦੇ ਕੇ ਸਮਝਾਇਆ ਗਿਆ ਹੈ ਕਿ ਇਨ੍ਹਾਂ ਵਾਂਗ ਸੰਸਾਰ ਦੇ ਜੀਵ ਵੀ ਬੰਧਨਾਂ ਵਿਚ ਬੰਨ੍ਹੇ ਹੋਏ ਨੱਚ ਰਹੇ ਹਨ। ਇਥੇ ਪੂਰਵ ਵਰਤੀ ਕਥਨਾਂ ਨੂੰ ਸਪਸ਼ਟ ਕਰਨ ਲਈ ਅਨੇਕਾਂ ਉਦਾਹਰਣਾਂ ਦੀ ਵਰਤੋਂ ਹੋਈ ਹੈ। ਇਸ ਦੇ ਨਾਲ ਹੀ ਇਨ੍ਹਾਂ ਤੁਕਾਂ ਵਿਚ ਰਾਸਾਂ ਪਾਉਂਦਿਆਂ ‘ਨੱਚਣ-ਕੁੱਦਣ’ ਵਾਲਿਆਂ ਉਪਰ ਵਿਅੰਗ ਵੀ ਕੀਤਾ ਗਿਆ ਹੈ। ਇਸ ਕਾਰਨ ਵਿਅੰਗਾਤਮਕਤਾ ਸਮੇਤ ਹਾਸ ਰਸ ਦੀ ਉਤਪਤੀ ਵੀ ਹੋਈ ਹੈ।
ਸਲੋਕ ਵਿਚ ‘ਵਾਇਨਿ’, ‘ਨਚਨਿ’, ‘ਹਲਾਇਨਿ’, ‘ਫੇਰਨਿ੍’ (ਪਹਿਲੀ-ਦੂਜੀ ਤੁਕ), ‘ਉਡਿ-ਉਡਿ’ (ਤੀਜੀ ਤੁਕ), ‘ਗਾਵਨਿ ਗੋਪੀਆ ਗਾਵਨਿ...ਰਾਜੇ-ਰਾਮ’ (ਸਤਵੀਂ-ਅਠਵੀਂ ਤੁਕ), ‘ਨਿਰਭਉ ਨਿਰੰਕਾਰੁ’ (ਨਾਵੀਂ ਤੁਕ), ‘ਸੇਵਕ ਸੇਵਹਿ’ (ਗਿਆਰਵੀਂ ਤੁਕ), ‘ਸਿਖੀ ਸਿਖਿਆ’ (ਤੇਰ੍ਹਵੀਂ ਤੁਕ) ‘ਚਰਖਾ-ਚਕੀ-ਚਕ’ (ਪੰਦਰ੍ਹਵੀਂ ਤੁਕ), ‘ਬੰਧਨ ਬੰਧਿ’ (ਇੱਕੀਵੀਂ ਤੁਕ), ‘ਨਚਿ ਨਚਿ’, ‘ਹਸਹਿ ਚਲਹਿ’ (ਤੇਈਵੀਂ ਤੁਕ) ਅਤੇ ‘ਨਚਣੁ ਕੁਦਣੁ’ (ਪੱਚੀਵੀਂ ਤੁਕ) ਦੀ ਆਮਦ ਕਾਰਨ ਅਨੁਪ੍ਰਾਸ ਅਲੰਕਾਰ ਦੇ ਰੂਪ ਵਿਚ ਵਿਸ਼ੇਸ਼ ਨਾਦਗਤ ਲੈਅ ਵੀ ਪੈਦਾ ਹੋ ਰਹੀ ਹੈ।
ਪੱਚੀਵੀਂ ਤੁਕ ‘ਨਚਣੁ ਕੁਦਣੁ ਮਨ ਕਾ ਚਾਉ’ ਕਿਉਂਕਿ ਸਮੁੱਚੇ ਸਲੋਕ ਦਾ ਮੂਲ ਭਾਵ ਪ੍ਰਗਟ ਕਰ ਰਹੀ ਹੈ, ਇਸ ਲਈ ਇਥੇ ਵਾਕ ਪੱਧਰੀ ਵਿਰਲਤਾ ਪਰਗਟ ਹੋ ਰਹੀ ਹੈ। ਅੰਤਲੀ ਛੱਬੀਵੀਂ ਤੁਕ ‘ਜਿਨ੍ ਮਨਿ ਭਉ ਤਿਨਾ੍ ਮਨਿ ਭਾਉ’ ਵਿਚ ਇਕੋ ਰੂਪਗਤ ਸੰਰਚਨਾ ਦੀ ਦੁਹਰਾਈ ਹੋਈ ਹੈ। ਇਸ ਰੂਪ ਪੱਧਰੀ ਸਮਾਨੰਤਰਤਾ ਰਾਹੀਂ ਇਹ ਦ੍ਰਿੜ ਕਰਾਇਆ ਗਿਆ ਹੈ ਕਿ ਜਿਸ ਦੇ ਮਨ ਵਿਚ ਪ੍ਰਭੂ ਦਾ ਭੈ-ਅਦਬ ਹੈ, ਉਸ ਦੇ ਮਨ ਵਿਚ ਹੀ ਪ੍ਰਭੂ ਪ੍ਰਤੀ ਅਸਲ ਪ੍ਰੇਮ-ਭਾਵ ਹੁੰਦਾ ਹੈ।
ਸਮੁੱਚੇ ਸਲੋਕ ਵਿਚ ਸਿੱਧੇ ਸਪੱਸ਼ਟ ਅਰਥਾਂ ਵਾਲੀ ਭਾਸ਼ਾ ਦੀ ਵਰਤੋਂ ਹੋਈ ਹੈ। ਇਹ ਭਾਸ਼ਾਈ ਮੁਹਾਰਤ ‘ਸਹਿਜ ਭਾਸ਼ਾਈ ਪ੍ਰਗਟਾਵਾ’ ਅਖਵਾਉਂਦੀ ਹੈ।