Connect

2005 Stokes Isle Apt. 896, Vacaville 10010, USA

[email protected]

ਸਲੋਕੁ ਮਃ ੧॥
ਨਾਨਕ ਫਿਕੈ ਬੋਲਿਐ    ਤਨੁ ਮਨੁ ਫਿਕਾ ਹੋਇ ॥
ਫਿਕੋ ਫਿਕਾ ਸਦੀਐ    ਫਿਕੇ ਫਿਕੀ ਸੋਇ ॥
ਫਿਕਾ ਦਰਗਹ ਸਟੀਐ    ਮੁਹਿ ਥੁਕਾ ਫਿਕੇ ਪਾਇ ॥
ਫਿਕਾ ਮੂਰਖੁ ਆਖੀਐ    ਪਾਣਾ ਲਹੈ ਸਜਾਇ ॥੧॥

ਸਲੋਕੁ ਮਃ ੧॥

ਨਾਨਕ ਫਿਕੈ ਬੋਲਿਐ    ਤਨੁ ਮਨੁ ਫਿਕਾ ਹੋਇ ॥

ਫਿਕੋ ਫਿਕਾ ਸਦੀਐ    ਫਿਕੇ ਫਿਕੀ ਸੋਇ ॥

ਫਿਕਾ ਦਰਗਹ ਸਟੀਐ    ਮੁਹਿ ਥੁਕਾ ਫਿਕੇ ਪਾਇ ॥

ਫਿਕਾ ਮੂਰਖੁ ਆਖੀਐ    ਪਾਣਾ ਲਹੈ ਸਜਾਇ ॥੧॥

ਨਾਨਕ! ਖਰ੍ਹਵਾ ਬੋਲਣ ਨਾਲ ਮਨੁਖ ਦਾ ਸਰੀਰ ਅਤੇ ਮਨ ਬੇ-ਰਸਾ ਹੋ ਜਾਂਦਾ ਹੈ। ਖਰ੍ਹਵਾ ਬੋਲਣ ਵਾਲੇ ਨੂੰ ਅਸੱਭਿਅ ਆਖਿਆ ਜਾਂਦਾ ਹੈ ਤੇ ਅਜਿਹੇ ਵਿਅਕਤੀ ਦੀ ਛਵੀ ਵੀ ਮਾੜੀ ਹੀ ਹੁੰਦੀ ਹੈ।
ਰੁਖਾ ਬੋਲਣ ਵਾਲੇ ਨੂੰ ਪ੍ਰਭੂ ਦੀ ਦਰਗਾਹ ਵਿਚੋਂ ਬਾਹਰ ਕਢ ਦਿਤਾ ਜਾਂਦਾ ਹੈ; ਭਾਵ, ਉਹ ਉਥੇ ਕਬੂਲ ਨਹੀਂ ਪੈਂਦਾ ਅਤੇ ਅਜਿਹੇ ਵਿਅਕਤੀ ਦੇ ਮੂੰਹ ’ਤੇ ਕੇਵਲ ਫਿਟਕਾਰਾਂ ਹੀ ਪੈਂਦੀਆਂ ਹਨ।
ਰੁਖਾ ਬੋਲਣ ਵਾਲਾ ਬੇਸਮਝ ਕਿਹਾ ਜਾਂਦਾ ਹੈ ਤੇ ਦੁਖ ਭੋਗਦਾ (ਜੁੱਤੀਆਂ ਦੀ ਸਜਾ ਪਾਉਂਦਾ) ਹੈ।

ਨਾਨਕ! ਰੁਖਾ ਬੋਲਣ ਨਾਲ, ਤਨ ਮਨ ਰੁਖਾ ਹੋ ਜਾਂਦਾ ਹੈ
ਰੁਖਾ (ਬੋਲਣ ਵਾਲਾ) ਰੁਖਾ ਆਖਿਆ ਜਾਂਦਾ ਹੈ (ਤੇ) ਰੁਖੇ ਦੀ ਰੁਖੀ (ਹੁੰਦੀ ਹੈ) ਸੋਭਾ
ਰੁਖਾ (ਬੋਲਣ ਵਾਲਾ) ਦਰਗਾਹਚੋਂ (ਬਾਹਰ) ਸੁੱਟ ਦਿਤਾ ਜਾਂਦਾ ਹੈ (ਤੇ) ਰੁਖੇ ਦੇ ਮੂੰਹਤੇ ਥੁਕਾਂ ਪਾਈਆਂ ਜਾਂਦੀਆਂ ਹਨ
ਰੁਖਾ (ਬੋਲਣ ਵਾਲਾ) ਬੇਸਮਝ ਆਖਿਆ ਜਾਂਦਾ ਹੈ (ਤੇ) ਜੁੱਤੀਆਂ ਦੀ ਸਜਾ ਪਾਉਂਦਾ ਹੈ

ਚਾਰ ਤੁਕਾਂ ਵਾਲੇ ਇਸ ਸਲੋਕ ਵਿਚ ਰੁਖੇ ਜਾਂ ਬੇ-ਰਸੇ ਵਿਅਕਤੀ ਲਈ ‘ਫਿਕਾ’ ਸ਼ਬਦ ਦੀ ਵਖ-ਵਖ ਵਿਆਕਰਣਕ ਰੂਪਾਂ ਅਧੀਨ ਨੌਂ ਵਾਰ ਵਰਤੋਂ ਹੋਈ ਹੈ। ਸ਼ਬਦ ਪੱਧਰੀ ਇਹ ਸਮਾਨੰਤਰਤਾ ਅਨੁਪ੍ਰਾਸ ਅਲੰਕਾਰ ਦੇ ਅੰਤਰਗਤ ਕਾਵਿਕ ਸੁਹਜ ਵਿਚ ਵਾਧਾ ਕਰਦੀ ਹੈ। ਇਸਦੇ ਸਮੇਤ ਕਾਰਜੀ ਸਥਿਤੀ (ਰੁਖਾ ਬੋਲਣਾ) ਤੋਂ ਆਰੰਭ ਹੋਣ ਵਾਲੇ ਇਸ ਸਲੋਕ ਵਿਚ ਇਸ ਕਾਰਜ ਦੇ ਪ੍ਰਭਾਵ (ਤਨ ਮਨ ਰੁਖਾ ਹੋਣਾ, ਅਜਿਹੇ ਵਿਅਕਤੀ ਨੂੰ ਸਮਾਜ ਵਿਚ ਰੁਖਾ ਕਹਿਕੇ ਬੁਲਾਇਆ ਜਾਣਾ, ਉਸਦੀ ਮਸ਼ਹੂਰੀ ਵੀ ਰੁਖੇ ਵਿਅਕਤੀ ਵਜੋਂ ਹੋਣਾ) ਅਤੇ ਅੰਤਮ ਰੂਪ ਵਿਚ ਮਿਲਣ ਵਾਲੀ ਸਜ਼ਾ (ਪ੍ਰਭੂ ਦਰਗਾਹ ਵਿਚੋਂ ਬਾਹਰ ਸੁਟਿਆ ਜਾਣਾ, ਮੂੰਹ ‘ਤੇ ਫਿਟਕਾਰਾਂ ਪੈਣੀਆਂ, ਮੂਰਖ ਆਖਿਆ ਜਾਣਾ, ਜੁੱਤੀਆਂ ਦੀ ਮਾਰ) ਨੂੰ ਅਭਿਵਿਅਕਤ ਕੀਤਾ ਗਿਆ ਹੈ। ਇਸ ਪ੍ਰਕਾਰ ਤਰਤੀਬਵਾਰ ਚਲਣ ਵਾਲਾ ਇਹ ਸਲੋਕ ਵਿਸ਼ੇ ਦੇ ਪ੍ਰਭਾਵ ਨੂੰ ਤੀਬਰਤਾ ਤੇ ਤੀਖਣਤਾ ਪ੍ਰਦਾਨ ਕਰਦਾ ਹੋਇਆ ਇਸਦੀ ਸੰਚਾਰ-ਜੋਗਤਾ ਵਿਚ ਅਸੀਮ ਵਾਧਾ ਕਰਦਾ ਹੈ। ਭਾਸ਼ਾ ਦੇ ਜਾਣੇ-ਪਛਾਣੇ ਰੂਪਾਂ ਦੇ ਨਾਲ-ਨਾਲ ‘ਮੂੰਹ ‘ਤੇ ਥੁਕਾਂ ਪੈਣੀਆਂ’ ਅਤੇ ‘ਜੁੱਤੀਆ ਦੀ ਸਜ਼ਾ’ ਵਰਗੇ ਲੋਕ-ਕਥਨਾਂ ਦੀ ਸੰਕੇਤਕ ਵਰਤੋਂ ਇਸ ਸਲੋਕ ਦੇ ਕਾਵਿਕ ਪਖ ਦੇ ਹੋਰ ਵੱਡੇ ਗੁਣ ਹਨ।

ਇਸ ਸਲੋਕ ਦੀਆਂ ਚਾਰੇ ਤੁਕਾਂ ਦਾ ਮਾਤਰਾ ਵਿਧਾਨ ੧੩+੧੧ ਹੈ। ਇਸ ਨੂੰ ਦੋਹਰਾ ਛੰਦ ਅਧੀਨ ਰੱਖਿਆ ਜਾ ਸਕਦਾ ਹੈ ਜੋ ਦੋ ਦੋਹਰੇ ਜੋੜ ਕੇ ਬਣਿਆ ਹੈ।