Connect

2005 Stokes Isle Apt. 896, Vacaville 10010, USA

[email protected]

ਸਲੋਕੁ ਮਃ ੧ ॥
ਸਚੇ ਤੇਰੇ ਖੰਡ    ਸਚੇ ਬ੍ਰਹਮੰਡ ॥
ਸਚੇ ਤੇਰੇ ਲੋਅ    ਸਚੇ ਆਕਾਰ ॥
ਸਚੇ ਤੇਰੇ ਕਰਣੇ    ਸਰਬ ਬੀਚਾਰ ॥
ਸਚਾ ਤੇਰਾ ਅਮਰੁ    ਸਚਾ ਦੀਬਾਣੁ ॥
ਸਚਾ ਤੇਰਾ ਹੁਕਮੁ    ਸਚਾ ਫੁਰਮਾਣੁ ॥
ਸਚਾ ਤੇਰਾ ਕਰਮੁ    ਸਚਾ ਨੀਸਾਣੁ ॥
ਸਚੇ ਤੁਧੁ ਆਖਹਿ ਲਖ ਕਰੋੜਿ ॥
ਸਚੈ ਸਭਿ ਤਾਣਿ    ਸਚੈ ਸਭਿ ਜੋਰਿ ॥
ਸਚੀ ਤੇਰੀ ਸਿਫਤਿ    ਸਚੀ ਸਾਲਾਹ ॥
ਸਚੀ ਤੇਰੀ ਕੁਦਰਤਿ    ਸਚੇ ਪਾਤਿਸਾਹ ॥
ਨਾਨਕ   ਸਚੁ ਧਿਆਇਨਿ ਸਚੁ ॥
ਜੋ ਮਰਿ ਜੰਮੇ ਸੁ ਕਚੁ ਨਿਕਚੁ ॥੧॥

ਸਲੋਕੁ ਮਃ ੧ ॥

ਸਚੇ ਤੇਰੇ ਖੰਡ    ਸਚੇ ਬ੍ਰਹਮੰਡ ॥

ਸਚੇ ਤੇਰੇ ਲੋਅ    ਸਚੇ ਆਕਾਰ ॥

ਸਚੇ ਤੇਰੇ ਕਰਣੇ    ਸਰਬ ਬੀਚਾਰ ॥

ਸਚਾ ਤੇਰਾ ਅਮਰੁ    ਸਚਾ ਦੀਬਾਣੁ ॥

ਸਚਾ ਤੇਰਾ ਹੁਕਮੁ    ਸਚਾ ਫੁਰਮਾਣੁ ॥

ਸਚਾ ਤੇਰਾ ਕਰਮੁ    ਸਚਾ ਨੀਸਾਣੁ ॥

ਸਚੇ ਤੁਧੁ ਆਖਹਿ ਲਖ ਕਰੋੜਿ ॥

ਸਚੈ ਸਭਿ ਤਾਣਿ    ਸਚੈ ਸਭਿ ਜੋਰਿ ॥

ਸਚੀ ਤੇਰੀ ਸਿਫਤਿ    ਸਚੀ ਸਾਲਾਹ ॥

ਸਚੀ ਤੇਰੀ ਕੁਦਰਤਿ    ਸਚੇ ਪਾਤਿਸਾਹ ॥

ਨਾਨਕ   ਸਚੁ ਧਿਆਇਨਿ ਸਚੁ ॥

ਜੋ ਮਰਿ ਜੰਮੇ ਸੁ ਕਚੁ ਨਿਕਚੁ ॥੧॥

ਹੇ ਸੱਚੇ ਪਾਤਸ਼ਾਹ! ਤੂੰ ਆਪ ‘ਸੱਚਾ’ ਹੋਣ ਕਰਕੇ ਤੇਰੇ ਸਿਰਜੇ ਹੋਏ ਸਾਰੇ ਬ੍ਰਹਿਮੰਡ ਅਤੇ ਬ੍ਰਹਿਮੰਡ ਦੇ ਵੱਖ ਵੱਖ ਹਿੱਸੇ ਤੇਰੇ ਸੱਚ-ਸਰੂਪ ਨੂੰ ਨਿਰੂਪਣ ਕਰਨ ਵਾਲੇ (ਸੱਚੇ) ਹਨ।
ਤੇਰੇ ਰਚੇ ਹੋਏ ਬ੍ਰਹਿਮੰਡਾਂ ਵਿਚਲੇ ਸਾਰੇ ਲੋਕ/ਭਵਨ ਅਤੇ ਉਨ੍ਹਾਂ ਵਿਚਲੇ ਸਾਰੇ ਦ੍ਰਿਸ਼ਟ ਅਦ੍ਰਿਸ਼ਟ ਸਰੂਪ ਵੀ ਤੇਰੇ ਸੱਚ-ਸਰੂਪ ਨੂੰ ਨਿਰੂਪਣ ਕਰਨ ਵਾਲੇ (ਸੱਚੇ) ਹਨ।
ਤੇਰੇ ਕੀਤੇ ਹੋਏ ਸਾਰੇ ਕੰਮ-ਕਾਜ ਤੇਰੇ ਸੱਚ-ਸਰੂਪ ਨੂੰ ਨਿਰੂਪਣ ਵਾਲੇ (ਸੱਚੇ) ਅਤੇ ਸਾਰੇ ਗਿਆਨ-ਵਿਚਾਰ ਵੀ ਤੇਰੇ ਸੱਚ-ਸਰੂਪ ਨੂੰ ਦ੍ਰਿੜ ਕਰਾਉਣ ਵਾਲੇ (ਸੱਚੇ) ਹਨ।
ਤੇਰਾ ਰਾਜ ਸੱਚ ਦੀ ਸਥਾਪਤੀ ਕਰਨ ਵਾਲਾ ਅਤੇ ਤੇਰਾ ਦਰਬਾਰ ਵੀ ਸੱਚਾ ਨਿਆਉਂ ਵਰਤਾਉਣ ਵਾਲਾ ਹੈ।
ਸਮੱਚੇ ਬ੍ਰਹਿਮੰਡੀ ਵਰਤਾਰੇ ਦਾ ਪ੍ਰਬੰਧ ਚਲਾਉਣ ਵਾਲਾ ਤੇਰਾ ਹੁਕਮ ਵੀ ਸੱਚਾ ਅਤੇ ਤੇਰਾ ਸ਼ਾਹੀ ਫ਼ੁਰਮਾਣ ਵੀ ਸੱਚ ਦੀ ਸਥਾਪਤੀ ਕਰਨ ਵਾਲਾ ਹੈ।
ਤੇਰੇ ਵਲੋਂ ਜੀਵਾਂ ਉਪਰ ਕੀਤੀ ਜਾਣ ਵਾਲੀ ਕਿਰਪਾ ਵੀ ਸੱਚੀ ਅਤੇ ਤੇਰੀ ਕਿਰਪਾ ਅਥਵਾ ਪ੍ਰਵਾਨਗੀ ਦਾ ਚਿੰਨ੍ਹ (ਨਾਮ-ਨਿਸ਼ਾਨ) ਵੀ (ਸੱਚਾ) ਹੈ।
ਤੇਰੀ ਬੰਦਗੀ/ਸਿਮਰਨ ਕਰਨ ਵਾਲੇ ਲੱਖਾਂ-ਕਰੋੜਾਂ ਜੀਵ ਜੋ ਨਿਰੰਤਰ ਤੇਰਾ ਸੱਚਾ ਨਾਮ ਜਪਦੇ (ਤੈਨੂੰ ਸੱਚਾ ਆਖਦੇ ਹਨ) ਉਹ ਵੀ ਸੱਚੇ ਹਨ।
ਤੇਰੇ ਰਚੇ ਹੋਏ ਬ੍ਰਹਿਮੰਡ, ਖੰਡ, ਲੋਕ, ਅਕਾਰ, ਜੀਵ ਆਦਿ ਸਾਰੇ ਤੇਰੇ ਸੱਚੇ ਬਲ ਆਸਰੇ ਅਤੇ ਤੇਰੇ ਸੱਚੇ ਜੋਰ ਆਸਰੇ ਟਿਕੇ ਹੋਏ ਹਨ।
ਤੇਰੀ ਮਹਿਮਾ ਅਤੇ ਤੇਰੀ ਵਡਿਆਈ ਸੱਚ ਵਿਚ ਸਮਾਈ ਕਰਾਉਣ ਵਾਲੀ (ਸੱਚੀ) ਹੈ।
ਹੇ ਸਦਾ-ਥਿਰ ਪਾਤਸ਼ਾਹ! ਤੇਰੀ ਰਚੀ ਹੋਈ ਸਾਰੀ ਕੁਦਰਤ-ਰਚਨਾ ਤੇਰੇ ਸੱਚ-ਸਰੂਪ ਨੂੰ ਨਿਰੂਪਣ ਕਰਨ ਵਾਲੀ (ਸੱਚੀ) ਹੈ।
ਨਾਨਕ! ਜਿਹੜੇ ਮਨੁਖ ਸੱਚ-ਸਰੂਪ ਪ੍ਰਭੂ ਨੂੰ ਸਿਮਰਦੇ ਹਨ ਉਹ ਸੱਚ-ਸਰੂਪ ਹੋ ਨਿਬੜਦੇ ਹਨ। ਜਿਹੜਾ ਮਨੁਖ ਸੱਚ-ਸਰੂਪ ਪ੍ਰਭੂ ਨੂੰ ਛੱਡ ਕੇ ‘ਕੱਚ’ ਵਿਹਾਝਦਾ ਹੈ ਅਤੇ ਮਰਦਾ-ਜੰਮਦਾ ਰਹਿੰਦਾ ਹੈ, ਉਹ ਕੱਚਾ ਹੈ, ਨਿਰੋਲ ਕੱਚਾ ਹੈ।

ਨੋਟ: ਪ੍ਰਭੂ ਦਾ ਰਚਿਆ ਹੋਇਆ ਸਮੁੱਚਾ ਵਰਤਾਰਾ ਪ੍ਰਭੂ ਦੇ ਸੱਚ-ਸਰੂਪ ਦਾ ਨਿਰੂਪਣ ਕਰਨ ਵਾਲਾ ਹੈ। ਉਸ ਦੀ ਸਿਫ਼ਤ-ਸਾਲਾਹ ‘ਸੱਚ’ ਵਿਚ ਸਮਾਈ ਕਰਾਉਣ ਵਾਲੀ ਹੈ। ਜੋ ਮਨੁਖ ਸੱਚ-ਸਰੂਪ ਪ੍ਰਭੂ ਨੂੰ ਨਿਰੰਤਰ ਧਿਆਉਂਦੇ ਅਥਵਾ ‘ਸੱਚ’ ਨੂੰ ਵਿਹਾਝਦੇ ਹਨ, ਉਹ ਸਚਿਆਰ ਜੀਵਨ ਵਾਲੇ ਹੋ ਕੇ ਜੀਵਨ ਮੁਕਤ ਹੋ ਜਾਂਦੇ ਹਨ। ਜਿਹੜੇ ‘ਕੱਚ’ ਨੂੰ ਵਿਹਾਝਦੇ ਹਨ, ਉਹ ਭਟਕਦੇ ਰਹਿੰਦੇ ਹਨ। ਦ੍ਰਿਸ਼ਟਮਾਨ ਅਤੇ ਅਦ੍ਰਿਸ਼ਟਮਾਨ ਸਭ ਕੁਝ ਕਾਦਰ (ਕਰਤਾਪੁਰਖ) ਦੀ ਕੁਦਰਤ ਹੀ ਹੈ। ਕਾਦਰ ਵਾਂਗ ਕੁਦਰਤ ਵੀ ਸੁੰਦਰ ਅਤੇ ਸੱਚੀ ਹੈ, ਕਿਉਂਕਿ ਕਾਦਰ ਖੁਦ ਆਪਣੀ ਕੁਦਰਤ ਵਿਚ ਵਰਤ ਰਿਹਾ ਹੈ। ਕੁਦਰਤ ਦੀ ਸਿਰਜਣਾ ਕਾਦਰ ਨੇ ਵਿਸ਼ੇਸ਼ ਉਦੇਸ਼ ਅਧੀਨ ਕੀਤੀ ਹੈ। ਇਹ ਉਦੇਸ਼ ਗੁਰੂ ਸਿੱਖਿਆ ਦੁਆਰਾ ਕੁਦਰਤ ਵਿਚੋਂ ਕਾਦਰ ਦੇ ਦੀਦਾਰ ਕਰਨ ਨਾਲ ਸੰਬੰਧਤ ਹੈ। ਇਸ ਅਵਸਥਾ ‘ਤੇ ਪਹੁੰਚ ਕੇ ਹੀ ਕਾਦਰ ਦੀ ਅੰਸ਼, ਮਨੁਖ, ਆਤਮਕ-ਅਨੰਦ ਮਾਣਦਾ ਹੋਇਆ ਪਰਮ-ਅਨੰਦ ਵਿਚ ਲੀਨ ਹੋ ਸਕਦਾ ਹੈ। ਇਸ ਦ੍ਰਿਸ਼ਟੀਕੋਣ ਤੋਂ ਕਰਤਾਪੁਰਖ ਦੇ ਭੈ ਅਤੇ ਭਾਣੇ ਵਿਚ ਵਿਚਰਦੀ ਸਾਰੀ ਕੁਦਰਤ ਅਤੇ ਇਸ ਦੇ ਸਾਰੇ ਬ੍ਰਹਿਮੰਡ, ਖੰਡ, ਲੋਅ, ਅਕਾਰ, ਜੀਵ-ਜੰਤੂ, ਪਉਣ, ਪਾਣੀ ਆਦਿ ਸੱਚੇ ਹਨ। ਇਹ ਸਾਰੇ ਸੱਚੇ ਪ੍ਰਭੂ ਨੇ ਸੱਚ ਦੇ ਪ੍ਰਕਾਸ਼ ਲਈ ਰਚੇ ਹਨ। ਜੋ ਮਨੁਖ ਕੁਦਰਤ ਵਿਚਲੇ ਇਸ ਸੱਚ ਨੂੰ ਅਨੁਭਵ ਕਰਕੇ ਪਰਮ-ਸੱਚ ਵਿਚ ਜੁੜ ਜਾਂਦਾ ਹੈ, ਉਹ ਅੰਤ ਨੂੰ ਸੱਚ-ਸਰੂਪ ਹੀ ਹੋ ਨਿਬੜਦਾ ਹੈ।

ਪਰ ਦੂਜੇ ਦ੍ਰਿਸ਼ਟੀਕੋਣ ਤੋਂ ਵੇਖਿਆਂ, ਇਹ ਸਾਰਾ ਦ੍ਰਿਸ਼ਟਮਾਨ ਪਸਾਰਾ ਨਾਸ਼ਵਾਨ ਹੋਣ ਕਾਰਣ ਕੱਚ ਅਥਵਾ ਕੂੜ ਹੈ। ਇਹ ਬੇਹਦ ਸੂਖਮ ਨੁਕਤਾ ਹੈ। ਕੁਦਰਤ ਨੂੰ ਵੇਖ ਕੇ ਕਾਦਰ-ਪ੍ਰਸਤ ਬਣਿਆਂ ਕੁਦਰਤ ਸੱਚ ਹੋ ਨਿਬੜਦੀ ਹੈ। ਪਰ ਕਾਦਰ ਨੂੰ ਵਿਸਾਰ ਕੇ ਕੁਦਰਤ ਦੀ ਬਾਹਰੀ ਸੁੰਦਰਤਾ ਵਿਚ ਗਲਤਾਨ ਹੋ ਕੇ ਰਹਿ ਜਾਣ ਨਾਲ ਇਹ ਕੂੜ ਸਾਬਤ ਹੁੰਦੀ ਹੈ, ਕਿਉਂਕਿ ਇਹ ਚਲਾਇਮਾਨ ਹੈ ਅਤੇ ਸਦਾ ਬਦਲਦੀ ਰਹਿੰਦੀ ਹੈ। ਇਸ ਬਾਰੇ ਗੁਰੂ ਨਾਨਕ ਸਾਹਿਬ ਨੇ ‘ਆਸਾ ਕੀ ਵਾਰ’ ਦੀ ਦਸਵੀਂ ਪਉੜੀ ‘ਕੂੜੁ ਰਾਜਾ ਕੂੜੁ ਪਰਜਾ’ ਵਿਚ ਚਾਨਣਾ ਪਾਇਆ ਹੈ।

ਸੱਚੇ ਹਨ ਤੇਰੇ ਖੰਡ, ਸੱਚੇ ਹਨ ਬ੍ਰਹਿਮੰਡ
ਸੱਚੇ ਹਨ ਤੇਰੇ ਲੋਕ, ਸੱਚੇ ਹਨ ਆਕਾਰ
ਸੱਚੇ ਹਨ ਤੇਰੇ ਕੰਮ ਕਾਜ, (ਸੱਚੇ ਹਨ) ਸਾਰੇ ਵੀਚਾਰ
ਸੱਚਾ ਹੈ ਤੇਰਾ ਰਾਜ, ਸੱਚਾ ਹੈ ਦਰਬਾਰ
ਸੱਚਾ ਹੈ ਤੇਰਾ ਹੁਕਮ, ਸੱਚਾ ਹੈ ਫ਼ੁਰਮਾਣ
ਸੱਚਾ ਹੈ ਤੇਰਾ ਪ੍ਰਸਾਦ, ਸੱਚਾ ਹੈ ਨਿਸ਼ਾਨ
ਸੱਚੇ ਹਨ (ਜੋ) ਤੈਨੂੰ ਆਖਦੇ ਹਨ, ਲਖ ਕਰੋੜ
ਸਭ (ਤੇਰੇ) ਸੱਚੇ ਤਾਣ ਆਸਰੇ ਹਨ, ਸਭ (ਤੇਰੇ) ਸੱਚੇ ਜੋਰ ਆਸਰੇ ਹਨ
ਸੱਚੀ ਹੈ ਤੇਰੀ ਸਿਫ਼ਤ, ਸੱਚੀ ਹੈ ਸ਼ਲਾਘਾਸੱਚੀ ਹੈ ਤੇਰੀ ਕੁਦਰਤ, ਹੇ ਸੱਚੇ ਪਾਤਸ਼ਾਹ!
ਨਾਨਕ! (ਜੋ) ਸੱਚ ਨੂੰ ਧਿਆਉਂਦੇ ਹਨ, ਸੱਚ ਹਨ ਜੋ ਮਰਦਾ-ਜੰਮਦਾ ਹੈ, ਉਹ ਕੱਚਾ ਹੈ, ਨਿਰੋਲ ਕੱਚਾ ਹੈ

ਪਹਿਲੇ ਪਾਤਸ਼ਾਹ ਵਲੋਂ ਉਚਾਰੇ ਗਏ ਇਸ ਸਲੋਕ ਵਿਚ ‘ਸਮਾਨੰਤਰਤਾ’ ਦੀ ਵਰਤੋਂ ਕਰਦਿਆਂ ਇਹ ਦ੍ਰਿੜ ਕਰਾਇਆ ਗਿਆ ਹੈ ਕਿ ਕਰਤਾ ਪੁਰਖ ਆਪ ਵੀ ‘ਸੱਚਾ’ ਹੈ ਅਤੇ ਉਸ ਦੀ ਸਿਰਜਣਾ ਕੁਦਰਤ ਵੀ ‘ਸੱਚੀ’ (‘ਸੱਚ’ ਦਾ ਨਿਰੂਪਣ ਕਰਨ ਵਾਲੀ) ਹੈ। ਪਹਿਲੀ, ਦੂਜੀ ਅਤੇ ਤੀਜੀ ਤੁਕ ਵਿਚ ‘ਸਚੇ’ ਸ਼ਬਦ ਦੀ ਪੰਜ ਵਾਰ ਵਰਤੋਂ ਹੋਈ ਹੈ। ਇਥੇ ‘ਸਚੇ’ ਸ਼ਬਦ ਬਹੁਵਚਨ ਹੈ, ਜਿਸ ਦੀ ਵਰਤੋਂ ‘ਬ੍ਰਹਿਮੰਡ’, ‘ਖੰਡ’, ‘ਲੋਅ’, ‘ਆਕਾਰ’ ਅਤੇ ‘ਕਰਣੇ’ ਵਰਗੇ ਬਹੁਵਚਨੀ ਸ਼ਬਦਾਂ ਦੇ ਵਿਸ਼ੇਸ਼ਣ ਵਜੋਂ ਕੀਤੀ ਗਈ ਹੈ। ਚਉਥੀ, ਪੰਜਵੀਂ ਅਤੇ ਛੇਵੀਂ ਤੁਕ ਵਿਚ ‘ਸਚੇ’ ਦੇ ਇਕਵਚਨੀ ਰੂਪ ‘ਸਚਾ’ ਦੀ ਛੇ ਵਾਰ ਵਰਤੋਂ ਹੋਈ ਹੈ। ਇਹ ‘ਅਮਰੁ’, ਦੀਬਾਣੁ, ‘ਹੁਕਮੁ’, ‘ਫੁਰਮਾਣੁ’, ‘ਕਰਮੁ’ ਅਤੇ ‘ਨੀਸਾਣੁ’ ਸ਼ਬਦਾਂ ਦੇ ਵਿਸ਼ੇਸ਼ਣ ਦੇ ਤੌਰ ’ਤੇ ਵਰਤਿਆ ਗਿਆ ਹੈ, ਜੋ ਇਕਵਚਨ ਹਨ। ਸਤਵੀਂ ਤੁਕ ਵਿਚ ਫਿਰ ਇਕ ਵਾਰ ‘ਸਚੇ’ ਸ਼ਬਦ ਦਾ ਪ੍ਰਯੋਗ ਹੈ, ਜੋ ‘ਲਖ ਕਰੋੜਿ’ ਵਰਗੇ ਬਹੁਵਚਨ ਦੇ ਸੂਚਕ ਸ਼ਬਦਾਂ ਕਰਕੇ ਆਇਆ ਹੈ। ਅਠਵੀਂ ਤੁਕ ਵਿਚ ‘ਸਚਾ’ ਦਾ ਕਾਵਿਕ ਰੁਪਾਂਤਰ ‘ਸਚੈ’ ਵਰਤਿਆ ਗਿਆ ਹੈ, ਜੋ ‘ਤਾਣਿ’ (ਤਾਣ ਆਸਰੇ) ਅਤੇ ‘ਜੋਰਿ’ (ਜੋਰ ਆਸਰੇ) ਲਈ ਆਇਆ ਹੈ। ਨਾਵੀਂ ਅਤੇ ਦਸਵੀਂ ਤੁਕ ਵਿਚ ‘ਸਿਫਤਿ’, ‘ਸਾਲਾਹ’ ਅਤੇ ‘ਕੁਦਰਤ’ ਵਰਗੇ ਇਸਤਰੀ ਲਿੰਗ, ਇਕਵਚਨੀ ਸ਼ਬਦਾਂ ਲਈ ਇਸਤਰੀ ਲਿੰਗ, ਇਕਵਚਨੀ ਵਿਸ਼ੇਸ਼ਣ ‘ਸਚੀ’ ਦੀ ਵਰਤੋਂ ਕੀਤੀ ਗਈ ਹੈ। ਦਸਵੀਂ ਤੁਕ ਦੇ ਅੰਤ ਵਿਚ ‘ਸਚੇ ਪਾਤਸਾਹ’ (ਹੇ ਸੱਚੇ ਪਾਤਸ਼ਾਹ!) ਸੰਬੋਧਨ ਵਜੋਂ ਵਰਤਿਆ ਗਿਆ ਹੈ।

ਇਸ ਤਰ੍ਹਾਂ ਇਥੇ ‘ਸਚੇ’, ‘ਸਚਾ’, ‘ਸਚੀ’, ‘ਸਚੈ’ ਆਦਿ ਸ਼ਬਦਾਂ ਦੀ ਵਾਰ-ਵਾਰ ਵਰਤੋਂ ਹੋਈ ਹੈ। ਲਗਭਗ ਸਾਰੀਆਂ ਤੁਕਾਂ (ਤੀਜੀ, ਸਤਵੀਂ ਅਤੇ ਦਸਵੀਂ ਨੂੰ ਛੱਡ ਕੇ) ਵਿਆਕਰਣਕ ਸੰਰਚਨਾ ਦੀ ਪੱਧਰ ‘ਤੇ ਵੀ ਸਮਾਨ ਹਨ। ਇਨ੍ਹਾਂ ਤੁਕਾਂ ਵਿਚ ਵਰਤੇ ਗਏ ਸ਼ਬਦ ਖੰਡ-ਬ੍ਰਹਿਮੰਡ, ਲੋਅ-ਆਕਾਰ, ਕਰਣੇ-ਬੀਚਾਰ, ਅਮਰੁ-ਦੀਬਾਣੁ, ਹੁਕਮ-ਫੁਰਮਾਣੁ ਕਰਮੁ-ਨੀਸਾਣੁ, ਤਾਣਿ-ਜੋਰਿ ਅਤੇ ਸਿਫਤਿ-ਸਾਲਾਹ ਇਕ-ਦੂਜੇ ਦੇ ਪੂਰਕ ਹਨ ਅਤੇ ਸਮਤਾ ਮੂਲਕ ਅਰਥ-ਪੱਧਰੀ ਸਮਾਨੰਤਰਤਾ ਪ੍ਰਗਟ ਕਰਦੇ ਹਨ। ਪਰ, ਗਿਆਰਵੀਂ-ਬਾਰ੍ਹਵੀਂ ਤੁਕ ਵਿਚ ਇਸ ਸ਼ੈਲੀ ਤੋਂ ਵਿਪਥਨ ਕਰਕੇ ‘ਸਚੁ-ਕਚੁ’ ਵਰਗੇ ਵਿਰੋਧੀ ਸ਼ਬਦਾਂ ਦੀ ਵਰਤੋਂ ਵਿਰੋਧ ਮੂਲਕ ਅਰਥ-ਪੱਧਰੀ ਸਮਾਨੰਤਰਤਾ ਪੈਦਾ ਕਰ ਰਹੀ ਹੈ। ਇਸ ਰਾਹੀਂ ਸਪਸ਼ਟ ਕੀਤਾ ਗਿਆ ਹੈ ਕਿ ਜੋ ਸੱਚੇ ਪਾਤਸ਼ਾਹ ਨੂੰ ਧਿਆਉਂਦੇ ਹਨ, ਉਹੀ ਸੱਚੇ ਹਨ ਅਤੇ ਜੋ ਅਜਿਹਾ ਨਹੀਂ ਕਰਦੇ, ਉਹ ਕੱਚੇ ਹਨ।

ਇਸ ਪ੍ਰਕਾਰ ਇਥੇ ਸਮਾਨੰਤਰਤਾ ਦੀ ਵਰਤੋਂ ਕਰਦੇ ਹੋਏ ਇਹ ਦ੍ਰਿੜ ਕਰਾਇਆ ਗਿਆ ਹੈ ਕਿ ਪ੍ਰਭੂ ਆਪ ਵੀ ਸੱਚਾ ਹੈ ਅਤੇ ਉਸ ਦੀ ਰਚੀ ਕੁਦਰਤ ਦੇ ਸਾਰੇ ਅੰਗ ਵੀ ਸੱਚੇ, ਸੱਚ ਦਾ ਨਿਰੂਪਣ ਕਰਨ ਵਾਲੇ ਹਨ। ਇਸ ਦੇ ਨਾਲ ਇਹ ਸਮਾਨੰਤਰਤਾ ਇਕ ਖ਼ਾਸ ਲੈਅ ਅਤੇ ਨਾਦ ਵੀ ਪੈਦਾ ਕਰ ਰਹੀ ਹੈ। ਦਸਵੀਂ ਤੁਕ ‘ਸਚੀ ਤੇਰੀ ਕੁਦਰਤ ਸਚੇ ਪਾਤਸਾਹ’ ਸਾਰੇ ਸਲੋਕ ਵਿਚ ਸਿਰਫ ਇਕ ਵਾਰ ਹੀ ਆਈ ਹੈ, ਪਰੰਤੂ ਸਾਰੀਆਂ ਤੁਕਾਂ ਦਾ ਸਾਰ ਅਤੇ ਮੂਲ ਭਾਵ ਪੇਸ਼ ਕਰਦੀ ਹੈ। ਇਥੇ ਵਾਕ ਪੱਧਰੀ ਵਿਰਲਤਾ ਦੀ ਵਰਤੋਂ ਹੋਈ ਹੈ।

ਇਸ ਸਲੋਕ ਵਿਚ ਕੁਲ ੧੨ ਤੁਕਾਂ ਹਨ। ਪਹਿਲੀਆਂ ਦਸ ਤੁਕਾਂ ਵਿਚ ੧੮+੧੮ ਮਾਤਰਵਾਂ ਆਈਆਂ ਹਨ। ਆਖਰੀ ਦੋ ਤੁਕਾਂ ਵਿਚ ਕ੍ਰਮਵਾਰ ੧੩+੧੪ ਮਾਤਰਾਵਾਂ ਹਨ।