Connect

2005 Stokes Isle Apt. 896, Vacaville 10010, USA

[email protected]

ਮਃ ੧ ॥
ਭੰਡਿ ਜੰਮੀਐ ਭੰਡਿ ਨਿੰਮੀਐ    ਭੰਡਿ ਮੰਗਣੁ ਵੀਆਹੁ ॥
ਭੰਡਹੁ ਹੋਵੈ ਦੋਸਤੀ    ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ    ਭੰਡਿ ਹੋਵੈ ਬੰਧਾਨੁ ॥
ਸੋ ਕਿਉ ਮੰਦਾ ਆਖੀਐ    ਜਿਤੁ ਜੰਮਹਿ ਰਾਜਾਨ ॥
ਭੰਡਹੁ ਹੀ ਭੰਡੁ ਊਪਜੈ    ਭੰਡੈ ਬਾਝੁ ਨ ਕੋਇ ॥
ਨਾਨਕ ਭੰਡੈ ਬਾਹਰਾ    ਏਕੋ ਸਚਾ ਸੋਇ ॥
ਜਿਤੁ ਮੁਖਿ ਸਦਾ ਸਾਲਾਹੀਐ    ਭਾਗਾ ਰਤੀ ਚਾਰਿ ॥
ਨਾਨਕ ਤੇ ਮੁਖ ਊਜਲੇ    ਤਿਤੁ ਸਚੈ ਦਰਬਾਰਿ ॥੨॥

ਮਃ ੧ ॥

ਭੰਡਿ ਜੰਮੀਐ ਭੰਡਿ ਨਿੰਮੀਐ    ਭੰਡਿ ਮੰਗਣੁ ਵੀਆਹੁ ॥

ਭੰਡਹੁ ਹੋਵੈ ਦੋਸਤੀ    ਭੰਡਹੁ ਚਲੈ ਰਾਹੁ ॥

ਭੰਡੁ ਮੁਆ ਭੰਡੁ ਭਾਲੀਐ    ਭੰਡਿ ਹੋਵੈ ਬੰਧਾਨੁ ॥

ਸੋ ਕਿਉ ਮੰਦਾ ਆਖੀਐ    ਜਿਤੁ ਜੰਮਹਿ ਰਾਜਾਨ ॥

ਭੰਡਹੁ ਹੀ ਭੰਡੁ ਊਪਜੈ    ਭੰਡੈ ਬਾਝੁ ਨ ਕੋਇ ॥

ਨਾਨਕ ਭੰਡੈ ਬਾਹਰਾ    ਏਕੋ ਸਚਾ ਸੋਇ ॥

ਜਿਤੁ ਮੁਖਿ ਸਦਾ ਸਾਲਾਹੀਐ    ਭਾਗਾ ਰਤੀ ਚਾਰਿ ॥

ਨਾਨਕ ਤੇ ਮੁਖ ਊਜਲੇ    ਤਿਤੁ ਸਚੈ ਦਰਬਾਰਿ ॥੨॥

ਇਸਤਰੀ ਦੇ ਲਹੂ ਤੋਂ ਹੀ ਬਣੀਦਾ ਹੈ ਤੇ ਇਸਤਰੀ ਤੋਂ ਹੀ ਜਨਮ ਲਈਦਾ ਹੈ। ਇਸਤਰੀ ਨਾਲ ਹੀ ਮੰਗਣਾ ਤੇ ਵਿਆਹ ਹੁੰਦਾ ਹੈ। ਇਸਤਰੀ ਤੋਂ ਹੀ ਹੋਰਨਾਂ ਨਾਲ ਦੋਸਤੀ ਜਿਵੇਂ ਕਿ ਵਿਆਹ ਤੋਂ ਬਾਅਦ ਨਵੀਂ ਰਿਸ਼ਤੇਦਾਰੀ ਆਦਿ ਬਣਦੀ ਹੈ, ਤੇ ਫਿਰ ਇਸਤਰੀ ਤੋਂ ਹੀ ਸੰਸਾਰਕ ਪ੍ਰਕਿਰਿਆ ਦਾ ਸਿਲਸਿਲਾ ਅਗੇ ਚਲਦਾ ਹੈ।
ਜਦੋਂ ਪਹਿਲੀ ਇਸਤਰੀ ਮਰ ਜਾਂਦੀ ਹੈ ਤਾਂ ਦੂਜੀ ਇਸਤਰੀ ਢੂੰਢੀਦੀ ਹੈ। ਇਸਤਰੀ ਨਾਲ ਹੀ ਪਰਵਾਰਕ ਜ਼ਬਤ ਵਿਚ ਰਹਿਣ ਦੀ ਮਰਿਆਦਾ ਦਾ ਬਾਨਣੂੰ ਬੱਝਦਾ ਹੈ। ਤਾਂ ਫਿਰ ਉਸ ਨੂੰ ਮਾੜਾ ਕਿਉਂ ਆਖਿਆ ਜਾਏ, ਜਿਸ ਦੇ ਮਾਧਿਅਮ ਰਾਹੀਂ ਆਮ ਮਨੁਖ ਹੀ ਨਹੀਂ ਸਗੋਂ ਰਾਜੇ-ਮਹਾਰਾਜੇ ਵੀ ਜਨਮ ਲੈਂਦੇ ਹਨ।
ਇਕ ਇਸਤਰੀ ਤੋਂ ਹੀ ਦੂਜੀ ਇਸਤਰੀ ਪੈਦਾ ਹੁੰਦੀ ਹੈ। ਇਸ ਸੰਸਾਰ ਵਿਚ ਇਸਤਰੀ ਤੋਂ ਬਿਨਾਂ ਪੈਦਾ ਹੋਣ ਵਾਲਾ ਕੋਈ ਵੀ ਨਹੀਂ ਹੈ। ਨਾਨਕ! ਕੇਵਲ ਉਹ ਸਦਾ-ਥਿਰ ਕਰਤਾਪੁਰਖ ਹੀ ਇਸਤਰੀ ਤੋਂ ਬਗੈਰ ਹੋਂਦ ਵਿਚ ਆਉਣ ਵਾਲਾ ਹੈ।
ਜਿਸ ਮੁਖ ਨਾਲ ਸਦਾ ਸੱਚੇ ਪ੍ਰਭੂ ਨੂੰ ਸਲਾਹੀਦਾ ਹੈ, ਉਹ ਮੁਖ ਭਾਗਾਂ ਭਰਿਆ ਹੈ (ਉਸ ਮੁਖ ਉਤੇ ਮਾਨੋ ਭਾਗਾਂ ਦੀਆਂ ਚਾਰ ਰੱਤੀਆਂ ਸੋਭਦੀਆਂ ਹਨ)। ਨਾਨਕ! ਪ੍ਰਭੂ ਨੂੰ ਸਲਾਹੁਣ ਵਾਲੇ ਇਹੋ ਜਿਹੇ ਉਹ ਮਨੁਖ ਹੀ ਉਸ ਦੇ ਸੱਚੇ ਦਰਬਾਰ ਵਿਚ ਸੁਰਖਰੂ ਹੁੰਦੇ ਹਨ।

ਇਸਤਰੀ ਤੋਂ ਜੰਮੀਦਾ ਹੈ, ਇਸਤਰੀ ਤੋਂ ਬਣੀਦਾ ਹੈ; ਇਸਤਰੀ ਨਾਲ (ਹੀ) ਮੰਗਣਾ ਤੇ ਵਿਆਹ (ਹੁੰਦਾ ਹੈ)
ਇਸਤਰੀ ਤੋਂ (ਹੀ ਹੋਰਨਾ ਨਾਲ) ਦੋਸਤੀ ਹੁੰਦੀ ਹੈ, (ਤੇ ਫਿਰ) ਇਸਤਰੀ ਤੋਂ (ਹੀ ਸੰਸਾਰ ਦਾ) ਰਾਹ ਚਲਦਾ ਹੈ
(ਜਦੋਂ ਪਹਿਲੀ) ਇਸਤਰੀ ਮਰ ਗਈ, (ਤਾਂ ਦੂਜੀ) ਇਸਤਰੀ ਭਾਲੀਦੀ ਹੈ; ਇਸਤਰੀ ਨਾਲ (ਹੀ) ਬੰਧੇਜ ਹੁੰਦਾ ਹੈ (ਤਾਂ ਫਿਰ) ਉਸ ਨੂੰ ਕਿਉਂ ਮੰਦਾ ਆਖਿਆ ਜਾਏ, ਜਿਸ (ਦੇ ਮਾਧਿਅਮ) ਰਾਹੀਂ ਰਾਜੇ (ਵੀ) ਜੰਮਦੇ ਹਨ
(ਅਸਲ ਵਿਚ) ਇਸਤਰੀ ਤੋਂ ਹੀ ਇਸਤਰੀ ਪੈਦਾ ਹੁੰਦੀ ਹੈ; (ਇਸ ਸੰਸਾਰ ਵਿਚ) ਇਸਤਰੀ ਤੋਂ ਬਿਨਾਂ (ਪੈਦਾ ਹੋਣ ਵਾਲਾ) ਕੋਈ ਵੀ ਨਹੀਂ ਹੈ ਨਾਨਕ! ਇਸਤਰੀ ਤੋਂ ਬਿਨਾਂ (ਹੋਂਦ ਵਿਚ ਹੋਣ ਵਾਲਾ ਕੇਵਲ) ਇਕ ਉਹ ਸੱਚਾ (ਪ੍ਰਭੂ) ਹੀ ਹੈ
ਜਿਸ ਮੁਖ ਨਾਲ ਸਦਾ (ਸੱਚੇ ਪ੍ਰਭੂ ਨੂੰ) ਸਲਾਹੀਦਾ ਹੈ, (ਉਸ ਮੁਖ ਉਤੇ) ਭਾਗਾਂ ਦੀਆਂ ਚਾਰ ਰੱਤੀਆਂ (ਸੋਭਦੀਆਂ ਹਨ) ਨਾਨਕ! (ਪ੍ਰਭੂ ਦੇ) ਉਸ ਸੱਚੇ ਦਰਬਾਰ ਵਿਚ (ਉਸ ਨੂੰ ਸਲਾਹੁਣ ਵਾਲੇ ਮਨੁਖ ਹੀ) ਉਜਲ ਮੁਖ ਵਾਲੇ (ਹੁੰਦੇ) ਹਨ

ਇਸ ਸਲੋਕ ਵਿਚ ‘ਭੰਡ’ ਸ਼ਬਦ ਦੇ ਵਖ-ਵਖ ਵਿਆਕਰਣਕ ਰੂਪਾਂ ਦੀ ੧੨ ਵਾਰੀ ਵਰਤੋਂ ਹੋਣ ਸਦਕਾ ਸ਼ਬਦ ਪੱਧਰੀ ਸਮਾਨੰਤਰਤਾ ਪੈਦਾ ਹੋ ਰਹੀ ਹੈ। ਇਸ ਭਾਸ਼ਾਈ ਜੁਗਤ ਰਾਹੀਂ ਇਥੇ ‘ਭੰਡ’ ਅਰਥਾਤ ਇਸਤਰੀ ਦੇ ਵਿਆਪਕ ਮਹੱਤਵ ਨੂੰ ਸਥਾਪਤ ਕੀਤਾ ਗਿਆ ਹੈ: ਇਸਤਰੀ ਤੋਂ ਹੀ ਜਨਮ ਲਈਦਾ ਹੈ, ਇਸਤਰੀ ਦੇ ਗਰਭ ਵਿਚ ਹੀ ਸਰੀਰ ਬਣਦਾ-ਪਲਦਾ ਹੈ। ਇਸਤਰੀ ਨਾਲ ਹੀ ਮੰਗਣੀ ਅਤੇ ਵਿਆਹ ਹੁੰਦਾ ਹੈ। ਇਸਤਰੀ ਨਾਲ ਹੀ ਦੋਸਤੀ ਹੁੰਦੀ ਹੈ, ਇਸਤਰੀ ਨਾਲ ਹੀ ਸੰਸਾਰ ਦਾ ਰਾਹ ਚੱਲਦਾ ਹੈ। ਜੇਕਰ ਇਕ/ਪਹਿਲੀ ਇਸਤਰੀ ਮਰ ਜਾਵੇ ਤਾਂ ਮਨੁੱਖ ਦੂਜੀ ਇਸਤਰੀ ਦੀ ਭਾਲ ਕਰਦਾ ਹੈ। ਇਸਤਰੀ ਰਾਹੀਂ ਹੀ ਮਨੁਖ ਦਾ ਘਰ ਬੱਝਦਾ ਹੈ। ਜੋ ਇਸਤਰੀ ਰਾਜਿਆਂ ਨੂੰ ਜਨਮ ਦਿੰਦੀ ਹੈ, ਉਸਨੂੰ ਮੰਦਾ ਕਿਉਂ ਕਹਿਣਾ? ਇਸਤਰੀ ਤੋਂ ਹੀ ਇਸਤਰੀ ਦਾ ਜਨਮ ਹੁੰਦਾ ਹੈ। ਜਗਤ ਵਿਚ ਇਸਤਰੀ ਤੋਂ ਬਿਨਾਂ ਕੋਈ ਜਨਮ ਨਹੀਂ ਲੈ ਸਕਦਾ। ਸਿਰਫ ਸੱਚਾ ਪ੍ਰਭੂ ਹੀ ਇਸਤਰੀ ਤੋਂ ਬਾਹਰ ਹੈ। ਜੋ ਮੁਖ ਪ੍ਰਭੂ ਨੂੰ ਸਲਾਹੁੰਦੇ ਹਨ, ਉਹ ਭਾਗਾਂ ਭਰੇ ਹਨ ਅਤੇ ਸੱਚੇ ਦਰਬਾਰ ਵਿਚ ਉਹ ਮੁਖ ਹੀ ਉਜਲੇ ਹੁੰਦੇ ਹਨ।

ਇਸ ਸਲੋਕ ਵਿਚ ਕੁਲ ਅੱਠ ਤੁਕਾਂ ਹਨ। ਪਹਿਲੀ ਅਤੇ ਤੀਜੀ ਤੁਕ ਨੂੰ ਛੱਡ ਕੇ ਬਾਕੀ ਸਾਰੀਆਂ ਤੁਕਾਂ ਦਾ ਮਾਤਰਾ-ਵਿਧਾਨ ਉਚਾਰਣ ਜਾਂ ਸ਼ਬਦਾਵਲੀ ਅਨੁਸਾਰ ੧੩+੧੧ ਹੀ ਬਣਦਾ ਹੈ। ਪਹਿਲੀ ਅਤੇ ਤੀਜੀ ਤੁਕ ਦੇ ਪਹਿਲੇ ਅੱਧ ਵਿਚ ਕ੍ਰਮਵਾਰ ੧੬ ਅਤੇ ੧੫ ਮਾਤਰਾਵਾਂ ਹਨ। ਪਰੰਤੂ ਉਚਾਰਣ ਦੀ ਰਵਾਨਗੀ ਵਿਚ ਇਹ ਵੀ ਬਾਕੀਆਂ ਵਾਂਗ ੧੩+੧੩ ਹੀ ਮਹਿਸੂਸ ਹੁੰਦੀਆਂ ਹਨ। ਸੋ ਇਸ ਸਲੋਕ ਨੂੰ ਵੀ ਦੋਹਰਾ ਛੰਦ ਅਧੀਨ ਰਖਿਆ ਜਾ ਸਕਦਾ ਹੈ, ਜਿਸ ਨੂੰ ਚਾਰ ਦੋਹਰੇ ਜੋੜ ਕੇ ਬਣਾਇਆ ਗਿਆ ਹੈ।