Connect

2005 Stokes Isle Apt. 896, Vacaville 10010, USA

[email protected]

ਸਲੋਕੁ ਮਃ ੧॥
ਪਹਿਲਾ ਸੁਚਾ ਆਪਿ ਹੋਇ    ਸੁਚੈ ਬੈਠਾ ਆਇ ॥
ਸੁਚੇ ਅਗੈ ਰਖਿਓਨੁ    ਕੋਇ ਨ ਭਿਟਿਓ ਜਾਇ ॥
ਸੁਚਾ ਹੋਇ ਕੈ ਜੇਵਿਆ    ਲਗਾ ਪੜਣਿ ਸਲੋਕੁ ॥
ਕੁਹਥੀ ਜਾਈ ਸਟਿਆ    ਕਿਸੁ ਏਹੁ ਲਗਾ ਦੋਖੁ ॥
ਅੰਨੁ ਦੇਵਤਾ   ਪਾਣੀ ਦੇਵਤਾ   ਬੈਸੰਤਰੁ ਦੇਵਤਾ ਲੂਣੁ   ਪੰਜਵਾ ਪਾਇਆ ਘਿਰਤੁ ॥
ਤਾ ਹੋਆ ਪਾਕੁ ਪਵਿਤੁ ॥
ਪਾਪੀ ਸਿਉ ਤਨੁ ਗਡਿਆ    ਥੁਕਾ ਪਈਆ ਤਿਤੁ ॥
ਜਿਤੁ ਮੁਖਿ ਨਾਮੁ ਨ ਊਚਰਹਿ    ਬਿਨੁ ਨਾਵੈ ਰਸ ਖਾਹਿ ॥
ਨਾਨਕ ਏਵੈ ਜਾਣੀਐ    ਤਿਤੁ ਮੁਖਿ ਥੁਕਾ ਪਾਹਿ ॥੧॥

ਸਲੋਕੁ ਮਃ ੧॥

ਪਹਿਲਾ ਸੁਚਾ ਆਪਿ ਹੋਇ    ਸੁਚੈ ਬੈਠਾ ਆਇ ॥

ਸੁਚੇ ਅਗੈ ਰਖਿਓਨੁ    ਕੋਇ ਨ ਭਿਟਿਓ ਜਾਇ ॥

ਸੁਚਾ ਹੋਇ ਕੈ ਜੇਵਿਆ    ਲਗਾ ਪੜਣਿ ਸਲੋਕੁ ॥

ਕੁਹਥੀ ਜਾਈ ਸਟਿਆ    ਕਿਸੁ ਏਹੁ ਲਗਾ ਦੋਖੁ ॥

ਅੰਨੁ ਦੇਵਤਾ   ਪਾਣੀ ਦੇਵਤਾ   ਬੈਸੰਤਰੁ ਦੇਵਤਾ ਲੂਣੁ   ਪੰਜਵਾ ਪਾਇਆ ਘਿਰਤੁ ॥

ਤਾ ਹੋਆ ਪਾਕੁ ਪਵਿਤੁ ॥

ਪਾਪੀ ਸਿਉ ਤਨੁ ਗਡਿਆ    ਥੁਕਾ ਪਈਆ ਤਿਤੁ ॥

ਜਿਤੁ ਮੁਖਿ ਨਾਮੁ ਨ ਊਚਰਹਿ    ਬਿਨੁ ਨਾਵੈ ਰਸ ਖਾਹਿ ॥

ਨਾਨਕ ਏਵੈ ਜਾਣੀਐ    ਤਿਤੁ ਮੁਖਿ ਥੁਕਾ ਪਾਹਿ ॥੧॥

ਬ੍ਰਾਹਮਣ ਭੋਜਨ ਛਕਣ ਲਈ ਇਸ਼ਨਾਨ ਆਦਿ ਕਿਰਿਆ ਰਾਹੀਂ ਪਹਿਲਾਂ ਆਪ ਸੁੱਚਾ ਹੋ ਕੇ, ਗੋਹੇ ਆਦਿ ਦਾ ਪੋਚਾ ਫੇਰ ਕੇ ਸੁੱਚੇ ਕੀਤੇ ਹੋਏ ਜਜਮਾਨ ਦੇ ਚਉਕੇ ਵਿਚ ਆ ਬੈਠਿਆ।
ਫਿਰ ਜਜਮਾਨ ਨੇ ਉਸ ਸੁੱਚੇ ਬ੍ਰਾਹਮਣ ਅਗੇ ਉਹ ਸੁੱਚਾ ਭੋਜਨ ਆ ਰਖਿਆ, ਜਿਸ ਨੂੰ ਕਿਸੇ ਨੇ ਅਜੇ ਛੁਹਿਆ ਵੀ ਨਹੀਂ ਸੀ।
ਇਸ ਪ੍ਰਕਾਰ ਪੂਰੀ ਤਰ੍ਹਾਂ ਸੁੱਚਾ ਹੋ ਕੇ ਬ੍ਰਾਹਮਣ ਨੇ ਉਹ ਸੁੱਚਾ ਭੋਜਨ ਛਕਿਆ ਤੇ ਭੋਜਨ ਛਕਣ ਉਪਰੰਤ ਨਿਰਧਾਰਤ ਪਵਿੱਤਰ ਮੰਤ੍ਰ ਪੜ੍ਹਨ ਲਗ ਪਿਆ।
ਫਿਰ, ਉਸ ਭੋਜਨ ਨੂੰ ਆਪਣੇ ਢਿਡ ਵਿਚ ਪਾਉਣ ਤੋਂ ਬਾਅਦ, ਬ੍ਰਾਹਮਣ ਨੇ ਉਸ ਨੂੰ ਵਿਸ਼ਟਾ ਦੇ ਰੂਪ ਵਿਚ ਬਾਹਰ ਗੰਦੀ ਥਾਂ ‘ਤੇ ਸੁੱਟ ਦਿਤਾ। ਦੱਸੋ, ਸੁੱਚੇ ਭੋਜਨ ਨੂੰ ਗੰਦਾ ਕਰਕੇ ਸੁੱਟਣ ਦਾ ਦੋਸ਼ੀ ਕੋਣ ਹੋਇਆ?
ਕਿਉਂਕਿ ਜਜਮਾਨ ਵਲੋਂ ਭੋਜਨ ਬਣਾਉਣ ਵੇਲੇ ਵਰਤਿਆ ਗਿਆ ਅੰਨ ਪਵਿੱਤਰ ਸੀ, ਪਾਣੀ ਪਵਿੱਤਰ ਸੀ, ਅੱਗ ਤੇ ਨਮਕ ਵੀ ਪਵਿੱਤਰ ਸਨ ਅਤੇ ਜਦੋਂ ਪੰਜਵਾਂ ਪਵਿੱਤਰ ਪਦਾਰਥ ਘਿਉ ਇਸ ਵਿਚ ਪਾਇਆ ਗਿਆ ਤਾਂ ਸਾਰਾ ਭੋਜਨ ਪਰਮ-ਪਵਿੱਤਰ ਹੋ ਗਿਆ।
ਪਰ, ਵੇਖੋ, ਜਦੋਂ ਉਸ ਪਰਮ-ਪਵਿੱਤਰ ਭੋਜਨ ਨੂੰ ਮਨੁਖ ਦੇ ਪਾਪੀ ਸਰੀਰ ਨਾਲ ਮਿਲਾਇਆ ਗਿਆ ਤਾਂ ਉਹ ਵਿਸ਼ਟਾ ਬਣ ਗਿਆ ਤੇ ਉਸ ਉਤੇ ਥੁਕਾਂ ਪੈਣ ਲਗ ਪਈਆਂ; ਭਾਵ, ਉਹ ਘ੍ਰਿਣਾਜੋਗ ਹੋ ਗਿਆ।
ਅਸਲ ਵਿਚ, ਨਾਨਕ! ਮਨੁਖ ਜਿਸ ਮੂੰਹ ਨਾਲ ਪ੍ਰਭੂ ਦਾ ਨਾਮ ਨਹੀਂ ਜਪਦੇ ਤੇ ਨਾਮ ਜਪਣ ਤੋਂ ਬਿਨਾਂ ਹੀ ਸਵਾਦਲੇ ਭੋਜਨ ਆਦਿਕ ਖਾਂਦੇ ਹਨ, ਉਸ ਮੂੰਹ ਉਤੇ ਵੀ ਫਿਟਕਾਂ ਹੀ ਪੈਂਦੀਆਂ ਹਨ। ਭਾਵ, ਇਹ ਪ੍ਰਭੂ ਦਾ ਨਾਮ ਹੀ ਹੈ ਜੋ ਮਨੁਖ ਨੂੰ ਅੰਦਰੋਂ ਸੁੱਚਾ ਕਰ ਸਕਦਾ ਹੈ; ਨਾਮ ਨੂੰ ਮਨ ਵਿਚ ਵਸਾਉਣ ਤੋਂ ਬਗੈਰ ਬਾਹਰੀ ਸੁੱਚਮਤਾ ਦਾ ਕੋਈ ਲਾਭ ਨਹੀਂ।

(ਬ੍ਰਾਹਮਣ ਭੋਜਨ ਛਕਣ ਲਈ)ਪਹਿਲਾਂ ਆਪ ਸੁੱਚਾ ਹੋ ਕੇ, (ਜਜਮਾਨ ਦੇ ਸੁੱਚੇ ਕੀਤੇ ਚਉਕੇ) ਵਿਚ ਕੇ ਬੈਠ ਗਿਆ
(ਫਿਰ) ਉਸ (ਜਜਮਾਨ) ਨੇ ਸੁੱਚੇ (ਬ੍ਰਾਹਮਣ) ਅੱਗੇ (ਸੁੱਚਾ ਭੋਜਨ ) ਰਖਿਆ, (ਜਿਸ ਨੂੰ) ਕਿਸੇ ਨੇ ਵੀ ਜਾ ਕੇ ਛੁਹਿਆ ਨਹੀਂ ਸੀ
(ਇਉਂ ਪੂਰੀ ਤਰ੍ਹਾਂ) ਸੁੱਚਾ ਹੋ ਕੇ (ਬ੍ਰਾਹਮਣ ਨੇ ਉਹ ਭੋਜਨ) ਖਾਧਾ, ਤੇ ਸਲੋਕ ਪੜ੍ਹਣ ਲਗ ਪਿਆ
(ਫਿਰ, ਉਸ ਪਵਿੱਤਰ ਭੋਜਨ ਨੂੰ ਆਪਣੇ ਢਿਡ ਵਿਚ ਪਾਉਣ ਤੋਂ ਬਾਅਦ ਬ੍ਰਾਹਮਣ ਨੇ ਉਸ ਨੂੰ ਵਿਸ਼ਟਾ ਦੇ ਰੂਪ ਵਿਚ ਬਾਹਰ) ਗੰਦੀ ਥਾਂਤੇ ਸੁੱਟ ਦਿਤਾ, ਇਹ ਦੋਸ਼ ਕਿਸ ਨੂੰ ਲੱਗਾ?
(ਜਜਮਾਨ ਵਲੋਂ ਭੋਜਨ ਬਣਾਉਣ ਵੇਲੇ ਵਰਤਿਆ ਗਿਆ) ਅੰਨ ਪਵਿੱਤਰ ਸੀ, ਪਾਣੀ ਪਵਿੱਤਰ ਸੀ, ਅੱਗ ਤੇ ਨਮਕ ਪਵਿੱਤਰ ਸੀ; (ਤੇ ਜਦੋਂ) ਪੰਜਵਾਂ (ਪਵਿੱਤਰ ਪਦਾਰਥ) ਘਿਉ ਪਾਇਆ ਗਿਆ ਤਾਂ (ਸਾਰਾ ਭੋਜਨ) ਪਾਕ-ਪਵਿੱਤਰ ਹੋ ਗਿਆ
(ਪਰ, ਵੇਖੋ, ਜਦੋਂ ਉਸ ਪਰਮ-ਪਵਿੱਤਰ ਭੋਜਨ ਨੂੰ ਮਨੁਖ ਦੇ) ਪਾਪੀ ਤਨ ਨਾਲ ਮਿਲਾਇਆ ਗਿਆ, (ਤਾਂ ਉਹ ਵਿਸ਼ਟਾ ਬਣ ਗਿਆ ਤੇ) ਉਸ ਉਤੇ ਥੁਕਾਂ ਪਈਆਂ
ਜਿਸ ਮੂੰਹ ਨਾਲ (ਮਨੁਖ ਪ੍ਰਭੂ ਦਾ) ਨਾਮ ਨਹੀਂ ਉਚਾਰਦੇ (ਤੇ) ਨਾਮ ਤੋਂ ਬਿਨਾਂ (ਹੀ) ਰਸੀਲੇ ਪਦਾਰਥ ਖਾਂਦੇ ਹਨ ਨਾਨਕ! ਇਉਂ ਹੀ ਜਾਨਣਾ ਚਾਹੀਦਾ ਹੈ ਕਿ ਉਸ ਮੂੰਹ ਉਤੇ (ਵੀ) ਥੁਕਾਂ (ਹੀ) ਪੈਂਦੀਆਂ ਹਨ

ਇਸ ਸਲੋਕ ਵਿਚ ਪੁਰੋਹਿਤਵਾਦੀ ਕਰਮਕਾਂਡਾਂ ਉਪਰ ਵਿਅੰਗਾਤਮਕ ਚੋਟ ਕੀਤੀ ਗਈ ਹੈ। ਸਿੱਧੇ ਸਹਿਜ ਅਰਥਾਂ ਵਾਲੀ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਕਥਨ ਕੀਤਾ ਗਿਆ ਹੈ ਕਿ ਪੰਡਿਤ ਪਹਿਲਾਂ ਆਪ ਸੁੱਚਾ ਹੋ ਕੇ ਸੁੱਚੇ ਕੀਤੇ ਸਥਾਨ ’ਤੇ ਆ ਬੈਠਦਾ ਹੈ। ਫਿਰ ਉਸ ਅੱਗੇ ਸੁੱਚੇ ਪਦਾਰਥ ਰੱਖੇ ਜਾਂਦੇ ਹਨ, ਜੋ ਅਜੇ ਕਿਸੇ ਤਰ੍ਹਾਂ ਵੀ ਭਿੱਟੇ ਨਹੀਂ ਹੁੰਦੇ। ਉਹ ਸੁੱਚਾ ਹੋ ਕੇ ਉਨ੍ਹਾਂ ਪਦਾਰਥਾਂ ਨੂੰ ਖਾਂਦਾ ਹੈ, ਫਿਰ ਸਲੋਕ ਪੜ੍ਹਦਾ ਹੈ। ਇਹ ਭੋਜਨ ਸਰੀਰ ਵਿਚ ਜਾ ਕੇ ਮਲ ਬਣਦਾ ਹੈ, ਜਿਸ ਨੂੰ ਗੰਦੀ ਜਗ੍ਹਾ ’ਤੇ ਸੁੱਟਿਆ ਜਾਂਦਾ ਹੈ। ਇਸ ਦਾ ਦੋਸ਼ ਕਿਸ ਨੂੰ ਗਿਆ?

ਅਗਲੀਆਂ ਤਿੰਨ ਤੁਕਾਂ ਵਿਚ ਵੀ ਇਸੇ ਵਿਅੰਗਾਤਮਕ ਜੁਗਤ ਦੀ ਵਰਤੋਂ ਕਰਦੇ ਹੋਏ ਅੰਨ, ਪਾਣੀ, ਅੱਗ, ਲੂਣ, ਘਿਉ ਆਦਿ ਪਦਾਰਥਾਂ ਨੂੰ ‘ਦੇਵਤਾ’ ਭਾਵ ‘ਪਵਿੱਤਰ’ ਕਹਿ ਕੇ ਫੁਰਮਾਇਆ ਹੈ ਕਿ ਇਨ੍ਹਾਂ ਪਦਾਰਥਾਂ ਦੇ ਮੇਲ ਨਾਲ ਜਿਹੜਾ ‘ਪਾਕ-ਪਵਿੱਤਰ’ ਭੋਜਨ ਬਣਦਾ ਉਹ ਸਰੀਰ ਵਿਚ ਰਲ ਕੇ ਮਲ ਬਣ ਜਾਂਦਾ ਹੈ, ਜਿਸ ‘ਤੇ ਥੁੱਕਿਆ ਜਾਂਦਾ ਹੈ।

ਅੰਤਲੀਆਂ ਦੋ ਤੁਕਾਂ ਵਿਚ ਪ੍ਰਭੂ ਦੇ ਨਾਮ ਦੀ ਵਡਿਆਈ ਕਰਦੇ ਹੋਏ ਕਥਨ ਕੀਤਾ ਗਿਆ ਹੈ ਕਿ ਜਿਸ ਮੁਖ ਤੋਂ ਪ੍ਰਭੂ ਦਾ ਨਾਮ ਨਹੀਂ ਉਚਾਰਿਆ ਜਾਂਦਾ ਤੇ ਨਾਮ ਤੋਂ ਬਿਨਾਂ ਰਸੀਲੇ ਪਦਾਰਥ ਖਾਧੇ ਜਾਂਦੇ ਹਨ, ਐਸੇ ਮੁਖ ’ਤੇ ਥੁੱਕਾਂ ਹੀ ਪੈਂਦੀਆਂ ਹਨ। ਇਸ ਸਲੋਕ ਵਿਚ ਦੋ ਥਾਵਾਂ ’ਤੇ ‘ਥੁੱਕਾਂ ਪੈਣੀਆਂ’ ਲੋਕ-ਕਥਨ ਦੀ ਵਰਤੋਂ ਗਈ ਹੈ।

ਸਲੋਕ ਵਿਚ ਕੁੱਲ ਨੌ ਤੁਕਾਂ ਹਨ। ਪੰਜਵੀਂ ਅਤੇ ਛੇਵੀਂ ਤੁਕ ਤੋਂ ਬਿਨਾਂ ਸਾਰੀਆਂ ਤੁਕਾਂ ਦਾ ਮਾਤਰਾ ਵਿਧਾਨ ੧੩+੧੧=੨੪ ਹੀ ਹੈ, ਜੋ ਦੋਹਰੇ ਛੰਦ ਅਧੀਨ ਆਉਂਦਾ ਹੈ। ਪੰਜਵੀਂ ਤੁਕ ਵਿਚ ੮+੯+੧੪+੧੧ = ੪੨ ਮਾਤਰਾਵਾਂ ਹਨ ਅਤੇ ਛੇਵੀਂ ਤੁਕ ਵਿਚ ਸਿਰਫ ੧੧ ਮਾਤਰਾਵਾਂ ਹਨ, ਜੋ ਸਲੋਕ ਦੇ ‘ਸਮ’ ਅਰਥਾਤ ਦੂਜੇ ਜਾਂ ਚਉਥੇ ਚਰਣ ਅਨੁਸਾਰ ਹੀ ਹੈ।