Connect

2005 Stokes Isle Apt. 896, Vacaville 10010, USA

[email protected]

ਸਲੋਕੁ ਮਃ ੧ ॥
ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥
ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥ ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥
ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥ ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥
ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥੧॥

ਸਲੋਕੁ ਮਃ ੧ ॥

ਦਇਆ ਕਪਾਹ ਸੰਤੋਖੁ ਸੂਤੁ ਜਤੁ ਗੰਢੀ ਸਤੁ ਵਟੁ ॥ ਏਹੁ ਜਨੇਊ ਜੀਅ ਕਾ ਹਈ ਤ ਪਾਡੇ ਘਤੁ ॥

ਨਾ ਏਹੁ ਤੁਟੈ ਨ ਮਲੁ ਲਗੈ ਨਾ ਏਹੁ ਜਲੈ ਨ ਜਾਇ ॥ ਧੰਨੁ ਸੁ ਮਾਣਸ ਨਾਨਕਾ ਜੋ ਗਲਿ ਚਲੇ ਪਾਇ ॥

ਚਉਕੜਿ ਮੁਲਿ ਅਣਾਇਆ ਬਹਿ ਚਉਕੈ ਪਾਇਆ ॥ ਸਿਖਾ ਕੰਨਿ ਚੜਾਈਆ ਗੁਰੁ ਬ੍ਰਾਹਮਣੁ ਥਿਆ ॥

ਓਹੁ ਮੁਆ ਓਹੁ ਝੜਿ ਪਇਆ ਵੇਤਗਾ ਗਇਆ ॥੧॥

ਹੇ ਪੰਡਿਤ! ਅਸਲ ਜਨੇਊ ਉਹ ਹੁੰਦਾ ਹੈ ਜਿਸ ਵਿਚ ਦਇਆ ਰੂਪੀ ਕਪਾਹ, ਸੰਤੋਖ ਰੂਪੀ ਧਾਗਾ, ਜਤ ਰੂਪੀ ਗੰਢਾਂ ਤੇ ਸੁੱਚਾ ਆਚਰਣ ਰੂਪੀ ਵੱਟ ਹੋਵੇ। ਜੇਕਰ ਜੀਵ ਦਾ ਅਜਿਹਾ ਅਸਲ ਜਨੇਊ ਤੇਰੇ ਕੋਲ ਹੈ ਤਾਂ ਮੇਰੇ ਗਲ ਵਿਚ ਪਾ ਦੇਹ; ਭਾਵ, ਸਤ, ਸੰਤੋਖ, ਦਇਆ, ਧਰਮ ਆਦਿ ਗੁਣਾਂ ਨੂੰ ਧਾਰਨ ਕਰਨ ਤੋਂ ਬਗੈਰ ਛਿਣ ਭੰਗਰ ਧਾਰਮਕ ਚਿੰਨ੍ਹ ਮਨੁਖੀ ਜੀਵਨ ਦਾ ਕੁਝ ਸਵਾਰ ਨਹੀਂ ਸਕਦੇ।
ਇਹੋ ਜਿਹਾ ਜਨੇਊ ਨਾ ਟੁੱਟਦਾ ਹੈ, ਨਾ ਇਸ ਨੂੰ ਮੈਲ ਲਗਦੀ ਹੈ, ਨਾ ਇਹ ਅੱਗ ਵਿਚ ਸੜਦਾ ਹੈ ਅਤੇ ਨਾ ਹੀ ਇਹ ਗੁਆਚਦਾ ਹੈ; ਭਾਵ, ਇਹ ਸਦਾ ਜੀਵ ਦੇ ਨਾਲ ਰਹਿੰਦਾ ਅਤੇ ਹਰ ਥਾਂ ਉਸ ਦਾ ਸਹਾਈ ਹੁੁੰਦਾ ਹੈ। ਹੇ ਨਾਨਕ! ਉਹ ਮਨੁਖ ਧੰਨਤਾ ਜੋਗ ਹਨ, ਜੋ ਅਜਿਹਾ ਦੈਵੀ-ਗੁਣਾਂ ਵਾਲਾ ਜਨੇਊ ਗਲ ਪਾ ਕੇ ਜੀਵਨ ਵਿਚ ਵਿਚਰਦੇ ਹਨ।

ਧਾਗੇ ਦਾ ਬਣਿਆ ਜਨੇਊ ਬ੍ਰਾਹਮਣ ਨੇ ਚਾਰ ਕੌਡੀਆਂ ਮੁੱਲ ਨਾਲ ਮੰਗਵਾਇਆ ਤੇ ਜਜਮਾਨ ਦੇ ਘਰ ਚਉਕੇ ਵਿਚ ਬਹਿ ਕੇ ਉਸ ਦੇ ਗਲ ਵਿਚ ਪਾ ਦਿਤਾ। ਉਸਨੇ ਜਜਮਾਨ ਦੇ ਕੰਨ ਵਿਚ ਗੁਰ-ਦੀਖਿਆ ਵਜੋਂ ਵਿਸ਼ੇਸ਼ ਮੰਤ੍ਰ ਪੜ੍ਹ ਕੇ ਸਿਖਿਆ ਦਿਤੀ ਤੇ ਇਉਂ ਬ੍ਰਾਹਮਣ ਉਸ ਜਨੇਊਧਾਰੀ ਜਜਮਾਨ ਦਾ ਗੁਰੂ ਹੋ ਗਿਆ ਹੈ। ਜਦੋਂ ਉਹ ਜਜਮਾਨ ਮਰ ਗਿਆ ਤਾਂ ਉਹ ਜਨੇਊ ਵੀ ਉਸ ਦੇ ਸਰੀਰ ਨਾਲ ਹੀ ਸੜ ਗਿਆ। ਇਸ ਤਰ੍ਹਾਂ ਉਹ ਜਜਮਾਨ ਇਸ ਸੰਸਾਰ ਤੋਂ ਜਨੇਊ ਤੋਂ ਬਿਨਾਂ ਹੀ ਗਿਆ।

ਦਇਆ ਰੂਪੀ ਕਪਾਹ, ਸੰਤੋਖ ਰੂਪੀ ਧਾਗਾ, ਜਤ ਰੂਪੀ ਗੰਢਾਂ ਤੇ ਸਤ ਰੂਪੀ ਵੱਟ ਇਹ ਜਨੇਊ ਹੈ ਜੀਅ ਦਾ, (ਜੇਕਰ) ਹੈ ਤਾਂ ਹੇ ਪੰਡਿਤ! ਪਾ ਦੇਹ
ਨਾ ਇਹ (ਜਨੇਊ) ਟੁੱਟਦਾ ਹੈ, ਨਾ (ਇਸ ਨੂੰ) ਮੈਲ ਲਗਦੀ ਹੈ; ਨਾ ਇਹ (ਅੱਗ ਵਿਚ) ਸੜਦਾ ਹੈ, ਨਾ (ਇਹ) ਗੁਆਚਦਾ ਹੈ
ਹੇ ਨਾਨਕ! ਧੰਨ ਹਨ ਉਹ ਮਨੁਖ, ਜੋ (ਅਜਿਹਾ ਜਨੇਊ) ਗਲ ਵਿਚ ਪਾ ਕੇ ਚਲਦੇ ਹਨ
(ਧਾਗੇ ਦਾ ਬਣਿਆ ਜਨੇਊ ਬ੍ਰਾਹਮਣ ਨੇ) ਚਾਰ ਕੌਡੀਆਂ ਮੁੱਲ ਨਾਲ ਮੰਗਵਾਇਆ, (ਜਜਮਾਨ ਦੇ) ਚਉਕੇ ਵਿਚ ਬਹਿ ਕੇ (ਉਸ ਦੇ ਗਲ) ਪਾ ਦਿਤਾ ਕੰਨ ਵਿਚ ਸਿਖਿਆ ਦੇ ਦਿਤੀ, (ਤੇ ਇਉਂ) ਬ੍ਰਾਹਮਣ (ਉਸ ਜਜਮਾਨ ਦਾ) ਗੁਰੂ ਹੋ ਗਿਆ (ਪਰ ਜਦੋਂ) ਉਹ (ਜਜਮਾਨ) ਮਰ ਗਿਆ, ਉਹ (ਜਨੇਊ ਸੜ ਕੇ) ਝੜ ਗਿਆ; (ਇਸ ਤਰ੍ਹਾਂ, ਜਜਮਾਨ ਸੰਸਾਰ ਤੋਂ) ਬਿਨਾਂ ਧਾਗੇ ਦੇ (ਹੀ) ਗਿਆ

ਇਸ ਸਲੋਕ ਦੀ ਪਹਿਲੀ ਤੁਕ ਵਿਚ ਰੂਪਕ ਅਲੰਕਾਰ ਦੀ ਵਰਤੋਂ ਹੋਈ ਹੈ। ਇਸ ਤੁਕ ਵਿਚ ‘ਦਇਆ’, ‘ਸੰਤੋਖੁ’, ‘ਜਤੁ’ ਅਤੇ ‘ਸਤੁ’ ਉਪਮੇਯ ਹਨ, ਜਦਕਿ ‘ਕਪਾਹ’, ‘ਸੂਤੁ’, ‘ਗੰਢੀ’ ਅਤੇ ‘ਵਟੁ’ ਕ੍ਰਮਵਾਰ ਉਨ੍ਹਾਂ ਦੇ ਉਪਮਾਨਾਂ ਵਜੋਂ ਆਏ ਹਨ। ਇਸ ਪ੍ਰਕਾਰ ਰੂਪਕਾਂ ਦੀ ਇਕ ਲੜੀ ਸਿਰਜੀ ਜਾਂਦੀ ਹੈ, ਜਿਸ ਨੂੰ ਤਕਨੀਕੀ ਸ਼ਬਦਾਵਲੀ ਵਿਚ ‘ਸਾਂਗ ਰੂਪਕ’ ਆਖਿਆ ਜਾਂਦਾ ਹੈ। ਇਸ ਕਾਵਿਕ ਜੁਗਤ ਦੀ ਵਰਤੋਂ ਕਰਦਿਆਂ ਗੁਰੂ ਸਾਹਿਬ ਨੇ ਧਾਰਨ ਕੀਤੇ ਜਾਂਦੇ ਦਿਖਾਵੇ ਮਾਤਰ ਬਾਹਰੀ ਜਨੇਊ ਨੂੰ ਪਿੱਠਭੂਮੀ ਵਿਚ ਰਖ ਕੇ ਰੂਹਾਨੀ ਜਨੇਊ ਦੀ ਬਣਤਰ ਨੂੰ ਅਭਿਵਿਅਕਤ ਕੀਤਾ ਹੈ।

ਅਗਲੀਆਂ ਦੋ ਤੁਕਾਂ ਵਿਚ ਸਹਿਜ ਭਾਸ਼ਾਈ ਪ੍ਰਗਟਾਵੇ ਰਾਹੀਂ ਇਸ ਰੂਹਾਨੀ ਜਨੇਊ ਦੀਆਂ ਵਿਸ਼ੇਸ਼ਤਾਵਾਂ ਦਾ ਵਰਨਣ ਕੀਤਾ ਗਿਆ ਹੈ ਕਿ ਅਜਿਹਾ ਜਨੇਊ ਨਾ ਟੁਟਦਾ ਹੈ, ਨਾ ਇਸ ਨੂੰ ਮੈਲ ਲਗਦੀ ਹੈ, ਨਾ ਉਹ ਸੜਦਾ ਹੈ ਅਤੇ ਨਾ ਹੀ ਨਸ਼ਟ ਹੁੰਦਾ ਹੈ।

ਇਸ ਸਲੋਕ ਦੀਆਂ ਅੰਤਲੀਆਂ ਤਿੰਨ ਤੁਕਾਂ ਵਿਚ ਸਹਿਜ ਭਾਸ਼ਾਈ ਪ੍ਰਗਟਾਵੇ ਦੇ ਨਾਲ-ਨਾਲ ਵਿਅੰਗਾਤਮਕਤਾ ਦੀ ਵੀ ਵਰਤੋਂ ਹੋਈ ਹੈ। ਇਥੇ ਚੰਗੇ ਗੁਣ ਧਾਰਨ ਕਰਨ ਤੋਂ ਬਿਨਾਂ ਪਾਏ ਜਨੇਊ ਦੀ ਵਿਅਰਥਤਾ ‘ਤੇ ਤਿੱਖਾ ਵਿਅੰਗ ਕਰਦੇ ਹੋਏ ਕਥਨ ਕੀਤਾ ਗਿਆ ਹੈ ਕਿ ਇਹ ਚਾਰ ਕਉਡੀਆਂ ਮੁੱਲ ਵਾਲਾ ਜਨੇਊ ਹੈ, ਜੋ ਚਉਕੇ ’ਤੇ ਬਹਿ ਕੇ ਪਾ ਦਿਤਾ ਜਾਂਦਾ ਹੈ। ਫਿਰ ਕੰਨ ਵਿਚ ਸਿਖਿਆ ਦਿਤੀ ਜਾਂਦੀ ਹੈ ਤੇ ਬ੍ਰਾਹਮਣ ਗੁਰੂ ਬਣ ਬੈਠਦਾ ਹੈ। ਪਰੰਤੂ ਇਹ ਬਾਹਰੀ ਜਨੇਊ ਜੀਵ ਦੇ ਮਰਦਿਆਂ ਹੀ ਝੜ ਜਾਂਦਾ ਹੈ, ਜਿਸ ਕਾਰਨ ਜੀਵ ਨੂੰ ‘ਵੇ-ਤਗਾ’ ਅਰਥਾਤ ਬਿਨਾ ਜਨੇਊ ਦੇ ਹੀ ਪ੍ਰਭੂ ਦੀ ਦਰਗਾਹ ਵਿਚ ਜਾਣਾ ਪੈਂਦਾ ਹੈ।

ਇਸ ਸਲੋਕ ਵਿਚ ਕੁਲ ੭ ਤੁਕਾਂ ਹਨ। ਪਹਿਲੀ ਅਤੇ ਤੀਜੀ ਤੁਕ ਦਾ ਮਾਤਰਾ ਵਿਧਾਨ ੧੬+੧੧ ਹੈ ਜਦਕਿ ਦੂਜੀ, ਚਉਥੀ, ਪੰਜਵੀਂ ਅਤੇ ਛੇਵੀਂ ਤੁਕ ਦਾ ਮਾਤਰਾ ਵਿਧਾਨ ੧੩+੧੧ ਹੈ। ਸਤਵੀਂ ਤੁਕ ਵਿਚ ੧੬+੧੦ ਮਾਤਰਾਵਾਂ ਹਨ। ਇਸ ਤਰ੍ਹਾਂ ਇਸ ਸਲੋਕ ਦੀ ਰਚਨਾ ਸਰਸੀ ਅਤੇ ਦੋਹਰਾ ਛੰਦਾਂ ਦੇ ਮੇਲ ਨਾਲ ਹੋਈ ਹੈ।