Connect

2005 Stokes Isle Apt. 896, Vacaville 10010, USA

[email protected]

ਸਲੋਕੁ ਮਃ ੧ ॥
ਸਿੰਮਲ ਰੁਖੁ ਸਰਾਇਰਾ    ਅਤਿ ਦੀਰਘ ਅਤਿ ਮੁਚੁ॥
ਓਇ ਜਿ ਆਵਹਿ ਆਸ ਕਰਿ    ਜਾਹਿ ਨਿਰਾਸੇ ਕਿਤੁ॥
ਫਲ ਫਿਕੇ ਫੁਲ ਬਕਬਕੇ    ਕੰਮਿ ਨ ਆਵਹਿ ਪਤ॥
ਮਿਠਤੁ ਨੀਵੀ ਨਾਨਕਾ    ਗੁਣ ਚੰਗਿਆਈਆ ਤਤੁ॥
ਸਭੁ ਕੋ ਨਿਵੈ ਆਪ ਕਉ    ਪਰ ਕਉ ਨਿਵੈ ਨ ਕੋਇ॥
ਧਰਿ ਤਾਰਾਜੂ ਤੋਲੀਐ    ਨਿਵੈ ਸੁ ਗਉਰਾ ਹੋਇ॥
ਅਪਰਾਧੀ ਦੂਣਾ ਨਿਵੈ    ਜੋ ਹੰਤਾ ਮਿਰਗਾਹਿ॥
ਸੀਸਿ ਨਿਵਾਇਐ ਕਿਆ ਥੀਐ    ਜਾ ਰਿਦੈ ਕੁਸੁਧੇ ਜਾਹਿ॥੧॥

ਸਲੋਕੁ ਮਃ ੧ ॥

ਸਿੰਮਲ ਰੁਖੁ ਸਰਾਇਰਾ    ਅਤਿ ਦੀਰਘ ਅਤਿ ਮੁਚੁ॥

ਓਇ ਜਿ ਆਵਹਿ ਆਸ ਕਰਿ    ਜਾਹਿ ਨਿਰਾਸੇ ਕਿਤੁ॥

ਫਲ ਫਿਕੇ ਫੁਲ ਬਕਬਕੇ    ਕੰਮਿ ਨ ਆਵਹਿ ਪਤ॥

ਮਿਠਤੁ ਨੀਵੀ ਨਾਨਕਾ    ਗੁਣ ਚੰਗਿਆਈਆ ਤਤੁ॥

ਸਭੁ ਕੋ ਨਿਵੈ ਆਪ ਕਉ    ਪਰ ਕਉ ਨਿਵੈ ਨ ਕੋਇ॥

ਧਰਿ ਤਾਰਾਜੂ ਤੋਲੀਐ    ਨਿਵੈ ਸੁ ਗਉਰਾ ਹੋਇ॥

ਅਪਰਾਧੀ ਦੂਣਾ ਨਿਵੈ    ਜੋ ਹੰਤਾ ਮਿਰਗਾਹਿ॥

ਸੀਸਿ ਨਿਵਾਇਐ ਕਿਆ ਥੀਐ    ਜਾ ਰਿਦੈ ਕੁਸੁਧੇ ਜਾਹਿ॥੧॥

ਸਿੰਮਲ ਦਾ ਰੁਖ ਵੇਖਣ ਨੂੰ ਤੀਰ ਵਰਗਾ ਸਿੱਧਾ, ਬਹੁਤ ਲੰਮਾ ਤੇ ਵਿਸ਼ਾਲ ਨਜ਼ਰ ਆਉਂਦਾ ਹੈ।
ਪਰ ਉਹ ਜਿਹੜੇ ਪੰਛੀ ਇਸ ਦੇ ਫਲ-ਫੁੱਲ ਖਾਣ ਦੀ ਆਸ ਧਾਰ ਕੇ ਇਸ ਕੋਲ ਆਉਂਦੇ ਹਨ, ਉਹ ਭਲਾ ਨਿਰਾਸ ਹੋ ਕੇ ਕਿਉਂ ਪਰਤਦੇ ਹਨ?
ਕਿਉਂਕਿ ਸਿੰਮਲ ਦੇ ਫਲ ਫਿਕੇ ਤੇ ਫੁੱਲ ਬੇਸੁਆਦੇ ਹੁੰਦੇ ਹਨ ਅਤੇ ਇਸ ਦੇ ਪੱਤੇ ਵੀ ਪੰਛੀਆਂ ਦੇ ਕਿਸੇ ਕੰਮ ਨਹੀਂ ਆਉਂਦੇ।
ਹੇ ਨਾਨਕ! ਨੀਵੇਂ ਹੋਕੇ ਰਹਿਣ ਵਾਲਿਆਂ ਵਿਚ ਹੀ ਮਿਠਾਸ ਹੁੰਦੀ ਹੈ; ਨਿਮਰਤਾ ਵਿਚ ਵਿਚਰਨਾ ਹੀ ਸਾਰੇ ਗੁਣਾਂ ਤੇ ਨੇਕੀਆਂ ਦਾ ਨਿਚੋੜ ਹੈ।
ਹਰ ਕੋਈ ਆਪਣੇ ਸੁਆਰਥ ਲਈ ਹੀ ਨਿਉਂਦਾ ਹੈ; ਕਿਸੇ ਦੂਜੇ ਲਈ ਕੋਈ ਨਹੀਂ ਨੀਵਾਂ ਹੁੰਦਾ।
ਪਰ ਜੇ ਤਰਾਜੂ ‘ਤੇ ਰਖ ਕੇ ਕੁਝ ਤੋਲਿਆ ਜਾਏ ਤਾਂ ਪਤਾ ਲਗਦਾ ਹੈ ਕਿ ਤਰਾਜੂ ਦਾ ਜਿਹੜਾ ਪਲੜਾ ਨਿਵਦਾ ਹੈ, ਉਹ ਹੀ ਭਾਰਾ ਹੁੰਦਾ ਹੈ।
ਪਰ ਇਕ ਸ਼ਿਕਾਰੀ, ਜਿਹੜਾ ਹਿਰਨਾਂ ਨੂੰ ਮਾਰਦਾ ਹੈ, ਉਹ ਨਿਸ਼ਾਨਾ ਬੰਨ੍ਹਣ ਵੇਲੇ ਦੁਗਣਾ ਨਿਵਦਾ ਹੈ।
ਇਸ ਲਈ, ਨਿਰਾ ਕਿਸੇ ਦੇ ਸਿਰ ਨਿਵਾਉਣ ਨਾਲ ਕੀ ਹੁੰਦਾ ਹੈ, ਜੇਕਰ ਦਿਲੋਂ ਉਹ ਮੈਲੇ ਹੀ ਤੁਰੇ ਫਿਰਨ?

ਸਿੰਮਲ ਦਾ ਰੁਖ ਤੀਰ ਵਰਗਾ ਸਿੱਧਾ, ਬਹੁਤ ਲੰਮਾ (ਤੇ) ਬਹੁਤ ਵਿਸ਼ਾਲ (ਹੁੰਦਾ) ਹੈ
(ਪਰ) ਉਹ ਜਿਹੜੇ (ਪੰਛੀ ਇਸ ਦੇ ਫਲ-ਫੁੱਲ ਖਾਣ ਦੀ) ਆਸ ਕਰ ਕੇ ਆਉਂਦੇ ਹਨ, ਨਿਰਾਸ ਕਿਉਂ ਜਾਂਦੇ ਹਨ?
(ਕਿਉਂਕਿ ਇਸ ਦੇ) ਫਲ ਫਿਕੇ ਤੇ ਫੁੱਲ ਬੇਸੁਆਦੇ ਹੁੰਦੇ ਹਨ; (ਤੇ ਇਸ ਦੇ) ਪੱਤੇ (ਵੀ ਕਿਸੇ) ਕੰਮ ਨਹੀਂ ਆਉਂਦੇ
ਹੇ ਨਾਨਕ! ਮਿਠਾਸ ਨੀਵਿਆਂ ਵਿਚ (ਹੁੰਦੀ) ਹੈ, (ਇਹੀ ਸਾਰੇ) ਗੁਣਾਂ ਤੇ ਚੰਗਿਆਈਆਂ ਦਾ ਤੱਤ-ਸਾਰ ਹੈ
ਹਰ ਕੋਈ ਆਪਣੇ (ਨਿਜੀ ਸੁਆਰਥ) ਲਈ ਹੀ ਨਿਵਦਾ ਹੈ, ਦੂਜੇ ਲਈ ਕੋਈ ਨਹੀਂ ਨਿਵਦਾ
(ਪਰ ਜੇ) ਤਰਾਜੂਤੇ ਰਖ ਕੇ ਤੋਲਿਆ ਜਾਏ (ਤਾਂ ਪਤਾ ਲਗਦਾ ਹੈ ਕਿ ਜੋ) ਨਿਵਦਾ ਹੈ, ਉਹ (ਹੀ) ਭਾਰਾ ਹੁੰਦਾ ਹੈ
(ਪਰ ਇਕ) ਸ਼ਿਕਾਰੀ ਦੁੱਗਣਾ ਨਿਵਦਾ ਹੈ, ਜਿਹੜਾ ਹਿਰਨਾਂ ਨੂੰ ਮਾਰਦਾ ਹੈ
(ਇਸ ਲਈ, ਨਿਰਾ ਕਿਸੇ ਦੇ) ਸੀਸ ਨਿਵਾਉਣ ਨਾਲ ਕੀ ਹੁੰਦਾ ਹੈ, ਜੇ ਦਿਲੋਂ (ਉਹ) ਖੋਟੇ (ਹੀ) ਤੁਰੇ ਫਿਰਨ?

ਇਸ ਸਲੋਕ ਵਿਚ ਸੰਕੇਤਾਤਮਕਤਾ ਦੀ ਪ੍ਰਭਾਵਸ਼ਾਲੀ ਵਰਤੋਂ ਹੋਈ ਹੈ। ਪਹਿਲੀਆਂ ਤਿੰਨ ਤੁਕਾਂ ਵਿਚ ਸਿੰਮਲ ਰੁਖ ਦਾ ਦ੍ਰਿਸ਼ਟਾਂਤ ਦਿੰਦੇ ਹੋਏ ਸਪੱਸ਼ਟ ਕੀਤਾ ਗਿਆ ਹੈ ਕਿ ਬਹੁਤੇ ਵੱਡੇ ਹੋਣ ਦਾ ਵੀ ਕੋਈ ਲਾਭ ਨਹੀਂ, ਜੇਕਰ ਕਿਸੇ ਦੇ ਕੰਮ ਨਾ ਆਇਆ ਜਾ ਸਕੇ। ਸਿੰਮਲ ਰੁਖ ਦਾ ਇਹ ਪ੍ਰਭਾਵਸ਼ਾਲੀ ਪ੍ਰਤੀਕ ਸਲੋਕ ਦੀ ਸੰਰਚਨਾ ਵਿਚ ਗੁਣ-ਵਿਹੂਣੇ ਅਭਿਮਾਨੀ ਲੋਕਾਂ ਦੇ ਦੰਭੀ ਕਿਰਦਾਰ ਉਪਰ ਵਿਅੰਗਾਤਮਕ ਚੋਟ ਕਰਦਾ ਹੈ। ਇਸਦੇ ਸਮੇਤ ਇਸ ਸਲੋਕ ਵਿਚ ਅਨਯੋਕਤੀ ਅਲੰਕਾਰ ਦੀ ਵੀ ਖੂਬਸੂਰਤ ਵਰਤੋਂ ਹੋਈ ਹੈ।

ਸਲੋਕ ਦੀ ਚਉਥੀ ਤੁਕ ਪਹਿਲੀਆਂ ਤੁਕਾਂ ਵਿਚ ਉਸਾਰੇ ਦ੍ਰਿਸ਼ਟਾਂਤ ਨੂੰ ਸਪੱਸ਼ਟਤਾ ਪ੍ਰਦਾਨ ਕਰਦੀ ਹੋਈ ਸਮੁੱਚੇ ਸਲੋਕ ਦਾ ਸਾਰ-ਤੱਤ ਪ੍ਰਗਟ ਕਰਦੀ ਹੈ ਕਿ ਨਿਮਰਤਾ ਹੀ ਆਤਮਕ ਗੁਣਾਂ ਦਾ ਸੋਮਾ ਜਾਂ ਤੱਤ ਹੈ। ਇਸ ਪ੍ਰਕਾਰ ਇਹ ਤੁਕ ਕੇਂਦਰੀ ਇਕਾਈ ਵਜੋਂ ਵਿਚਰਦੀ ਹੋਈ ਸਮੁੱਚੇ ਸਲੋਕ ਨੂੰ ਇਕ ਸੰਰਚਨਾਤਮਕ ਢਾਂਚੇ ਵਿਚ ਬੰਨ੍ਹ ਕੇ ਸਲੋਕ ਦੀ ਕਾਵਿ ਸੁੰਦਰਤਾ ਵਿਚ ਵਾਧਾ ਕਰਦੀ ਹੈ।

ਛੇਵੀਂ ਅਤੇ ਸਤਵੀਂ ਤੁਕ, ਚਉਥੀ ਤੁਕ ਨੂੰ ਵਿਸਥਾਰ ਦੇਕੇ, ਕ੍ਰਮਵਾਰ ਤਰਾਜੂ ਅਤੇ ਸ਼ਿਕਾਰੀ ਦੇ ਪ੍ਰਤੀਕਾਂ ਨੂੰ ਵਰਤੋਂ ਵਿਚ ਲਿਆਉਂਦੀ ਹੈ। ਇਨ੍ਹਾਂ ਰਾਹੀਂ ਨਿਰਮਾਣਤਾ ਵਿਚਲੇ ਅਸਲ ਵਡੱਪਣ ਨੂੰ ਬਿਆਨ ਕਰਨ ਸਮੇਤ ਸਵੈ-ਹਿਤ ਅਧੀਨ ਧਾਰਨ ਕੀਤੀ ਅਖੌਤੀ ਨਿਮਰਤਾ ‘ਤੇ ਵੀ ਵਿਅੰਗ ਕੀਤਾ ਗਿਆ ਹੈ।

ਚਉਥੀ, ਪੰਜਵੀਂ ਅਤੇ ਅਠਵੀਂ ਤੁਕ ਵਿਚ ਸਹਿਜ ਭਾਸ਼ਾਈ ਵਰਤੋਂ ਰਾਹੀਂ ਮਨੁਖਾ ਜੀਵਨ ਦੀਆਂ ਅਟੱਲ ਸੱਚਾਈਆਂ ਨੂੰ ਪੇਸ਼ ਕੀਤਾ ਗਿਆ ਹੈ, ਜਿਸ ਕਾਰਨ ਇਹ ਤੁਕਾਂ ਅਖਾਣ ਰੂਪ ਵਿਚ ਲੋਕਧਾਰਾਈ ਸਮੱਗਰੀ ਦਾ ਵੀ ਮਹੱਤਵਪੂਰਨ ਅੰਗ ਬਣ ਗਈਆਂ ਹਨ, ਜਿਵੇਂ ਕਿ:
ਚਉਥੀ ਤੁਕ - ਨਿਮਰਤਾ ਸਾਰੇ ਗੁਣਾਂ ਅਤੇ ਚੰਗਿਆਈਆਂ ਦਾ ਤੱਤ ਹੈ।
ਪੰਜਵੀਂ ਤੁਕ - ਜੀਵ ਸੁਆਰਥ ਲਈ ਝੁਕਦਾ ਹੈ, ਦੂਜੇ ਲਈ ਨਹੀਂ ਝੁਕਦਾ।
ਅਠਵੀਂ ਤੁਕ - ਸੀਸ ਨਿਵਾਣ ਦਾ ਕੋਈ ਲਾਭ ਨਹੀਂ, ਜੇ ਹਿਰਦੇ ਵਿਚ ਖੋਟ ਹੈ।

ਇਸ ਸਲੋਕ ਦੀਆਂ ਸਾਰੀਆਂ ਤੁਕਾਂ ਦਾ ਮਾਤਰਾ ਵਿਧਾਨ ਸ਼ਬਦਾਵਲੀ ਜਾਂ ਉਚਾਰਣ ਦੇ ਅਧਾਰ ’ਤੇ ੧੩+੧੧ ਬਣਦਾ ਹੈ, ਸੋ ਇਸ ਨੂੰ ਦੋਹਰਾ ਛੰਦ ਅਧੀਨ ਰਖਿਆ ਜਾ ਸਕਦਾ ਹੈ। ਇਸ ਸਲੋਕ ਦੀ ਰਚਨਾ ਚਾਰ ਦੋਹਰੇ ਜੋੜ ਕੇ ਹੋਈ ਹੈ।