Connect

2005 Stokes Isle Apt. 896, Vacaville 10010, USA

[email protected]

ਪਉੜੀ ॥
ਸਤਿਗੁਰ ਵਿਟਹੁ ਵਾਰਿਆ    ਜਿਤੁ ਮਿਲਿਐ ਖਸਮੁ ਸਮਾਲਿਆ ॥
ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ    ਇਨੀ੍ ਨੇਤ੍ਰੀ ਜਗਤੁ ਨਿਹਾਲਿਆ ॥
ਖਸਮੁ ਛੋਡਿ ਦੂਜੈ ਲਗੇ    ਡੁਬੇ ਸੇ ਵਣਜਾਰਿਆ ॥
ਸਤਿਗੁਰੂ ਹੈ ਬੋਹਿਥਾ    ਵਿਰਲੈ ਕਿਨੈ ਵੀਚਾਰਿਆ ॥
ਕਰਿ ਕਿਰਪਾ ਪਾਰਿ ਉਤਾਰਿਆ ॥੧੩॥

ਪਉੜੀ ॥

ਸਤਿਗੁਰ ਵਿਟਹੁ ਵਾਰਿਆ    ਜਿਤੁ ਮਿਲਿਐ ਖਸਮੁ ਸਮਾਲਿਆ ॥

ਜਿਨਿ ਕਰਿ ਉਪਦੇਸੁ ਗਿਆਨ ਅੰਜਨੁ ਦੀਆ    ਇਨੀ੍ ਨੇਤ੍ਰੀ ਜਗਤੁ ਨਿਹਾਲਿਆ ॥

ਖਸਮੁ ਛੋਡਿ ਦੂਜੈ ਲਗੇ    ਡੁਬੇ ਸੇ ਵਣਜਾਰਿਆ ॥

ਸਤਿਗੁਰੂ ਹੈ ਬੋਹਿਥਾ    ਵਿਰਲੈ ਕਿਨੈ ਵੀਚਾਰਿਆ ॥

ਕਰਿ ਕਿਰਪਾ ਪਾਰਿ ਉਤਾਰਿਆ ॥੧੩॥

ਮੈਂ ਉਸ ਸੱਚੇ ਗੁਰੂ ਤੋਂ ਬਲਿਹਾਰ ਜਾਂਦਾ ਹਾਂ, ਜਿਸ ਨੂੰ ਮਿਲਣ ਸਦਕਾ ਮੈਂ ਆਪਣੇ ਮਾਲਕ-ਪ੍ਰਭੂ ਨੂੰ ਚੇਤੇ ਕੀਤਾ; ਜਿਸ ਨੇ ਆਪਣਾ ਉਪਦੇਸ ਦੇ ਕੇ ਮੇਰੀਆਂ ਅੱਖਾਂ ਵਿਚ ਗਿਆਨ ਦਾ ਸੁਰਮਾ ਪਾ ਦਿਤਾ ਤੇ ਜਿਸ ਦੀ ਬਰਕਤ ਨਾਲ ਮੈਂ ਇਨ੍ਹਾਂ ਅੱਖਾਂ ਨਾਲ ਇਸ ਸੰਸਾਰ ਨੂੰ ਹਰੀ ਦਾ ਵਿਆਪਕ ਰੂਪ ਕਰਕੇ ਵੇਖ ਲਿਆ।
ਦੂਜੇ ਪਾਸੇ, ਜੋ ਮਾਲਕ-ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਪਿਛੇ ਲਗ ਗਏ, ਉਹ ਜੀਵ-ਰੂਪ ਵਣਜਾਰੇ ਸੰਸਾਰ-ਰੂਪੀ ਭਵ-ਸਾਗਰ ਵਿਚ ਡੁਬ ਗਏ।
ਸਤਿਗੁਰੂ ਮਨੁਖ ਨੂੰ ਇਸ ਭਵ-ਸਾਗਰ ਤੋਂ ਪਾਰ ਕਰਨ ਲਈ ਸ਼ਬਦ ਦਾ ਜਹਾਜ ਹੈ, ਪਰ ਇਹ ਤੱਥ ਕਿਸੇ ਵਿਰਲੇ ਨੇ ਹੀ ਵੀਚਾਰਿਆ ਹੈ। ਜਿਨ੍ਹਾਂ ਮਨੁਖਾਂ ਨੇ ਵੀ ਸਤਿਗੁਰੂ ਦੇ ਸ਼ਬਦ ਨੂੰ ਵੀਚਾਰਿਆ, ਸਤਿਗੁਰੂ ਨੇ ਕਿਰਪਾ ਕਰ ਕੇ ਉਨ੍ਹਾਂ ਨੂੰ ਸੁਖੈਨ ਹੀ ਇਸ ਭਵਸਾਗਰ ਤੋਂ ਪਾਰ ਲੰਘਾ ਦਿਤਾ।

(ਮੈਂ ਉਸ) ਸਤਿਗੁਰੂ ਤੋਂ ਵਾਰਨੇ (ਹਾਂ), ਜਿਸ ਨਾਲ ਮਿਲਣ ਕਰਕੇ (ਮੈਂ ਆਪਣੇ) ਮਾਲਕ-ਪ੍ਰਭੂ ਨੂੰ ਯਾਦ ਕੀਤਾ; ਜਿਸ (ਸਤਿਗੁਰੂ) ਨੇ (ਆਪਣਾ) ਉਪਦੇਸ ਕਰ ਕੇ (ਮੈਨੂੰ) ਗਿਆਨ ਦਾ ਸੁਰਮਾ ਦਿਤਾ; (ਤੇ ਉਸ ਸੁਰਮੇ ਦੀ ਬਰਕਤ ਨਾਲ ਮੈਂ) ਇਨ੍ਹਾਂ ਨੇਤਰਾਂ ਰਾਹੀਂ ਜਗਤ ਨੂੰ (ਹਰੀ ਦਾ ਰੂਪ ਕਰਕੇ) ਨਿਹਾਰਿਆ
(ਜੋ) ਮਾਲਕ-ਪ੍ਰਭੂ ਨੂੰ ਛੱਡ ਕੇ (ਕਿਸੇ) ਦੂਜੇ ਨਾਲ ਲਗ ਗਏ, ਉਹ (ਜੀਵ ਰੂਪ) ਵਣਜਾਰੇ (ਸੰਸਾਰ ਸਾਗਰ ਵਿਚ) ਡੁਬ ਗਏ
ਸਤਿਗੁਰੂ (ਇਸ ਸਾਗਰ ਤੋਂ ਪਾਰ ਕਰਨ ਲਈ ਸ਼ਬਦ ਦਾ) ਬੋਹਿਥਾ ਹੈ, (ਪਰ ਇਹ ਤਥ) ਕਿਸੇ ਵਿਰਲੇ ਨੇ ਹੀ ਵੀਚਾਰਿਆ ਹੈ
(ਜਿਸਨੇ ਵੀ ਸਤਿਗੁਰੂ ਦੇ ਸ਼ਬਦ ਨੂੰ ਵੀਚਾਰਿਆ, ਸਤਿਗੁਰੂ ਨੇ) ਕਿਰਪਾ ਕਰ ਕੇ (ਉਸ ਨੂੰ ਸੰਸਾਰ-ਸਾਗਰ ਤੋਂ) ਪਾਰ ਉਤਾਰ ਦਿਤਾ

ਇਸ ਪਉੜੀ ਦੀ ਤੀਜੀ ਤੁਕ ਵਿਚ ‘ਗਿਆਨ ਅੰਜਨੁ’ (ਗਿਆਨ ਰੂਪੀ ਸੁਰਮਾ) ਅਤੇ ਪੰਜਵੀਂ ਤੁਕ ਵਿਚ ‘ਸਤਿਗੁਰੂ ਹੈ ਬੋਹਿਥਾ’ (ਸਤਿਗੁਰੂ ਰੂਪੀ ਜਹਾਜ) ਵਿਚ ‘ਗਿਆਨ’ ਅਤੇ ‘ਸਤਿਗੁਰੂ’ ਉਪਮੇਯ ਅਤੇ ‘ਅੰਜਨੁ’ ਤੇ ‘ਬੋਹਿਥਾ’ ਉਪਮਾਨ ਹਨ। ਇਨ੍ਹਾਂ ਨੂੰ ਇਕ ਰੂਪ ਸਵੀਕਾਰ ਕਰਕੇ ਰੂਪਕ ਅਲੰਕਾਰ ਸਿਰਜਿਆ ਗਿਆ ਹੈ।

ਕਾਵਿਕ ਬਣਤਰ ਦੇ ਅੰਤਰਗਤ ਇਸ ਪਉੜੀ ਵਿਚ ‘ਖਸਮੁ’ ਅਤੇ ‘ਵਣਜਾਰਿਆ’ ਸ਼ਬਦਾਂ ਦੀ ਵਰਤੋਂ ਪ੍ਰਤੀਕਾਤਮਕ ਰੂਪ ਵਿਚ ਹੋਈ ਹੈ, ਜੋ ਕ੍ਰਮਵਾਰ ਪ੍ਰਭੂ ਅਤੇ ਜੀਵ ਲਈ ਵਰਤੇ ਗਏ ਹਨ।

ਪਉੜੀ ਦੀਆਂ ਅੰਤਲੀਆਂ ਤਿੰਨ ਤੁਕਾਂ ਵਿਚ ਸੰਕੇਤਾਤਮਕਤਾ ਰਾਹੀਂ ਇਕ ਵਿਸ਼ੇਸ਼ ਬਿੰਬ ਸਿਰਜਨਾ ਹੋਈ ਹੈ, ਜਿਸ ਦੁਆਰਾ ਸਤਿਗੁਰੂ ਦੇ ਮਹਤਵ ਨੂੰ ਦਰਸਾਇਆ ਗਿਆ ਹੈ: ਸਤਿਗੁਰੂ ਜਹਾਜ ਹੈ ਜੋ ਕਿਰਪਾ ਕਰਕੇ ਜੀਵ ਦਾ ਪਾਰ ਉਤਾਰਾ ਕਰਦਾ ਹੈ। ਜੋ ਜੀਵ ਮਾਲਕ-ਪ੍ਰਭੂ ਨੂੰ ਛੱਡ ਕੇ ਕਿਸੇ ਹੋਰ ਦਾ ਲੜ ਫੜਦੇ ਹਨ, ਉਹ ਡੁਬ ਜਾਂਦੇ ਹਨ। ਅੰਤਲੀ ਤੁਕ ‘ਕਰਿ ਕਿਰਪਾ ਪਾਰ ਉਤਾਰਿਆ’ ਸਮੁਚੀ ਪਉੜੀ ਦਾ ਭਾਵ ਪ੍ਰਗਟ ਕਰ ਰਹੀ ਹੈ, ਸੋ ਇਥੇ ਵਾਕ ਪੱਧਰੀ ਵਿਰਲਤਾ ਆਈ ਹੈ।