Connect

2005 Stokes Isle Apt. 896, Vacaville 10010, USA

[email protected]

ਮਃ ੧॥
ਵਦੀ ਸੁ ਵਜਗਿ ਨਾਨਕਾ    ਸਚਾ ਵੇਖੈ ਸੋਇ ॥
ਸਭਨੀ ਛਾਲਾ ਮਾਰੀਆ    ਕਰਤਾ ਕਰੇ ਸੁ ਹੋਇ ॥
ਅਗੈ ਜਾਤਿ ਨ ਜੋਰੁ ਹੈ    ਅਗੈ ਜੀਉ ਨਵੇ ॥
ਜਿਨ ਕੀ ਲੇਖੈ ਪਤਿ ਪਵੈ    ਚੰਗੇ ਸੇਈ ਕੇਇ ॥੩॥

ਮਃ ੧॥

ਵਦੀ ਸੁ ਵਜਗਿ ਨਾਨਕਾ    ਸਚਾ ਵੇਖੈ ਸੋਇ ॥

ਸਭਨੀ ਛਾਲਾ ਮਾਰੀਆ    ਕਰਤਾ ਕਰੇ ਸੁ ਹੋਇ ॥

ਅਗੈ ਜਾਤਿ ਨ ਜੋਰੁ ਹੈ    ਅਗੈ ਜੀਉ ਨਵੇ ॥

ਜਿਨ ਕੀ ਲੇਖੈ ਪਤਿ ਪਵੈ    ਚੰਗੇ ਸੇਈ ਕੇਇ ॥੩॥

ਹੇ ਨਾਨਕ! ਉਹ ਸਦਾ-ਥਿਰ ਪ੍ਰਭੂ ਸਾਰੇ ਜੀਵਾਂ ਨੂੰ ਵੇਖ ਰਿਹਾ ਹੈ; ਜੋ ਭਾਵੀ ਉਸ ਵਲੋਂ ਨੀਯਤ ਕੀਤੀ ਹੋਈ ਹੈ, ਉਹ ਹੀ ਹੋਵੇਗੀ।
ਆਪੋ ਆਪਣੀ ਸਮਰਥਾ ਅਨੁਸਾਰ ਬੇਸ਼ਕ ਸਾਰਿਆਂ ਨੇ ਵਧ ਚੜ੍ਹ ਕੇ ਆਪਣਾ ਜੋਰ ਲਾਇਆ ਹੁੰਦਾ ਹੈ, ਪਰ ਹੁੰਦਾ ਉਹੀ ਕੁਝ ਹੈ ਜੋ ਕਰਤਾਪੁਰਖ ਆਪਣੇ ਹੁਕਮ ਅਧੀਨ ਕਰਦਾ ਹੈ।
ਅਗੇ ਕਰਤਾਪੁਰਖ ਦੇ ਦਰ ‘ਤੇ ਨਾ ਜਾਤ ਵੇਖੀ ਜਾਂਦੀ ਹੈ ਤੇ ਨਾ ਉਥੇ ਕਿਸੇ ਦਾ ਕੋਈ ਜੋਰ ਚਲਦਾ ਹੈ। ਅਗੇ ਜੀਵ ਨਵੇਂ ਰੂਪ ਵਿਚ ਹੁੰਦਾ ਹੈ; ਭਾਵ, ਉਥੇ ਕੋਈ ਕਿਸੇ ਨੂੰ ਸਿਆਣਦਾ ਨਹੀਂ ਤੇ ਨਾ ਹੀ ਕੋਈ ਤਾਕਤ ਜਾਂ ਸਿਫਾਰਸ਼ ਕੰਮ ਆਉਂਦੀ ਹੈ।
ਉਥੇ ਕੇਵਲ ਉਹੀ ਭਲੇ ਮੰਨੇ ਜਾਂਦੇ ਹਨ, ਜਿਨ੍ਹਾਂ ਦੀ ਇਜ਼ਤ ਰੱਬੀ-ਨਜਰ ਵਿਚ ਕਬੂਲ ਪੈਂਦੀ ਹੈ।

(ਜੋ) ਭਾਵੀ (ਕਰਤਾ ਪੁਰਖ ਵਲੋਂ) ਨੀਅਤ ਕੀਤੀ ਹੋਈ ਹੈ, ਉਹ (ਹੀ) ਵਾਪਰੇਗੀ; ਉਹ ਸਚਾ (ਸਾਰੇ ਜੀਵਾਂ ਨੂੰ)ਵੇਖ ਰਿਹਾ ਹੈ
(ਆਪੋ ਆਪਣੀ ਸਮਰਥਾ ਅਨੁਸਾਰ) ਸਭਨਾਂ ਨੇ ਕੋਸ਼ਿਸ਼ਾਂ ਕੀਤੀਆਂ, (ਪਰ) ਹੁੰਦਾ ਉਹ (ਕੁਝ ਹੀ ਹੈ ਜੋ) ਕਰਤਾਪੁਰਖ ਕਰਦਾ ਹੈ
ਅਗੇ (ਕਰਤਾਪੁਰਖ ਦੇ ਦਰਤੇ) ਨਾ ਜਾਤ (ਵੇਖੀ ਜਾਂਦੀ ਹੈ) ਨਾ ਜੋਰ (ਚਲਦਾ ਹੈ); ਅਗੇ ਜੀਵ ਨਵੇਂ (ਰੂਪ ਵਿਚ ਹੁੰਦਾ ਹੈ)
ਜਿਨ੍ਹਾਂ ਦੀ ਇਜ਼ਤ ਰੱਬੀ-ਲੇਖੇ ਵਿਚ (ਕਬੂਲ) ਪੈਂਦੀ ਹੈ, ਉਹੀ ਵਿਰਲੇ (ਉਥੇ) ਚੰਗੇ (ਮੰਨੇ ਜਾਂਦੇ) ਹਨ

ਇਸ ਸਲੋਕ ਵਿਚ ਸਹਿਜ ਭਾਸ਼ਾਈ ਪ੍ਰਗਟਾਵੇ ਦੀ ਵਰਤੋਂ ਰਾਹੀਂ ਸਪਸ਼ਟ ਕੀਤਾ ਗਿਆ ਹੈ ਕਿ ਜੋ ਪ੍ਰਭੂ ਨੂੰ ਮਨਜੂਰ ਹੈ, ਉਹੀ ਵਾਪਰਨਾ ਹੈ। ਪ੍ਰਭੂ ਅਗੇ ਜਾਤ ਦਾ ਅਭਿਮਾਨ ਜਾਂ ਕਿਸੇ ਕਿਸਮ ਦਾ ਜੋਰ ਕੰਮ ਨਹੀਂ ਆਉਂਦਾ। ਪ੍ਰਭੂ ਦੀ ਦਰਗਾਹ ਵਿਚ ਵਿਰਲੇ ਹੀ ਚੰਗੇ ਸਾਬਤ ਹੁੰਦੇ ਹਨ, ਜਿਨ੍ਹਾਂ ਨੂੰ ਆਪਣੇ ਧਰਮੀ ਜੀਵਨ ਕਰਕੇ ਇਜ਼ਤ-ਮਾਣ ਮਿਲਦਾ ਹੈ।

‘ਵਦੀ ਸੁ ਵਜਗਿ’ ਅਰਥਾਤ ਪ੍ਰਭੂ ਵਲੋਂ ਮਿਥੀ ਹੋਈ ਹੀ ਵਜੇਗੀ/ਪਰਗਟ ਹੋਵੇਗੀ ਇਕ ਲੋਕ ਕਥਨ ਦੇ ਰੂਪ ਵਿਚ ਵਰਤਿਆ ਜਾਣ ਵਾਲਾ ਵਾਕ ਹੈ। ਇਸੇ ਤਰ੍ਹਾਂ ‘ਸਭਨੀ ਛਾਲਾ ਮਾਰੀਆ’ ਅਰਥਾਤ ਸਭ ਨੇ ਜੋਰ ਲਾਇਆ ਹੈ, ਇਕ ਵਿਅੰਗਾਤਮਕ ਲੋਕ ਕਥਨ ਹੈ ਜਿਸ ਰਾਹੀਂ ਅਭਿਮਾਨੀਆਂ ਵੱਲੋਂ ਕੀਤੇ ਗਏ ਕੰਮਾਂ ਆਦਿ ਦੀ ਵਿਅਰਥਤਾ ਨੂੰ ਪਰਗਟ ਕੀਤਾ ਗਿਆ ਹੈ।

ਤੀਜੀ ਤੁਕ ਵਿਚ ਵਰਤੇ ਗਏ ਸ਼ਬਦ ‘ਜਾਤਿ’ ਅਤੇ ‘ਜੋਰੁ’ ਪ੍ਰਤੀਕਾਤਮਕ ਸ਼ਬਦਾਂ ਦੇ ਰੂਪ ਵਿਚ ਆਏ ਹਨ। ‘ਜਾਤਿ’ ਸ਼ਬਦ ਦੀ ਵਰਤੋਂ ਜਾਤ-ਅਭਿਮਾਨ ਵੱਲ ਸੰਕੇਤ ਕਰ ਰਹੀ ਹੈ ਅਤੇ ‘ਜੋਰਿ’ ਸ਼ਬਦ ਦੀ ਵਰਤੋਂ ਰਾਹੀਂ ਤਾਕਤ ਜਾਂ ਸ਼ਕਤੀ ਦੇ ਹੰਕਾਰ ਵੱਲ ਇਸ਼ਾਰਾ ਕੀਤਾ ਗਿਆ ਹੈ।

ਇਸ ਸਲੋਕ ਨੂੰ ਦੋਹਰਾ ਛੰਦ ਅਧੀਨ ਰਖਿਆ ਜਾ ਸਕਦਾ ਹੈ। ਇਸ ਦੀਆਂ ਕੁਲ ਚਾਰ ਤੁਕਾਂ ਹਨ, ਜਿਨ੍ਹਾਂ ਦਾ ਮਾਤ੍ਰਾ ਵਿਧਾਨ ੧੩ + ੧੧ = ੨੪ ਹੈ। ਤੀਜੀ ਤੁਕ ਵਿਚ ‘ਅਗੈ’ (ਤਿੰਨ ਮਾਤ੍ਰਾਵਾਂ) ਉਚਾਰਣ ਅਨੁਸਾਰ ‘ਅੱਗੈ’ (ਚਾਰ ਮਾਤ੍ਰਾਵਾਂ) ਹੋ ਜਾਂਦੀਆਂ ਹਨ ਅਤੇ ਇਥੇ ਵੀ ੧੩ + ੧੧ = ੨੪ ਮਾਤ੍ਰਾਵਾਂ ਦਾ ਵਿਧਾਨ ਪੂਰਾ ਹੋ ਜਾਂਦਾ ਹੈ। ਇਸ ਤਰ੍ਹਾਂ ਇਥੇ ਦੋ ਦੋਹਰੇ ਜੋੜ ਕੇ ਇਕ ਸਲੋਕ ਬਣਿਆ ਹੈ।