Connect

2005 Stokes Isle Apt. 896, Vacaville 10010, USA

[email protected]

ਪਉੜੀ ॥
ਦਾਨੁ ਮਹਿੰਡਾ ਤਲੀ ਖਾਕੁ    ਜੇ ਮਿਲੈ ਤ ਮਸਤਕਿ ਲਾਈਐ ॥
ਕੂੜਾ ਲਾਲਚੁ ਛਡੀਐ    ਹੋਇ ਇਕ ਮਨਿ ਅਲਖੁ ਧਿਆਈਐ ॥
ਫਲੁ ਤੇਵੇਹੋ ਪਾਈਐ    ਜੇਵੇਹੀ ਕਾਰ ਕਮਾਈਐ ॥
ਜੇ ਹੋਵੈ ਪੂਰਬਿ ਲਿਖਿਆ    ਤਾ ਧੂੜਿ ਤਿਨਾ੍ ਦੀ ਪਾਈਐ ॥
ਮਤਿ ਥੋੜੀ ਸੇਵ ਗਵਾਈਐ ॥੧੦॥

ਪਉੜੀ ॥

ਦਾਨੁ ਮਹਿੰਡਾ ਤਲੀ ਖਾਕੁ    ਜੇ ਮਿਲੈ ਤ ਮਸਤਕਿ ਲਾਈਐ ॥

ਕੂੜਾ ਲਾਲਚੁ ਛਡੀਐ    ਹੋਇ ਇਕ ਮਨਿ ਅਲਖੁ ਧਿਆਈਐ ॥

ਫਲੁ ਤੇਵੇਹੋ ਪਾਈਐ    ਜੇਵੇਹੀ ਕਾਰ ਕਮਾਈਐ ॥

ਜੇ ਹੋਵੈ ਪੂਰਬਿ ਲਿਖਿਆ    ਤਾ ਧੂੜਿ ਤਿਨਾ੍ ਦੀ ਪਾਈਐ ॥

ਮਤਿ ਥੋੜੀ ਸੇਵ ਗਵਾਈਐ ॥੧੦॥

ਜਿਨ੍ਹਾਂ ਦੇ ਹਿਰਦੇ ਵਿਚ ਕਰਤਾਰ ਦਾ ਸੱਚਾ ਨਾਮ ਹੈ, ਉਨ੍ਹਾਂ ਸੇਵਕਾਂ ਦੇ ਚਰਨਾਂ ਦੀਆਂ ਤਲੀਆਂ ਦੀ ਧੂੜੀ ਹੀ ਮੇਰਾ ਅਸਲ ਦਾਨ ਹੈ। ਜੇਕਰ ਇਹ ਦਾਨ ਮਿਲ ਜਾਵੇ ਤਾਂ ਮੱਥੇ ਉਤੇ ਲਾ ਲਈਏ।
ਸੱਚੇ ਨਾਮ ਨੂੰ ਧਿਆਉਣ ਤੇ ਕਮਾਉਣ ਵਾਲੇ ਉਨ੍ਹਾਂ ਸੇਵਕਾਂ ਦੀ ਸੰਗਤ ਵਿਚ ਨਾਸ਼ਵਾਨ ਸੰਸਾਰ ਤੇ ਇਸ ਦੇ ਪਦਾਰਥਾਂ ਦਾ ਝੂਠਾ ਲਾਲਚ ਛੱਡ ਦੇਈਏ ਤੇ ਇਕਾਗਰ ਮਨ ਨਾਲ ਅਲਖ ਕਰਤਾਰ ਨੂੰ ਧਿਆਈਏ।
ਉਹੋ-ਜਿਹਾ ਹੀ ਜਿੰਦਗੀ ਵਿਚ ਫਲ ਪ੍ਰਾਪਤ ਕਰੀਦਾ ਹੈ, ਜਿਹੋ-ਜਿਹੇ ਕੰਮ ਕੀਤੇ ਹੁੰਦੇ ਹਨ।
ਉਨ੍ਹਾਂ ਸੱਚੇ ਨਾਮ ਦੇ ਉਪਾਸ਼ਕਾਂ ਦੀ ਸੰਗਤ ਵੀ ਤਾਂ ਹੀ ਪ੍ਰਾਪਤ ਹੁੰਦੀ ਹੈ, ਜੇ ਧੁਰ ਦਰਗਾਹੋਂ ਭਾਗਾਂ ਵਿਚ ਅਜਿਹਾ ਸ਼ੁਭ-ਲੇਖ ਲਿਖਿਆ ਹੋਵੇ।
ਪ੍ਰਭੂ-ਸੇਵਕਾਂ ਦੀ ਸੰਗਤ ਤੋਂ ਬਗੈਰ, ਆਪਣੀ ਅਲਪ ਬੁੱਧੀ ਦੇ ਆਸਰੇ ਕੀਤੀ ਹੋਈ ਘਾਲ-ਕਮਾਈ ਵਿਅਰਥ ਚਲੀ ਜਾਂਦੀ ਹੈ।

ਮੇਰਾ ਦਾਨ ਹੈ (ਪੈਰਾਂ ਦੀਆਂ) ਤਲੀਆਂ ਦੀ ਧੂੜੀ; ਜੇਕਰ ਮਿਲ ਜਾਵੇ ਤਾਂ ਮੱਥੇ ਉਤੇ ਲਾ ਲਈਏ
ਝੂਠਾ ਲਾਲਚ ਛੱਡ ਦੇਈਏ (ਤੇ) ਇਕ ਮਨ ਹੋ ਕੇ ਅਲਖ-ਪ੍ਰਭੂ ਨੂੰ ਧਿਆਈਏ
ਉਹੋ ਜਿਹਾ ਫਲ (ਹੀ) ਪਾਈਦਾ ਹੈ, ਜਿਹੋ ਜਿਹੀ ਕਾਰ ਕਮਾਈਦੀ ਹੈ
ਜੇ ਪਹਿਲਾਂ ਤੋਂ ਲਿਖਿਆ ਹੋਵੇ, ਤਾਂ ਉਨ੍ਹਾਂ ਦੀ ਚਰਨ-ਧੂੜ ਪਾਈਦੀ ਹੈ
ਥੋੜ੍ਹੀ ਮਤਿ ਨਾਲ ਸੇਵਾ ਗਵਾ ਲਈਦੀ ਹੈ

ਪਉੜੀ ਦੀ ਪਹਿਲੀ ਤੁਕ ‘ਦਾਨੁ ਮਹਿੰਡਾ ਤਲੀ ਖਾਕੁ’ ਇਕ ਸੰਕੇਤਾਤਮਕ ਕਥਨ ਹੈ ਜਿਸ ਵਿਚ ਪ੍ਰਭੂ-ਪਿਆਰਿਆਂ ਦੇ ਪੈਰਾਂ ਦੀ ਖਾਕ ਅਰਥਾਤ ਚਰਨ-ਧੂੜ ਨੂੰ ਮੱਥੇ ਉੱਪਰ ਲਾਉਣ ਬਾਰੇ ਸੰਕੇਤ ਕਰਦਿਆਂ ਉਨ੍ਹਾਂ ਪ੍ਰਤੀ ਅਤਿਅੰਤ ਸਮਰਪਣ ਅਤੇ ਸਨਮਾਨ ਦਾ ਭਾਵ ਪ੍ਰਗਟ ਕੀਤਾ ਗਿਆ ਹੈ। ਇਹ ਕਥਨ ਲੋਕ-ਅਖਾਣ ਦੇ ਰੂਪ ਵਿਚ ਪ੍ਰਚਲਤ ਹੋਣ ਕਾਰਨ ਲੋਕੋਕਤੀ ਅਲੰਕਾਰ ਦੀ ਖੂਬਸੂਰਤ ਉਦਾਹਰਣ ਸਥਾਪਤ ਹੁੰਦਾ ਹੈ।

ਦੂਜੀ ਤੁਕ ਵਿਚ ਸ਼ਬਦ ‘ਅਲਖੁ’ (ਭਾਵ, ਜਿਸ ਨੂੰ ਵੇਖਿਆ ਨਾ ਜਾ ਸਕੇ), ਕਿਉਂਕਿ ਪ੍ਰਭੂ ਦੀ ਇਕ ਵਿਸ਼ੇਸ਼ਤਾ ਦਰਸਾ ਰਿਹਾ ਹੈ, ਸੋ ਇਥੇ ਪਰਿਕਰ ਅਲੰਕਾਰ ਆਇਆ ਹੈ।

ਤੀਜੀ ਅਤੇ ਚਉਥੀ ਤੁਕ ਵਿਚ ਸਹਿਜ ਭਾਸ਼ਾਈ ਪ੍ਰਗਟਾਵੇ ਰਾਹੀਂ ਸਪਸ਼ਟ ਕੀਤਾ ਗਿਆ ਹੈ ਕਿ ਜੈਸੀ ਕਾਰ ਕਮਾਈ ਜਾਵੇ, ਵੈਸਾ ਹੀ ਫਲ ਮਿਲਦਾ ਹੈ ਅਤੇ ਸਤ-ਪੁਰਖਾਂ ਦੀ ਚਰਨ-ਧੂੜ ਚੰਗੇ ਭਾਗਾਂ ਨਾਲ ਹੀ ਪ੍ਰਾਪਤ ਹੁੰਦੀ ਹੈ। ਇਥੇ ‘ਪੂਰਬਿ ਲਿਖਿਆ’ ਸ਼ਬਦ-ਜੋੜ ਦੀ ਵਿਸ਼ੇਸ਼ ਵਰਤੋਂ ਹੋਈ ਹੈ। ਦੱਖਣੀ ਏਸ਼ੀਆਈ ਪਰੰਪਰਾ ਵਿਚ ਇਹ ਮੰਨਿਆ ਗਿਆ ਹੈ ਕਿ ਜੀਵ ਦੇ ਭਾਗ ਪਹਿਲਾਂ ਹੀ ਲਿਖ ਦਿੱਤੇ ਜਾਂਦੇ ਹਨ। ਇਥੇ ਉਸੇ ਵਿਸ਼ਵਾਸ ਦੀ ਵਰਤੋਂ ਇਕ ਸੰਕੇਤਾਤਮਕ ਕਥਨ ਵਜੋਂ ਕਰਦਿਆਂ ਭਾਗ ਜਾਂ ਕਰਮਾਂ ਵੱਲ ਸੰਕੇਤ ਕੀਤਾ ਗਿਆ ਹੈ।

‘ਮਤਿ ਥੋੜੀ ਸੇਵ ਗਵਾਈਐ’ ਤੁਕ ਵਿਚ ਵੀ ਸਹਿਜ ਭਾਸ਼ਾਈ ਪ੍ਰਗਟਾਵੇ ਰਾਹੀਂ ਦਸਿਆ ਗਿਆ ਹੈ ਕਿ ਨਿਜੀ ਅਲਪ-ਮਤਿ ਦੇ ਆਸਰੇ ਕੀਤੀ ਹੋਈ ਕਮਾਈ ਵਿਅਰਥ ਚਲੀ ਜਾਂਦੀ ਹੈ।