Connect

2005 Stokes Isle Apt. 896, Vacaville 10010, USA

[email protected]

ਪਉੜੀ॥
ਆਪੀਨੈ੍ ਆਪੁ ਸਾਜਿਓ    ਆਪੀਨੈ੍ ਰਚਿਓ ਨਾਉ ॥
ਦੁਯੀ ਕੁਦਰਤਿ ਸਾਜੀਐ    ਕਰਿ ਆਸਣੁ ਡਿਠੋ ਚਾਉ ॥
ਦਾਤਾ ਕਰਤਾ ਆਪਿ ਤੂੰ    ਤੁਸਿ ਦੇਵਹਿ ਕਰਹਿ ਪਸਾਉ ॥
ਤੂੰ ਜਾਣੋਈ ਸਭਸੈ    ਦੇ ਲੈਸਹਿ ਜਿੰਦੁ ਕਵਾਉ ॥
ਕਰਿ ਆਸਣੁ ਡਿਠੋ ਚਾਉ ॥੧॥

ਪਉੜੀ॥

ਆਪੀਨੈ੍ ਆਪੁ ਸਾਜਿਓ    ਆਪੀਨੈ੍ ਰਚਿਓ ਨਾਉ ॥

ਦੁਯੀ ਕੁਦਰਤਿ ਸਾਜੀਐ    ਕਰਿ ਆਸਣੁ ਡਿਠੋ ਚਾਉ ॥

ਦਾਤਾ ਕਰਤਾ ਆਪਿ ਤੂੰ    ਤੁਸਿ ਦੇਵਹਿ ਕਰਹਿ ਪਸਾਉ ॥

ਤੂੰ ਜਾਣੋਈ ਸਭਸੈ    ਦੇ ਲੈਸਹਿ ਜਿੰਦੁ ਕਵਾਉ ॥

ਕਰਿ ਆਸਣੁ ਡਿਠੋ ਚਾਉ ॥੧॥

ਹੇ ਕਰਤਾਪੁਰਖ! ਪਹਿਲਾਂ, ਤੂੰ ਆਪ ਹੀ ਆਪਣੇ ਆਪ ਨੂੰ ਸਾਜਿਆ ਤੇ ਆਪ ਹੀ ਆਪਣਾ ਨਾਮ-ਰੂਪ ਬਣਾਇਆ।
ਫਿਰ, ਤੂੰ ਸ੍ਰਿਸ਼ਟੀ ਸਾਜੀ ਤੇ ਸਾਜੀ ਹੋਈ ਸ੍ਰਿਸ਼ਟੀ ਵਿਚ ਵਿਆਪਕ ਹੋ ਕੇ (ਆਸਣ ਲਾ ਕੇ) ਆਪਣੀ ਰਚਨਾ ਅਥਵਾ ਆਪਣੇ ਚੋਜ-ਪਸਾਰੇ ਨੂੰ ਚਾਅ ਨਾਲ ਵੇਖਿਆ।
ਸ੍ਰਿਸ਼ਟੀ ਅਤੇ ਉਸ ਦੇ ਜੀਵਾਂ ਨੂੰ ਰਚਣ ਵਾਲਾ ਕਰਤਾ ਅਤੇ ਉਨ੍ਹਾਂ ਨੂੰ ਦਾਤਾਂ ਦੇਣ ਵਾਲਾ ਦਾਤਾ ਵੀ ਤੂੰ ਆਪ ਹੀ ਹੈਂ। ਤੂੰ ਆਪ ਹੀ ਤਰੁੱਠ ਕੇ ਜੀਵਾਂ ਨੂੰ ਦਾਤਾਂ ਦੇਂਦਾ, ਉਨ੍ਹਾਂ ‘ਤੇ ਕਿਰਪਾ ਕਰਦਾ ਤੇ ਸ੍ਰਿਸ਼ਟੀ ਦਾ ਪਸਾਰਾ ਕਰਦਾ ਹੈਂ।
ਤੂੰ ਸਾਰਿਆਂ ਦਾ ਜਾਣਨਹਾਰ ਹੈਂ; ਅਉਧ ਪੁੱਗ ਜਾਣ ‘ਤੇ ਤੂੰ ਆਪ ਹੀ ਆਪਣੇ ਹੁਕਮ ਅਨੁਸਾਰ ਉਨ੍ਹਾਂ ਦੀ ਜਾਨ ਲੈ ਲੈਂਦਾ ਹੈ।
ਇਸ ਪ੍ਰਕਾਰ ਤੂੰ ਆਪਣੀ ਸਾਜੀ ਹੋਈ ਸ੍ਰਿਸ਼ਟੀ ਵਿਚ ਆਸਣ ਲਾ ਕੇ ਉਸ ਦੇ ਹਰ ਵਰਤਾਰੇ ਨੂੰ ਉਤਸ਼ਾਹ ਨਾਲ ਵੇਖ ਰਿਹਾ ਹੈਂ।

(ਤੂੰ) ਆਪ ਹੀ (ਆਪਣੇ) ਆਪ ਨੂੰ ਸਾਜਿਆ, ਆਪ ਹੀ (ਆਪਣੇ)ਨਾਮ ਨੂੰ ਰਚਿਆ।
ਦੂਜੀ, (ਤੇਰੇ ਦੁਆਰਾ) ਕੁਦਰਤ ਸਾਜੀ ਗਈ, (ਤੇ ਉਸ ਵਿਚ) ਆਸਣ ਲਾ ਕੇ (ਤੂੰ) ਦੇਖਿਆ ਚਾਉ ਕਰ ਕੇ।
ਦੇਣ ਵਾਲਾ (ਤੇ) ਕਰਨ ਵਾਲਾ ਤੂੰ ਆਪ ਹੀ (ਹੈਂ; ਤੂੰ ਆਪ ਹੀ) ਤਰੁੱਠ ਕੇ ਦੇਂਦਾ (ਤੇ) ਪ੍ਰਸਾਦ ਅਥਵਾ ਪਸਾਰਾ ਕਰਦਾ ਹੈਂ।
ਤੂੰ ਸਾਰਿਆਂ ਦਾ ਜਾਣਨਹਾਰ ਹੈਂ; (ਆਪਣਾ) ਹੁਕਮ ਦੇ ਕੇ (ਤੂੰ) ਜਿੰਦ ਲੈ ਲੈਂਦਾ ਹੈਂ।
ਆਸਣ ਲਾ ਕੇ (ਤੂੰ) ਦੇਖਿਆ ਚਾਉ ਕਰ ਕੇ।

ਇਸ ਪਉੜੀ ਵਿਚ ਇਕੋ ਜਿਹੀ ਸੰਰਚਨਾਤਮਕ ਬਣਤਰ ਅਤੇ ਵਿਆਕਰਣਕ ਰੂਪਾਕਾਰ ਵਾਲੇ ਸ਼ਬਦਾਂ ਦੀ ਵਰਤੋਂ ਇਕ ਖ਼ਾਸ ਨਾਦ-ਗਤ ਅਤੇ ਅਰਥ-ਗਤ ਸੁੰਦਰਤਾ ਉਤਪੰਨ ਕਰ ਰਹੀ ਹੈ। ਪਹਿਲੀ ਤੁਕ ਵਿਚ ‘ਸਾਜਿਓ’, ‘ਰਚਿਓ’ ਅਤੇ ਤੀਜੀ-ਚਉਥੀ ਤੁਕ ਵਿਚ ‘ਦੇਵਹਿ’, ‘ਕਰਹਿ’ ਤੇ ‘ਲੈਸਹਿ’ ਸ਼ਬਦ ਇਕ ਪਾਸੇ ਪਉੜੀ ਵਿਚ ਇਕ ਵਿਸ਼ੇਸ਼ ਲੈਅ ਪੈਦਾ ਕਰ ਰਹੇ ਹਨ, ਤਾਂ ਦੂਜੇ ਪਾਸੇ, ਕਰਤਾਪੁਰਖ ਦੀਆਂ ਅਨੰਤ ਅਤੇ ਸਦੀਵੀ ਸ਼ਕਤੀਆਂ ਵੱਲ ਸੰਕੇਤ ਵੀ ਕਰ ਰਹੇ ਹਨ। “ਤੂੰ ਸਿਰਜਨਹਾਰ ਹੈਂ (ਸਾਜਿਓ), ਰਚੈਤਾ ਹੈਂ (ਰਚਿਓ), ਸਾਰੀਆਂ ਦਾਤਾਂ ਬਖਸ਼ਣ ਵਾਲਾ ਹੈਂ (ਦੇਵਹਿ), ਸ਼੍ਰਿਸਟੀ ਦਾ ਕਰਤਾ ਹੈਂ (ਕਰਹਿ), ਅਤੇ ਅੰਤ ਵਿਚ ਸਭ-ਕੁਝ ਵਾਪਸ ਵੀ ਲੈ ਲੈਂਦਾ ਹੈਂ (ਲੈਸਹਿ)।” ਇਨ੍ਹਾਂ ਸ਼ਬਦਾਂ ਰਾਹੀਂ ਕਰਤਾਪੁਰਖ ਦੀਆਂ ਅਸੀਮ ਅਤੇ ਵਿਆਪਕ ਸ਼ਕਤੀਆਂ ਨੂੰ ਪ੍ਰਗਟਾਇਆ ਗਿਆ ਹੈ।

ਤੀਜੀ ਅਤੇ ਚਉਥੀ ਤੁਕ ਵਿਚ ‘ਪਸਾਉ’ ਅਤੇ ‘ਕਵਾਉ’ ਦੀ ਵਰਤੋਂ ਹੈ, ਜੋ ਪ੍ਰਭੂ ਦੀਆਂ ਦੋ ਹੋਰ ਸ਼ਕਤੀਆਂ ‘ਕਿਰਪਾ/ਪਸਾਰਾ ਕਰਨਾ’ ਅਤੇ ‘ਹੁਕਮ ਦੇਣਾ’ ਵੱਲ ਇਸ਼ਾਰਾ ਹੈ। ਪਹਿਲੀ ਅਤੇ ਦੂਜੀ ਤੁਕ ਵਿਚ ‘ਨਾਉ’ ਅਤੇ ‘ਚਾਉ’ ਦਾ ਪ੍ਰਯੋਗ ਵੀ ਪ੍ਰਭੂ ਦੇ ‘ਨਾਮ’ ਅਤੇ ਆਪਣੀ ਰਚੀ ਸ੍ਰਿਸ਼ਟੀ ਪ੍ਰਤੀ ਉਸ ਦੇ ‘ਚਾਅ’ ਨੂੰ ਪ੍ਰਗਟ ਕਰਦਾ ਹੈ।

ਤੀਜੀ ਤੁਕ ਦੇ ਪਹਿਲੇ ਅੱਧ ਵਿਚ ‘ਦਾਤਾ’ ਅਤੇ ‘ਕਰਤਾ’ ਸ਼ਬਦ ਵਰਤੇ ਗਏ ਹਨ ਤੇ ਉਸੇ ਕ੍ਰਮ ਵਿਚ ਇਸ ਦੇ ਦੂਜੇ ਅੱਧ ਵਿਚ ਇਨ੍ਹਾਂ ਨਾਲ ਸੰਬੰਧਤ ਦੋ ਕਿਰਿਆਵਾਂ ‘ਦੇਵਹਿ’ ਅਤੇ ‘ਕਰਹਿ’ ਦਾ ਪ੍ਰਯੋਗ ਵੀ ਵਿਸ਼ੇਸ਼ ਹੈ। ਅਸਲ ਵਿਚ ਇਹ ਸਾਰੇ ਸ਼ਬਦ ਪ੍ਰਭੂ ਦੀਆਂ ਵਿਲੱਖਣ ਸ਼ਕਤੀਆਂ ਨੂੰ ਪ੍ਰਗਟ ਕਰਦੇ ਹਨ। ਇਨ੍ਹਾਂ ਦੀ ਸਰੂਪ-ਗਤ ਸਮਾਨਤਾ ਪ੍ਰਭੂ ਦੀਆਂ ਇਨ੍ਹਾਂ ਸ਼ਕਤੀਆਂ ਦੀ ਇਕ-ਰੂਪਤਾ ਅਤੇ ਇਨ੍ਹਾਂ ਪ੍ਰਤੀ ਇਕਾਗਰ ਭਾਵ ਨੂੰ ਦਰਸਾਉਂਦੀ ਹੈ।

‘ਕਰਿ ਆਸਣੁ ਡਿਠੋ ਚਾਉ’ ਤੁਕ ਦਾ ਪ੍ਰਯੋਗ ਵੀ ਅਤਿਅੰਤ ਸਿਰਜਨਾਤਮਕ ਹੈ। ਕਰਤਾਪੁਰਖ ਨੂੰ ਆਪਣੀ ਰਚਨਾ ਪ੍ਰਤੀ ਲਗਾਵ ਹੈ ਅਤੇ ਉਹ ਰਚਨਾ ਵਿਚ ਬਿਰਾਜਮਾਨ ਹੋ ਕੇ ਬੜੇ ਚਾਅ ਨਾਲ ਇਸ ਦੇ ਸਾਰੇ ਕਾਰ-ਵਿਹਾਰ ਨੂੰ ਵੇਖ ਰਿਹਾ ਹੈ। ਇਥੇ ਇਕ ਸਹਿਜ ਉਕਤੀ ਰਾਹੀਂ ਪ੍ਰਭੂ ਵੱਲੋਂ ਕੁਦਰਤ ਵਿਚ ਹਾਜ਼ਰ-ਨਾਜ਼ਰ ਰਹਿਣ ਦੇ ਭਾਵ ਨੂੰ ਪ੍ਰਗਟਾਇਆ ਗਿਆ ਹੈ। ‘ਕਿਸੇ ਹੋਰ ਉਕਤੀ ਰਾਹੀਂ ਕਿਸੇ ਹੋਰ ਭਾਵ ਨੂੰ ਪ੍ਰਗਟ ਕਰਨ ਕਾਰਣ’ ਇਥੇ ‘ਅਨਯੋਕਤੀ ਅਲੰਕਾਰ’ ਆਇਆ ਹੈ।

ਪਉੜੀ ਦੇ ਅੰਤ ਵਿਚ ਇਸੇ ਤੁਕ ਦਾ ਦੂਜੀ ਵਾਰੀ ਪ੍ਰਯੋਗ ਹੋਇਆ ਹੈ। ਇਸ ਦੁਹਰਾਉ ਰਾਹੀਂ ਇਹ ਦੁਬਾਰਾ ਸਪਸ਼ਟ ਕੀਤਾ ਗਿਆ ਹੈ ਕਿ ਪ੍ਰਭੂ ਹੀ ਸ਼੍ਰਿਸ਼ਟੀ ਦਾ ਸਿਰਜਕ ਹੈ, ਉਹ ਸਾਰੀ ਕੁਦਰਤ ਵਿਚ ਸਮਾਇਆ ਹੋਇਆ ਹੈ ਅਤੇ ਸ੍ਰਿਸ਼ਟੀ ਦਾ ਸਾਰਾ ਸਿਲਸਿਲਾ ਉਸ ਦੇ ਹੁਕਮ ਅਧੀਨ ਹੀ ਚਲਦਾ ਹੈ।

ਇਸ ਪਉੜੀ ਦਾ ਮਾਤਰਾ ਵਿਧਾਨ ੧੪+੧੩ (ਪਹਿਲੀ ਤੁਕ), ੧੩+੧੩ (ਦੂਜੀ ਤੁਕ), ੧੩+੧੩ (ਤੀਜੀ ਤੁਕ), ੧੩+੧੩ (ਚਉਥੀ ਤੁਕ) ਹੈ। ਪੰਜਵੀ ਤੁਕ ਵਿਚ ੧੩ ਮਾਤਰਾਵਾਂ ਹਨ।