Connect

2005 Stokes Isle Apt. 896, Vacaville 10010, USA

[email protected]

ਮਃ ੧ ॥
ਲਖ ਨੇਕੀਆ ਚੰਗਿਆਈਆ    ਲਖ ਪੁੰਨਾ ਪਰਵਾਣੁ ॥
ਲਖ ਤਪ ਉਪਰਿ ਤੀਰਥਾਂ    ਸਹਜ ਜੋਗ ਬੇਬਾਣ ॥
ਲਖ ਸੂਰਤਣ ਸੰਗਰਾਮ    ਰਣ ਮਹਿ ਛੁਟਹਿ ਪਰਾਣ ॥
ਲਖ ਸੁਰਤੀ   ਲਖ ਗਿਆਨ ਧਿਆਨ    ਪੜੀਅਹਿ ਪਾਠ ਪੁਰਾਣ ॥
ਜਿਨਿ ਕਰਤੈ ਕਰਣਾ ਕੀਆ    ਲਿਖਿਆ ਆਵਣ ਜਾਣੁ ॥
ਨਾਨਕ   ਮਤੀ ਮਿਥਿਆ    ਕਰਮੁ ਸਚਾ ਨੀਸਾਣੁ ॥੨॥

ਮਃ ੧ ॥

ਲਖ ਨੇਕੀਆ ਚੰਗਿਆਈਆ    ਲਖ ਪੁੰਨਾ ਪਰਵਾਣੁ ॥

ਲਖ ਤਪ ਉਪਰਿ ਤੀਰਥਾਂ    ਸਹਜ ਜੋਗ ਬੇਬਾਣ ॥

ਲਖ ਸੂਰਤਣ ਸੰਗਰਾਮ    ਰਣ ਮਹਿ ਛੁਟਹਿ ਪਰਾਣ ॥

ਲਖ ਸੁਰਤੀ   ਲਖ ਗਿਆਨ ਧਿਆਨ    ਪੜੀਅਹਿ ਪਾਠ ਪੁਰਾਣ ॥

ਜਿਨਿ ਕਰਤੈ ਕਰਣਾ ਕੀਆ    ਲਿਖਿਆ ਆਵਣ ਜਾਣੁ ॥

ਨਾਨਕ   ਮਤੀ ਮਿਥਿਆ    ਕਰਮੁ ਸਚਾ ਨੀਸਾਣੁ ॥੨॥

ਭਾਵੇਂ ਲਖਾਂ ਨੇਕ ਕਰਨੀਆਂ ਤੇ ਭਲਿਆਈਆਂ ਕਰ ਲਈਆਂ ਜਾਣ ਤੇ ਲਖਾਂ ਪ੍ਰਮਾਣਤ ਮੰਨੇ ਜਾਂਦੇ ਪੁੰਨ-ਕਰਮ ਕਮਾ ਲਏ ਜਾਣ।
ਭਾਵੇਂ ਤੀਰਥ-ਸਥਾਨਾਂ ਉਤੇ ਜਾਕੇ ਲਖਾਂ ਤਪ ਸਾਧ ਲਏ ਜਾਣ ਤੇ ਉਜਾੜਾਂ ਵਿਚ ਜਾ ਕੇ ਜੋਗੀਆਂ ਵਾਲੇ ਲਖਾਂ ਸਹਜ ਅਥਵਾ ਗਿਆਨ-ਜੋਗ ਕਮਾਉਣ ਦੇ ਸਾਧਨ ਕਰ ਲਏ ਜਾਣ।
ਭਾਵੇਂ ਸੂਰਬੀਰਤਾ ਵਾਲੇ ਲਖਾਂ ਜੌਹਰ/ਕਰਤਬ ਵਿਖਾਏ ਜਾਣ ਤੇ ਲਖਾਂ ਜੁਧ ਲੜ ਲਏ ਜਾਣ; ਇਥੋਂ ਤਕ ਕਿ ਲੜਦਿਆਂ-ਲੜਦਿਆਂ ਜੁਧ ਦੇ ਮੈਦਾਨ ਵਿਚ ਹੀ ਸੁਆਸ ਨਿਕਲ ਜਾਣ।
ਭਾਵੇਂ ਲਖਾਂ ਸੁਰਤੀ-ਬਿਰਤੀ ਜੋੜਨ ਦੇ ਅਭਿਆਸ ਤੇ ਲਖਾਂ ਗਿਆਨ-ਧਿਆਨ ਦੇ ਸਾਧਨ ਕਰ ਲਏ ਜਾਣ, ਭਾਵ ਲਖਾਂ ਹੀ ਗਿਆਨ ਕਥ ਲਏ ਜਾਣ ਤੇ ਧਿਆਨ ਲਾ ਲਏ ਜਾਣ ਅਤੇ ਲਖਾਂ ਹੀ ਪੁਰਾਣਾਂ ਆਦਿ ਦੇ ਪਾਠ ਪੜ੍ਹ ਲਏ ਜਾਣ।
ਪਰ ਨਾਨਕ! ਜਿਸ ਕਰਤਬਾਪੁਰਖ ਨੇ ਇਹ ਸਾਰਾ ਸੰਸਾਰ ਰਚਿਆ ਹੈ ਤੇ ਸੰਸਾਰ ਉਤੇ ਜੀਵਾਂ ਦੇ ਆਉਣ-ਜਾਣ (ਆਵਾਗਵਨ) ਦਾ ਖੇਡ ਬਣਾਇਆ ਹੈ, ਕੇਵਲ ਉਸਦੀ ਮਿਹਰ ਤੇ ਇਸ ਮਿਹਰ ਸਦਕਾ ਪ੍ਰਾਪਤ ਹੋਣ ਵਾਲਾ ਉਸਦਾ ਸੱਚਾ ਨਾਮ ਹੀ ਉਸਦੇ ਦਰ ‘ਤੇ ਪ੍ਰਵਾਨਗੀ ਦਾ ਸੱਚਾ ਨਿਸ਼ਾਨ ਹੈ। ਇਸ ਤੋਂ ਬਗੈਰ ਉਪਰੋਕਤ ਸਾਰੀਆਂ ਚਤੁਰਾਈਆਂ (ਮੱਤਾਂ) ਵਿਅਰਥ ਹਨ।

(ਭਾਵੇਂ ) ਲਖਾਂ ਨੇਕੀਆਂ, ਭਲਿਆਈਆਂ (ਤੇ) ਲਖਾਂ ਪ੍ਰਵਾਣਤ ਪੁੰਨ (ਕਰ ਲਏ ਜਾਣ)
(ਭਾਵੇਂ ) ਤੀਰਥ-ਸਥਾਨਾਂ ਉਤੇ ਲਖਾਂ ਤਪ (ਤੇ) ਬੀਆਬਾਨਾਂ ਵਿਚ (ਲਖਾਂ) ਸਹਜ ਜੋਗ (ਕਰ ਲਏ ਜਾਣ)
(ਭਾਵੇਂ ) ਲਖਾਂ ਸੂਰਮਿਆਂ ਵਾਲੇ ਕਰਤਬ ਤੇ ਜੁੱਧ (ਲੜ ਲਏ ਜਾਣ ਤੇ ਲੜਦਿਆਂ-ਲੜਦਿਆਂ) ਭਾਵੇਂ ਰਣ ਵਿਚ ਪ੍ਰਾਣ ਨਿਕਲ ਜਾਣ
(ਭਾਵੇਂ ) ਲਖਾਂ ਸੁਰਤ-ਅਭਿਆਸ, ਲਖਾਂ ਗਿਆਨ-ਧਿਆਨ (ਤੇ) ਭਾਵੇਂ ਪੁਰਾਣਾਂ ਦੇ (ਲਖਾਂ) ਪਾਠ ਪੜ੍ਹ ਲਏ ਜਾਣ
(ਪਰ) ਜਿਸ ਕਰਤਬੇ ਨੇ ਸੰਸਾਰ ਰਚਿਆ ਹੈ, (ਤੇ ਜੀਵਾਂ ਦਾ) ਆਉਣਾ-ਜਾਣਾ (ਆਵਾਗਵਨ) ਲਿਖਿਆ ਹੈ
ਨਾਨਕ! (ਉਸ ਦਾ) ਪ੍ਰਸਾਦ/ਬਖਸ਼ਿਸ਼ (ਹੀ) ਸੱਚਾ ਨਿਸ਼ਾਨ ਹੈ, (ਹੋਰ ਸਭ) ਮੱਤਾਂ ਝੂਠੀਆਂ ਹਨ

ਇਸ ਸਲੋਕ ਦੀਆਂ ਪਹਿਲੀਆਂ ਚਾਰ ਤੁਕਾਂ ‘ਲਖ’ ਸ਼ਬਦ ਤੋਂ ਅਰੰਭ ਹੋਈਆਂ ਹਨ। ਇਸਦੇ ਸਮੇਤ ਪਹਿਲੀ ਅਤੇ ਚਉਥੀ ਤੁਕ ਵਿਚ ਇਹ ਸ਼ਬਦ ਤੁਕ ਦੇ ਮੱਧ ਵਿਚ ਵੀ ਆਇਆ ਹੈ। ਇਹ ਇਕ ਸੰਖਿਅਕ ਵਿਸ਼ੇਸ਼ਣ ਹੈ, ਜਿਸ ਨੂੰ ਕਾਵਿਕ ਖੇਤਰ ਵਿਚ ਅਣਗਿਣਤ/ਅਸੀਮਤ ਸੰਖਿਆ ਨੂੰ ਦਰਸਾਉਣ ਲਈ ਲੋਕ-ਕਥਨ ਦੇ ਰੂਪ ਵਿਚ ਵੀ ਵਰਤਿਆ ਜਾਂਦਾ ਹੈ। ਇਸ ਪ੍ਰਕਾਰ ਇਥੇ ਆਦਿ-ਮੱਧ ਸ਼ਬਦ ਪੱਧਰੀ ਸਮਾਨੰਤਰਤਾ ਅਤੇ ਲੋਕੋਕਤੀ ਅਲੰਕਾਰ ਰਾਹੀਂ ਇਹ ਸਪਸ਼ਟ ਕੀਤਾ ਗਿਆ ਹੈ ਕਿ ਸੰਸਾਰਕ ਜੀਵ ਪਰਮਾਰਥ ਲਈ ਅਨੇਕ ਵਿਧੀਆਂ ਅਤੇ ਸਿਆਣਪਾਂ ਵਰਤਦੇ ਹਨ।

ਪੰਜਵੀਂ ਤੁਕ ਪਹਿਲੀਆਂ ਚਹੁੰ ਤੁਕਾਂ ਤੋਂ ਸੰਰਚਨਾ ਅਤੇ ਅਰਥ ਦੀ ਪੱਧਰ ’ਤੇ ਭਿੰਨ ਹੈ। ਵਿਪਥਨ ਰਾਹੀਂ ਇਥੇ ਪ੍ਰਭੂ ਦੀਆਂ ਸਿਫਤਾਂ ਦਰਸਾਈਆਂ ਗਈਆਂ ਹਨ ਕਿ ਪ੍ਰਭੂ ਸ੍ਰਿਸ਼ਟੀ ਦਾ ਰਚਨਹਾਰ ਅਤੇ ਜਨਮ ਤੇ ਮੌਤ ਨੂੰ ਨੀਅਤ ਕਰਨ ਵਾਲਾ ਹੈ। ਸਲੋਕ ਵਿਚ ‘ਆਵਣ-ਜਾਣੁ’ ਰਾਹੀਂ ਅਰਥ ਪੱਧਰੀ ਵਿਚਲਨ ਪ੍ਰਗਟ ਹੋ ਰਿਹਾ ਹੈ। ਕਿਉਂਕਿ ‘ਆਵਣ-ਜਾਣੁ’ ਦਾ ਸ਼ਾਬਦਕ ਅਰਥ ‘ਆਉਣਾ-ਜਾਣਾ’ ਹੈ, ਪਰੰਤੂ ਇਸ ਨੂੰ ਇਥੇ ‘ਜੰਮਣ-ਮਰਣ’ ਦੇ ਅਰਥ ਵਜੋਂ ਵਰਤਿਆ ਗਿਆ ਹੈ।

ਇਸ ਸਲੋਕ ਦੀ ਛੇਵੀਂ ਅਤੇ ਅੰਤਲੀ ਤੁਕ ਪਹਿਲੀਆਂ ਪੰਜ ਤੁਕਾਂ ਦਾ ਸਾਰ ਪ੍ਰਗਟ ਕਰ ਰਹੀ ਹੈ। ਇਥੇ ਵਾਕ ਪੱਧਰੀ ਵਿਰਲਤਾ ਹੈ, ਜਿਸ ਰਾਹੀਂ ਸਪਸ਼ਟ ਕੀਤਾ ਗਿਆ ਹੈ ਕਿ ‘ਮਤੀ ਮਿਥਿਆ’ ਅਰਥਾਤ ਉਪਰੋਕਤ ਸਾਰੇ ਕਾਰਜ ਵਿਹਾਰ ਮਿਥਿਆ ਹਨ ਅਤੇ ‘ਕਰਮੁ ਸਚਾ ਨੀਸਾਣੁ’ ਭਾਵ ਪ੍ਰਭੂ ਦੀ ਕਿਰਪਾ ਹੀ ਪਰਵਾਨਗੀ ਦਾ ਸੱਚਾ ਚਿੰਨ੍ਹ ਜਾਂ ਪਰਵਾਨਾ ਹੈ।

ਇਸਦੇ ਸਮੇਤ ‘ਪੁੰਨਾ ਪਰਵਾਣ, ਸੂਰਤਣ ਸੰਗਰਾਮ, ਪੜੀਅਹਿ ਪਾਠ ਪੁਰਾਣ, ਕਰਤੈ ਕਰਣਾ ਕੀਆ’ ਆਦਿ ਵਿਚ ਅਨੁਪ੍ਰਾਸ ਅਲੰਕਾਰ ਦੀ ਸੁੰਦਰ ਵਰਤੋਂ ਹੋਈ ਹੈ।