Connect

2005 Stokes Isle Apt. 896, Vacaville 10010, USA

[email protected]

ਮਹਲਾ ੨ ॥
ਹਉਮੈ ਏਹਾ ਜਾਤਿ ਹੈ    ਹਉਮੈ ਕਰਮ ਕਮਾਹਿ ॥
ਹਉਮੈ ਏਈ ਬੰਧਨਾ    ਫਿਰਿ ਫਿਰਿ ਜੋਨੀ ਪਾਹਿ ॥
ਹਉਮੈ ਕਿਥਹੁ ਊਪਜੈ    ਕਿਤੁ ਸੰਜਮਿ ਇਹ ਜਾਇ ॥
ਹਉਮੈ ਏਹੋ ਹੁਕਮੁ ਹੈ    ਪਇਐ ਕਿਰਤਿ ਫਿਰਾਹਿ ॥
ਹਉਮੈ ਦੀਰਘ ਰੋਗੁ ਹੈ    ਦਾਰੂ ਭੀ ਇਸੁ ਮਾਹਿ ॥
ਕਿਰਪਾ ਕਰੇ ਜੇ ਆਪਣੀ    ਤਾ ਗੁਰ ਕਾ ਸਬਦੁ ਕਮਾਹਿ ॥
ਨਾਨਕੁ ਕਹੈ ਸੁਣਹੁ ਜਨਹੁ    ਇਤੁ ਸੰਜਮਿ ਦੁਖ ਜਾਹਿ ॥੨॥

ਮਹਲਾ ੨ ॥

ਹਉਮੈ ਏਹਾ ਜਾਤਿ ਹੈ    ਹਉਮੈ ਕਰਮ ਕਮਾਹਿ ॥

ਹਉਮੈ ਏਈ ਬੰਧਨਾ    ਫਿਰਿ ਫਿਰਿ ਜੋਨੀ ਪਾਹਿ ॥

ਹਉਮੈ ਕਿਥਹੁ ਊਪਜੈ    ਕਿਤੁ ਸੰਜਮਿ ਇਹ ਜਾਇ ॥

ਹਉਮੈ ਏਹੋ ਹੁਕਮੁ ਹੈ    ਪਇਐ ਕਿਰਤਿ ਫਿਰਾਹਿ ॥

ਹਉਮੈ ਦੀਰਘ ਰੋਗੁ ਹੈ    ਦਾਰੂ ਭੀ ਇਸੁ ਮਾਹਿ ॥

ਕਿਰਪਾ ਕਰੇ ਜੇ ਆਪਣੀ    ਤਾ ਗੁਰ ਕਾ ਸਬਦੁ ਕਮਾਹਿ ॥

ਨਾਨਕੁ ਕਹੈ ਸੁਣਹੁ ਜਨਹੁ    ਇਤੁ ਸੰਜਮਿ ਦੁਖ ਜਾਹਿ ॥੨॥

ਸਾਰੀ ਉਤਪਤੀ ਹਉਮੈ ਕਾਰਣ ਹੀ ਹੈ; ਹਉਮੈ ਦੇ ਪ੍ਰਭਾਵ ਅਧੀਨ ਹੀ ਜੀਵ ਚੰਗੇ-ਮੰਦੇ ਕਰਮ ਕਰਦੇ ਹਨ।
ਹਉਮੈ ਦੇ ਪ੍ਰਭਾਵ ਅਧੀਨ ਹੋਣ ਕਰਕੇ ਹੀ ਮਨੁਖ ਨੂੰ ਇਹ ਸਾਰੇ ਮਾਇਕੀ ਬੰਧਨ ਵਿਆਪਦੇ ਹਨ। ਇਸ ਹਉਮੈ ਕਾਰਨ ਹੀ ਮਨੁਖ ਮੁੜ-ਮੁੜ ਕੇ ਜੂਨਾਂ ਵਿਚ ਭਟਕਦੇ ਹਨ।
ਸਵਾਲ: ਭਲਾ! ਇਹ ਹਉਮੈ ਕਿਥੋਂ ਪੈਦਾ ਹੁੰਦੀ ਹੈ ਅਤੇ ਇਹ ਕਿਸ ਢੰਗ ਨਾਲ ਦੂਰ ਹੋ ਸਕਦੀ ਹੈ?
ਜਵਾਬ: ਰੱਬੀ-ਹੁਕਮ ਹੀ ਹੁੳਮੈ ਦਾ ਮੂਲ ਸਰੋਤ ਹੈ। ਇਸ ਰੱਬੀ-ਹੁਕਮ ਅਧੀਨ ਲਿਖੇ ਹੋਏ ਕਰਮ-ਲੇਖ ਅਨੁਸਾਰ ਹੀ ਮਨੁਖ ਜਨਮ-ਮਰਨ ਦੇ ਗੇੜ ਵਿਚ ਭਟਕਾਏ ਜਾਂਦੇ ਹਨ।
ਹਉਮੈ ਇਕ ਵਿਕਰਾਲ ਰੋਗ ਹੈ, ਪਰ ਇਸਤੋਂ ਮੁਕਤੀ ਦਾ ਇਲਾਜ ਵੀ ਇਸ ਹਉਮੈ ਵਿਚ ਹੀ ਹੈ।
ਜੇ ਪ੍ਰਭੂ ਆਪਣੀ ਮਿਹਰ ਕਰ ਦੇਵੇ, ਤਾਂ ਮਨੁਖ ਗੁਰੂ ਦਾ ਉਪਦੇਸ ਕਮਾਉਂਦੇ ਹਨ।
ਨਾਨਕ ਕਥਨ ਕਰਦਾ ਹੈ ਕਿ ਹੇ ਸੰਸਾਰ ਦੇ ਲੋਕੋ! ਸੁਣੋ! ਇਸ ਤਰੀਕੇ ਨਾਲ ਹਉਮੈ ਕਾਰਨ ਪੈਦਾ ਹੋਣ ਵਾਲੇ ਸਾਰੇ ਦੁਖ ਦੂਰ ਹੋ ਜਾਂਦੇ ਹਨ।

ਹਉਮੈ ਅਤੇ ਉਸ ਦੀ ਨਿਵਰਤੀ
ਹਉਮੈ ਕੀ ਹੈ? ਹਉਮੈ ਮਨੁਖੀ ਆਪੇ ਦੇ ਅਹਿਸਾਸ ਦੀ ਅੰਦਰਲੀ ਸਮਰਥਾ ਹੈ। ਗੁਰਬਾਣੀ-ਗਿਆਨ ਮੁਤਾਬਕ ‘ਰਾਮ ਕੀ ਅੰਸ’ ਹੋਣ ਦੇ ਨਾਤੇ ਜੀਵ ਦਾ ‘ਆਪਾ’ ਰਮਤ-ਰਾਮ ਹੀ ਹੈ। ਮਨੁਖ ਅੰਦਰਲੀ ਆਤਮ-ਚੇਤਨਾ ਦਾ ਮੂਲ ਅਧਾਰ ‘ਪਰਮਾਤਮ-ਚੇਤਨਾ’ ਹੀ ਹੈ। ਪਰੰਤੂ ਅਗਿਆਨਤਾ ਦੇ ਕਾਰਨ, ਹੰਕਾਰ ਦੀ ਮਦ-ਮਸਤੀ ਅਧੀਨ, ਮਨੁਖ ਨੇ ਆਪਣੇ ਮੂਲ-ਆਪੇ (ਪਰਮਾਤਮਾ) ਤੋਂ ਵਖਰੀ ਆਪਣੀ ਇਕ ਕਲਪਤ ਹੋਂਦ ਮਿਥ ਰਖੀ ਹੈ। ਇਹ ਮਨੁਖ ਦਾ ‘ਕਲਪਤ-ਆਪਾ’ ਹੀ ਹੈ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਵਿਚ ‘ਦ੍ਵੈਤਾ ਜਾਂ ਦੂਜਾ ਭਾਵ’ ਕਰ ਕੇ ਵਰਣਨ ਕੀਤਾ ਹੋਇਆ ਹੈ। ਇਹ ‘ਦੂਜਾ-ਭਾਵ’ ਮਨੁਖ ਦੇ ਅਧਿਆਤਮਕ ਵਿਕਾਸ ਦੇ ਰਾਹ ਵਿਚ ਪ੍ਰਮੁਖ ਰੁਕਾਵਟ ਬਣਦਾ ਹੈ, ਕਿਉਂਕਿ ਇਹ ਜੀਵ ਦੀ ਪਰਮਾਤਮਾ ਨਾਲੋਂ ਵਿਥ ਪਾਈ ਰਖਦਾ ਹੈ।

ਸੋ, ਸਮੱਗਰ ਗੁਰਬਾਣੀ ਜਿਥੇ ਮਨੁਖ ਨੂੰ ਆਪਣਾ ‘ਅਸਲੀ ਆਪਾ’ ਪਛਾਨਣ ਦੀ ਭਰਪੂਰ ਪ੍ਰੇਰਣਾ ਦਿੰਦੀ ਹੈ, ਉਥੇ ਆਪਣੇ ‘ਕਲਪਤ-ਆਪੇ’ ਨੂੰ ਤਿਆਗਣ ਦੀ ਕਰੜੀ ਤਾਕੀਦ ਵੀ ਕਰਦੀ ਹੈ।

ਸਵਾਲ ਪੈਦਾ ਹੁੰਦਾ ਹੈ ਕਿ ਮਨੁਖ ਵਿਚ ‘ਹਉਮੈ’ ਕਿਸ ਨੇ ਪਾਈ? ਇਸ ਦਾ ਉਤਰ ਗੁਰਬਾਣੀ ਇਹ ਦਰਸਾਉਂਦੀ ਹੈ ਕਿ ‘ਹਉਮੈ’ ਮਨੁਖ ਵਿਚ ਇਸ ਦੇ ਕਰਨਹਾਰ ਕਰਤਾਰ ਨੇ ਖ਼ੁਦ ਹੀ ਪਾਈ ਹੋਈ ਹੈ।

ਜਿਵੇਂ ਉਪਰ ਸੰਕੇਤ ਕੀਤਾ ਗਿਆ ਹੈ ਕਿ ‘ਹਉਮੈ’ ਮਨੁਖੀ ਆਪੇ ਦੇ ਅਹਿਸਾਸ ਦੀ ਅੰਦਰਲੀ ਸਮਰਥਾ ਹੈ। ਇਹ ਅਹਿਸਾਸ ਮਨੁਖੀ ਵਿਕਾਸ ਦੀ ਮੂਲ-ਧੁਰੀ ਹੈ। ਇਸ ਅਹਿਸਾਸ ਦੀ ਬਰਕਤ ਨਾਲ ਹੀ ਮਨੁਖ ਦੈਵੀ ਗੁਣ ਧਾਰਨ ਕਰ ਕੇ ਸਫਲ-ਜੀਵਨ ਦੀ ਉਸਾਰੀ ਕਰ ਸਕਦਾ ਹੈ ਅਤੇ ਆਤਮ-ਵਿਕਾਸ ਕਰ ਕੇ ਪਰਮਾਤਮਾ ਦਾ ਸਰੂਪ ਹੋ ਸਕਦਾ ਹੈ। ਇਸ ਨਾਤੇ ‘ਹਉਮੈ’ ਵੱਡੀ ਨਿਆਮਤ (ਦਾਤ) ਹੈ, ਜੋ ਕਰਤਾਰ ਨੇ ਮਨੁਖ ਨੂੰ ਬਖ਼ਸ਼ੀ ਹੋਈ ਹੈ। ਅਜਿਹੇ ਅਹਿਸਾਸ ਵਾਲਾ ਮਨੁਖ ਆਪਣੀ ਸਿਆਣਪ ਨੂੰ, ਆਪਣੀ ਸਮੁੱਚੀ ਹੋਂਦ-ਹਸਤੀ ਨੂੰ ਕਰਨਹਾਰ ਕਰਤਾਰ ਦੀ ਬਖਸ਼ਸ਼ ਜਾਣ ਕੇ ਉਸ ਪ੍ਰਤੀ ਕ੍ਰਿੱਤਗਤਾ ਦੀ ਭਾਵਨਾ ਵਿਚ ਨਿਮਗਨ ਰਹਿੰਦਾ ਹੈ, ਕਿਸੇ ਗੱਲੋਂ ਬਫਾਉਂਦਾ ਮੂਲੋਂ ਨਹੀਂ।

ਇਹ ਵਖਰੀ ਗੱਲ ਹੈ ਕਿ ਮਨੁਖ ਆਪਣੀ ਅਗਿਆਨਤਾ ਕਾਰਨ ਹੰਕਾਰ ਵੱਸ ‘ਆਪੇ ਦੇ ਅਹਿਸਾਸ ਦੀ ਸਮਰਥਾ’ ਨੂੰ ਆਪਣੇ ਫ਼ਰਜ਼ੀ-ਆਪੇ ਨਾਲ ਜੋੜ ਕੇ ਆਪਣੇ ਮੂਲ-ਆਪੇ (ਪਰਮਾਤਮਾ) ਨਾਲ ਸ਼ਰੀਕਾ ਸਹੇੜ ਕੇ ਖ਼ੁਆਰੀ ਦੇ ਰਾਹ ਪੈਂਦਾ ਹੈ। ਇਸ ਤਰ੍ਹਾਂ, ਇਸ ਰੱਬੀ-ਰਹਿਮਤ ਨੂੰ ਜਹਿਮਤ (ਕਸ਼ਟ) ਵਿਚ ਬਦਲ ਦੇਂਦਾ ਹੈ।

ਸੋ, ਇਹ ਮਨੁਖ ਦੀ ਨਿਜੀ ਸੂਝ-ਸਮਝ ਉਤੇ ਨਿਰਭਰ ਕਰਦਾ ਹੈ ਕਿ ਉਹ ਹਉਮੈ ਦੀ ਵਰਤੋਂ ਆਪਣੇ ਵਿਕਾਸ ਲਈ ਕਰਦਾ ਹੈ ਜਾਂ ਵਿਨਾਸ਼ ਲਈ।

ਗੁਰੂ ਗ੍ਰੰਥ ਸਾਹਿਬ ਸਪਸ਼ਟ ਤੌਰ ‘ਤੇ ਮਨੁਖ ਨੂੰ ਸਮਝਾਉਂਦੇ ਹਨ ਕਿ ਹਉਮੈ ਦੀਰਘ-ਰੋਗ ਹੈ, ਪਰ ਨਾਲ ਹੀ ਇਹ ਇਸ ਵਿਕਰਾਲ ਰੋਗ ਦਾ ਦਾਰੂ ਵੀ ਹੈ।

ਹੁਣ ਸਵਾਲ ਉਠਦਾ ਹੈ ਕਿ ਇਹ ਹਉਮੈ ਦੂਰ ਕਿਵੇਂ ਹੋਵੇ? ਅਗਿਆਨਤਾ ਤੋਂ ਉਪਜੀ ਹਉਮੈ ਆਪਣੇ ਕਿਸੇ ਜਤਨ ਨਾਲ ਨਿਵਿਰਤ ਨਹੀਂ ਹੋ ਸਕਦੀ, ਸਗੋਂ ਇੰਜ ਇਹ ਹੋਰ ਵਧਦੀ ਹੈ। ਜੇ ਕਿਸੇ ਦੇ ਵੱਡੇ ਭਾਗ ਜਾਗਣ ਤਾਂ ਜੀਵਨ ਵਿਚ ਸਤਿਗੁਰੂ ਦੇ ਸ਼ਬਦ (ਨਾਮ-ਗੁਰਮੰਤ੍ਰ) ਦੀ ਪ੍ਰਾਪਤੀ ਹੁੰਦੀ ਹੈ। ਗੁਰ-ਸ਼ਬਦ ਦੀ ਕਮਾਈ ਕੀਤਿਆਂ ਇਸ ਹਉਮੈ ਤੋਂ ਛੁਟਕਾਰਾ ਮਿਲ ਜਾਂਦਾ ਹੈ।

ਹਉਮੈ ਕਾਰਣ ਇਹ (ਸਾਰੀ) ਉਤਪਤੀ ਹੈ; ਹਉਮੈ ਅਧੀਨ (ਹੀ ਮਨੁਖ) ਕਰਮ ਕਮਾਉਂਦੇ ਹਨ
ਹਉਮੈ ਅਧੀਨ ਇਹ (ਸਾਰੇ) ਬੰਧਨ ਹਨ; (ਤੇ ਹਉਮੈ ਅਧੀਨ ਹੀ ਜੀਵ) ਫਿਰ-ਫਿਰ ਜੂਨਾਂ ਵਿਚ ਪੈਂਦੇ ਹਨ
(ਇਹ) ਹਉਮੈ ਕਿਥੋਂ ਉਪਜਦੀ ਹੈ? ਕਿਸ ਸੰਜਮ ਨਾਲ ਇਹ ਜਾਂਦੀ ਹੈ?
(ਅਸਲ ਵਿਚ ) ਹਉਮੈ, ਇਹ ਹੁਕਮ ਹੀ ਹੈ; (ਹੁਕਮ ਅਧੀਨ ਹੀ ਮਨੁਖ ) ਪਏ ਹੋਏ ਕਿਰਤ-ਲੇਖ ਅਨੁਸਾਰ ਭਟਕਾਏ ਜਾਂਦੇ ਹਨ
ਹਉਮੈ (ਇਕ) ਵੱਡਾ ਰੋਗ ਹੈ; (ਪਰ ਇਸ ਦਾ) ਇਲਾਜ ਵੀ ਇਸ ਵਿਚ (ਹੀ) ਹੈ
ਜੇ (ਪ੍ਰਭੂ) ਆਪਣੀ ਕਿਰਪਾ ਕਰੇ, ਤਾਂ (ਹੀ ਜੀਵ) ਗੁਰੂ ਦਾ ਸ਼ਬਦ ਕਮਾਉਂਦੇ ਹਨ
ਨਾਨਕ ਕਹਿੰਦਾ ਹੈ, ਸੁਣੋ, ਹੇ ਲੋਕੋ! ਇਸ ਤਰੀਕੇ ਨਾਲ (ਹਉਮੈ ਦੇ) ਦੁਖ ਜਾਂਦੇ ਹਨ

ਦੂਜੇ ਪਾਤਸ਼ਾਹ ਵਲੋਂ ਉਚਾਰਣ ਕੀਤੇ ਗਏ ਇਸ ਸਲੋਕ ਵਿਚ ਵੀ ‘ਹਉਮੈ’ ਸ਼ਬਦ ਦੀ ਵਾਰ-ਵਾਰ ਵਰਤੋਂ ਕਾਰਣ ਸਮਾਨੰਤਰਤਾ ਦੀ ਬੇਹਦ ਸੁੰਦਰ ਵਰਤੋਂ ਹੋਈ ਹੈ। ਪਹਿਲੀ ਤੁਕ ਵਿਚ ਇਹ ਸ਼ਬਦ ਆਦਿ ਅਤੇ ਮੱਧ ਵਿਚ ਆਉਣ ਕਾਰਣ ਆਦਿ ਅਤੇ ਮੱਧ ਸ਼ਬਦ ਪੱਧਰੀ ਸਮਾਨੰਤਰਤਾ ਹੈ। ਦੂਜੀ, ਤੀਜੀ, ਚਉਥੀ ਅਤੇ ਪੰਜਵੀਂ ਤੁਕ ਵਿਚ ਇਹ ਸ਼ਬਦ ਕੇਵਲ ਅਰੰਭ ਵਿਚ ਹੈ, ਸੋ ਇਥੇ ਆਦਿ ਸ਼ਬਦ ਪੱਧਰੀ ਸਮਾਨੰਤਰਤਾ ਹੈ। ਇਸ ਤਰ੍ਹਾਂ, ‘ਹਉਮੈ’ ਸ਼ਬਦ ਦੀ ਵਾਰ-ਵਾਰ ਦੁਹਰਾਈ ਰਾਹੀਂ ਹਉਮੈ ਦੇ ਵਖ-ਵਖ ਲੱਛਣਾਂ ਨੂੰ ਦਰਸਾਇਆ ਗਿਆ ਹੈ।

ਛੇਵੀਂ ਅਤੇ ਸਤਵੀਂ ਤੁਕ ਵਿਚ ਬੇਸ਼ਕ ‘ਹਉਮੈ’ ਸ਼ਬਦ ਪ੍ਰਤੱਖ ਰੂਪ ਵਿਚ ਨਹੀਂ ਵਰਤਿਆ ਗਿਆ ਹੈ। ਪਰ ਪਰੋਖ ਰੂਪ ਵਿਚ ਇਸ ਦੀ ਹੋਂਦ ਬਰਕਰਾਰ ਰਹਿੰਦੀ ਹੈ, ਕਿਉਂਕਿ ਇਨ੍ਹਾਂ ਅੰਤਲੀਆਂ ਦੋ ਤੁਕਾਂ ਵਿਚ ਹਉਮੈ ਦੇ ਨਿਵਾਰਣ ਬਾਰੇ ਹੀ ਸਪਸ਼ਟ ਕੀਤਾ ਗਿਆ ਹੈ।

ਇਹ ਕਥਨ ਸੰਬੰਧੀ ਵਿਪਥਨ ਅਖਵਾਉਂਦਾ ਹੈ। ਪੰਜਵੀਂ ਨਿਰਣੇ ਦੀ ਤੁਕ ‘ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ’ ਵਿਚ ਰੂਪਕ ਅਲੰਕਾਰ ਆਇਆ ਹੈ। ਇਥੇ ‘ਹਉਮੈ’ ਉਪਮੇਯ ਹੈ ਅਤੇ ‘ਦੀਰਘ ਰੋਗੁ’ ਉਪਮਾਨ ਹੈ। ਇਥੇ ਉਪਮੇਯ ਅਤੇ ਉਪਮਾਨ ਨੂੰ ਇਕ ਮੰਨ ਲਿਆ ਗਿਆ ਹੈ। ਇਸੇ ਤਰ੍ਹਾਂ ‘ਹਉਮੈ’ ਰੂਪੀ ਰੋਗ ਦੀ ਨਿਵਿਰਤੀ ਕਰਨ ਲਈ ‘ਦਾਰੂ’ ਨੂੰ ਉਪਮਾਨ ਦੇ ਤੌਰ ‘ਤੇ ਵਰਤਿਆ ਗਿਆ ਹੈ।