Connect

2005 Stokes Isle Apt. 896, Vacaville 10010, USA

[email protected]

ਪਉੜੀ ॥
ਬਿਨੁ ਸਤਿਗੁਰ ਕਿਨੈ ਨ ਪਾਇਓ    ਬਿਨੁ ਸਤਿਗੁਰ ਕਿਨੈ ਨ ਪਾਇਆ ॥
ਸਤਿਗੁਰ ਵਿਚਿ ਆਪੁ ਰਖਿਓਨੁ    ਕਰਿ ਪਰਗਟੁ ਆਖਿ ਸੁਣਾਇਆ ॥
ਸਤਿਗੁਰ ਮਿਲਿਐ ਸਦਾ ਮੁਕਤੁ ਹੈ    ਜਿਨਿ ਵਿਚਹੁ ਮੋਹੁ ਚੁਕਾਇਆ ॥
ਉਤਮੁ ਏਹੁ ਬੀਚਾਰੁ ਹੈ    ਜਿਨਿ ਸਚੇ ਸਿਉ ਚਿਤੁ ਲਾਇਆ ॥
ਜਗਜੀਵਨੁ ਦਾਤਾ ਪਾਇਆ ॥੬॥

ਪਉੜੀ ॥

ਬਿਨੁ ਸਤਿਗੁਰ ਕਿਨੈ ਨ ਪਾਇਓ    ਬਿਨੁ ਸਤਿਗੁਰ ਕਿਨੈ ਨ ਪਾਇਆ ॥

ਸਤਿਗੁਰ ਵਿਚਿ ਆਪੁ ਰਖਿਓਨੁ    ਕਰਿ ਪਰਗਟੁ ਆਖਿ ਸੁਣਾਇਆ ॥

ਸਤਿਗੁਰ ਮਿਲਿਐ ਸਦਾ ਮੁਕਤੁ ਹੈ    ਜਿਨਿ ਵਿਚਹੁ ਮੋਹੁ ਚੁਕਾਇਆ ॥

ਉਤਮੁ ਏਹੁ ਬੀਚਾਰੁ ਹੈ    ਜਿਨਿ ਸਚੇ ਸਿਉ ਚਿਤੁ ਲਾਇਆ ॥

ਜਗਜੀਵਨੁ ਦਾਤਾ ਪਾਇਆ ॥੬॥

ਸਤਿਗਰੂ ਦੇ ਉਪਦੇਸ ਨੂੰ ਕਮਾਉਣ ਤੋਂ ਬਗੈਰ ਕਿਸੇ ਨੇ ਵੀ ਜਗਤ ਨੂੰ ਜੀਵਨ ਦੇਣ ਵਾਲੇ (ਜਗਜੀਵਨ) ਦਾਤੇ ਨੂੰ ਪ੍ਰਾਪਤ ਨਹੀਂ ਕੀਤਾ; ਸੱਚ ਜਾਣਿਓ! ਸਤਿਗਰੂ ਦੇ ਉਪਦੇਸ ਨੂੰ ਕਮਾਉਣ ਤੋਂ ਬਗੈਰ ਕਿਸੇ ਨੇ ਵੀ ਜਗਜੀਵਨ ਦਾਤੇ ਨੂੰ ਪ੍ਰਾਪਤ ਨਹੀਂ ਕੀਤਾ।
ਪ੍ਰਭੂ ਨੇ ਸਤਿਗੁਰੂ ਦੇ ਸ਼ਬਦ ਵਿਚ ਆਪਣਾ ਜੋਤਿ-ਸਰੂਪੀ ਆਪਾ ਰਖਿਆ ਹੋਇਆ ਹੈ ਅਤੇ ਇਹ ਰਹੱਸ ਉਸ ਨੇ ਸਤਿਗੁਰੂ ਦੇ ਸ਼ਬਦ ਰਾਹੀਂ ਪਰਗਟ ਪਹਾਰੇ ਆਖ ਕੇ ਸੁਣਾ ਦਿਤਾ ਹੈ।
ਸਤਿਗੁਰੂ ਦਾ ਉਪਦੇਸ ਪ੍ਰਾਪਤ ਹੋ ਜਾਣ ਸਦਕਾ ਜਿਸ ਨੇ ਆਪਣੇ ਅੰਦਰੋਂ ਮਾਇਆ-ਮੋਹ ਤਿਆਗ ਦਿਤਾ, ਉਹ ਮਨੁਖ ਸਦਾ ਲਈ ਹਰ ਤਰ੍ਹਾਂ ਦੇ ਬੰਧਨਾਂ ਤੋਂ ਮੁਕਤ ਹੋ ਗਿਆ।
ਹੋਰ ਸਾਰੇ ਵੀਚਾਰਾਂ ਨਾਲੋਂ ਸ੍ਰੇਸ਼ਟ ਵੀਚਾਰ ਇਹ ਹੈ ਕਿ ਜਿਸ ਮਨੁਖ ਨੇ ਵੀ ਸਤਿਗੁਰੂ ਦੇ ਸੱਚੇ ਉਪਦੇਸ਼ ਨਾਲ ਆਪਣਾ ਮਨ ਜੋੜ ਲਿਆ, ਉਸ ਨੇ ਜਗਤ ਨੂੰ ਜੀਵਨ ਦੇਣ ਵਾਲੇ ਦਾਤਾਰ-ਪ੍ਰਭੂ ਨੂੰ ਪਾ ਲਿਆ।

ਸਤਿਗੁਰ ਬਿਨਾਂ ਕਿਸੇ ਨੇ ਵੀ (ਪ੍ਰਭੂ ਨੂੰ) ਨਹੀਂ ਪਾਇਆ; ਸਤਿਗੁਰ ਬਿਨਾਂ ਕਿਸੇ ਨੇ ਵੀ (ਪ੍ਰਭੂ ਨੂੰ) ਨਹੀਂ ਪਾਇਆ
(ਪ੍ਰਭੂ ਨੇ) ਸਤਿਗੁਰ ਵਿਚ ਆਪਣਾ ਆਪ ਰਖਿਆ (ਹੋਇਆ ਹੈ ਅਤੇ ਇਸ ਰਹੱਸ ਨੂੰ ਉਸ ਨੇ) ਪਰਗਟ ਕਰਕੇ ਆਖ ਕੇ ਸੁਣਾ ਦਿਤਾ ਹੈ
ਸਤਿਗੁਰ ਮਿਲਿਆਂ (ਉਹ ਮਨੁਖ) ਸਦਾ ਮੁਕਤ ਹੈ, ਜਿਸ ਨੇ ਵਿਚੋਂ ਮੋਹ ਦੂਰ ਕਰ ਦਿਤਾ
ਸਰਬੋਤਮ ਵੀਚਾਰ ਇਹ ਹੈ ਕਿ ਜਿਸ ਨੇ ਵੀ ਸੱਚੇ (ਗੁਰੂ) ਨਾਲ ਚਿਤ ਲਾ ਲਿਆ, (ਉਸ ਨੇ) ਜਗਜੀਵਨ ਦਾਤਾ ਪਾ ਲਿਆ

ਇਸ ਪਉੜੀ ਦੀ ਪਹਿਲੀ ਤੁਕ ਵਿਚ ‘ਪਾਇਓ’ ਤੇ ‘ਪਾਇਆ’ ਦੇ ਅੰਤਰ ਨਾਲ ‘ਬਿਨੁ ਸਤਿਗੁਰ ਕਿਨੈ ਨ ਪਾਇਓ/ਪਾਇਆ’ ਦੀ ਦੋ ਵਾਰ ਵਰਤੋਂ ਕੀਤੀ ਗਈ ਹੈ। ਇਹ ਭਾਸ਼ਾਈ ਜੁਗਤ ‘ਵਾਕ ਪੱਧਰੀ ਸਮਾਨੰਤਰਤਾ’ ਅਖਵਾਉਂਦੀ ਹੈ। ਇਸ ਫੁਰਮਾਨ ਦੀ ਦੋਹਰੀ ਵਰਤੋਂ ਪ੍ਰਭੂ ਪ੍ਰਾਪਤੀ ਲਈ ਸੱਚੇ ਗੁਰੂ ਦੇ ਮਹੱਤਵ ਨੂੰ ਦ੍ਰਿੜ ਕਰਾਉਂਦੀ ਹੈ।

ਪਉੜੀ ਦੀ ਦੂਜੀ ਅਤੇ ਤੀਜੀ ਤੁਕ ਵਿਚ ਵੀ ‘ਸਤਿਗੁਰ’ ਸ਼ਬਦ ਨੂੰ ਅਰੰਭ ਵਿਚ ਲਿਆ ਕੇ ਇਨ੍ਹਾਂ ਤੁਕਾਂ ਵਿਚ ਵੀ ਸਿਰਜਨਾਤਮਕ ਵਰਤੋਂ ਰਾਹੀਂ ਸਤਿਗੁਰੂ ਦੇ ਵਿਸ਼ੇਸ਼ ਮਹੱਤਵ ਨੂੰ ਦਰਸਾਇਆ ਗਿਆ ਹੈ।

ਇਸ ਪਉੜੀ ਦੀਆਂ ਸਾਰੀਆਂ ਤੁਕਾਂ ਵਿਚ ਸਰਲ, ਸਪੱਸ਼ਟ ਤੇ ਜਾਣੇ-ਪਛਾਣੇ ਸ਼ਬਦਾਂ ਦਾ ਪ੍ਰਯੋਗ ਕਰਕੇ ਪ੍ਰਸਤੁਤ ਵਿਚਾਰ ਦੀ ਸੰਚਾਰਯੋਗਤਾ ਵਿਚ ਵਾਧਾ ਕੀਤਾ ਗਿਆ ਹੈ। ਆਖਰੀ ਤੁਕ ਵਿਚ ਪ੍ਰਭੂ ਨੂੰ ‘ਜਗਜੀਵਨ ਦਾਤਾ’ ਕਿਹਾ ਗਿਆ ਹੈ। ਇਥੇ ਵਿਸ਼ੇਸ਼ਣ ਰਾਹੀਂ ਪ੍ਰਭੂ ਦੀ ਵਡਿਆਈ ਪ੍ਰਗਟ ਕੀਤੀ ਗਈ ਹੈ। ਸੋ ਇਥੇ ਪਰਿਕਰ ਅਲੰਕਾਰ ਆਇਆ ਹੈ।