Connect

2005 Stokes Isle Apt. 896, Vacaville 10010, USA

[email protected]

ਸਲੋਕ ਮਃ ੧ ॥
ਮੁਸਲਮਾਨਾ ਸਿਫਤਿ ਸਰੀਅਤਿ    ਪੜਿ ਪੜਿ ਕਰਹਿ ਬੀਚਾਰੁ ॥
ਬੰਦੇ ਸੇ ਜਿ ਪਵਹਿ ਵਿਚਿ ਬੰਦੀ    ਵੇਖਣ ਕਉ ਦੀਦਾਰੁ ॥
ਹਿੰਦੂ ਸਾਲਾਹੀ ਸਾਲਾਹਨਿ    ਦਰਸਨਿ ਰੂਪਿ ਅਪਾਰੁ ॥
ਤੀਰਥਿ ਨਾਵਹਿ ਅਰਚਾ ਪੂਜਾ    ਅਗਰ ਵਾਸੁ ਬਹਕਾਰੁ ॥
ਜੋਗੀ ਸੁੰਨਿ ਧਿਆਵਨਿ੍ ਜੇਤੇ    ਅਲਖ ਨਾਮੁ ਕਰਤਾਰੁ ॥
ਸੂਖਮ ਮੂਰਤਿ ਨਾਮੁ ਨਿਰੰਜਨ    ਕਾਇਆ ਕਾ ਆਕਾਰੁ ॥
ਸਤੀਆ ਮਨਿ ਸੰਤੋਖੁ ਉਪਜੈ    ਦੇਣੈ ਕੈ ਵੀਚਾਰਿ ॥
ਦੇ ਦੇ ਮੰਗਹਿ ਸਹਸਾ ਗੂਣਾ    ਸੋਭ ਕਰੇ ਸੰਸਾਰੁ ॥
ਚੋਰਾ ਜਾਰਾ ਤੈ ਕੂੜਿਆਰਾ    ਖਾਰਾਬਾ ਵੇਕਾਰ ॥
ਇਕਿ ਹੋਦਾ ਖਾਇ ਚਲਹਿ ਐਥਾਊ    ਤਿਨਾ ਭਿ ਕਾਈ ਕਾਰ ॥
ਜਲਿ ਥਲਿ ਜੀਆ ਪੁਰੀਆ ਲੋਆ    ਆਕਾਰਾ ਆਕਾਰ ॥
ਓਇ ਜਿ ਆਖਹਿ ਸੁ ਤੂੰਹੈ ਜਾਣਹਿ    ਤਿਨਾ ਭਿ ਤੇਰੀ ਸਾਰ ॥
ਨਾਨਕ   ਭਗਤਾ ਭੁਖ ਸਾਲਾਹਣੁ    ਸਚੁ ਨਾਮੁ ਆਧਾਰੁ ॥
ਸਦਾ ਅਨੰਦਿ ਰਹਹਿ ਦਿਨੁ ਰਾਤੀ    ਗੁਣਵੰਤਿਆ ਪਾ ਛਾਰੁ ॥੧॥

ਸਲੋਕ ਮਃ ੧ ॥

ਮੁਸਲਮਾਨਾ ਸਿਫਤਿ ਸਰੀਅਤਿ    ਪੜਿ ਪੜਿ ਕਰਹਿ ਬੀਚਾਰੁ ॥

ਬੰਦੇ ਸੇ ਜਿ ਪਵਹਿ ਵਿਚਿ ਬੰਦੀ    ਵੇਖਣ ਕਉ ਦੀਦਾਰੁ ॥

ਹਿੰਦੂ ਸਾਲਾਹੀ ਸਾਲਾਹਨਿ    ਦਰਸਨਿ ਰੂਪਿ ਅਪਾਰੁ ॥

ਤੀਰਥਿ ਨਾਵਹਿ ਅਰਚਾ ਪੂਜਾ    ਅਗਰ ਵਾਸੁ ਬਹਕਾਰੁ ॥

ਜੋਗੀ ਸੁੰਨਿ ਧਿਆਵਨਿ੍ ਜੇਤੇ    ਅਲਖ ਨਾਮੁ ਕਰਤਾਰੁ ॥

ਸੂਖਮ ਮੂਰਤਿ ਨਾਮੁ ਨਿਰੰਜਨ    ਕਾਇਆ ਕਾ ਆਕਾਰੁ ॥

ਸਤੀਆ ਮਨਿ ਸੰਤੋਖੁ ਉਪਜੈ    ਦੇਣੈ ਕੈ ਵੀਚਾਰਿ ॥

ਦੇ ਦੇ ਮੰਗਹਿ ਸਹਸਾ ਗੂਣਾ    ਸੋਭ ਕਰੇ ਸੰਸਾਰੁ ॥

ਚੋਰਾ ਜਾਰਾ ਤੈ ਕੂੜਿਆਰਾ    ਖਾਰਾਬਾ ਵੇਕਾਰ ॥

ਇਕਿ ਹੋਦਾ ਖਾਇ ਚਲਹਿ ਐਥਾਊ    ਤਿਨਾ ਭਿ ਕਾਈ ਕਾਰ ॥

ਜਲਿ ਥਲਿ ਜੀਆ ਪੁਰੀਆ ਲੋਆ    ਆਕਾਰਾ ਆਕਾਰ ॥

ਓਇ ਜਿ ਆਖਹਿ ਸੁ ਤੂੰਹੈ ਜਾਣਹਿ    ਤਿਨਾ ਭਿ ਤੇਰੀ ਸਾਰ ॥

ਨਾਨਕ   ਭਗਤਾ ਭੁਖ ਸਾਲਾਹਣੁ    ਸਚੁ ਨਾਮੁ ਆਧਾਰੁ ॥

ਸਦਾ ਅਨੰਦਿ ਰਹਹਿ ਦਿਨੁ ਰਾਤੀ    ਗੁਣਵੰਤਿਆ ਪਾ ਛਾਰੁ ॥੧॥

ਮੁਸਲਮਾਨਾਂ ਨੂੰ ਇਸਲਾਮੀ ਧਾਰਮਕ ਵਿਧੀ-ਵਿਧਾਨ/ਬਾਹਰਲੀ ਧਾਰਮਕ ਮਰਿਆਦਾ (ਸ਼ਰਾ/ਸ਼ਰੀਅਤ) ਦੀ ਵਡਿਆਈ ਚੰਗੀ ਲਗਦੀ ਹੈ। ਇਸੇ ਲਈ ਉਹ ਸ਼ਰਾ ਨੂੰ ਪੜ੍ਹ-ਪੜ੍ਹ ਕੇ ਉਸ ਦਾ ਵੀਚਾਰ ਕਰਦੇ ਹਨ। ਉਨ੍ਹਾਂ ਮੁਤਾਬਕ ਰੱਬ ਦੇ ਅਸਲ ਸੇਵਕ ਉਹੀ ਹਨ, ਜੋ ਰੱਬ ਦੇ ਦਰਸ਼ਨ-ਦੀਦਾਰ ਕਰਨ ਲਈ ਸ਼ਰੀਅਤ ਦੀ ਪਾਲਣਾ ਕਰਦੇ ਹਨ।
ਹਿੰਦੂ ਮੱਤ ਦੇ ਅਨੁਯਾਈ ਸਲਾਹੁਣ-ਜੋਗ-ਪ੍ਰਭੂ, ਜੋ ਫ਼ਲਸਫ਼ੇ ਤੇ ਸਰੂਪ ਕਰਕੇ ਪਾਰ-ਰਹਿਤ ਹੈ, ਉਸ ਨੂੰ ਆਪਣੇ ਸ਼ਾਸ਼ਤਰਾਂ ਅਨੁਸਾਰ ਸਲਾਹੁੰਦੇ ਹਨ। ਉਹ ਤੀਰਥ-ਸਥਾਨਾਂ ਉਤੇ ਜਾ ਕੇ ਨਹਾਉਂਦੇ ਹਨ। ਆਪਣੇ ਇਸ਼ਟ-ਦੇਵ ਦੀ ਮੂਰਤੀ ਦੀ ਪੂਜਾ-ਅਰਚਾ ਕਰਦੇ ਅਤੇ ਅਗਰ ਦੀ ਖੁਸ਼ਬੋ ਤੇ ਮਹਿਕ ਖਿਲਾਰਦੇ ਹਨ; ਉਨ੍ਹਾਂ ਦੀ ਪੂਜਾ ਵਿਧੀ ਇਹੀ ਹੈ।
ਜਿਤਨੇ ਜੋਗੀ ਹਨ, ਉਹ ਜੋਗ ਮੱਤ ਅਨੁਸਾਰ ਸੰਕਲਪ ਰਹਿਤ ਅਫੁਰ ਸਮਾਧੀ ਵਿਚ ਧਿਆਨ-ਮਗਨ ਹੋ ਕੇ ਜਿਸ ਨੂੰ ਵੇਖਿਆ ਜਾਂ ਸਮਝਿਆ ਨਾ ਜਾ ਸਕੇ (ਅਲਖ) ਨਾਮ ਵਾਲੇ ਕਰਤਾਰ ਨੂੰ ਧਿਆਉਂਦੇ ਹਨ। ਉਹ ਸੂਖਮ ਹਸਤੀ ਅਤੇ ਮਾਇਆ ਦੀ ਕਾਲਖ ਤੋਂ ਰਹਿਤ (ਨਿਰੰਜਨ) ਨਾਮ ਵਾਲੇ ਨਿਰਾਕਾਰ ਪ੍ਰਭੂ ਨੂੰ ਸਥੂਲ ਦੇਹੀ ਦਾ ਅਕਾਰ ਕਲਪ ਕੇ ਵੇਖਣ ਦਾ ਜਤਨ ਕਰਦੇ ਹਨ।
ਦਾਨੀ ਬਿਰਤੀ ਵਾਲੇ ਮਨੁਖਾਂ ਦੇ ਮਨ ਵਿਚ ਦਾਨ ਦੇਣ ਦੇ ਵੀਚਾਰ ਨਾਲ ਹੀ ਸੰਤੁਸ਼ਟੀ ਆਉਂਦੀ ਹੈ।
ਉਹ ਦਾਨ ਦੇ-ਦੇ ਕੇ ਫਿਰ ਪ੍ਰਭੂ ਪਾਸੋਂ ਹਜਾਰ ਗੁਣਾ ਹੋਰ ਮੰਗਦੇ ਹਨ; ਤੇ ਸੰਸਾਰ ਉਨ੍ਹਾਂ ਦੀ ਸੋਭਾ ਕਰਦਾ ਹੈ।
ਚੋਰਾਂ, ਵਿਭਚਾਰੀਆਂ, ਝੂਠਿਆਂ, ਭੈੜਿਆਂ, ਵਿਕਾਰੀਆਂ ਆਦਿ ਵਰਗੇ ਕਈ ਵਿਅਕਤੀ ਜੀਵਨ ਵਿਚ ਜੋ ਖਟਿਆ ਕਮਾਇਆ ਹੁੰਦਾ ਹੈ, ਇਥੇ ਹੀ ਖਾ ਕੇ ਬਿਨਾਂ ਕਿਸੇ ਰੂਹਾਨੀ ਕਮਾਈ ਦੇ ਇਥੋਂ ਖਾਲੀ ਹੱਥ ਚਲੇ ਜਾਂਦੇ ਹਨ। ਦੱਸੋ ਭਲਾ ਉਨ੍ਹਾਂ ਦੀ ਕੀਤੀ ਹੋਈ ਕਮਾਈ ਵੀ ਕੋਈ ਕਾਰ ਹੈ? ਭਾਵ, ਉਨ੍ਹਾਂ ਦੀ ਜੀਵਨ-ਕਾਰ ਕਿਸੇ ਅਰਥ ਨਹੀਂ ਹੈ।
ਹੇ ਪ੍ਰਭੂ! ਪਾਣੀ ਵਿਚ, ਜਮੀਨ ਉਤੇ, ਬ੍ਰਹਮੰਡ ਦੀਆਂ ਵਖ-ਵਖ ਪੁਰੀਆਂ ਅਤੇ ਭਵਨਾਂ ਵਿਚ ਵੱਸਣ ਵਾਲੇ ਸਮੂਹ ਜੀਅ-ਜੰਤਾਂ ਦੇ ਜਿਹੜੇ ਅਨੇਕ ਅਕਾਰ ਤੇ ਪ੍ਰਕਾਰ ਹਨ, ਉਹ ਸਾਰੇ ਜੋ ਕੁਝ ਵੀ ਆਖਦੇ ਹਨ ਉਹ ਤੂੰ ਹੀ ਜਾਣਦਾ ਹੈਂ; ਉਨ੍ਹਾਂ ਨੂੰ ਵੀ ਤੇਰੋਂ ਵੱਲੋਂ ਹੋ ਰਹੀ ਸਾਰ-ਸੰਭਾਲ ਦਾ ਹੀ ਆਸਰਾ ਹੈ।
ਨਾਨਕ ਮੁਹਰ-ਛਾਪ: ਹੇ ਪ੍ਰਭੂ! ਤੇਰੇ ਭਗਤਾਂ ਨੂੰ ਜਦੋਂ ਤੇਰੇ ਸੱਚੇ ਨਾਮ ਦੀ ਤਾਂਘ ਉਠਦੀ ਹੈ ਤਾਂ ਉਹ ਤੇਰਾ ਜਸ (ਸਾਲਾਹਣੁ) ਕਰਦੇ ਹਨ। ਤੇਰਾ ਸਦਾ-ਥਿਰ ਨਾਮ ਹੀ ਉਨ੍ਹਾਂ ਦਾ ਜੀਵਨ-ਅਧਾਰ ਹੁੰਦਾ ਹੈ। ਉਹ ਦਿਨ-ਰਾਤ ਤੇਰਾ ਜਸ ਗਾਉਣ ਸਦਕਾ ਸਦਾ ਅਨੰਦ ਵਿਚ ਰਹਿੰਦੇ ਅਤੇ ਆਪਣੇ ਆਪ ਨੂੰ ਰੱਬੀ-ਗੁਣ ਗਾਇਨ ਅਤੇ ਧਾਰਣ ਕਰਨ ਵਾਲਿਆਂ ਦੇ ਪੈਰਾਂ ਦੀ ਧੂੜੀ ਸਮਝਦੇ; ਭਾਵ, ਅਤਿ ਨਿਮਰਤਾ ਵਿਚ ਵਿਚਰਦੇ ਹਨ।

ਮੁਸਲਮਾਨਾਂ ਨੂੰ ਸ਼ਰੀਅਤ ਦੀ ਵਡਿਆਈ (ਚੰਗੀ ਲਗਦੀ ਹੈ; ਉਹ ਸ਼ਰੀਅਤ ਨੂੰ) ਪੜ੍ਹ-ਪੜ੍ਹ ਕੇ (ਉਸ ਦਾ) ਵੀਚਾਰ ਕਰਦੇ ਹਨ
(ਉਨ੍ਹਾਂ ਮੁਤਾਬਕ) ਬੰਦੇ ਉਹੀ ਹਨ, ਜੋ (ਰੱਬ ਦਾ) ਦੀਦਾਰ ਵੇਖਣ ਲਈ (ਸ਼ਰੀਅਤ ਦੀ) ਪਾਬੰਦੀ ਵਿਚ ਪੈਂਦੇ ਹਨ
ਹਿੰਦੂ ਸਲਾਹੁਣ-ਜੋਗ (ਪਰਮੇਸ਼ਰ) ਨੂੰ ਸਲਾਹੁੰਦੇ ਹਨ, (ਜੋ) ਦਰਸ਼ਨ ਤੇ ਰੂਪ ਕਰਕੇ ਪਾਰ-ਰਹਿਤ ਹੈ
(ਉਹ) ਤੀਰਥ ਉਤੇ ਨਹਾਉਂਦੇ, ਅਰਚਾ-ਪੂਜਾ (ਕਰਦੇ ) ਅਤੇ ਅਗਰ ਦੀ ਵਾਸ਼ਨਾ ਤੇ ਮਹਿਕ ਦਾ ਵਿਸਥਾਰ (ਕਰਦੇ ਹਨ)
(ਜਿਤਨੇ) ਜੋਗੀ (ਹਨ, ਉਹ) ਸੁੰਨ (ਸਮਾਧੀ ਵਿਚ) ਧਿਆਉਂਦੇ, ਅਲਖ ਨਾਮ (ਵਾਲੇ) ਕਰਤਾਰ (ਨੂੰ)
(ਉਹ) ਸੂਖਮ ਹਸਤੀ ਤੇ ਨਿਰੰਜਨ ਨਾਮ (ਵਾਲੇ ਕਰਤਾ ਪੁਰਖ) ਨੂੰ, ਦੇਹੀ ਦਾ ਅਕਾਰ (ਕਰਕੇ ਕਿਆਸਦੇ ਹਨ)
ਦਾਨੀਆਂ ਦੇ ਮਨ ਵਿਚ ਸੰਤੋਖ ਆਉਂਦਾ ਹੈ, (ਦਾਨ ) ਦੇਣ ਦੇ ਵੀਚਾਰ ਨਾਲ
(ਉਹ ਦਾਨ) ਦੇ-ਦੇ ਕੇ ਹਜ਼ਾਰ ਗੁਣਾ (ਹੋਰ) ਮੰਗਦੇ ਹਨ (ਤੇ) ਸੰਸਾਰ (ਉਨ੍ਹਾਂ ਦੀ) ਸੋਭਾ ਕਰਦਾ ਹੈ
ਚੋਰਾਂ, ਵਿਭਚਾਰੀਆਂ, ਝੂਠਿਆਂ, ਭੈੜਿਆਂ ਤੇ ਵਿਕਾਰੀਆਂ; (ਵਰਗੇ) ਕਈ, (ਜੋ ਖਟਿਆ ਕਮਾਇਆ) ਹੁੰਦਾ ਹੈ ਇਥੇ ਹੀ ਖਾ ਕੇ ਚਲੇ ਜਾਂਦੇ ਹਨ; (ਭਲਾ) ਉਨ੍ਹਾਂ ਦੀ ਵੀ ਕੋਈ ਕਾਰ ਹੈ?
(ਹੇ ਪ੍ਰਭੂ!) ਜਲ ਵਿਚ, ਥਲ ਉਤੇ, ਪੁਰੀਆਂ ਤੇ ਭਵਨਾਂ ਵਿਚ, ਜੀਆਂ ਦੇ (ਜਿਹੜੇ) ਅਕਾਰ ਹੀ ਅਕਾਰ (ਹਨ)
ਓਹ (ਸਾਰੇ) ਜੋ (ਕੁਝ) ਆਖਦੇ ਹਨ, ਉਹ ਤੂੰ ਹੀ ਜਾਣਦਾ ਹੈਂ; ਉਨ੍ਹਾਂ ਨੂੰ ਵੀ ਤੇਰੀ ਹੀ ਸਾਰ-ਸੰਭਾਲ ਹੈ
ਨਾਨਕ (ਮੁਹਰ-ਛਾਪ): ਭਗਤਾਂ ਲਈ (ਤੇਰਾ) ਸਿਫਤਿ-ਸਲਾਹਣ ਹੀ ਭੁਖ ਹੈ;(ਤੇਰਾ) ਸੱਚਾ ਨਾਮ ਹੀ (ਜੀਵਨ) ਅਧਾਰ ਹੈ
(ਉਹ) ਦਿਨ ਰਾਤ ਸਦਾ, ਗੁਣਵਾਨਾਂ ਦੇ ਪੈਰਾਂ ਦੀ ਧੂੜ (ਹੋ ਕੇ), ਅਨੰਦ ਵਿਚ ਰਹਿੰਦੇ ਹਨ

ਇਸ ਸਲੋਕ ਵਿਚ ਸਮਾਨ ਅਖਰਾਂ, ਸ੍ਵਰਾਂ ਅਤੇ ਵਿਅੰਜਨਾ, ਦੀ ਵਾਰ-ਵਾਰ ਵਰਤੋਂ ਰਾਹੀਂ ਇਕ ਖ਼ਾਸ ਕਿਸਮ ਦੀ ਰਵਾਨਗੀ ਅਤੇ ਨਾਦ ਸੁੰਦਰਤਾ ਦੀ ਉਤਪਤੀ ਹੋਈ ਹੈ, ਜੋ ਤਕਨੀਕੀ ਪੱਧਰ ‘ਤੇ ‘ਧੁਨੀ ਪੱਧਰੀ ਸਮਾਨੰਤਰਤਾ’ ਅਖਵਾਉਂਦੀ ਹੈ। ਸਲੋਕ ਦੀਆਂ ਲਗਭਗ ਸਾਰੀਆਂ ਤੁਕਾਂ ਵਿਚ ਹੀ ਇਹ ਜੁਗਤ ਦ੍ਰਿਸ਼ਟੀਗੋਚਰ ਹੁੰਦੀ ਹੈ।
ਤੁਕ ਪਾਠ ਦੁਹਰਾਈ ਵਾਲੇ ਅਖਰ
ਪਹਿਲੀ ਸਿਫਤਿ ਸਰੀਅਤਿ
ਦੂਜੀ ਬੰਦੇ ਸੇ ਜਿ ਪਵਹਿ ਵਿਚਿ ਬੰਦੀ
ਤੀਜੀ ਸਾਲਾਹੀ ਸਾਲਾਹਨਿ
ਪੰਜਵੀਂ ਜੋਗੀ ਸੁੰਨਿ ਧਿਆਵਨਿ ਜੇਤੇ
ਛੇਵੀਂ ਸੂਖਮ ਮੂਰਤਿ ਨਾਮੁ ਨਿਰੰਜਨ ਕਾਇਆ ਕਾ ਆਕਾਰੁ
ਸਤਵੀਂ ਸਤੀਆ ਮਨਿ ਸੰਤੋਖੁ
ਅਠਵੀਂ ਸੋਭ ਕਰੇ ਸੰਸਾਰੁ
ਨਾਵੀਂ ਚੋਰਾ ਜਾਰਾ ਤੈ ਕੁੜਿਆਰਾ ਰਾ
ਦਸਵੀਂ ਕਾਈ ਕਾਰ
ਗਿਆਰਵੀਂ ਜੀਆ ਪੁਰੀਆ ਲੋਆ ਆਕਾਰ ਆਕਾਰ
ਬਾਰ੍ਹਵੀਂ ਤਿਨਾ ਭਿ ਤੇਰੀ ਸਾਰ
ਤੇਰ੍ਹਵੀਂ ਭਗਤਾ ਭੁਖ ਸਾਲਾਹਣੁ

ਅਖਰਾਂ ਜਾਂ ਅਖਰ ਸਮੂਹਾਂ ਦੀ ਦੁਹਰਾਈ ਕਰਕੇ ਇਥੇ ਅਨੁਪ੍ਰਾਸ ਅਲੰਕਾਰ ਵੀ ਹੈ। ਇਸ ਸਲੋਕ ਵਿਚ ਕ੍ਰਮਵਾਰ ਇਸਲਾਮ (ਪਹਿਲੀ-ਦੂਜੀ ਤੁਕ), ਹਿੰਦੂ ਮਤ (ਤੀਜੀ-ਚਉਥੀ ਤੁਕ), ਜੋਗ ਮਤ (ਪੰਜਵੀਂ-ਛੇਵੀਂ ਤੁਕ), ਦਾਨੀ (ਸਤਵੀਂ-ਅਠਵੀਂ ਤੁਕ), ਵਿਕਾਰੀ (ਨਾਵੀਂ-ਦਸਵੀਂ), ਬ੍ਰਹਿਮੰਡ ਦੇ ਜੀਵ (ਗਿਆਰ੍ਹਵੀਂ-ਬਾਰ੍ਹਵੀਂ ਤੁਕ) ਆਦਿ ਬਾਰੇ ਚਰਚਾ ਕੀਤੀ ਗਈ ਹੈ, ਪਰ ਅੰਤਲੀਆਂ ਦੋ ਤੁਕਾਂ ਵਿਚ ਗੁਰਮਤਿ ਸਿਧਾਂਤ ਦ੍ਰਿੜ ਕਰਾਇਆ ਗਿਆ ਹੈ। ਪਹਿਲਾਂ ਹੋਰਨਾਂ ਮਤ-ਮਤਾਂਤਰਾਂ ਦੀ ਚਰਚਾ ਕਰਨ ਉਪਰੰਤ, ਅੰਤ ਵਿਚ ਗੁਰਮਤਿ ਸਿਧਾਂਤ ਦ੍ਰਿੜਾਉਣ ਕਾਰਨ ਇਥੇ ਪ੍ਰੋਕਤੀ (ਕਥਨ) ਪੱਧਰੀ ਵਿਪਥਨ ਆਇਆ ਹੈ।