Connect

2005 Stokes Isle Apt. 896, Vacaville 10010, USA

[email protected]

ਪਉੜੀ ॥
ਨਾਉ ਤੇਰਾ ਨਿਰੰਕਾਰੁ ਹੈ    ਨਾਇ ਲਇਐ ਨਰਕਿ ਨ ਜਾਈਐ ॥
ਜੀਉ ਪਿੰਡੁ ਸਭੁ ਤਿਸ ਦਾ    ਦੇ ਖਾਜੈ ਆਖਿ ਗਵਾਈਐ ॥
ਜੇ ਲੋੜਹਿ ਚੰਗਾ ਆਪਣਾ    ਕਰਿ ਪੁੰਨਹੁ ਨੀਚੁ ਸਦਾਈਐ ॥
ਜੇ ਜਰਵਾਣਾ ਪਰਹਰੈ    ਜਰੁ ਵੇਸ ਕਰੇਦੀ ਆਈਐ ॥
ਕੋ ਰਹੈ ਨ    ਭਰੀਐ ਪਾਈਐ ॥੫॥

ਪਉੜੀ ॥

ਨਾਉ ਤੇਰਾ ਨਿਰੰਕਾਰੁ ਹੈ    ਨਾਇ ਲਇਐ ਨਰਕਿ ਨ ਜਾਈਐ ॥

ਜੀਉ ਪਿੰਡੁ ਸਭੁ ਤਿਸ ਦਾ    ਦੇ ਖਾਜੈ ਆਖਿ ਗਵਾਈਐ ॥

ਜੇ ਲੋੜਹਿ ਚੰਗਾ ਆਪਣਾ    ਕਰਿ ਪੁੰਨਹੁ ਨੀਚੁ ਸਦਾਈਐ ॥

ਜੇ ਜਰਵਾਣਾ ਪਰਹਰੈ    ਜਰੁ ਵੇਸ ਕਰੇਦੀ ਆਈਐ ॥

ਕੋ ਰਹੈ ਨ    ਭਰੀਐ ਪਾਈਐ ॥੫॥

ਹੇ ਜਗਿਆਸੂ! ਨਿਰੰਕਾਰ-ਪ੍ਰਭੂ ਅਤੇ ਉਸ ਦਾ ਸਦਾ-ਥਿਰ ਨਾਮ ਹੀ ਤੇਰਾ ਅਸਲ ਸਹਾਰਾ ਹੈ। ਨਿਰੰਕਾਰ ਦਾ ਨਾਮ ਨਿਰੰਤਰ ਸਿਮਰਦੇ ਰਹਿਣ ਨਾਲ ਜੀਵਨ ਦੇ ਦੁਖਦਾਈ ਪਲਾਂ (ਨਰਕ) ਤੋਂ ਬਚ ਜਾਈਦਾ ਹੈ।
ਤੇਰਾ ਮਨ, ਸਰੀਰ, ਸਭ ਕੁਝ, ਉਸ ਦਾ ਦਿਤਾ ਹੈ। ਉਹ ਆਪਣੀ ਰਜ਼ਾਅ ਅਨੁਸਾਰ ਸਭ ਨੂੰ ਖਾਣ ਲਈ ਦੇਂਦਾ ਹੈ। ਉਸ ਕੋਲੋਂ ਆਖ ਕੇ ਕੁਝ ਮੰਗਣਾ ਵਿਅਰਥ ਹੁੰਦਾ ਹੈ।
ਜੇ ਤੂੰ ਆਪਣਾ ਭਲਾ ਚਾਹੁੰਦਾ ਹੈਂ ਤਾਂ ਯਾਦ ਰਖ ਕਿ ਚੰਗੇ ਕਰਮ ਕਰਕੇ ਵੀ ਸਦਾ ਨਿਮਰਤਾ ਵਿਚ ਵਿਚਰਨਾ ਹੋਵੇਗਾ।
ਜੇ ਕੋਈ ਤਾਕਤਵਰ ਮਨੁਖ ਕਿਸੇ ਹੀਲੇ-ਵਸੀਲੇ ਨਾਲ ਬੁਢੇਪੇ ਤੋਂ ਬਚਣਾ ਚਾਹੇ, ਤਾਂ ਵੀ ਇਸ ਨੇ ਕੋਈ ਨ ਕੋਈ ਵੇਸ ਧਾਰ ਕੇ ਆ ਹੀ ਜਾਣਾ ਹੈ; ਇਸ ਤੋਂ ਬਚਿਆ ਨਹੀਂ ਜਾ ਸਕਦਾ।
ਜਦੋਂ ਮਿਲੀ ਹੋਈ ਜੀਵਨ-ਮੁਨਿਆਦ ਪੂਰੀ ਹੋ ਜਾਵੇ ਤਾਂ, ਕੋਈ ਇਸ ਸੰਸਾਰ ਉਤੇ ਰਹਿ ਨਹੀਂ ਸਕਦਾ।

(ਹੇ ਜਗਿਆਸੂ! ਨਿਰੰਕਾਰੀ) ਨਾਮ (ਤੇ) ਨਿਰੰਕਾਰ (ਹੀ) ਤੇਰਾ (ਆਸਰਾ) ਹੈ; (ਉਸ ਦਾ) ਨਾਮ ਲੈਣ ਨਾਲ ਨਰਕ ਵਿਚ ਨਹੀਂ ਜਾਈਦਾ
ਮਨ, ਸਰੀਰ, ਸਭ ਕੁਝ, ਉਸ ਦਾ ਹੈ; (ਉਹੀ) ਖਾਣ ਲਈ ਦੇਂਦਾ ਹੈ, ਆਖ/ਮੰਗ ਕੇ ਗਵਾਈਦਾ ਹੈ
ਜੇ (ਤੂੰ) ਆਪਣਾ ਭਲਾ ਲੋੜਦਾ ਹੈਂ, (ਤਾਂ) ਪੁੰਨ ਕਰਕੇ (ਵੀ) ਨੀਵਾਂ ਅਖਵਾਉਣਾ ਹੋਵੇਗਾ
ਜੇ (ਕੋਈ) ਬਲਵਾਨ (ਮਨੁਖ ਬੁਢੇਪੇ ਨੂੰ) ਦੂਰ ਰਖੇ, (ਤਾਂ ਵੀ) ਬਿਰਧ ਅਵਸਥਾ ਵੇਸ ਕਰਦੀ ਹੋਈ ਜਾਣੀ ਹੈ
ਕੋਈ ਰਹਿ ਨਹੀਂ ਸਕਦਾ, (ਜਦੋਂ ਜਿੰਦਗੀ ਰੂਪੀ) ਪਾਈ ਭਰ ਜਾਵੇ

ਇਸ ਪਉੜੀ ਦੀ ਪਹਿਲੀ ਤੁਕ ਵਿਚ ‘ਨ’ ਅਖਰ ਦੀ ਵਾਰ-ਵਾਰ ਦੁਹਰਾਈ ਹੋਣ ਕਾਰਨ ਇਥੇ ਅਨੁਪ੍ਰਾਸ ਅਲੰਕਾਰ ਆਇਆ ਹੈ। ਇਸੇ ਤਰ੍ਹਾਂ ‘ਜਾਈਐ’, ‘ਗਵਾਈਐ’, ‘ਆਈਐ’, ‘ਭਰੀਐ’, ‘ਪਾਈਐ’ ਆਦਿ ਦੀ ਵਰਤੋਂ ਵੀ ਅਨੁਪ੍ਰਾਸ ਅਲੰਕਾਰ ਹੈ।

ਪਉੜੀ ਦੀਆਂ ਪਹਿਲੀਆਂ ਚਾਰੇ ਤੁਕਾਂ ਇਕਹਿਰਾ ਅਰਥ ਪ੍ਰਗਟ ਕਰ ਰਹੀਆਂ ਹਨ। ਇਥੇ ਸਹਿਜ ਭਾਸ਼ਾਈ ਪ੍ਰਗਟਾਵੇ ਰਾਹੀਂ ਸਪਸ਼ਟ ਕੀਤਾ ਗਿਆ ਹੈ ਕਿ ਪ੍ਰਭੂ ਦਾ ਨਾਮ ਲੈਣ ਨਾਲ ਨਰਕ ਵਿਚ ਨਹੀਂ ਜਾਈਦਾ। ਜੀਵ, ਪਿੰਡ, ਭੋਜਨ ਆਦਿ ਸਭ ਪ੍ਰਭੂ ਵੱਲੋਂ ਦਿਤੇ ਗਏ ਹਨ। ਜੇ ਆਪਣਾ ਭਲਾ ਚਾਹੁੰਦੇ ਹੋ ਤਾਂ ਪੁੰਨ ਕਰੋ ਅਤੇ ਨਿਮਰਤਾ ਵਿਚ ਰਹੋ। ਜੇ ਬੁਢੇਪੇ ਤੋਂ ਬਚਣ ਲਈ ਜੋਰ ਵੀ ਲਗਾਈਏ ਤਾਂ ਵੀ ਉਹ ਰੂਪ ਬਦਲ ਕੇ ਆ ਹੀ ਜਾਂਦਾ ਹੈ।

ਤੀਜੀ ਤੁਕ ਵਿਚ ‘ਨੀਚੁ ਸਦਾਈਐ’ ਸੰਕੇਤਾਤਮਕ ਕਥਨ ਹੈ। ਇਥੇ ਨੀਵਾਂ ਅਖਵਾਉਣ ਦਾ ਅਰਥ ਨਿਮਰਤਾ ਧਾਰਣ ਕਰਕੇ ਰਹਿਣਾ ਹੈ।

ਇਸੇ ਤਰ੍ਹਾਂ, ਅੰਤਲੀ ਪੰਗਤੀ ਵਿਚ ‘ਭਰੀਐ ਪਾਈਐ’ ਅਤੇ ‘ਕੋ ਰਹੈ ਨ’ ਵੀ ਸੰਕੇਤਾਤਮਕ ਕਥਨ ਹਨ। ‘ਭਰੀਐ ਪਾਈਐ’ ਵਿਚ ‘ਪਾਈ’ ਅਰਥਾਤ ਪਾਣੀ ਵਾਲੀ ਘੜੀ ਦੀ ਪਿਆਲੀ ਵਿਚ ਪਾਣੀ ਭਰ ਜਾਣ ਦਾ ਅਰਥ ਹੈ - ਸੁਆਸ ਪੂਰੇ ਹੋ ਜਾਣਾ। ‘ਕੋ ਰਹੈ ਨ’ ਵਿਚ ‘ਰਹੈ ਨ’ ਦਾ ਭਾਵ ‘ਮਰ ਜਾਣਾ ਜਾਂ ਜੀਵਿਤ ਨਾ ਰਹਿਣਾ’ ਹੈ। ਸਿੱਧੇ ਅਰਥਾਂ ਦੀ ਥਾਂ ਨਿਵੇਕਲੇ ਸੰਕੇਤਾਤਮਕ ਅਰਥਾਂ ਦੀ ਵਰਤੋਂ ਹੋਣ ਕਰਕੇ ਇਥੇ ਅਰਥ ਪੱਧਰੀ ਵਿਚਲਨ ਆਇਆ ਹੈ।