Connect

2005 Stokes Isle Apt. 896, Vacaville 10010, USA

[email protected]

ਪਉੜੀ ॥
ਨਦਰਿ ਕਰਹਿ ਜੇ ਆਪਣੀ    ਤਾ ਨਦਰੀ ਸਤਿਗੁਰੁ ਪਾਇਆ ॥
ਏਹੁ ਜੀਉ ਬਹੁਤੇ ਜਨਮ ਭਰੰਮਿਆ    ਤਾ ਸਤਿਗੁਰਿ ਸਬਦੁ ਸੁਣਾਇਆ ॥
ਸਤਿਗੁਰ ਜੇਵਡੁ ਦਾਤਾ ਕੋ ਨਹੀ    ਸਭਿ ਸੁਣਿਅਹੁ ਲੋਕ ਸਬਾਇਆ ॥
ਸਤਿਗੁਰਿ ਮਿਲਿਐ ਸਚੁ ਪਾਇਆ    ਜਿਨੀ੍ ਵਿਚਹੁ ਆਪੁ ਗਵਾਇਆ ॥
ਜਿਨਿ ਸਚੋ ਸਚੁ ਬੁਝਾਇਆ ॥੪॥

ਪਉੜੀ ॥

ਨਦਰਿ ਕਰਹਿ ਜੇ ਆਪਣੀ    ਤਾ ਨਦਰੀ ਸਤਿਗੁਰੁ ਪਾਇਆ ॥

ਏਹੁ ਜੀਉ ਬਹੁਤੇ ਜਨਮ ਭਰੰਮਿਆ    ਤਾ ਸਤਿਗੁਰਿ ਸਬਦੁ ਸੁਣਾਇਆ ॥

ਸਤਿਗੁਰ ਜੇਵਡੁ ਦਾਤਾ ਕੋ ਨਹੀ    ਸਭਿ ਸੁਣਿਅਹੁ ਲੋਕ ਸਬਾਇਆ ॥

ਸਤਿਗੁਰਿ ਮਿਲਿਐ ਸਚੁ ਪਾਇਆ    ਜਿਨੀ੍ ਵਿਚਹੁ ਆਪੁ ਗਵਾਇਆ ॥

ਜਿਨਿ ਸਚੋ ਸਚੁ ਬੁਝਾਇਆ ॥੪॥

ਹੇ ਪ੍ਰਭੂ! ਜੇਕਰ ਤੂੰ ਆਪਣੀ ਮਿਹਰ ਕਰੇਂ, ਤਾਂ ਤੇਰੀ ਮਿਹਰ ਨਾਲ ਹੀ ਜੀਵ ਨੂੰ ਸੱਚੇ ਗੁਰੂ (ਗੁਰ-ਸ਼ਬਦ) ਦੀ ਪ੍ਰਾਪਤੀ ਹੋ ਸਕਦੀ ਹੈ।
ਇਹ ਜੀਵ ਜਦੋਂ ਹਾਰ-ਹੰਭ ਕੇ (ਬਹੁਤ ਜਨਮਾਂ ਵਿਚ ਭਟਕ ਕੇ) ਸਤਿਗੁਰੂ ਦੀ ਸ਼ਰਣ ਵਿਚ ਆਉਂਦਾ ਹੈ, ਤਾਂ ਇਸ ਨੂੰ ਸਤਿਗੁਰੂ ਦਾ ਉਪਦੇਸ਼ ਸੁਣਨ ਨੂੰ ਮਿਲਦਾ ਹੈ।
ਹੇ ਸੰਸਾਰ ਦੇ ਸਾਰੇ ਲੋਕੋ, ਇਹ ਗੱਲ ਗਹੁ ਨਾਲ ਸੁਣ ਲਓ! ਸਤਿਗੁਰੂ ਜਿੱਡਾ ਵੱਡਾ ਦੇਣਹਾਰ ਦਾਤਾਰ ਹੋਰ ਕੋਈ ਨਹੀਂ ਹੈ।
ਸਤਿਗੁਰੂ ਦੇ ਸ਼ਬਦ ਰਾਹੀਂ ਜਿਨ੍ਹਾਂ ਮਨੁਖਾਂ ਨੇ ਆਪਣਾ ਹੰਕਾਰ ਤਿਆਗ ਦਿਤਾ, ਉਨ੍ਹਾਂ ਨੂੰ ਸੱਚ-ਸਰੂਪ ਪ੍ਰਭੂ ਦੀ ਪ੍ਰਾਪਤੀ ਹੋ ਗਈ।
ਸਤਿਗੁਰੂ ਨੇ ਉਨ੍ਹਾਂ ਨੂੰ ਨਿਰੋਲ ਸੱਚ ਸਮਝਾ ਦਿਤਾ।

(ਹੇ ਪ੍ਰਭੂ!) ਜੇ (ਤੂੰ) ਆਪਣੀ ਕਿਰਪਾ-ਦ੍ਰਿਸ਼ਟੀ ਕਰੇਂ, ਤਾਂ (ਤੇਰੀ) ਕਿਰਪਾ-ਦ੍ਰਿਸ਼ਟੀ ਦੁਆਰਾ (ਹੀ) ਸਤਿਗੁਰੂ ਪਾਇਆ ਜਾ ਸਕਦਾ ਹੈ
ਇਹ ਜੀਵ (ਜਦੋਂ) ਬਹੁਤ ਜਨਮ ਭਟਕਿਆ, ਤਾਂ ਸਤਿਗੁਰ ਨੇ ਸ਼ਬਦ ਸੁਣਾਇਆ
ਸਤਿਗੁਰੂ ਜਿੱਡਾ ਵੱਡਾ ਦਾਤਾ ਕੋਈ ਨਹੀਂ ਹੈ, ਸਭ ਸੁਣਿਓ ਲੋਕੋ ਸਾਰਿਓ!
ਸਤਿਗੁਰ ਦੇ ਮਿਲ ਪੈਣ ਸਦਕਾ ਸੱਚ ਪਾ ਲਿਆ, ਜਿਨ੍ਹਾਂ ਨੇ ਵਿਚੋਂ ਆਪਾ-ਭਾਵ ਗਵਾ ਦਿਤਾ
ਜਿਸ (ਸਤਿਗੁਰ) ਨੇ ਸਚੋ ਸੱਚ ਸਮਝਾ ਦਿਤਾ

ਇਸ ਪਉੜੀ ਵਿਚ, ਸ਼ਬਦਾਂ ਦੇ ਸਿੱਧੇ ਕੋਸ਼ਗਤ ਅਰਥ ਪ੍ਰਗਟਾਵੇ ਕਾਰਨ, ‘ਸਹਿਜ ਭਾਸ਼ਾਈ ਪ੍ਰਗਟਾਵੇ’ ਦੀ ਬਹੁਤ ਖ਼ੂਬਸੂਰਤੀ ਨਾਲ ਵਰਤੋਂ ਹੋਈ ਹੈ। ਇਸ ਸਹਿਜ ਬਿਆਨੀ ਰਾਹੀਂ ਜਿਥੇ ਸਤਿਗੁਰੂ ਦੀ ਅਦੁੱਤੀ ਵਡਿਆਈ ਨੂੰ ਦਰਸਾਇਆ ਗਿਆ ਹੈ, ਉਥੇ ਇਹ ਵੀ ਕਥਨ ਕੀਤਾ ਗਿਆ ਹੈ ਕਿ ਸਤਿਗੁਰੂ ਪ੍ਰਭੂ ਦੀ ਨਦਰ ਸਦਕਾ ਪ੍ਰਾਪਤ ਹੁੰਦਾ ਹੈ ਅਤੇ ਉਸ ਵਰਗਾ ਹੋਰ ਕੋਈ ਦਾਤਾ ਨਹੀਂ, ਜੋ ਮਨੁਖ ਨੂੰ ਸੱਚੇ ਪ੍ਰਭੂ ਨਾਲ ਜੋੜ ਸਕਦਾ ਹੋਵੇ।

ਪਉੜੀ ਦੀਆਂ ਪਹਿਲੀਆਂ ਚਾਰ ਤੁਕਾਂ ਵਿਚ ‘ਸਤਿਗੁਰੂ’ ਸ਼ਬਦ ਵਖ-ਵਖ ਵਿਆਕਰਣਕ ਰੂਪਾਂ (ਸਤਿਗੁਰੁ, ਸਤਿਗੁਰਿ, ਸਤਿਗੁਰ) ਵਿਚ ਆਇਆ ਹੈ ਅਤੇ ਚਾਰੇ ਤੁਕਾਂ ਸਤਿਗੁਰੂ ਦੇ ਮਹੱਤਵ ਨੂੰ ਪ੍ਰਗਟ ਕਰ ਰਹੀਆਂ ਹਨ। ਪਉੜੀ ਦੀ ਅੰਤਲੀ ਤੁਕ ‘ਜਿਨਿ ਸਚੋ ਸਚੁ ਬੁਝਾਇਆ’ ਵਾਕ ਪੱਧਰੀ ਵਿਰਲਤਾ ਰਾਹੀਂ ਸਮੁੱਚੀ ਪਉੜੀ ਦਾ ਸਾਰ ਪੇਸ਼ ਕਰ ਰਹੀ ਹੈ ਅਤੇ ਦ੍ਰਿੜ੍ਹ ਕਰਵਾ ਰਹੀ ਹੈ ਕਿ ਸਤਿਗੁਰੂ ਹੀ ਨਿਰੋਲ ਸੱਚ ਦੀ ਸੋਝੀ ਦੇਣ ਵਾਲਾ ਹੈ।