Connect

2005 Stokes Isle Apt. 896, Vacaville 10010, USA

[email protected]

ਪਉੜੀ ॥
ਆਪੀਨੈ੍ ਭੋਗ ਭੋਗਿ ਕੈ    ਹੋਇ ਭਸਮੜਿ ਭਉਰੁ ਸਿਧਾਇਆ ॥
ਵਡਾ ਹੋਆ ਦੁਨੀਦਾਰੁ    ਗਲਿ ਸੰਗਲੁ ਘਤਿ ਚਲਾਇਆ ॥
ਅਗੈ ਕਰਣੀ ਕੀਰਤਿ ਵਾਚੀਐ    ਬਹਿ ਲੇਖਾ ਕਰਿ ਸਮਝਾਇਆ ॥
ਥਾਉ ਨ ਹੋਵੀ ਪਉਦੀਈ    ਹੁਣਿ ਸੁਣੀਐ ਕਿਆ ਰੂਆਇਆ ॥
ਮਨਿ ਅੰਧੈ ਜਨਮੁ ਗਵਾਇਆ ॥੩॥

ਪਉੜੀ ॥

ਆਪੀਨੈ੍ ਭੋਗ ਭੋਗਿ ਕੈ    ਹੋਇ ਭਸਮੜਿ ਭਉਰੁ ਸਿਧਾਇਆ ॥

ਵਡਾ ਹੋਆ ਦੁਨੀਦਾਰੁ    ਗਲਿ ਸੰਗਲੁ ਘਤਿ ਚਲਾਇਆ ॥

ਅਗੈ ਕਰਣੀ ਕੀਰਤਿ ਵਾਚੀਐ    ਬਹਿ ਲੇਖਾ ਕਰਿ ਸਮਝਾਇਆ ॥

ਥਾਉ ਨ ਹੋਵੀ ਪਉਦੀਈ    ਹੁਣਿ ਸੁਣੀਐ ਕਿਆ ਰੂਆਇਆ ॥

ਮਨਿ ਅੰਧੈ ਜਨਮੁ ਗਵਾਇਆ ॥੩॥

ਸੰਸਾਰ ਵਿਚ ਰਹਿੰਦਿਆਂ ਹੋਇਆਂ, ਜੀਵ ਆਪ ਹੀ ਇੰਦਰਿਆਵੀ ਸੁਖ-ਭੋਗਾਂ ਵਿਚ ਖੱਚਤ ਹੋ ਕੇ ਆਪਣੀ ਸੱਤਿਆ ਖੀਣ ਕਰ ਲੈਂਦਾ ਹੈ ਅਤੇ ਜਦੋਂ ਸਰੀਰ ਵਿਚੋਂ ਇਸ ਦਾ ਜੀਵਾਤਮਾ ਉਡਾਰੀ ਮਾਰ ਜਾਂਦਾ ਹੈ ਤਾਂ ਇਹ ਸੁਆਹ ਦੀ ਢੇਰੀ ਹੋ ਜਾਂਦਾ ਹੈ।
ਇਹੋ ਜਿਹਾ ਦੁਨੀਆ-ਦਾਰ ਮਨੁਖ ਜਦੋਂ ਮਰ ਜਾਂਦਾ ਹੈ ਤਾਂ ਉਸ ਦੀ ਹਾਲਤ ਬਹੁਤ ਡਰਾਉਣੀ ਹੁੰਦੀ ਹੈ (ਜਮਦੂਤ ਗਲ ਵਿਚ ਸੰਗਲ ਪਾ ਕੇ ਅੱਗੇ ਲਾ ਲੈਂਦੇ ਹਨ)।
ਅੱਗੇ, ਕੇਵਲ ਕਰਨ-ਜੋਗ ਕਾਰ, ਪ੍ਰਭੂ-ਕੀਰਤੀ, ਹੀ ਪਰਵਾਨ ਹੁੰਦੀ ਹੈ। ਉਥੇ, ਦੁਨੀਆਦਾਰ ਮਨੁਖ ਦੇ ਭੋਗੀ ਵਿਵਹਾਰ ਦਾ ਲੇਖਾ-ਜੋਖਾ ਕਰ ਕੇ ਉਸ ਦੇ ਨਤੀਜਿਆਂ ਬਾਰੇ ਉਸ ਨੂੰ ਨਿੱਠ ਕੇ ਸਮਝਾ ਦਿਤਾ ਜਾਂਦਾ ਹੈ।
ਆਖਿਰਕਾਰ, ਉਨ੍ਹਾਂ ਨਤੀਜਿਆਂ (ਮਾਰ) ਤੋਂ ਬਚਣ ਲਈ ਉਥੇ ਕੋਈ ਥਾਂ ਨਹੀਂ ਲਭਦੀ; ਉਥੇ ਮਦਦ ਲਈ ਕੋਈ ਨਹੀਂ ਹੁੰਦਾ ਜੋ ਉਸ ਦੀ ਪੁਕਾਰ ਸੁਣ ਸਕੇ।
ਇਸ ਤਰ੍ਹਾਂ, ਉਹ ਅਗਿਆਨੀ ਮਨੁਖ ਮਾਇਕੀ ਪਦਾਰਥਾਂ ਵਿਚ ਖੱਚਤ ਹੋ ਕੇ ਆਪਣਾ ਅਮੋਲਕ ਮਨੁਖਾ-ਜਨਮ ਵਿਅਰਥ ਹੀ ਗਵਾ ਲੈਂਦਾ ਹੈ।

(ਜੀਵ) ਆਪ ਹੀ ਭੋਗਾਂ ਨੂੰ ਭੋਗ ਕੇ (ਅੰਤ) ਭਸਮ ਦੀ ਮੜੀ ਹੋ ਗਿਆ (ਜਦੋਂ ਇਸ ਦਾ ਆਤਮਾ ਰੂਪੀ) ਭਉਰ ਉਡਾਰੀ ਮਾਰ ਗਿਆ
(ਅਜਿਹਾ) ਦੁਨੀਆਦਾਰ (ਜਦੋਂ) ਮਰ ਗਿਆ, (ਜਮਦੂਤਾਂ ਨੇ) ਗਲ ਵਿਚ ਸੰਗਲ ਪਾ ਕੇ ਅੱਗੇ ਲਾ ਲਿਆ
ਅੱਗੇ, ਕਰਨਜੋਗ (ਕਾਰ), ਪ੍ਰਭੂ-ਕੀਰਤੀ, ਵਾਚੀ ਜਾਂਦੀ ਹੈ; ਬਹਿ ਕੇ ਲੇਖਾ ਕਰ ਕੇ ਸਮਝਾ ਦਿਤਾ
ਥਾਉਂ ਨਹੀਂ ਮਿਲਦਾ (ਮਾਰ) ਪੈਂਦਿਆਂ; ਹੁਣ, (ਉਸ ਦਾ) ਰੋਣਾ ਕੀ ਸੁਣਿਆ ਜਾਏ?
ਮਨ ਕਰਕੇ ਅੰਨ੍ਹੇ ਨੇ ਜਨਮ ਗਵਾ ਲਿਆ

ਇਸ ਪਉੜੀ ਵਿਚ ਲੋਕ ਕਥਨਾਂ ਦੀ ਬੇਹਦ ਪ੍ਰਭਾਵਸ਼ਾਲੀ ਵਰਤੋਂ ਹੋਈ ਹੈ। ‘ਭੋਗ ਭੋਗਿ ਕੈ’, ‘ਹੋਇ ਭਸਮੜਿ’, ‘ਭਉਰੁ ਸਿਧਾਇਆ’, ‘ਵਡਾ ਹੋਆ’, ‘ਗਲਿ ਸੰਗਲੁ ਘਤਿ ਚਲਾਇਆ’, ‘ਅਗੈ ਕਰਣੀ ਕੀਰਤਿ ਵਾਚੀਐ’, ‘ਬਹਿ ਲੇਖਾ ਕਰਿ ਸਮਝਾਇਆ’, ਅਤੇ ‘ਥਾਉ ਨ ਹੋਵੀ ਪਉਦੀਈ’ ਐਸੇ ਲੋਕ ਕਥਨ ਹਨ, ਜੋ ਲੋਕਾਂ ਵਿਚ ਮੁਹਾਵਰਿਆਂ ਜਾਂ ਅਖਾਣਾਂ ਦੇ ਰੂਪ ਵਿਚ ਪ੍ਰਚਲਤ ਸਨ/ਹਨ। ਇਨ੍ਹਾਂ ਲੋਕ ਕਥਨਾਂ ਦੀ ਵਰਤੋਂ ਬੜੀ ਹੀ ਸਟੀਕ ਅਤੇ ਸਿਰਜਨਾਤਮਕ ਹੈ। ਅਗਿਆਨੀ ਜੀਵ ਨੂੰ ਸਿੱਧੇ ਤੇ ਸਾਫ਼ ਲਫ਼ਜ਼ਾਂ ਵਿਚ ਤਾੜਨਾ ਕਰਨ ਅਤੇ ਚਿਤਾਵਨੀ ਦੇਣ ਲਈ ਇਨ੍ਹਾਂ ਲੋਕ ਕਥਨਾਂ ਨੂੰ ਵਰਤਿਆ ਗਿਆ ਹੈ। ਲੋਕ ਕਥਨਾਂ ਦੀ ਵਰਤੋਂ ਹੋਣ ਕਰਕੇ ਇਥੇ ਲੋਕੋਕਤੀ ਅਲੰਕਾਰ ਆਇਆ ਹੈ।

ਪਉੜੀ ਦੀ ਪਹਿਲੀ ਤੁਕ ਵਿਚ ‘ਭ’ ਅੱਖਰ ਦੀ ਦੁਹਰਾਈ ਹੈ, ਸੋ ਇਥੇ ਅਨੁਪ੍ਰਾਸ ਅਲੰਕਾਰ ਆਇਆ ਹੈ। ਪਹਿਲੀ ਤੁਕ ਵਿਚ ਆਇਆ ਸ਼ਬਦ ‘ਭਉਰੁ’, ਤੀਜੀ ਤੁਕ ਵਿਚ ‘ਅਗੈ’ ਅਤੇ ‘ਲੇਖਾ’ ਸ਼ਬਦ ਆਪਣੇ ਸਿੱਧੇ ਕੋਸ਼ਗਤ ਅਰਥਾਂ ਲਈ ਪ੍ਰਯੋਗ ਨਹੀਂ ਹੋਏ, ਸਗੋਂ ਇਹ ਕ੍ਰਮਵਾਰ ‘ਜੀਵਾਤਮਾ’, ‘ਪਰਲੋਕ’ ਅਤੇ ‘ਕਰਮਾਂ ਦੇ ਹਿਸਾਬ-ਕਿਤਾਬ’ ਲਈ ਵਰਤੇ ਗਏ ਹਨ।

‘ਮਨਿ ਅੰਧੈ ਜਨਮੁ ਗਵਾਇਆ’ ਤੁਕ ਪਉੜੀ ਵਿਚ ਸਿਰਫ ਇਕ ਵਾਰ ਆਈ ਹੈ, ਪਰ ਸਮੁਚੀ ਪਉੜੀ ਦੇ ਮੂਲ ਭਾਵ ਨੂੰ ਪ੍ਰਗਟ ਕਰ ਰਹੀ ਹੈ।