Connect

2005 Stokes Isle Apt. 896, Vacaville 10010, USA

[email protected]

ਮਹਲਾ ੨ ॥
ਨਾਲਿ ਇਆਣੇ ਦੋਸਤੀ    ਕਦੇ ਨ ਆਵੈ ਰਾਸਿ ॥
ਜੇਹਾ ਜਾਣੈ ਤੇਹੋ ਵਰਤੈ    ਵੇਖਹੁ ਕੋ ਨਿਰਜਾਸਿ ॥
ਵਸਤੂ ਅੰਦਰਿ ਵਸਤੁ ਸਮਾਵੈ    ਦੂਜੀ ਹੋਵੈ ਪਾਸਿ ॥
ਸਾਹਿਬ ਸੇਤੀ ਹੁਕਮੁ ਨ ਚਲੈ    ਕਹੀ ਬਣੈ ਅਰਦਾਸਿ ॥
ਕੂੜਿ ਕਮਾਣੈ ਕੂੜੋ ਹੋਵੈ    ਨਾਨਕ ਸਿਫਤਿ ਵਿਗਾਸਿ ॥੩॥

ਮਹਲਾ ੨ ॥

ਨਾਲਿ ਇਆਣੇ ਦੋਸਤੀ    ਕਦੇ ਨ ਆਵੈ ਰਾਸਿ ॥

ਜੇਹਾ ਜਾਣੈ ਤੇਹੋ ਵਰਤੈ    ਵੇਖਹੁ ਕੋ ਨਿਰਜਾਸਿ ॥

ਵਸਤੂ ਅੰਦਰਿ ਵਸਤੁ ਸਮਾਵੈ    ਦੂਜੀ ਹੋਵੈ ਪਾਸਿ ॥

ਸਾਹਿਬ ਸੇਤੀ ਹੁਕਮੁ ਨ ਚਲੈ    ਕਹੀ ਬਣੈ ਅਰਦਾਸਿ ॥

ਕੂੜਿ ਕਮਾਣੈ ਕੂੜੋ ਹੋਵੈ    ਨਾਨਕ ਸਿਫਤਿ ਵਿਗਾਸਿ ॥੩॥

ਬੱਚਿਆਂ ਵਰਗੀ ਹੋਛੀ ਸਮਝ ਰਖਣ ਵਾਲੇ (ਅੰਞਾਣੇ) ਮਨੁਖ ਨਾਲ ਪਾਈ ਹੋਈ ਮਿੱਤਰਤਾ ਕਦੀ ਸੂਤ ਨਹੀਂ ਆਉਂਦੀ। ਕਿਉਂਕਿ ਉਹ ਜਿਹੋ ਜਿਹੀ ਸਮਝ ਰਖਦਾ ਹੈ, ਉਹੋ ਜਿਹਾ ਹੀ ਵਰਤੋਂ-ਵਿਹਾਰ ਕਰਦਾ ਹੈ। ਇਹ ਗੱਲ ਬੇਸ਼ਕ ਕੋਈ ਪਰਤਾ ਕੇ ਵੇਖ ਲਵੋ!
ਕਿਸੇ ਭਾਂਡੇ ਵਿਚ ਪਹਿਲਾਂ ਤੋਂ ਕਿਸੇ ਵਸਤੂ ਦੇ ਹੁੰਦਿਆਂ ਉਸੇ ਕਿਸਮ ਦੀ ਵਸਤੂ ਤਾਂ ਉਸ ਵਿਚ ਇਕ-ਮਿਕ ਹੋ ਜਾਂਦੀ ਹੈ। ਪਰ ਜੇ ਕਿਸੇ ਹੋਰ ਕਿਸਮ ਦੀ ਵਸਤੂ ਪਾਉਣੀ ਹੋਵੇ ਤਾਂ ਇਹ ਜ਼ਰੂਰੀ ਹੈ ਕਿ ਪਹਿਲਾਂ ਤੋਂ ਮੌਜੂਦ ਉਸ ਦੂਜੀ ਕਿਸਮ ਦੀ ਵਸਤੂ ਨੂੰ ਬਾਹਰ ਕੱਢਿਆ ਜਾਵੇ। (ਇਸੇ ਤਰ੍ਹਾਂ, ਮਨ ਵਿਚ ਪ੍ਰਭੂ ਦਾ ਨਾਮ ਪਾਉਣ ਤੋਂ ਪਹਿਲਾਂ ਇਹ ਲਾਜ਼ਮੀ ਹੈ ਕਿ ਮਨ ਵਿਚ ਮੌਜੂਦ ਹਉਮੈ-ਭਾਵ ਨੂੰ ਬਾਹਰ ਕੱਢਿਆ ਜਾਵੇ, ਕਿਉਂਕਿ ਇਕੋ ਹਿਰਦੇ ਵਿਚ ਇਕੋ ਸਮੇਂ ਇਹ ਦੋਵੇਂ ਵਸਤਾਂ ਨਹੀਂ ਸਮਾਈਆਂ ਜਾ ਸਕਦੀਆਂ।)
ਸੇਵਕ ਵੱਲੋਂ ਮਾਲਕ ਪ੍ਰਤੀ ਕੀਤਾ ਹੋਇਆ ਹੁਕਮ ਕਦੀ ਕਾਰਗਰ ਨਹੀਂ ਹੋ ਸਕਦਾ। ਮਾਲਕ ਅਗੇ ਤਾਂ ਜੋਦੜੀ ਕੀਤੀ ਜਾਣੀ ਹੀ ਫਬਦੀ ਹੈ।
ਨਾਨਕ! ਝੂਠ ਵਿਹਾਝਿਆਂ ਝੂਠ ਹੀ ਪੱਲੇ ਪੈਂਦਾ ਹੈ ਤੇ ਅੰਤ ਮਨੁਖ ਝੂਠ ਦਾ ਮੁਜੱਸਮਾ ਹੀ ਬਣ ਜਾਂਦਾ ਹੈ, ਜਿਸ ਦੇ ਫਲਸਰੂਪ ਕੇਵਲ ਝੋਰਾ ਅਤੇ ਪਛਤਾਵਾ ਹੀ ਪੱਲੇ ਪੈਂਦਾ ਹੈ। ਜਦਕਿ, ਪ੍ਰਭੂ ਦੀ ਸਿਫ਼ਤਿ-ਸਾਲਾਹ ਦੁਆਰਾ ਮਨ ਖਿੜ ਪੈਂਦਾ ਹੈ।

ਅੰਞਾਣੇ (ਵਿਅਕਤੀ) ਨਾਲ ਮਿੱਤਰਤਾ, ਕਦੀ ਸੂਤ ਨਹੀਂ ਆਉਂਦੀ ਉਹ ਜਿਹੋ ਜਿਹਾ ਜਾਣਦਾ ਹੈ, ਉਹੋ ਜਿਹਾ (ਹੀ) ਵਰਤੋਂ-ਵਿਹਾਰ ਕਰਦਾ ਹੈ ਬੇਸ਼ਕ ਕੋਈ ਨਿਰਣਾ ਕਰ ਕੇ ਵੇਖ ਲਵੋ
(ਭਾਂਡੇ ਵਿਚ ਪਈ ਕਿਸੇ) ਵਸਤੂ ਵਿਚ (ਉਸੇ ਕਿਸਮ ਦੀ) ਵਸਤੂ ਸਮਾ ਜਾਂਦੀ ਹੈ, (ਪਰ ਜੇ ਭਾਂਡੇ ਵਿਚ ਕਿਸੇ ਹੋਰ ਕਿਸਮ ਦੀ ਵਸਤੂ ਹੋਵੇ ਤਾਂ ਜਰੂਰੀ ਹੈ ਕਿ ਉਹ) ਦੂਜੀ (ਕਿਸਮ ਦੀ ਵਸਤੂ ਪਹਿਲਾਂ) ਲਾਂਭੇ ਹੋਵੇ
ਮਾਲਕ ਅਗੇ ਹੁਕਮ ਨਹੀਂ ਚਲ ਸਕਦਾ, ਅਰਦਾਸ ਆਖੀ (ਹੀ) ਫਬਦੀ ਹੈ
ਨਾਨਕ! ਝੂਠ ਕਮਾਉਣ ਨਾਲ ਝੂਠ (ਹੀ ਪ੍ਰਾਪਤ) ਹੁੰਦਾ ਹੈ, (ਜਦਕਿ ਪ੍ਰਭੂ ਦੀ) ਸਿਫ਼ਤਿ-ਸਾਲਾਹ ਦੁਆਰਾ (ਮਨ) ਵਿਗਸ ਪੈਂਦਾ ਹੈ

ਇਸ ਸਲੋਕ ਦੀਆਂ ਪਹਿਲੀਆਂ ਦੋ ਤੁਕਾਂ ਵਿਚ ਭਾਸ਼ਾ ਦੇ ਸਹਿਜ ਰੂਪ ਨੂੰ ਮਾਧਿਅਮ ਬਣਾਉਂਦਿਆਂ ਕਥਨ ਕੀਤਾ ਗਿਆ ਹੈ ਕਿ ‘ਇਆਣੇ’ ਅਰਥਾਤ ਅਨਜਾਣ ਨਾਲ ਦੋਸਤੀ ਕਦੇ ਰਾਸ ਨਹੀਂ ਆਉਂਦੀ, ਉਹ ਜਿਹੋ ਜਿਹਾ ਜਾਣਦਾ ਹੈ ਉਹੋ ਜਿਹਾ ਹੀ ਵਿਹਾਰ ਕਰਦਾ ਹੈ।

ਤੀਜੀ ਤੁਕ ਸੰਕੇਤਾਤਮਕ ਕਥਨ ਹੈ ਕਿ ਕਿਸੇ ਵਸਤੂ ਵਿਚ ਕੋਈ ਦੂਜੀ ਵਸਤੂ ਤਾਂ ਹੀ ਸਮਾ ਸਕਦੀ ਹੈ, ਜਦੋਂ ਪਹਿਲੀ ਵਸਤੂ ਨੂੰ ਪਾਸੇ ਕਰ ਲਿਆ ਗਿਆ ਹੋਵੇ, ਭਾਵ ਜੀਵ ਦੇ ਹਿਰਦੇ ਵਿਚ ਪ੍ਰਭੂ ਦਾ ਪ੍ਰੇਮ ਤਾਂ ਹੀ ਸਮਾ ਸਕਦਾ ਹੈ, ਜੇਕਰ ਉਥੋਂ ਹੋਰ ਦੂਜੀਆਂ ਚੀਜਾਂ ਦਾ ਪ੍ਰੇਮ ਪਹਿਲਾਂ ਪਾਸੇ ਕਰ ਦਿੱਤਾ ਜਾਵੇ।

ਚਉਥੀ ਅਤੇ ਪੰਜਵੀਂ ਤੁਕ ਵਿਚ ਫਿਰ ਤੋਂ ਸਹਿਜ ਭਾਸ਼ਾਈ ਪ੍ਰਗਟਾਵੇ ਦੀ ਵਰਤੋਂ ਹੈ। ਸਪਸ਼ਟ ਕਥਨ ਹੈ ਕਿ ਸਾਹਿਬ ਅਗੇ ਹੁਕਮ ਨਹੀਂ ਚਲਦਾ, ਉਥੇ ਅਰਦਾਸ ਹੀ ਹੋ ਸਕਦੀ ਹੈ। ਕੂੜ ਕਮਾਉਣ ਨਾਲ ਕੂੜ ਹੀ ਪੱਲੇ ਪੈਂਦਾ ਹੈ। ਪ੍ਰਭੂ ਦੀ ਸਿਫਤਿ ਕਰਨ ਨਾਲ ਹੀ ਆਤਮਕ ਖੇੜਾ ਪ੍ਰਾਪਤ ਹੁੰਦਾ ਹੈ।

ਇਸ ਸਲੋਕ ਦੀ ਪਹਿਲੀ ਤੁਕ ਦਾ ਮਾਤਰਾ ਵਿਧਾਨ ੧੩+੧੧ ਹੈ, ਜਦਕਿ ਅਗਲੇਰੀਆਂ ਚਾਰ ਤੁਕਾਂ ਦਾ ਮਾਤਰਾ ਵਿਧਾਨ ੧੬+੧੧ ਹੈ। ਇਥੇ ਦੋਹਰਾ ਛੰਦ ਦੇ ਇਕ ਚਰਣ ਤੋਂ ਬਾਅਦ ਸਰਸੀ ਛੰਦ ਜੋੜਿਆ ਗਿਆ ਹੈ।