Connect

2005 Stokes Isle Apt. 896, Vacaville 10010, USA

[email protected]

ਸਲੋਕੁ ਮਹਲਾ ੨ ॥
ਏਹ ਕਿਨੇਹੀ ਆਸਕੀ    ਦੂਜੈ ਲਗੈ ਜਾਇ ॥
ਨਾਨਕ   ਆਸਕੁ ਕਾਂਢੀਐ    ਸਦ ਹੀ ਰਹੈ ਸਮਾਇ ॥
ਚੰਗੈ ਚੰਗਾ ਕਰਿ ਮੰਨੇ    ਮੰਦੈ ਮੰਦਾ ਹੋਇ ॥
ਆਸਕੁ ਏਹੁ ਨ ਆਖੀਐ    ਜਿ ਲੇਖੈ ਵਰਤੈ ਸੋਇ ॥੧॥

ਸਲੋਕੁ ਮਹਲਾ ੨ ॥

ਏਹ ਕਿਨੇਹੀ ਆਸਕੀ    ਦੂਜੈ ਲਗੈ ਜਾਇ ॥

ਨਾਨਕ   ਆਸਕੁ ਕਾਂਢੀਐ    ਸਦ ਹੀ ਰਹੈ ਸਮਾਇ ॥

ਚੰਗੈ ਚੰਗਾ ਕਰਿ ਮੰਨੇ    ਮੰਦੈ ਮੰਦਾ ਹੋਇ ॥

ਆਸਕੁ ਏਹੁ ਨ ਆਖੀਐ    ਜਿ ਲੇਖੈ ਵਰਤੈ ਸੋਇ ॥੧॥

ਨਾਨਕ! ਸੱਚਾ ਪ੍ਰੀਤਵਾਨ ਉਸ ਨੂੰ ਹੀ ਕਿਹਾ ਜਾ ਸਕਦਾ, ਜਿਹੜਾ ਹਰ ਹਾਲਤ ਵਿਚ ਆਪਣੇ ਪ੍ਰਭੂ-ਪ੍ਰੀਤਮ ਦੀ ਪ੍ਰੀਤ ਵਿਚ ਲੀਨ ਹੋਇਆ ਰਹੇ।
ਭਲਾ! ਇਹ ਕਿਹੋ ਜਿਹੀ ਪ੍ਰੀਤੀ ਹੋਈ ਕਿ ਪ੍ਰਭੂ-ਪ੍ਰੀਤ ਦਾ ਦਾਅਵਾ ਕਰਨ ਵਾਲਾ ਵਿਅਕਤੀ ਆਪਣੀ ਕਿਸੇ ਗਰਜ਼ ਦੀ ਪੂਰਤੀ ਲਈ ਆਪਣੇ ਪ੍ਰਭੂ-ਪ੍ਰੀਤਮ ਨੂੰ ਵਿਸਾਰ ਕੇ ਮਨ ਦਾ ਲਗਾਉ ਕਿਸੇ ਹੋਰ ਨਾਲ ਜਾ ਲਾਵੇ?
ਜਿਹੜਾ ਵਿਅਕਤੀ ਮਨ ਨੂੰ ਚੰਗਾ ਲਗਣ ਵਾਲੇ ਆਪਣੇ ਪ੍ਰੀਤਮ ਦੇ ਕਿਸੇ ਹੁਕਮ ਜਾਂ ਕੰਮ ਨੂੰ ਤਾਂ ਚੰਗਾ ਕਰਕੇ ਸਵੀਕਾਰਦਾ ਹੈ, ਪਰ ਮੰਦਾ ਲਗਣ ਵਾਲੇ ਕਿਸੇ ਹੁਕਮ ਜਾ ਕੰਮ ਨੂੰ ਮੰਦਾ ਮੰਨ ਕੇ ਪ੍ਰੀਤਮ ਤੋਂ ਬੇਮੁਖ ਹੋ ਜਾਂਦਾ ਹੈ ਅਤੇ ਪ੍ਰੀਤ ਦੇ ਰਿਸ਼ਤੇ ਵਿਚ ਨਿਜੀ ਲਾਭ-ਹਾਨੀ ਦੇ ਹਿਸਾਬ-ਕਿਤਾਬ ਵਿਚ ਵਰਤਦਾ ਹੈ, ਉਹ ਸੱਚਾ ਪ੍ਰੀਤਵਾਨ ਨਹੀਂ ਆਖਿਆ ਜਾ ਸਕਦਾ।

ਇਹ ਕਿਹੋ ਜਿਹੀ ਪ੍ਰੀਤੀ ਹੈ (ਕਿ ਪ੍ਰੀਤ ਦਾ ਦਾਅਵਾ ਕਰਨ ਵਾਲਾ ਪ੍ਰੇਮੀ ਕਿਸੇ ਗਰਜ਼ ਦੀ ਪੂਰਤੀ ਲਈ ਆਪਣੇ ਪ੍ਰੀਤਮ ਨੂੰ ਵਿਸਾਰ ਕੇ) ਕਿਸੇ ਹੋਰ ਨਾਲ ਜਾ ਲਗੇ
ਨਾਨਕ! ਪ੍ਰੀਤਵਾਨ (ਉਸ ਨੂੰ ਹੀ) ਕਿਹਾ ਜਾ ਸਕਦਾ ਹੈ, (ਜਿਹੜਾ) ਸਦਾ ਹੀ (ਆਪਣੇ ਪ੍ਰੀਤਮ ਦੀ ਪ੍ਰੀਤ ਵਿਚ) ਲੀਨ ਹੋਇਆ ਰਹੇ
(ਜਿਹੜਾ ਆਪਣੇ ਪ੍ਰੀਤਮ ਦੇ ਕਿਸੇ) ਚੰਗੇ (ਹੁਕਮ ਜਾਂ ਕੰਮ) ਨੂੰ (ਤਾਂ) ਚੰਗਾ ਕਰਕੇ ਮੰਨਦਾ ਹੈ, (ਪਰ ਮਨ ਨੂੰ) ਮਾੜਾ ਲਗਣ ਵਾਲੇ (ਹੁਕਮ ਜਾਂ ਕੰਮ ਨੂੰ ਮਾੜਾ ਮੰਨ ਕੇ) ਬੇਮੁਖ ਹੋ ਜਾਂਦਾ ਹੈ ਇਹੋ (ਜਿਹਾ ਮਨੁਖ ਸੱਚਾ) ਪ੍ਰੀਤਵਾਨ ਨਹੀਂ ਆਖੀਦਾ, ਜਿਹੜਾ ਹਿਸਾਬ-ਕਿਤਾਬ ਵਿਚ ਵਰਤਦਾ ਹੈ

ਇਸ ਸਲੋਕ ਵਿਚ ਪ੍ਰਸ਼ਨਾਤਮਕ ਜੁਗਤ ਦੀ ਖੂਬਸੂਰਤ ਵਰਤੋਂ ਰਾਹੀਂ ਸੰਸਾਰ ਦੇ ਮਤਲਬੀ ਆਸ਼ਕ ਦੇ ਵਰਤਾਰੇ ਨੂੰ ਅਭਿਵਿਅਕਤ ਕੀਤਾ ਗਿਆ ਹੈ। ਸਲੋਕ ਦੇ ਅਰੰਭ ਵਿਚ ਹੀ ਮਤਲਬੀ ਆਸ਼ਕ ਦੀ ਆਸ਼ਕੀ ‘ਤੇ ਪ੍ਰਸ਼ਨ ਚਿੰਨ੍ਹ ਲਗਾ ਹੋਣ ਕਾਰਨ, ਵਿਸ਼ੇ ਪ੍ਰਤੀ ਵਿਸ਼ੇਸ਼ ਆਕਰਸ਼ਣ ਪੈਦਾ ਹੋ ਜਾਂਦਾ ਹੈ, ਜਿਹੜਾ ਸਲੋਕ ਦੇ ਅੰਤ ਤਕ ਬਰਕਰਾਰ ਰਹਿੰਦਾ ਹੈ। ਕਿਉਂਕਿ ਸਲੋਕ ਦੀਆਂ ਅਗਲੀਆਂ ਤੁਕਾਂ ਅਜਿਹੇ ਆਸ਼ਕ ਦੇ ਚਰਿੱਤਰਕ ਗੁਣਾਂ ਨੂੰ ਉਭਾਰਨ ਸਮੇਤ ਇਸਤੋਂ ਵਿਰੋਧੀ ਤੇ ਉਚੇਰੀ ਸਥਿਤੀ ਵਿਚ ਵਿਚਰਨ ਵਾਲੇ ਸੱਚੇ ਆਸ਼ਕ ਨੂੰ ਵੀ ਪਰਿਭਾਸ਼ਤ ਕਰਦੀਆਂ ਹਨ। ਇਸ ਪ੍ਰਕਾਰ ਇਥੇ ਪ੍ਰੇਮ ਦੇ ਦੋ ਮੂਲ ਤੱਤਾਂ ‘ਇਕਾਗਰਤਾ ਭਾਵ’ ਅਤੇ ‘ਸਮਰਪਣ’ ਨੂੰ ਦ੍ਰਿੜ ਕਰਾਇਆ ਗਿਆ ਹੈ। ਜਿਸ ਵਿਚ ਇਕਾਗਰ ਭਾਵ ਅਤੇ ਸਮਰਪਣ ਨਹੀਂ ਹੈ ਉਹ ਸੱਚਾ ਆਸ਼ਕ ਜਾਂ ਪ੍ਰੇਮੀ ਨਹੀਂ ਅਖਵਾ ਸਕਦਾ।

ਸਲੋਕ ਵਿਚ ਸੱਚੇ ਅਤੇ ਮਤਲਬੀ ਆਸ਼ਕ ਦੇ ਗੁਣਾਂ ਨੂੰ ਪ੍ਰਗਟ ਕਰਨ ਲਈ ਕੀਤੀ ਗਈ ਤੁਲਨਾਤਮਕ ਜੁਗਤ ਦੀ ਵਰਤੋਂ ਇਸਨੂੰ ਹੋਰ ਵਧੇਰੇ ਸੁੰਦਰਤਾ ਵੀ ਪ੍ਰਦਾਨ ਕਰਦੀ ਹੈ ਅਤੇ ਸਲੋਕ ਦੇ ਉਦੇਸ਼ ਨੂੰ ਵੀ ਪੂਰਣ ਭਾਂਤ ਸਪਸ਼ਟ ਕਰ ਜਾਂਦੀ ਹੈ। ਇਸਦੇ ਸਮੇਤ ‘ਚੰਗੈ ਚੰਗਾ’, ‘ਮੰਦੈ ਮੰਦਾ’ ਆਦਿ ਸ਼ਬਦ-ਜੋੜਾਂ ਵਿਚਲੀ ਸਮਾਨੰਤਰਤਾ ਵਿਸ਼ੇਸ਼ ਨਾਦ ਸੁੰਦਰਤਾ ਵੀ ਪੈਦਾ ਕਰ ਰਹੀ ਹੈ।

ਸ਼ਬਦਾਵਲੀ ਅਤੇ ਉਚਾਰਣ ਦੇ ਅਧਾਰ ’ਤੇ ਇਸ ਸਲੋਕ ਦੀਆਂ ਚਾਰੇ ਤੁਕਾਂ ਦਾ ਮਾਤਰਾ ਵਿਧਾਨ ੧੩+੧੧ = ੨੪ ਹੈ। ਇਸ ਨੂੰ ਦੋਹਰਾ ਛੰਦ ਅਧੀਨ ਰਖਿਆ ਜਾ ਸਕਦਾ ਹੈ। ਇਹ ਸਲੋਕ ਦੋ ਦੋਹਰੇ ਜੋੜ ਕੇ ਬਣਿਆ ਹੈ।